ਏ. ਡੀ. ਜੀ. ਪੀ. ਖੁਦਕੁਸ਼ੀ ਮਾਮਲੇ ਵਿਚ ਹਰਿਆਣਾ ਸਰਕਾਰ ਕਸੂਤੀ ਫਸੀ

ਚੰਡੀਗੜ੍ਹ:ਹਰਿਆਣਾ ਦੇ ਏ.ਡੀ.ਜੀ.ਪੀ. ਵਾਈ. ਪੂਰਨ ਕੁਮਾਰ ਵਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ਵਿਚ ਹਰਿਆਣਾ ਸਰਕਾਰ ਬੇਹੱਦ ਕਸੂਤੀ ਸਥਿਤੀ ਵਿਚ ਫਸੀ ਨਜ਼ਰ ਆ ਰਹੀ ਹੈ। ਵਾਈ. ਪੂਰਨ ਕੁਮਾਰ ਨੇ ਆਪਣੇ ਖ਼ੁਦਕੁਸ਼ੀ ਨੋਟ ਵਿਚ ਕੁਝ ਉੱਚ ਪੁਲਿਸ ਅਧਿਕਾਰੀਆਂ ਸਮੇਤ 14 ਵਿਅਕਤੀਆਂ ਦੇ ਨਾਂਅ ਲਿਖੇ ਹਨ

ਅਤੇ ਵਿਸਥਾਰ ਵਿਚ ਇਹ ਵੀ ਲਿਖਿਆ ਹੈ ਕਿ ਉਸ ਨੂੰ ਪਿਛਲੇ ਲੰਮੇ ਸਮੇਂ ਤੋਂ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਉਸ ਨੇ ਇਹ ਵੀ ਬਿਆਨ ਕੀਤਾ ਹੈ ਕਿ ਅਜਿਹਾ ਉਸ ਨਾਲ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਅਧਿਕਾਰੀ ਹੋਣ ਕਰਕੇ ਕੀਤਾ ਜਾਂਦਾ ਰਿਹਾ ਹੈ ਅਤੇ ਉਸ ਨੂੰ ਵਾਰ-ਵਾਰ ਪ੍ਰੇਸ਼ਾਨੀਆਂ ‘ਚੋਂ ਗੁਜ਼ਰਨਾ ਪਿਆ ਹੈ। ਇਸ ਨੋਟ ਵਿਚ ਉਸ ਨੇ ਮੌਜੂਦਾ ਡੀ.ਜੀ.ਪੀ. ਸ਼ਤਰੂਜੀਤ ਕਪੂਰ ਅਤੇ ਰੋਹਤਕ ਦੇ ਐਸ.ਪੀ. ਨਰਿੰਦਰ ਬੀਜਾਰਨੀਆ ਦਾ ਨਾਂਅ ਵਿਸ਼ੇਸ਼ ਰੂਪ ਵਿਚ ਲਿਆ ਹੈ। ਨਰਿੰਦਰ ਬੀਜਾਰਨੀਆ ਨੂੰ ਤਾਂ ਰੋਹਤਕ ਤੋਂ ਬਦਲ ਦਿੱਤਾ ਗਿਆ ਹੈ ਅਤੇ ਡੀ.ਜੀ.ਪੀ. ਸ੍ਰੀ ਕਪੂਰ ਨੂੰ ਵੀ ਫਿਲਹਾਲ ਛੁੱਟੀ ‘ਤੇ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਰਕਾਰ ਵਲੋਂ ਵਿਸ਼ੇਸ਼ ਪੁਲਿਸ ਟੀਮ (ਐਸ.ਆਈ.ਟੀ.) ਬਣਾਈ ਗਈ ਹੈ, ਜੋ ਇਸ ਮਾਮਲੇ ਦੀ ਪੂਰੀ ਤਹਿਕੀਕਾਤ ਕਰ ਕੇ ਆਪਣੀ ਰਿਪੋਰਟ ਦੇਵੇਗੀ।
ਵਾਈ. ਪੂਰਨ ਕੁਮਾਰ ਦੀ ਪਤਨੀ ਇਕ ਉੱਚ ਆਈ.ਏ.ਐਸ. ਅਫ਼ਸਰ ਹੈ। ਉਸ ਨੇ ਇਸ ਅਭਾਗੇ ਮਾਮਲੇ ਸੰਬੰਧੀ ਸਖ਼ਤ ਰੁਖ਼ ਅਪਣਾਇਆ ਹੈ ਅਤੇ ਕਿਹਾ ਹੈ ਕਿ ਪੂਰਨ ਕੁਮਾਰ ਦਾ ਪੋਸਟਮਾਰਟਮ ਅਤੇ ਸਸਕਾਰ ਉਸ ਸਮੇਂ ਤੱਕ ਨਹੀਂ ਕੀਤਾ ਜਾਏਗਾ, ਜਦੋਂ ਤੱਕ ਖ਼ੁਦਕੁਸ਼ੀ ਨਾਲ ਸੰਬੰਧਿਤ ਨੋਟ ਵਿਚ ਲਿਖੇ ਗਏ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ । ਹਰਿਆਣਾ ਸਰਕਾਰ ਇਸ ਸਾਰੇ ਸਮੇਂ ਵਿਚ ਕਿਸੇ ਨਾ ਕਿਸੇ ਤਰ੍ਹਾਂ ਪਰਿਵਾਰ ਨੂੰ ਮਨਾਉਣ ਦਾ ਯਤਨ ਕਰਦੀ ਰਹੀ ਹੈ ਪਰ ਸਥਿਤੀ ਹਾਲੇ ਤੱਕ ਉਸੇ ਹੀ ਤਰ੍ਹਾਂ ਬਣੀ ਹੋਈ ਹੈ। ਇਸ ਹਾਲਾਤ ਨੇ ਹੁਣ ਸਮਾਜਿਕ ਅਤੇ ਸਿਆਸੀ ਪਹਿਲੂ ਵੀ ਉਜਾਗਰ ਕੀਤੇ ਹਨ। ਇਕ ਪਾਸੇ ਮੁੱਖ ਮੰਤਰੀ ਸਮੇਤ ਸਰਕਾਰ ਦੇ ਮੰਤਰੀ ਅਤੇ ਅਹੁਦੇਦਾਰ ਪਰਿਵਾਰ ਨੂੰ ਸਸਕਾਰ ਲਈ ਮਨਾਉਣ ਦਾ ਯਤਨ ਕਰ ਰਹੇ ਹਨ ਅਤੇ ਦੂਜੇ ਪਾਸੇ ਵਿਰੋਧੀ ਪਾਰਟੀਆਂ ਦੇ ਆਗੂ ਲਗਾਤਾਰ ਇਹ ਆਖ ਰਹੇ ਹਨ ਕਿ ਨੋਟ ਵਿਚ ਲਿਖੇ ਗਏ ਨਾਵਾਂ ਵਾਲੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ।
ਤੀਜੀ ਵਾਰ ਹਰਿਆਣੇ ਵਿਚ ਬਣੀ ਭਾਜਪਾ ਸਰਕਾਰ ਦਾ ਇਕ ਸਾਲ ਦਾ ਸਮਾਂ ਪੂਰਾ ਹੋ ਰਿਹਾ ਹੈ। ਇਸ ਸੰਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹਰਿਆਣੇ ਦਾ ਦੌਰਾ ਕਰਨ ਵਾਲੇ ਸਨ ਪਰ ਇਸ ਸੰਬੰਧੀ ਹੁਣ ਅਨਿਸਚਿਤਤਾ ਬਣੀ ਨਜ਼ਰ ਆਉਂਦੀ ਹੈ। ਚਾਹੇ ਹੁਣ ਪੁਲਿਸ ਮੁਖੀ ਨੂੰ ਵੀ ਛੁੱਟੀ ‘ਤੇ ਭੇਜ ਦਿੱਤਾ ਗਿਆ ਹੈ ਪਰ ਵੱਡੀ ਹੱਦ ਤੱਕ ਉੱਭਰਿਆ ਇਹ ਮੁੱਦਾ ਛੇਤੀ ਸ਼ਾਂਤ ਹੋਣ ਵਾਲਾ ਨਹੀਂ ਲਗਦਾ। ਜਾਤੀਵਾਦੀ ਰੰਗ ਫੜਨ ਕਰਕੇ ਇਹ ਹੋਰ ਵੀ ਗੰਭੀਰ ਹੋ ਗਿਆ ਜਾਪਦਾ ਹੈ। ਪਿਛਲੇ ਦਿਨੀਂ ਇਸ ਮਾਮਲੇ ਸੰਬੰਧੀ ਚੰਡੀਗੜ੍ਹ ਵਿਚ ਇਕ ਮਹਾਂਪੰਚਾਇਤ ਵੀ ਸੱਦੀ ਗਈ ਸੀ, ਜਿਸ ਨੇ ਹਰਿਆਣਾ ਸਰਕਾਰ ਨੂੰ ਇਹ ਮਾਮਲਾ ਸੁਲਝਾਉਣ ਲਈ 24 ਘੰਟਿਆਂ ਦਾ ਅਲਟੀਮੇਟਮ ਵੀ ਦਿੱਤਾ ਸੀ। ਜਿਸ ਤਰ੍ਹਾਂ ਦੇ ਹਾਲਾਤ ਬਣੇ ਨਜ਼ਰ ਆਉਂਦੇ ਹਨ, ਉਸ ਤੋਂ ਇਹ ਵੀ ਜਾਪਣ ਲੱਗਾ ਹੈ ਕਿ ਆਉਂਦੇ ਦਿਨਾਂ ਵਿਚ ਇਹ ਮਾਮਲਾ ਹੋਰ ਵੀ ਗੰਭੀਰ ਰੂਪ ਅਖ਼ਤਿਆਰ ਕਰ ਸਕਦਾ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਗੰਭੀਰ ਹੁੰਦੇ ਇਸ ਹਾਲਾਤ ਨਾਲ ਕਿਸ ਤਰ੍ਹਾਂ ਨਜਿੱਠਣਗੇ ਇਹ ਵੇਖਣ ਵਾਲੀ ਗੱਲ ਹੋਵੇਗੀ।