ਪਾਕਿਸਤਾਨ `ਚ ਹਿੰਸਕ ਝੜਪਾਂ ਪਿੱਛੋਂ 180 ਬਲੋਚ ਬਾਗ਼ੀ ਗ੍ਰਿਫ਼ਤਾਰ

ਕਵੇਟਾ:ਬਲੋਚ ਬਾਗ਼ੀਆ ਅਤੇ ਪਾਕਿਸਤਾਨੀ ਸੁਰੱਖਿਆ ਬਲਾਂ ਦੇ ਦਰਮਿਆਨ ਹੋਈਆਂ ਹਿੰਸਕ ਝੜਪਾਂ ਤੋਂ ਕੁਝ ਦਿਨ ਬਾਅਦ, ਪਾਕਿਸਤਾਨੀ ਅਧਿਕਾਰੀਆਂ ਨੇ ਬਲੋਚਿਸਤਾਨ ਵਿਚ ਵੱਡੇ ਪੱਧਰ ‘ਤੇ ਕਾਰਵਾਈ ਸ਼ੁਰੂ ਕੀਤੀ ਹੈ, ਜਿਸ ਵਿਚ ਘੱਟੋ-ਘੱਟ 180 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ ਝੜਪਾਂ ਦੌਰਾਨ ਪਾਕਿਸਤਾਨੀ ਸੁਰੱਖਿਆ ਬਲਾਂ ਦੇ 362 ਤੋਂ ਵੱਧ ਮੁਲਾਜ਼ਮ ਮਾਰੇ ਗਏ।
ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਅਧਿਕਾਰੀਆਂ ਨੇ ਦੱਸਿਆ ਕਿ ਬਲੋਚਿਸਤਾਨ ਦੇ ਕਈ ਸ਼ਹਿਰਾਂ ਵਿਚ ਹੋਏ ਹਮਲਿਆਂ ਤੋਂ ਬਾਅਦ ਫਰੰਟੀਅਰ ਕਾਰਪਸ ਤੇ ਪੁਲਿਸ ਨੇ ਕੀਤੇ ਗਏ ਸਹਿਯੋਗੀ ਸੁਰੱਖਿਆ ਮੁਹਿੰਮਾਂ ਦੌਰਾਨ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੁਰੱਖਿਆ ਬਲਾਂ ਨੇ ਇਨ੍ਹਾਂ ਮੁਹਿੰਮਾਂ ਦੌਰਾਨ ਵੱਡੀ ਮਾਤਰਾ ਵਿਚ ਹਥਿਆਰ ਤੇ ਗੋਲਾ-ਬਾਰੂਦ ਵੀ ਬਰਾਮਦ ਕੀਤਾ ਹੈ।
ਸੁਰੱਖਿਆ ਕਾਰਵਾਈ ਵਿਚ ਪਾਕਿਸਤਾਨੀ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ 216 ਬਲੋਚ ਬਾਗ਼ੀ ਮਾਰੇ ਗਏ। ਹਾਲਾਂਕਿ, ਕਈ ਮੀਡੀਆ ਰਿਪੋਰਟਾਂ ਮੁਤਾਬਕ ਇਸ ਸੁਰੱਖਿਆ ਮੁਹਿੰਮ ਦੌਰਾਨ ਹੋਰ ਵੀ ਕਈ ਨਾਗਰਿਕਾਂ ਦੀ ਜਾਨ ਗਈ ਹੈ। ‘ਦ ਬਲੋਚਿਸਤਾਨ ਪੋਸਟ ਮੁਤਾਬਕ ਬਲੋਚ ਲਿਬਰੇਸ਼ਨ ਆਰਮੀ (ਬੀਐੱਲਏ) ਦੇ ਬੁਲਾਰੇ ਜੀਯੰਦ ਬਲੋਚ ਨੇ ਕਿਹਾ ਹੈ ਕਿ ਸੰਗਠਨ ਨੇ ਹਾਲੀਆ ਹਮਲਿਆਂ ਵਿਚ ਆਪਣੇ ਨਿਰਧਾਰਤ ਟੀਚੇ ਨੂੰ ਸਫਲਤਾ ਨਾਲ ਪ੍ਰਾਪਤ ਕੀਤਾ ਹੈ। ਉਨ੍ਹਾਂ ਨੇ ਇਸ ਮੁਹਿੰਮ ਨੂੰ ਬਲੋਚਿਸਤਾਨ ਦੇ 14 ਸ਼ਹਿਰਾਂ ਨੂੰ ਨਿਸ਼ਾਨੇ ਹੇਠ ਰੱਖਣ ਵਾਲਾ ਦੱਸਿਆ। ਬਲੋਚ ਲੜਾਕਿਆਂ ਨੇ ਕਈ ਸਥਾਨਾਂ ‘ਤੇ ਹਮਲੇ ਕੀਤੇ ਅਤੇ ਕੁਝ ਇਲਾਕਿਆਂ ਵਿਚ ਸੁਰੱਖਿਆ ਚੌਕੀਆਂ, ਫ਼ੌਜੀ ਸਥਾਨਾਂ ਅਤੇ ਸ਼ਹਿਰੀ ਇਲਾਕਿਆਂ ‘ਤੇ ਕੰਟਰੋਲ ਕਰਨ ਵਿਚ ਕਾਮਯਾਬੀ ਹਾਸਿਲ ਕੀਤੀ। ਕਈ ਸ਼ਹਿਰਾਂ ਵਿਚ ਬੀਐੱਲਏ ਦੀਆਂ ਇਕਾਈਆਂ ਨੇ ਲਗਾਤਾਰ ਛੇ ਦਿਨਾਂ ਤੱਕ ਆਪਣੀ ਸਥਿਤੀ ਬਰਕਾਰ ਰੱਖੀ, ਉਨ੍ਹਾਂ ਨੇ ਪਾਕਿਸਤਾਨੀ ਸੁਰੱਖਿਆ ਬਲਾਂ ਨੂੰ “ਪੱਕੇ ਤੌਰ ‘ਤੇ ਪਿੱਛੇ ਹਟਣ ਲਈ ਮਜਬੂਰ ਕੀਤਾ ਹੈ। ਓਧਰ, ਬਲੋਚ ਨੈਸ਼ਨਲ ਮੂਵਮੈਂਟ (ਬੀਐੱਨਐੱਮ) ਦੇ ਪ੍ਰਧਾਨ ਨਸੀਮ ਬਲੋਚ ਨੇ ਪਾਕਿਸਤਾਨ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਅਨਵਰ ਉਲ ਹੱਕ ਕਾਕਰ ਅਤੇ ਬਲੋਚਿਸਤਾਨ ਦੇ ਮੁੱਖ ਮੰਤਰੀ ਸਰਫ਼ਰਾਜ਼ ਬੁਗਤੀ ਦੀ ਤਜਵੀਜ਼ਸ਼ੁਦਾ ਯਾਤਰਾ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾਈ ਹੈ। ਇਹ ਦੋਵੇਂ ਪਾਕਿਸਤਾਨੀ ਆਗੂ 15 ਤੋਂ 17 ਫਰਵਰੀ ਤੱਕ ਨਾਰਵੇ ਦੇ ਓਸਲੋ ਦੌਰੇ ‘ਤੇ ਜਾਣਗੇ।