ਅਰਬ ਸਾਗਰੀ ਰਹਿਣੀ-ਸਹਿਣੀ ਤੇ ਟੋਏ-ਟਿੱਬੇ

ਗੁਲਜ਼ਾਰ ਸਿੰਘ ਸੰਧੂ
ਕੇਰਲ ਦੀ ਜੰਮੀ ਜਾਈ ਤੇ ਯਮਨ ਵਿਚ ਨਰਸ ਦਾ ਕੰਮ ਕਰਦੀ ਨਮੀਸ਼ਾ ਪ੍ਰਿਆ ਨੂੰ ਯਮਨ ਦੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ ਤਾਂ ਇਸਦੀ ਗੂੰਜ ਭਾਰਤ ਵਿਚ ਦੇ ਨਾਲ-ਨਾਲ ਦੁਬਈ ਤੇ ਨਾਲ ਲਗਦੇ ਸੰਯੁਕਤ ਅਰਬ ਦੇਸ਼ਾਂ ਵਿਚ ਪੈਣੀ ਵੀ ਕੁਦਰਤੀ ਸੀ|

ਖਾਸ ਕਰਕੇ ਦੁਬਈ ਵਿਚ ਜਿਥੇ 17 ਦੋਸ਼ੀਆਂ ਨੂੰ 2012 ਵਿਚ ਦੁਬਈ ਦੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਸੀ ਪਰ ਉਥੇ ਰਹਿ ਰਹੇ ਦਾਨੀ ਪੁਰਸ਼ ਐਸ.ਪੀ.ਐਸ ਓਬਰਾਏ ਨੇ ਬਲੱਡ ਮਨੀ ਦੇ 8 ਕਰੋੜ 50 ਲੱਖ ਰੁਪਏ ਪੇਸ਼ ਕਰ ਕੇ ਉਨ੍ਹਾਂ ਸਾਰਿਆਂ ਦੀ ਸਜ਼ਾ ਮੁਆਫ਼ ਕਰਵਾ ਲਈ ਸੀ| ਏਥੇ ਹੀ ਬਸ ਨਹੀਂ ਓਬਰਾਏ ਅੱਜ ਤਕ 142 ਦੋਸ਼ੀਆਂ ਦੀ ਫਾਂਸੀ ਮੁਆਫ਼ ਕਰਵਾ ਚੁੱਕਿਆ ਹੈ| ਦੁਬਈ ਦੀ ਸਹਿਮਤੀ ਲੈ ਕੇ ਏਧਰ ਯਮਨ ਦੀ ਸਰਕਾਰ ਉੱਤੇ ਅਜਿਹੇ ਯਤਨਾਂ ਦਾ ਕੋਈ ਅਸਰ ਨਹੀਂ ਪੈ ਰਿਹਾ| ਨਿਮਿਸ਼ਾ ਪ੍ਰਿਆ ਨੂੰ ਬਚਾਉਣ ਦਾ ਮੁੱਦਾ ਉਸ ਦੀ ਗਲਤੀ ਤੋਂ ਉਸ ਨੂੰ ਬਰੀ ਕਰਨਾ ਨਹੀਂ, ਸਗੋਂ ਭਾਰਤ ਵੱਲੋਂ ਵਿਦੇਸ਼ਾਂ ਵਿਚ ਆਪਣੇ ਨਾਗਰਿਕਾਂ ਦੀ ਰਾਖੀ ਨਾਲ ਵੀ ਜੁੜਿਆ ਹੋਇਆ ਹੈ, ਖਾਸ ਕਰਕੇ ਨਿਮਿਸ਼ਾ ਵਰਗਿਆਂ ਨਾਲ ਜੋ ਨਿਰਾਸ਼ਾਵਾਦੀ ਸਥਿਤੀਆਂ ’ਚ ਫਸ ਚੁੱਕੇ ਹਨ|
ਧੋਖਾਧੜੀ ਅਤੇ ਦੁਰਵਿਵਹਾਰ ਦੇ ਦੋਸ਼ ਜਿਸ ਵਿਚ ਨਿਮਿਸ਼ਾ ਦਾ ਪਾਸਪੋਰਟ ਜ਼ਬਤ ਕਰਨਾ, ਨਸ਼ੀਲੇ ਪਦਾਰਥਾਂ ਦੀ ਵਰਤੋਂ ਅਤੇ ਸਰੀਰਕ ਸੋLਸ਼ਣ ਸ਼ਾਮਲ ਹਨ, ਗੜਬੜ ਵਾਲੇ ਖੇਤਰਾਂ ਵਿਚ ਪਰਵਾਸੀ ਭਾਰਤੀ ਕਾਮਿਆਂ, ਖਾਸ ਕਰਕੇ ਔਰਤਾਂ ਨਾਲ ਹੁੰਦੀਆਂ ਵਧੀਕੀਆਂ ਦਾ ਖੁਲਾਸਾ ਕਰਦੇ ਹਨ| ਦਾਨੀ ਕਾਰੋਬਾਰੀ ਐਸ ਪੀ ਐੱਸ ਓਬਰਾਏ ਨੇ ਖਾੜੀ ਮੁਲਕ ’ਚ 140 ਤੋਂ ਵੱਧ ਭਾਰਤੀਆਂ ਨੂੰ ਮੌਤ ਦੀ ਸਜ਼ਾ ਤੋਂ ਬਚਾਉਣ ਲਈ ਨਿੱਜੀ ਤੌਰ ਉੱਤੇ ਰਕਮ ਅਦਾ ਕੀਤੀ ਸੀ| ਹੋਰ ਕਈ ਮੌਕਿਆਂ ਉੱਤੇ ਵੀ ਪਰਵਾਸੀ ਭਾਰਤੀ ਦੇਸ਼ ਵਾਸੀਆਂ ਦੀ ਮਦਦ ਲਈ ਅੱਗੇ ਆਉਂਦੇ ਰਹੇ ਹਨ| ਇਹ ਅਜਿਹੀ ਵਿਰਾਸਤ ਹੈ, ਜਿਸ ਨੂੰ ਅੱਜ ਦੇ ਆਗੂਆਂ ਨੂੰ ਤੇਜ਼ੀ ਨਾਲ ਕੂਟਨੀਤਕ ਪਹੁੰਚ ਲਈ ਅਪਨਾਉਣਾ ਚਾਹੀਦਾ ਹੈ| ਕਿਉਂਕਿ ਵਿਦੇਸ਼ਾਂ ’ਚ ਬੈਠੇ ਭਾਰਤੀ ਨਾਗਰਿਕ ਦੇਸ਼ ਤੋਂ ਹਮੇਸ਼ਾ ਮਦਦ ਦੀ ਉਮੀਦ ਰੱਖਦੇ ਹਨ| ਇਸ ਉਮੀਦ ਨੂੰ ਟੁੱਟਣ ਨਹੀਂ ਦੇਣਾ ਚਾਹੀਦਾ|
ਯਮਨ ਵਿਚ ਭਾਰਤੀ ਨਰਸ ਨਿਮਿਸ਼ਾ ਪ੍ਰਿਆ ਦੀ ਫ਼ਾਂਸੀ ਵਿਚ ਕੁਝ ਹੀ ਦਿਨ ਬਚੇ ਹਨ ਜਿਸ ਕਰਕੇ ਭਾਰਤ ਨੂੰ ਫੈLਸਲਾਕੁਨ ਕਦਮ ਉਠਾਉਣ ਲਈ ਸਮਾਂ ਘਟ ਰਿਹਾ ਹੈ| 37 ਸਾਲਾ ਨਿਮਿਸ਼ਾ ਨੂੰ ਆਪਣੇ ਯਮਨੀ ਕਾਰੋਬਾਰੀ ਰਿਆਲ ਤਲਾਲ ਅਬਦੋ ਮੇਹਦੀ ਦੀ ਹੱਤਿਆ ਦੀ ਦੋਸ਼ੀ ਕਰਾਰ ਦਿੱਤਾ ਗਿਆ ਸੀ| ਸਜ਼ਾ ਤੋਂ ਬਚਣ ਲਈ ਉਸ ਨੇ ਸਾਰੀਆਂ ਕਾਨੂੰਨੀ ਚਾਰਾਜੋਈਆਂ ਕਰ ਕੇ ਦੇਖ ਲਈਆਂ ਪਰ ਕੋਈ ਰਾਹਤ ਨਾ ਮਿਲ ਸਕੀ| ਉਸ ਦੀ ਹੋਣੀ ਆਖ਼ਰੀ ਪਲਾਂ `ਤੇ ਕੀਤੀ ਜਾਣ ਵਾਲੀ ਕੂਟਨੀਤਕ ਅਤੇ ਮਨੁੱਖੀ ਦਖ਼ਲਅੰਦਾਜ਼ੀ, ਖ਼ਾਸਕਰ ਪੀੜਤ ਦੇ ਪਰਿਵਾਰ ਨੂੰ ਅਦਾ ਕੀਤੀ ਜਾਂਦੀ ਬਲੱਡ ਮਨੀ (ਦੀਆਂ) ਉੱਪਰ ਟਿਕੀ ਹੋਈ ਹੈ| ਭਾਰਤ ਸਰਕਾਰ ਦੀ ਮਜਬੂਰੀ ਇਹ ਹੈ ਕਿ ਇਸ ਦੇ ਹੂਤੀ ਬਾਗ਼ੀਆਂ ਨਾਲ ਕੋਈ ਕੂਟਨੀਤਕ ਸਬੰਧ ਨਹੀਂ ਹਨ ਜਿਨ੍ਹਾਂ ਦਾ ਇਸ ਸਮੇਂ ਯਮਨ ਦੀ ਰਾਜਧਾਨੀ ਸਨਾ ਉੱਪਰ ਕੰਟਰੋਲ ਹੈ ਪਰ ਦੱਸਿਆ ਜਾਂਦਾ ਹੈ ਕਿ ਸਰਕਾਰ ਹਰ ਸੰਭਵ ਮਦਦ ਪਹੁੰਚਾ ਰਹੀ ਹੈ| ਯਮਨ ਦੀ ਕੌਮਾਂਤਰੀ ਮਾਨਤਾ ਪ੍ਰਾਪਤ ਸਰਕਾਰ ਨਾਲ ਅਜੇ ਵੀ ਕੂਟਨੀਤਕ ਸਬੰਧ ਚੱਲ ਰਹੇ ਹਨ ਪਰ ਨਿਮੀਸ਼ਾ ਜਿਥੇ ਇਸ ਸਮੇਂ ਕੈਦ ਹੈ, ਉਹ ਇਲਾਕਾ ਹੂਤੀ ਬਾਗੀਆਂ ਦੇ ਪ੍ਰਭਾਵ ਹੇਠ ਆਉਂਦਾ ਹੈ| ਅੰਦਰਖਾਤੇ ਕੂਟਨੀਤਕ ਚਾਰਾਜੋਈ ਵਾਸਤੇ ਬਹੁਤਾ ਸਮਾਂ ਨਹੀਂ ਬਚਿਆ| ਨਿਮਿਸ਼ਾ ਦੀ ਕਹਾਣੀ ਮਹਿਜ਼ ਕਾਨੂੰਨੀ ਅਪਰਾਧ ਨਾਲ ਨਹੀਂ ਜੁੜੀ ਹੋਈ ਸਗੋਂ ਸ਼ੋਸ਼ਣ ਅਤੇ ਦਮਨ ਦੇ ਜਟਿਲ ਹਾਲਾਤ ਨਾਲ ਵੀ ਜੁੜੀ ਹੋਈ ਹੈ|
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸੱਜਰੀ ਮਾਲਦੀਵ ਫੇਰੀ ਨੇ ਮੈਨੂੰ 50 ਸਾਲ ਪਹਿਲਾਂ ਵਾਲਾ ਮਾਲਦੀਵ ਚੇਤੇ ਕਰਵਾ ਦਿੱਤਾ ਹੈ ਜਿੱਥੇ ਮੈਂ 40 ਦਿਨ ਰਹਿ ਕੇ ਆਇਆ ਸਾਂ| ਉਦੋਂ ਮਾਲਦੀਵ ਦੀ ਮੰਗ ਉੱਤੇ ਭਾਰਤ ਨੇ ਮੇਰੀ ਡਾਕਟਰ ਪਤਨੀ ਨੂੰ ਉਥੋਂ ਦੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲੈਣ ਉਥੇ ਭੇਜਿਆ ਸੀ ਤੇ ਮੈਂ ਇੱਕ ਮੀਲ ਲੰਬੇ ਤੇ ਅੱਧ ਮੀਲ ਚੌੜੇ ਬੱਕਰੇ ਦੇ ਪੱਟ ਵਰਗੇ ਇਸ ਟਾਪੂ ਦੇਸ਼ ਦੀ ਰਹਿਣੀ ਸਹਿਣੀ ਦੇ ਢੰਗ ਤਰੀਕੇ ਦੇਖਣ ਆਪਣੀ ਪਤਨੀ ਨਾਲ ਉਥੇ ਚਲਾ ਗਿਆ ਸਾਂ|
ਨਿਸ਼ਚੇ ਹੀ ਪ੍ਰਧਾਨ ਮੰਤਰੀ ਦੀ ਦੋ ਰੋਜ਼ਾ ਫੇਰੀ ਤਾਂ ਉਸ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਵਲੋਂ (ਜਿਨ੍ਹਾਂ ਨੂੰ ਨਰੇਂਦਰ ਮੋਦੀ ਸ਼ਾਹੀ ਪਰਿਵਾਰ ਕਹਿੰਦਾ ਹੈ) ਕੀਤੇ ਕੰਮਾਂ ਦਾ ਗੁਣਗਾਇਨ ਕਰੇਗਾ| ਖਾਸ ਕਰਕੇ ਮਾਲਦੀਵ ਵਿਚ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਖੋਲ੍ਹਣਾ, ਮਾਲਦੀਵੀਅਨ ਇੰਸਟੀਚਿਊਟ ਆਫ ਟੈਕਨੀਕਲ ਐਜੂਕੇਸ਼ਨ ਸਥਾਪਤ ਕਰਨ ਵਿਚ ਹਰ ਤਰ੍ਹਾਂ ਦੀ ਸਹਾਇਤਾ ਕਰਨਾ ਤੇ ਭਾਰਤ-ਮਾਲਦੀਵ ਮਿੱਤਰਤਾ ਦੇ ਦਰ ਦਰਵਾਜ਼ੇ ਖੋਲ੍ਹ ਕੇ ਸਭਿਆਚਾਰਕ ਆਦਾਨ-ਪ੍ਰਦਾਨ ਜਾਰੀ ਕਰਨਾ ਵੀ ਸ਼ਾਮਿਲ ਹਨ|
ਮਾਲਦੀਵ ਦੀਆਂ ਅਤਿਅੰਤ ਵਚਿੱਤਰ ਗੱਲਾਂ ਤਾਂ ਮੋਦੀ ਦੇ ਅਮਲੇ ਨੂੰ ਕਿਸੇ ਮੇਰੇ ਵਰਗੇ ਤੋਂ ਪਤਾ ਲੱਗਣਗੀਆਂ| ਜਿਵੇਂ ਉਥੇ ਪੀਣ ਲਈ ਪਾਣੀ ਘਰਾਂ ਦੀਆਂ ਛੱਤਾਂ ਉਤੇ ਜਮ੍ਹਾਂ ਕਰਨਾ ਪੈਂਦਾ ਹੈ| ਯਾਤਰਾ ਕਰਨ ਵਾਲੇ ਆਪਣੇ ਨਾਲ ਕੁੱਤਾ ਆਦਿ ਪਾਲਤੂ ਜਾਨਵਰ, ਸ਼ਰਾਬ, ਹਥਿਆਰ ਜਾਂ ਮੂਰਤੀ ਨਹੀਂ ਲਿਜਾ ਸਕਦੇ| ਮਾਲਦੀਵ ਦੇ ਜੰਮੇ ਜਾਇਆਂ ਨੇ ਚੂਹੇ ਤੋਂ ਵੱਡਾ ਜਾਨਵਰ ਨਹੀਂ ਵੇਖਿਆ| ਜੇ ਉਨ੍ਹਾਂ ਨੂੰ ਦੱਸਣਾ ਹੋਵੇ ਕਿ ਹਾਥੀ ਕਿੰਨਾ ਵੱਡਾ ਹੁੰਦਾ ਹੈ ਤਾਂ ਚੂਹੇ ਨੂੰ ਹਜ਼ਾਰਾ ਗੁਣਾਂ ਕਰਨਾ ਪੈਂਦਾ ਹੈ| ਉਥੇ ਦੀ ਅਣਵਿਆਹੀ ਕੁੜੀ ਬੱਚਾ ਪੈਦਾ ਕਰ ਸਕਦੀ ਹੈ ਪਰ ਬੱਚੇ ਦੇ ਪੈਦਾ ਹੋਣ ਤੱਕ ਆਪਣੇ ਘਰ ਦੀ ਚਾਰਦੀਵਾਰੀ ਤੋਂ ਬਾਹਰ ਨਹੀਂ ਜਾ ਸਕਦੀ ਤੇ ਬੱਚੇ ਦੇ ਬਾਪ ਦਾ ਨਾਂ ਗੁਪਤ ਰੱਖਣ `ਤੇ ਕੋਹੜੇ ਖਾਂਦੀ ਹੈ| ਉਂਝ ਵੀ ਉਥੋਂ ਦਾ ਮਰਦ ਜਿੰਨੇ ਮਰਜ਼ੀ ਵਿਆਹ ਕਰ ਸਕਦਾ ਹੈ ਪਰ ਜੇ ਉਸ ਨੇ ਆਪਣੀ ਹੀ ਪਤਨੀ ਨਾਲ ਚੌਥੀ ਵਾਰ ਵਿਆਹ ਕਰਨਾ ਹੈ ਤਾਂ ਉਸਦੀ ਹੋਣ ਵਾਲੀ ਪਤਨੀ ਨੂੰ ਦੋ ਚਾਰ ਦਿਨ ਕਿਸੇ ਹੋਰ ਮਰਦ ਦੀ ਪਤਨੀ ਬਣਨਾ ਪੈਂਦਾ ਹੈ|
ਏਥੋਂ ਦੇ ਵਸਨੀਕ ਤਾਂ ਭਾਵੇਂ ਮੁਸਲਮਾਨ ਹਨ ਪਰ ਉਥੇ ਪਰਦੇ ਦਾ ਕੋਈ ਰਿਵਾਜ ਨਹੀਂ| ਸਵੇਰੇ ਸ਼ਾਮ ਸਮੁੰਦਰ ਦੇ ਕੰਢੇ ਬੇਪਰਦ ਸੈਰ ਕਰਦੇ ਹਨ| ਲੋਕ ਅਮੀਰ ਵੀ ਹਨ ਤੇ ਗਰੀਬ ਵੀ| ਅਮੀਰ ਲੋਕ ਦੁਕਾਨਦਾਰ ਹਨ ਜਾਂ ਫੋਟੋਗ੍ਰਾਫਰ ਤੇ ਗਰੀਬ ਲੋਕ ਸਮੁੰਦਰ ਦੀਆਂ ਮੱਛੀਆਂ ਫੜ ਕੇ ਵੇਚਦੇ ਹਨ| ਇਹ ਵੀ ਨੋਟ ਕਰਨ ਵਾਲੀ ਗੱਲ ਹੈ ਕਿ ਸਮੁੰਦਰ ਦੀਆਂ ਲਹਿਰਾਂ ਅਨੇਕਾਂ ਮੱਛੀਆਂ ਨੂੰ ਉਛਾਲ ਕੇ ਬਾਹਰ ਸਿੱਟ ਦਿੰਦੀਆਂ ਹਨ, ਜਿਨ੍ਹਾਂ ਨੂੰ ਬੱਚੇ, ਬੁੱਢੇ ਚੁੱਕ ਲਿਆਉਂਦੇ ਹਨ|
ਹੋ ਸਕਦਾ ਹੈ ਜੇ ਪ੍ਰਧਾਨ ਮੰਤਰੀ ਆਪਣੇ ਤੋਂ ਪਹਿਲਾਂ ਦੇ ‘ਸ਼ਾਹੀ ਪਰਿਵਾਰ’ ਦੀਆਂ ਪ੍ਰਾਪਤੀਆਂ ਵੇਖਣ ਮੁੜ ਮਾਲਦੀਵ ਜਾਵੇ ਤਾਂ ਮੈਨੂੰ ਵੀ ਅੱਧੀ ਸਦੀ ਪਹਿਲਾਂ ਦੀਆਂ ਹੋਰ ਗੱਲਾਂ ਵੀ ਚੇਤੇ ਆ ਜਾਣ! ਵੇਖੋ ਕੀ ਹੁੰਦਾ ਹੈ!!
ਅੰਤਿਕਾ
ਪੰਜਾਬੀ ਲੋਕ ਗੀਤਾਂ ਵਿਚ ਭੈਣ ਭਰਾ॥
ਬੋਤਾ ਬੰਨ੍ਹ ਦੇ ਪਿੱਪਲ ਦੀ ਛਾਵੇਂ
ਮੁੰਨੀਆਂ ਰੰਗੀਨ ਗੱਡੀਆਂ
ਮੱਥਾ ਟੇਕਦੈਂ ਅੰਮਾਂ ਦੀਏ ਜਾਈਏ
ਬੋਤਾ ਭੈਣੇ ਫੇਰ ਬੰਨ੍ਹਾਂਗਾ।