ਕੈਨੇਡਾ ਦੀ ਵਿਦੇਸ਼ ਮੰਤਰੀ ਵਲੋਂ ਨਰਿੰਦਰ ਮੋਦੀ ਅਤੇ ਜੈਸ਼ੰਕਰ ਨਾਲ ਮੁਲਾਕਾਤ

ਨਵੀਂ ਦਿੱਲੀ:ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਕਿਹਾ ਕਿ ਉਨ੍ਹਾਂ ਦੀ ਭਾਰਤ ਫੇਰੀ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੀ ਸਾਂਝੇਦਾਰੀ ਨੂੰ ਹੋਰ ਹੁਲਾਰਾ ਦੇਵੇਗੀ। ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਉਨ੍ਹਾਂ ਦੀ ਫੇਰੀ ਦੁਵੱਲ ਸੰਬੰਧਾਂ ਨੂੰ ਨਵੀਂ ਊਰਜਾ ਦੇਵੇਗੀ।

ਪ੍ਰਧਾਨ ਮੰਤਰੀ ਨੇ ਇਸ ਸਾਲ ਮਈ ‘ਚ ਕੈਨੇਡਾ ‘ਚ ਜੀ-7 ਸੰਮੇਲਨ ਦੌਰਾਨ ਆਪਣੇ ਕੈਨੇਡਾ ਦੌਰੇ ਦੀ ਚਰਚਾ ਕੀਤੀ, ਜਿਸ ‘ਚ ਉਨ੍ਹਾਂ ਦੀ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਨਾਲ ‘ਬੇਹੱਦ ਲਾਭਕਾਰੀ’ ਮੁਲਾਕਾਤ ਸੀ। ਇਸ ਮੌਕੇ ਪ੍ਰਧਾਨ ਮੰਤਰੀ ਨੇ- ਕਿਹਾ ਕਿ ਵਪਾਰ, ਊਰਜਾ, ਤਕਨਾਲੋਜੀ, ਖੇਤੀਬਾੜੀ ਅਤੇ ਆਪਸੀ ਸੰਬੰਧਾਂ ‘ਚ ਦੋਵਾਂ ਦੇਸ਼ਾਂ ਵਿਚਕਾਰ ਸਹਿਯੋਗ ਵਧਾਉਣਾ ਮਹੱਤਵਪੂਰਨ ਹੈ। ਮੋਦੀ ਨੇ ਕਾਰਨੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਉਹ ਹੋਰ ਮੀਟਿੰਗਾਂ ਦੀ ਉਮੀਦ ਕਰਦੇ ਹਨ। ਇਸ ਤੋਂ ਪਹਿਲਾਂ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਆਪਣੇ ਭਾਰਤੀ ਹਮਰੁਤਬਾ ਐਸ. ਜੈਸ਼ੰਕਰ ਨਾਲ ਮੁਲਾਕਾਤ ਕੀਤੀ। ਮੀਟਿੰਗ ਉਪਰੰਤ ਜੈਸ਼ੰਕਰ ਨੇ ਕਿਹਾ ਕਿ ਮੁਲਾਕਾਤ 26 ਮਈ ਨੂੰ ਆਪਸੀ ਟੈਲੀਫੋਨ ਰਾਹੀਂ ਹੋਈ ਗੱਲਬਾਤ ਤੋਂ ਬਾਅਦ ਚੱਲ ਰਹੀ ਰਚਨਾਤਮਿਕ ਚਰਚਾ ਦਾ ਹਿੱਸਾ ਹੈ। ਭਾਰਤ-ਕੈਨੇਡਾ ਦੁਵੱਲੇ ਸੰਬੰਧ ਪਿਛਲੇ ਦੋ ਮਹੀਨਿਆਂ ਵਿਚ ਲਗਾਤਾਰ ਅੱਗੇ ਵਧੇ ਹਨ। ਅਸੀਂ ਆਪਣੀ ਭਾਈਵਾਲੀ ਨੂੰ ਅੱਗੇ ਵਧਾਉਣ ਲਈ ਜ਼ਰੂਰੀ ਵਿਧੀਆਂ ਨੂੰ ਮੁੜ ਸ਼ੁਰੂ ਕਰਨ ਅਤੇ ਮਜ਼ਬੂਤ ਕਰਨ ਲਈ ਕੰਮ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਜਿਵੇਂ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਨਾਨਾਸਕਿਸ ਵਿਚ ਕੈਨੇਡੀਅਨ ਪ੍ਰਧਾਨ ਮੰਤਰੀ ਕਾਰਨੀ ਨਾਲ ਆਪਣੀ ਮੁਲਾਕਾਤ ਦੌਰਾਨ ਕਿਹਾ ਸੀ, ਭਾਰਤ ਦਾ ਦ੍ਰਿਸ਼ਟੀਕੋਣ ਸਾਕਾਰਾਤਮਿਕ ਮਾਨਸਿਕਤਾ ਨਾਲ ਅੱਗੇ ਵਧਣਾ ਹੈ। ਅੱਜ ਸਵੇਰੇ ਤੁਸੀਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਤੋਂ ਨਿੱਜੀ ਤੌਰ ‘ਤੇ ਸਹਿਯੋਗ ਲਈ ਸਾਡੇ ਦ੍ਰਿਸ਼ਟੀਕੋਣ ਅਤੇ ਇਸ ਨੂੰ ਸਭ ਤੋਂ ਵਧੀਆ ਤਰੀਕੇ ਨਾਲ ਕਿਵੇਂ ਸਾਕਾਰ ਕਰਨਾ ਹੈ, ਬਾਰੇ ‘ਸੁਣਿਆ। ਜੈਸ਼ੰਕਰ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਅੱਜ ਦੀ ਮੀਟਿੰਗ ਵਿਚ ਆਪਸੀ ਸੰਬੰਧਾਂ ਨੂੰ ਹੋਰ ਅੱਗੇ ਵਧਾਉਣ ਲਈ ਇਕ ਉਤਸ਼ਾਹਜਨ ਖਾਕਾ ਤਿਆਰ ਕੀਤਾ ਹੈ, ਜੋ ਵਪਾਰ, ਨਿਵੇਸ਼, ਖੇਤੀਬਾੜੀ, ਵਿਗਿਆਨ ਅਤੇ ਤਕਨਾਲੋਜੀ, ਸਿਵਲ ਪ੍ਰਮਾਣੂ ਸਹਿਯੋਗ ਲਈ ਹੈ।