ਰਜਵੰਤ ਕੌਰ ਸੰਧੂ
‘ਜੰਗ ਜਾਰੀ ਹੈ’ ਸੁਰਿੰਦਰ ਸਿੰਘ ਸੀਰਤ ਦੀ ਕਵਿਤਾ ਦੀ ਕਿਤਾਬ ਹੈ। ਸੀਰਤ ਬਹੁਪੱਖੀ ਲੇਖਕ ਹੈ। ਕਵੀ, ਵਾਰਤਕ-ਲੇਖਕ, ਕਹਾਣੀਕਾਰ ਤੇ ਚਰਚਿਤ ਗ਼ਜ਼ਲ-ਗੋ। ਉਸਦਾ ਪਿਛੋਕੜ ਜੰਮੂ-ਕਸ਼ਮੀਰ ਦਾ ਹੈ। ਉਹਦੇ ਪਹਿਲੇ ਕਾਵਿ-ਸੰਗ੍ਰਹਿ ‘ਛੱਲਾਂ’ ਨੂੰ ਜੰਮੂ ਕਸ਼ਮੀਰ ਅਕੈਡਮੀ ਵੱਲੋਂ ਪੰਜਾਬੀ ਦੀ ਪ੍ਰਥਮ ਪੁਸਤਕ ਦਾ ਸਨਮਾਨ ਵੀ ਮਿਲ ਚੁੱਕਾ ਹੈ ਜੋ ਤੁਸਦੇ ਬਿਹਤਰੀਨ ਕਵੀ ਹੋਣ ਦਾ ਪ੍ਰਮਾਣ-ਪੱਤਰ ਹੈ।
‘ਜੰਗ ਜਾਰੀ ਹੈ’ ਹੈ ਪੁਸਤਕ ਪੜ੍ਹਦਿਆਂ ਕੁਝ ਵਿਸ਼ੇਸ਼ ਨੁਕਤੇ ਉੱਭਰ ਕੇ ਸਾਹਮਣੇ ਆਉਂਦੇ ਹਨ।
ਨਿਰਸੰਦੇਹ ਮਨੁੱਖ ਆਦਿ ਕਾਲ ਤੋਂ ਹੀ ਜ਼ਿੰਦਗੀ ਵਿੱਚ ਜੱਦੋ-ਜਹਿਦ ਕਰਦਾ ਆ ਰਿਹਾ ਹੈ। ਅੱਜ ਦੀ ਸਾਰੀ ਤਰੱਕੀ ਮਨੁੱਖ ਦੀ ਏਸੇ ਲਗਾਤਾਰ ਜੱਦੋ-ਜਹਿਦ ਦਾ ਹੀ ਸਿੱਟਾ ਹੈ। ਸੀਰਤ ਦੀ ਕਵਿਤਾ ਵਿਚ ਇਹ ਜੰਗ ਜਾਂ ਜੱਦੋ-ਜਹਿਦ ਦੋ-ਪੱਖੀ ਹੈ। ਇੱਕ ਜੰਗ ਉਹਦੀ ਆਪਣੇ-ਆਪ ਨਾਲ ਹੈ ਤੇ ਦੂਜੀ ਜੰਗ ਬਾਹਰਲੇ ਵਰਤਾਰੇ ਨਾਲ ਹੈ। ਇਹ ਜੰਗ ਜਿੱਤਣ ਲਈ ਬੰਦੇ ਨੂੰ ਸਭ ਤੋਂ ਪਹਿਲਾਂ ਆਪੇ ਦੀ ਪਛਾਣ ਜ਼ਰੂਰੀ ਹੈ। ਆਪੇ ਤੋਂ ਸੁਚੇਤ ਬੰਦਾ ਹੀ ਬਾਹਰਲੇ ਵਰਤਾਰੇ ਨਾਲ ਜੰਗ ਲੜ ਸਕਦਾ ਤੇ ਉਸਨੂੰ ਬਦਲ ਸਕਦਾ ਹੈ।
ਕਵੀ ਦਾ ਮੁੱਖ ਮੰਤਵ ਇਸ ਪੁਸਤਕ ਵਿਚ ਹੋਣੀ ਤੇ ਜਿੱਤ ਪ੍ਰਾਪਤ ਕਰ ਕੇ ਆਪਣੀ ਹਸਤੀ ਨੂੰ ਪ੍ਰਾਪਤ ਕਰਨਾ ਹੈ। ਜਿੱਤ ਪ੍ਰਾਪਤ ਕਰਨ ਲਈ ਜੰਗ ਲੜਨਾ ਬਹੁਤ ਜ਼ਰੂਰੀ ਹੈ। ਜੇ ਸ਼ਾਂਤੀ ਨਾਲ ਜਿੱਤ ਪ੍ਰਾਪਤ ਨਾ ਹੋਵੇ ਤਾਂ ਕ੍ਰਾਂਤੀ ਤੇ ਕੁਰਬਾਨੀ ਦਾ ਰਸਤਾ ਵੀ ਅਪਨਾਉਣਾ ਪੈਂਦਾ ਹੈ। ਇਹ ਜੰਗ ਮਨੁੱਖ ਦੇ ਹੱਕਾਂ ਤੇ ਹਿਤਾਂ ਦੀ ਜੰਗ ਹੈ। ਜਦੋਂ ਬੰਦਾ ਆਪੇ ਨੂੰ ਪਛਾਣ ਕੇ ਮਾਨਸਿਕ ਤੌਰ ’ਤੇ ਤਿਆਰ ਹੋ ਜਾਂਦਾ ਹੈ ਤਾਂ ਉਹ ਬਾਹਰਲੇ ਹਾਲਾਤ ਨੂੰ ਵੀ ਪਛਾਨਣ ਲੱਗਦਾ ਤੇ ਉਨ੍ਹਾਂ ਨੂੰ ਲੋਕਾਈ ਦੇ ਭਲੇ ਲਈ ਬਦਲਣਾ ਚਾਹੁੰਦਾ ਹੈ। ਕਵੀ ਕਹਿੰਦਾ ਹੈ ਕਿ ਬੰਦੇ ਨੂੰ ਕਈ ਪਹਿਲੂਆਂ ਤੋਂ ਇਹ ਜੰਗ ਜਾਰੀ ਰੱਖਣ ਦੀ ਲੋੜ ਹੈ।
ਸੀਰਤ ਨਾਰੀ ਪ੍ਰਤੀ ਬਹੁਤ ਸੁਚੇਤ ਤੇ ਸੰਵੇਦਨਸ਼ੀਲ ਹੈ। ਇਹਦੀ ਕਵਿਤਾ ਵਿਚ ਇੱਕ ਵੱਡਾ ਤੇ ਧਿਆਨ ਦੇਣ ਯੋਗ ਵਿਸ਼ਾ ਔਰਤ ਦੀ ਸਥਿਤੀ ਤੇ ਉਹਦਾ ਦਮਨ ਹੈ। ਉਹ ਔਰਤ ਦੇ ਦਮਨ ਦਾ ਵਿਰੋਧੀ ਹੈ ਤੇ ਉਹਦੀ ਆਜ਼ਾਦੀ ਤੇ ਬਰਾਬਰੀ ਦੇ ਹੱਕ ਵਿਚ ਆਵਾਜ਼ ਉੱਚੀ ਕਰਦਾ ਹੈ।
ਨਾਰੀ ਪ੍ਰਤੀ ਉਹਦੇ ਸਪਰਪਣ ਨੂੰ ਮੁਢਲੇ ਸਫ਼ੇ ’ਤੇ ਹੀ ਵੇਖਿਆ ਜਾ ਸਕਦਾ ਹੈ।
ਸਪਰਪਤਿ ਹਾਂ
ਨਾਰੀਤਵ
ਉੱਤੇ ਹੋ ਰਹੇ ਦਮਨਮ ਵਿਰੁੱਧ
ਨਾਰੀ ਸ਼ਕਤੀ
ਜਗਿਆਸਾ
ਅਤੇ ਬਰਾਬਰੀ ਦੀ ਹੋ ਰਹੀ
ਜੰਗ ਨੂੰ
ਨੂੰ
ਨਾਰੀ ਪ੍ਰਤੀ ਆਪਣੇ ਸਤਿਕਾਰ ਭਾਵ ਨੂੰ ਪੇਸ਼ ਕਰਦਿਆਂ ‘ਮਾਂ’ ਕਵਿਤਾ ਵਿੱਚ ਮਾਂ ਨੂੰ ਬ੍ਰਹਿਮੰਡ ਨਾਲ ਤੁਲਨਾ ਦਿੰਦਾ ਹੈ, ਜਿਸ ਦੁਆਲੇ ਸਾਰੀ ਸ਼ਿ੍ਰਸ਼ਟੀ ਘੁੰਮਦੀ ਹੈ। ਨਾਰੀ ਸਿਰਜਣਹਾਰ ਹੈ, ਮਮਤਾ ਹੈ, ਪਿਆਰ, ਵਫ਼ਾ, ਮੋਹ ਦਾ ਧਾਗਾ ਤੇ ਠੰਢੀ ਛਾਂ ਹੈ। ਏਨਾ ਕੁਝ ਹੁੰਦਿਆਂ ਵੀ ਉਹ ਵੀ ਉਹ ਦਮਨ ਤੇ ਸ਼ੋਸ਼ਣ ਦੀ ਸ਼ਿਕਾਰ ਹੈ। ਨਾ ਉਹਨੂੰ ਮਰਦ ਦੇ ਬਰਾਬਰ ਸਮਝਿਆ ਜਾਂਦਾ ਹੈ ਤੇ ਨਾ ਹੀ ਉਹਨੂੰ ਆਜ਼ਾਦੀ ਹੈ। ਮਰਦ-ਪ੍ਰਧਾਨ ਸਮਾਜ ਵਿਚ ਨਰ ਨੇ ਹਮੇਸ਼ਾ ਉਹਨੂੰ ਨੀਵਾਂ ਦਰਜਾ ਦਿੱਤਾ ਹੈ। ਸੀਰਤ ਔਰਤ ਨਾਲ ਹੁੰਦੇ ਇਸ ਧੱਕੇ ਵਿਰੁੱਧ ਆਵਾਜ਼ ਉਠਾਉਂਦਾ ਹੈ। ਉਹਦੀ ਇੱਛਾ ਹੈ ਕਿ ਔਰਤ ਆਪ ਵੀ ਆਪਣੇ ਆਪੇ ਬਾਰੇ ਸੁਚੇਤ ਹੋਵੇ। ਜਿੱਥੇ ਆਜ਼ਾਦ ਖ਼ਿਆਲ ਵਿਚਾਰਾਂ ਦੀ ਲੋਅ ਆਉਂਦੀ ਹੈ, ਓਥੇ ਔਰਤ ਆਪਣੇ ਹੱਕਾਂ ਲਈ ਲੜਦੀ ਵੀ ਹੈ, ਕੁਰਬਾਨ ਵੀ ਹੁੰਦੀ ਹੈ। ਇਰਾਨ ਵਿੱਚ ‘ਮਹਾਸਾ ਅਮੀਨੀ’ ਪਰਦਾਦਾਰੀ ਦੇ ਵਿਰੁੱਧ ਲੜੀ ਤੇ ਇਸ ਜੰਗ ਨੂੰ ਲੜਦੇ ਹੋਏ ਜਾਨ ਵੀ ਕੁਰਬਾਨ ਕਰ ਦਿੱਤੀ। ਇੰਝ ਹੀ ਉਹ ਮਲਾਲਾ ਯੂਸਫ਼ਜਈ ਨਾਂ ਦੀ ਬੱਚੀ ਨੂੰ ਮਾਣ ਨਾਲ ਵੇਖਦਾ ਹੈ ਜਿਸ ਨੇ ਔਰਤ ਦੀ ਸਿੱਖਿਆ ਪ੍ਰਾਪਤੀ ਦੇ ਹੱਕ ਦੀ ਜੰਗ ਲੜੀ, ਗੋਲੀਆਂ ਵੀ ਖਾਧੀਆਂ ਤੇ ਸ਼ਾਂਤੀ ਦਾ ਨੋਬਲ ਇਨਾਮ ਵੀ ਜਿੱਤਿਆ। ਇਹ ਤੇ ਇਨ੍ਹਾਂ ਵਰਗੀਆਂ ਜੁਝਾਰੂ ਔਰਤਾਂ ਔਰਤ-ਮਨ ਵਿਚ ਚਾਨਣ ਜੋਤ ਜਗਾਉਂਦੀਆਂ ਤੇ ਹਨੇਰੇ ਰਾਹਾਂ ’ਤੇ ਤੁਰਨ ਦਾ ਬਲ ਦਿੰਦੀਆਂ ਹਨ।
ਇੰਝ ਹੀ ਸੀਰਤ ਆਪਣੀ ਕਵਿਤਾ ਵਿੱਚ ਸੰਸਾਰ ਦੀਆਂ ਤਾਕਤਵਰ ਸਾਮਰਾਜੀ ਸ਼ਕਤੀਆਂ, ਲੋਕਤੰਤਰ ਦੇ ਖ਼ਿਲਾਫ਼ ਛੜਯੰਤਰ ਕਰਨ ਵਾਲੇ ਲੀਡਰਾਂ, ਪਰਵਾਸ ਦੀਆਂ ਮੁਸ਼ਕਿਲਾਂ, ਮਨੁੱਖ ਦੇ ਵਹਿਸ਼ੀਪਨ, ਭੁੱਖ ਨੰਗ ਤੇ ਗਰੀਬੀ, ਜ਼ੁਲਮ, ਭ੍ਰਿਸ਼ਟਾਚਾਰ, ਗ਼ਲਤ ਰਾਜਨੀਤਕ ਤਾਕਤਾਂ ਦੇ ਖ਼ਿਲਾਫ਼ ਪਾਠਕ ਨੂੰ ਸੁਚੇਤ ਕਰਦਾ ਹੈ।
ਕਵੀ ਅਮਨ ਦਾ ਪ੍ਰੇਮੀ ਤੇ ਜੰਗਾਂ ਦਾ ਵਿਰੋਧੀ ਹੈ। ਸੰਸਾਰ ਵਿਚ ਵੱਖ-ਵੱਖ ਲੜੇ ਗਏ ਤੇ ਲੜੇ ਜਾ ਰਹੇ ਯੁੱਧਾਂ ਦੇ ਖ਼ਿਲਾਫ਼ ਹੈ। ਫ਼ਲਸਤੀਨ-ਇਜ਼ਰਾਈਲ, ਇਰਾਕ-ਈਰਾਨ, ਸੀਰੀਆ ਤੇ ਹੋਰ ਜੰਗਾਂ ਦੇ ਭਿਆਨਕ ਸਿੱਟਿਆਂ ਦੀ ਗੱਲ ਕਰਦਿਆਂ ਤੀਜੇ ਸੰਸਾਰ ਜੰਗ ਦੇ ਖ਼ਤਰੇ ਤੋਂ ਵੀ ਸੁਚੇਤ ਕਰਦਾ ਹੈ। ਇੰਝ ਹੀ ਉਹ ਜੰਮੂ ਕਸ਼ਮੀਰ ਵਿਚ ਘੱਟ-ਗਿਣਤੀਆਂ ਨਾਲ ਕੀਤੇ ਵਿਤਕਰੇ ਨੂੰ ਨਿੱਜੀ ਪੱਧਰ ’ਤੇ ਮਹਿਸੂਸ ਕਰਦਾ ਹੈ ਤੇ ਹੰਡੀ ਹੰਡਾਏ ਸੰਤਾਪ ਤੇ ਦੁੱਖ ਦਾ ਨਾਸੂਰ ਉਹਦੇ ਅੰਦਰ ਰਿਸ ਰਿਹਾ ਹੈ। ਇਸ ਦਰਦ ਨੂੰ ਉਹ ਕਵਿਤਾ ਰਾਹੀਂ ਬਿਆਨ ਕਰ ਕੇ ਰਾਹਤ ਮਹਿਸੂਸ ਕਰਦਾ ਹੈ।
ਸਾਮਰਾਜੀ ਸ਼ਕਤੀਆਂ ਆਪਣੇ ਮੁਫ਼ਾਦ ਲਈ ਜੰਗ ਲਾ ਕੇ ਮਨੁੱਖੀ ਹੱਕਾਂ ਦਾ ਘਾਣ ਕਰਦੀਆਂ ਹਨ। ਮਨੁੱਖਤਾ ਤਬਾਹ ਹੁੰਦੀ ਹੈ। ਸੀਰੀਆ ਦੇ ਯੁਧ ਦੀ ਗੱਲ ਕਰਦਿਆਂ ਉਹ ਇੱਕ ਬਾਲਕ ਦੇ ਯਤੀਮ ਹੋਣ ਦਾ ਦਰਦਨਾਕ ਚਿਤਰ ਖਿੱਚਦਾ ਹੈ।
ਮਾਸੂਮ ਜਿਹਾ ਤੂੰ ਨੰਨ੍ਹਾ ਬਾਲਕ,
ਢੂੰਡ ਰਿਹਾ ਏਂ ਆਪਣੇ ਪਾਲਕ।
ਕੱਲ-ਮ-ਕੱਲਾ, ਯਤੀਮ ਨਿਤਾਣਾ।
ਪੀੜਤ ਭੀੜ ’ਚ ਇੱਕ ਅਣਜਾਣ।
ਇਹ ਇੱਕ ਬੱਚੇ ਦਾ ਦਰਦ ਨਹੀਂ ਸਗੋਂ ਪਤਾ ਨਹੀਂ ਅਜਿਹੇ ਕਿੰਨੇ ਲੱਖ ਬੱਚੇ ਤੇ ਬੰਦੇ ਵੱਖ ਵੱਖ ਮਨੁੱਖਤਾ ਵਿਰੋਧੀ ਜੰਗਾਂ ਦੀ ਭੱਠੀ ਵਿਚ ਝੋਕੇ ਜਾ ਚੁੱਕੇ ਨੇ।
ਕਵੀ ਭਾਵੇਂ ਅਮਰੀਕਾ ਵਿਚ ਰਹਿੰਦਾ ਹੈ। ਸੁਖ-ਸੁਵਿਧਾ ਦਾ ਜੀਵਨ ਜਿਊਂਦਾ ਹੈ, ਪਰ ਉਸ ਅੰਦਰ ਇੱਕ ਦਰਦਮੰਦ ਦਿਲ ਤੇ ਸੋਚਵਾਨ ਰੂਹ ਹੈ। ਉਹਦੀ ਨਜ਼ਰ ਸਾਰੇ ਸੰਸਾਰ ’ਤੇ ਹੈ। ਉਹ ਸਾਰੇ ਸੰਸਾਰ ਨੂੰ ਆਪਣਾ ਪਰਿਵਾਰ ਸਮਝਦਾ ਹੈ। ਜਾਤ-ਪਾਤ, ਰੰਗ, ਧਰਮ ਤੇ ਨਸਲ ਤੋਂ ਉੱਤੇ ਉੱਠ ਕੇ ਮਾਨਵਤਾ ਨੂੰ ਪਿਆਰ ਕਰਨ ਵਾਲਾ। ਉਹ ਮੋਦੀ ਵਰਗੇ ਲੋਕ-ਤੰਤਰ ਦੇ ਠੇਕੇਦਾਰ ਬਣੇ ਲੀਡਰਾਂ ਦੇ ਲੋਕ-ਵਿਰੋਧੀ ਕਿਰਦਾਰ ’ਤੇ ਤਿੱਖਾ ਵਿਅੰਗ ਕਰਦਿਆਂ ਬਿਆਨ ਕਰਦਾ ਹੈ ਕਿ ਕਿਵੇਂ ਉਨ੍ਹਾਂ ਨੇ ਕਰਜ਼ੇ ਵਿਚ ਡੁਬੋ ਕੇ ਦੇਸ਼ ਨੂੰ ਬਰਬਾਦ ਕਰ ਦਿੱਤਾ ਹੈ ਤੇ ਘੱਟ ਗਿਣਤੀਆਂ ਦੀ ਆਜ਼ਾਦੀ ਖੋਹ ਕੇ ਦੇਸ਼ ਨੂੰ ਹਿੰਦੁਸਤਾਨ ਦੀ ਥਾਂ ’ਤੇ ‘ਹਿੰਦੂਸਤਾਨ’ ਬਣਾਉਣ ਦੀ ਮੁਹਿੰਮ ਆਰੰਭੀ ਹੋਈ ਹੈ।
ਹਿੰਦੂ, ਹਿੰਦੀ, ਹਿੰਦੋਸਤਾਨ
ਇਕੋ ਰੰਗ ਦਾ ਨਖ਼ਲਸਤਾਨ
ਜਿਸਦਾ ਉਹ ਏ ਚੌਕੀਦਾਰ
ਕਵੀ ਪਰਵਾਸ ਦੀ ਹੋਣੀ ਭੋਗਦਾ ਹੈ। ਪਰਵਾਸ ਉਹਦੀ ਰੂਹ ਨੂੰ ਝੰਜੋੜਦਾ ਹੈ। ਉਹ ਆਪਣੇ ਘਰ-ਬਾਰ, ਪਿੰਡ, ਨਾਵਾਂ, ਥਾਵਾਂ, ਰਿਸ਼ਤਿਆਂ ਨੂੰ ਹੇਰਵੇ ਤੇ ਵਿਗੋਚੇ ਦੇ ਭਾਵਾਂ ਨਾਲ ਯਾਦ ਕਰਦਾ ਹੈ। ਇਹ ਯਾਦਾਂ ਉਹਨੂੰ ਸਤਾਉਂਦੀਆਂ ਵੀ ਹਨ। ਉਹ ਵੈਰਾਗ਼ ਵਿਚ ਰੋਂਦਾ ਵੀ ਹੈ, ਅੱਥਰੂ ਵੀ ਕੇਰਦਾ ਹੈ। ਪਰ ਉਹ ਨਿਰਾਸ਼ਾ ਦੇ ਖੂਹ ਵਿਚ ਨਹੀਂ ਡੁੱਬਦਾ। ਸਗੋਂ ਇਹ ਵੀ ਕਹਿੰਦਾ ਹੈ ਕਿ ਇਹ ਅੱਥਰੂ ਮੇਰੀ ਨਜ਼ਰ ਨੂੰ ਧੁੰਦਲਾ ਨਹੀਂ ਕਰ ਸਕਦੇ। ਸਗੋਂ ਮੇਰੀ ਨਜ਼ਰ ਨੂੰ ਧੋ ਤੇ ਸਾਫ਼ ਕਰ ਕੇ ਅਗਲੇ ਰਾਹਾਂ ਨੂੰ ਹੋਰ ਸਾਫ਼ ਦਿਸਣ ਲਾ ਦਿੰਦੇ ਹਨ।
ਉਹਦਾ ਇਹ ਆਸ਼ਾਵਾਦ ਹੋਰ ਵੀ ਕਈ ਕਵਿਤਾਵਾਂ ਵਿਚ ਬੋਲਦਾ ਦਿਸਦਾ ਹੈ। ਢਹਿੰਦੇ ਸਮਿਆਂ ਵਿਚ ਸੀਰਤ ਦਾ ਆਪਣਾ ਲੋਕ-ਪੱਖੀ ਇਤਿਹਾਸ ਉਹਦੀ ਤਾਕਤ ਬਣਦਾ ਹੈ। ਇਸੇ ਤਾਕਤ ਦਾ ਚਿਰਾਗ਼ ਉਹ ਆਪਣੇ ਪਾਠਕਾਂ ਦੀ ਸੋਚ ਵਿਚ ਜਗਾਉਂਦਾ ਹੈ। ‘ਘਰ ਨਗਰੀ’ ਕਵਿਤਾ ਵਿਚ ਉਹ ਆਪਣੇ ਇਤਿਹਾਸ ਨੂੰ ਚੇਤੇ ਕਰਦਾ ਹੋਇਆ ਕਹਿੰਦਾ ਹੈ ਕਿ ਮੈਂ ਸੂਰਬੀਰਾਂ ਦਾ ਖੂਨ ਹਾਂ। ਮੈਨੂੰ ਆਪਣੇ ਹੱਕਾਂ ਲਈ ਜੇ ਕੁਰਬਾਨੀ ਵੀ ਕਰਨੀ ਪਵੇ ਤਾਂ ਮੈਂ ਪਿੱਛੇ ਨਹੀਂ ਹਟਾਂਗਾ।
ਮੈਂ ਨਹੀਂ ਬੁਜ਼ਦਿਲ, ਮੇਰਾ ਇਤਿਹਾਸ ਪੜ੍ਹ ਲੈ
ਦੀਨ ਮੇਰੇ ਦੀ, ਸ਼ਹਾਦਤ ਖਾਸ ਪੜ੍ਹ ਲੈ
ਨਾ ਉਦਾਸ ਗੀਤ, ਨਾ ਨਗ਼ਮੇ ਸੁਣਾਵਾਂ
ਪੁਰਖਿਆਂ ਦੀ ਪੱਗ ਹੈ, ਮੇਰੇ ਪਾਸ ਪੜ੍ਹ ਲੈ
ਉਹਦੀ ਕਵਿਤਾ ਵਿਚ ਦੁਖਾਂਤਕ ਵਿਅੰਗ ਵੀ ਹੈ। ਮਨੁੱਖ ਜਦੋਂ ਪ੍ਰਕਿਰਤੀ ਨਾਲ ਛੇੜ-ਛਾੜ ਕਰਦਾ ਹੈ, ਪ੍ਰਦੂਸ਼ਣ ਫ਼ੈਲਾਉਂਦਾ ਹੈ, ਕੁਦਰਤ ਦੇ ਨੇਮਾਂ ਦੀ ਉਲੰਘਣਾ ਕਰਦਾ ਹੈ ਤਾਂ ਕੁਦਰਤ ਕਰੋਪ ਹੋ ਕੇ ਮਨੁੱਖ ਨੂੰ ਉਹਦੇ ਕੀਤੇ ਦੀ ਸਜ਼ਾ ਦਿੰਦੀ ਹੈ। ਪਲੇਗ, ਹੈਜ਼ਾ, ਹੜ੍ਹ ਤੇ ਕਰੋਨਾ ਵਰਗੀਆਂ ਬੀਮਾਰੀਆਂ ਇਸੇ ਪ੍ਰਕਿਰਤਿਕ ਛੇੜ-ਛਾੜ ਦਾ ਸਬੂਤ ਹਨ। ਉਹ ਕਰੋਨਾ ਦੇ ਹਵਾਲੇ ਨਾਲ ਗੱਲ ਕਰਦਿਆਂ ਵਿਅੰਗ ਕਰਦਾ ਹੈ ਕਿ ਜੇ ਮਨੁੱਖ ਦੂਜੇ ਨੂੰ ਬਰਾਬਰੀ ਨਹੀਂ ਦਿੰਦਾ ਤੇ ਵੱਡੇ ਛੋਟੇ ਤੇ ਉੱਚੇ ਨੀਵੇਂ ਦੀ ਵੰਡ ਵਿਚ ਵੰਡਿਆ ਰਹਿੰਦਾ ਹੈ ਤਾਂ ਕਈ ਵਾਰ ਕੁਦਰਤ ਆਫ਼ਤਾਂ ਤੇ ਕਰੋਨਾ ਵਰਗੀਆਂ ਬੀਮਾਰੀਆਂ ਦੇ ਰੂਪ ਵਿਚ ਵੱਡੇ ਛੋਟਿਆਂ ਤੇ ਉੱਚੇ ਨੀਵਿਆਂ, ਬੱਚਿਆਂ, ਬੁੱਢਿਆਂ, ਅਮੀਰਾਂ-ਗਰੀਬਾਂ ਨੂੰ ਆਪਣੀ ਕਰੋਪੀ ਦਾ ਸੁਹਾਗਾ ਫੇਰ ਕੇ ਬਰਾਬਰ ਕਰ ਵੀ ਦਿੰਦੀ ਹੈ।
ਸਮੁੱਚੇ ਤੌਰ ’ਤੇ ਕਵੀ ਦਾ ਦ੍ਰਿਸ਼ਟੀਕੋਣ ਮਾਨਵਤਾਵਾਦੀ ਹੈ। ਉਹ ਮਨੁੱਖ ਦੇ ਭਲੇ ਲਈ ‘ਅਰਦਾਸ’ ਕਰਦਾ ਹੈ ਕਿ ਪਰਮਾਤਮਾ ਉਹਨੂੰ ਬਲ ਬਖ਼ਸ਼ੇ ਤਾਕਿ ਉਹ ਮਨੁੱਖਾਂ ਦੇ ਭਲੇ ਲਈ ਲੜ ਸਕੇ।
ਉਹ ਸਾਹਿਤਕਾਰਾਂ ਨੂੰ ਵੀ ਉਨ੍ਹਾਂ ਦਾ ਫ਼ਰਜ਼ ਚੇਤੇ ਕਰਾਉਂਦਾ ਹੈ ਕਿ ਰੌਸ਼ਨੀ ਤੇ ਹਨੇਰੇ ਵਿਚਲੀ ਜੰਗ ਨੂੰ ਆਪਣੀ ਕਲਮ ਦੀ ਤਾਕਤ ਰਾਹੀਂ ਕਾਲੇ ਹਨੇਰੇ ਨੂੰ ਵੰਗਾਰੇ ਤੇ ਸੱਤਾ ਦੇ ਜ਼ੁਲਮ ਨੂੰ ਨੰਗਿਆ ਕਰ ਕੇ ਮਨੁੱਖਤਾ ਨੂੰ ਰਾਹ ਦਿਖਾਵੇ।
ਜਿਵੇਂ ਦੱਸਿਆ ਗਿਆ ਹੈ ਕਿ ਕਵੀ ਦਾ ਦ੍ਰਿਸ਼ਟੀਕੋਣ ਹੈ ਕਿ ਮਨੁੱਖ ਹੱਕ ਸੱਚ ਦੀ ਲੜਾਈ ਤਾਂ ਹੀ ਲੜ ਸਕਦਾ ਹੈ ਜੇ ਉਹ ਸਿੱਖਿਅਤ ਤੇ ਗਿਆਨਵਾਨ ਹੋਵੇ। ਕਵੀ ਗ਼ਲਤ ਸਮਾਜਿਕ ਵਤੀਰੇ ਤੋਂ ਧੁਰ ਅੰਦਰੋਂ ਵਿੰਨਿ੍ਹਆਂ ਹੋਇਆ ਹੈ। ਉਹ ਰੰਗਾਂ, ਭੇਦਾਂ ਤੇ ਅੰਤਰਜਾਲ ਨੂੰ ਵੱਢ ਦੇਣਾ ਚਾਹੁੰਦਾ ਹੈ। ਇੰਝ ਉਹਦੀ ਕਵਿਤਾ ਸਾਂਝੀਵਾਲਤਾ ਤੇ ਬਰਾਬਰਤਾ ਦਾ ਹੋਕਾ ਬਣ ਜਾਂਦੀ ਹੈ।
ਸੀਰਤ ਬਹੁਤ ਵਧੀਆ ਸਿਰਜਣਹਾਰ ਕਵੀ ਹੈ। ਉਸ ਕੋਲ ਗਿਆਨ ਦਾ ਵੱਡਾ ਭੰਡਾਰ ਹੈ। ਸ਼ਬਦਾਂ ਦਾ ਖ਼ਜ਼ਾਨਾ ਹੈ। ਵਿਸ਼ਿਆਂ ਦੀ ਬਹੁਲਤਾ ਹੈ। ਇਹ ਪੁਸਤਕ ਕਾਵਿ-ਸਾਹਿਤ ਦੀ ਖ਼ੂਬਸੂਰਤ ਵੰਨਗੀ ਹੈ। ਇੰਝ ਇਹ ਕਵਿਤਾ ਕੇਵਲ ਪਰਵਾਸੀ ਸਾਹਿਤ ਵਿਚ ਹੀ ਨਹੀਂ, ਸਗੋਂ ਸਮੁੱਚੇ ਪੰਜਾਬੀ ਕਾਵਿ-ਸਾਹਿਤ ਵਿਚ ਵੀ ਵਿਸ਼ੇਸ਼ ਸਨਮਾਨ ਦੀ ਹੱਕਦਾਰ ਹੈ।
