ਰਾਏਪੁਰ:ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ 31 ਮਾਰਚ ਤੋਂ ਪਹਿਲਾਂ ਹੀ ਦੇਸ਼ ਤੋਂ ਮਾਓਵਾਦੀ ਹਿੰਸਾ ਦਾ ਸਫਾਇਆ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਐਕਸ ‘ਤੇ ਇਕ ਪੋਸਟ ਵਿਚ ਲਿਖਿਆ ਕਿ ਸੁਰੱਖਿਆ-ਕੇਂਦਰਿਤ ਰਣਨੀਤੀ, ਬੁਨਿਆਦੀ ਢਾਂਚੇ ਦਾ ਵਿਕਾਸ, ਮਾਓਵਾਦੀਆਂ ਦੇ ਵਿੱਤੀ ਨੈੱਟਵਰਕ ਨੂੰ ਤੋੜਨਾ ਅਤੇ ਪੁਨਰਵਾਸ ਤੇ ਆਤਮ ਸਮਰਪਣ ਵਰਗੀਆਂ ਨੀਤੀਆਂ ਦੇ ਸਫਲ ਨਤੀਜੇ ਮਿਲੇ ਹਨ।
ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਬਸਤਰ ਵਿਚ ਸੁਰੱਖਿਆ ਬਲਾਂ ਦੀ ਵਧਦੀ ਸਰਗਰਮੀ ਨੇ ਮਾਓਵਾਦੀਆਂ ਦਾ ਲੱਕ ਤੋੜ ਦਿੱਤੀ ਹੈ। ਗ੍ਰਹਿ ਮੰਤਰੀ ਨੇ ਐਤਵਾਰ ਨੂੰ ਨਵਾ ਰਾਇਪੁਰ ਵਿਚ ਖੱਬੇਪੱਖੀ ਅੱਤਵਾਦ (ਐਲਡਬਲਯੂਈ) ਬਾਰੇ ਬੈਠਕ ਵਿਚ ਸਮੀਖਿਆ ਕੀਤੀ। ਬੈਠਕ ਵਿੱਚ ਮੁੱਖ ਮੰਤਰੀ ਵਿਸ਼ਣੂ ਦੇਵ ਸਾਏ, ਉਪ ਮੁੱਖ ਮੰਤਰੀ ਵਿਜੇ ਸ਼ਰਮਾ, ਮਾਓਵਾਦੀ ਹਿੰਸਾ ਪ੍ਰਭਾਵਿਤ ਸੂਬਿਆ ਦੇ ਡੀਜੀਪੀ ਤੇ ਵੱਖ-ਵੱਖ ਜਾਂਚ : ਏਜੰਸੀਆਂ ਦੇ ਅਧਿਕਾਰੀ ਸ਼ਾਮਲ ਹੋਏ।
ਗ੍ਰਹਿ ਮੰਤਰੀ ਨੇ ਕਿਹਾ ਕਿ ਡਬਲ ਇੰਜਣ ਦੀ ਸਰਕਾਰ ਦੇਸ਼ ‘ਚੋਂ ਮਾਓਵਾਦ ਦੀ ਸਮੱਸਿਆ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਕੋਈ ਕਸਰ ਨਹੀਂ ਛੱਡ ਰਹੀ। ਕਈ ਪੀੜ੍ਹੀਆਂ ਨੂੰ ਗਰੀਬੀ ਅਤੇ ਅਨਪੜ੍ਹਤਾ ਦੇ ਹਨੇਰੇ ਵਿਚ ਧੱਕਣ ਵਾਲੇ ਮਾਓਵਾਦ ਤੋਂ ਦੇਸ਼ ਜਲਦੀ ਹੀ ਛੁਟਕਾਰਾ ਪਾਉਣ ਵਾਲਾ ਹੈ।
ਮਾਓਵਾਦੀਆਂ ਖ਼ਿਲਾਫ਼ ਚੱਲ ਰਹੀ ਲੜਾਈ ਬਿਖਰੀ ਹੋਈ ਨਹੀਂ ਹੋਣੀ ਚਾਹੀਦੀ। ਵੱਖ-ਵੱਖ ਸੂਬਿਆਂ ਅਤੇ ਕੇਂਦਰੀ ਏਜੰਸੀਆਂ ਵਿਚਾਲੇ ਸੁਚਾਰੂ ਸਹਿਯੋਗ ਦੀ ਲੋੜ ‘ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਬਾਕੀ ਰਹੇ ਮਾਓਵਾਦੀਆਂ ਨੂੰ ਹੋਰਨਾਂ ਸੂਬਿਆਂ ਵਿਚ ਭੱਜਣ ਨਹੀਂ ਦਿੱਤਾ ਜਾਣਾ ਚਾਹੀਦਾ। ਜਿਹੜਾ ਛੱਤੀਸਗੜ੍ਹ ਕਦੇ ਮਾਓਵਾਦੀ ਹਿੰਸਾ ਦਾ ਗੜ੍ਹ ਸੀ, ਭਾਜਪਾ ਦੀ ਡਬਲ ਇੰਜਣ ਦੀ ਸਰਕਾਰ ਵਿਚ ਵਿਕਾਸ ਦਾ ਪ੍ਰਤੀਕ ਬਣ ਚੁੱਕਾ ਹੈ। ਇੱਥੋਂ ਦੇ ਨੌਜਵਾਨ ਖੇਡਾਂ, ਫੋਰੈਂਸਿਕ ਅਤੇ ਤਕਨੀਕੀ ਸਿੱਖਿਆ ਨੂੰ ਰਫ਼ਤਾਰ ਦਿੰਦੇ ਹੋਏ ਆਪਣੀ ਸੰਸਕ੍ਰਿਤੀ ਤੇ ਰਵਾਇਤਾਂ ਨੂੰ ਵੀ ਸੰਭਾਲ ਰਹੇ ਹਨ। ਅੰਕੜਿਆਂ ਮੁਤਾਬਕ, ਸੂਬੇ ਵਿਚ ਪਿਛਲੇ ਦੋ ਸਾਲਾਂ ਵਿਚ 500 ਤੋਂ ਵੱਧ ਮਾਓਵਾਦੀ ਮਾਰੇ ਗਏ ਹਨ ਜਿਨ੍ਹਾਂ ਵਿਚ ਬਸਵਰਾਜੂ ਵਰਗੇ ਵੱਡੇ ਹਿੰਸਕ ਸ਼ਾਮਲ ਹਨ।
ਕਈ ਮੁਹਿੰਮਾਂ ਦੌਰਾਨ 1,900 ਮਾਓਵਾਦੀ ਗ੍ਰਿਫ਼ਤਾਰ ਕੀਤੇ ਗਏ। ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ 2,500 ਮਾਓਵਾਦੀਆਂ ਨੇ ਹਥਿਆਰ ਛੱਡੇ।
