ਸੁਖਵਿੰਦਰ ਕੌਰ ਰੰਧਾਵਾ ਤਰਨਤਾਰਨ ਤੋਂ ਅਕਾਲੀ ਦਲ ਦੇ ਉਮੀਦਵਾਰ

ਤਰਨਤਾਰਨ:ਸ਼੍ਰੋਮਣੀ ਅਕਾਲੀ ਦਲ ਨੇ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਇਹ ਐਲਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਤਵਾਰ ਨੂੰ ਅਕਾਲੀ ਦਲ ਦੇ ਪਹਿਲੇ ਪ੍ਰਧਾਨ ਸੁਰਮੁੱਖ ਸਿੰਘ ਝਬਾਲ ਦੇ ਪਿੰਡ ‘ਚ ਹੋਈ ਰੈਲੀ ਦੌਰਾਨ ਕੀਤਾ। ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਆਜ਼ਾਦ ਗਰੁੱਪ ਵੱਲੋਂ ਨਗਰ ਕੌਂਸਲ ਚੋਣਾਂ ਦੌਰਾਨ ਵੱਡੀ ਸ਼ਕਤੀ ਬਣ ਕੇ ਉੱਭਰੇ ਸਨ।

ਤਰਨਤਾਰਨ ਵਿਧਾਨ ਸਭਾ ਹਲਕੇ ਵਿਚ ਨਗਰ ਕੌਂਸਲ ਚੋਣਾਂ ਦੌਰਾਨ ਵੱਡੀ ਸ਼ਕਤੀ ਬਣ ਕੇ ਉੱਭਰੇ ਆਜ਼ਾਦ ਗਰੁੱਪ ਨੇ ਐਤਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਕਰ ਦਿੱਤੀ। ਇਹ ਸ਼ਮੂਲੀਅਤ ਤਰਨਤਾਰਨ ਹਲਕੇ ਦੇ ਅਹਿਮ ਹਿੱਸਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਪ੍ਰਧਾਨ ਸੁਰਮੁੱਖ ਸਿੰਘ ਝਬਾਲ ਦੇ ਪਿੰਡ ਵਿਚ ਰੱਖੀ ਗਈ ਵਿਸ਼ਾਲ ਰੈਲੀ ਦੌਰਾਨ ਕੀਤੀ ਗਈ।
ਜਦੋਂਕਿ ਵੱਡੇ ਇਕੱਠ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਜ਼ਾਦ ਗਰੁੱਪ ਦੀ ਮੁਖੀ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਤਰਨਤਾਰਨ ਦੀ ਜ਼ਿਮਨੀ ਚੋਣ ਵਾਸਤੇ ਉਮੀਦਵਾਰ ਐਲਾਨਦਿਆਂ ਬਾਕੀ ਪਾਰਟੀਆਂ ਨਾਲੋਂ ਪਹਿਲਕਦਮੀ ਵੀ ਕਰ ਦਿੱਤੀ ਹੈ।ਪਿੰਡ ਝਬਾਲ ਵਿਚ ਹੋਈ ਇਸ ਵੱਡੀ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਅੱਜ 43 ਮੌਜੂਦਾ ਸਰਪੰਚਾਂ, 8 ਕੌਂਸਲਰਾਂ ਤੇ ਦਰਜਨਾਂ ਸਾਬਕਾ ਸਰਪੰਚਾਂ ਤੇ ਚੇਅਰਮੈਨਾਂ ਸਮੇਤ ਪਾਰਟੀ ਵਿਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਆਜ਼ਾਦ ਗਰੁੱਪ ਨੇ ਇਹ ਫੈਸਲਾ ਹਲਕੇ, ਪੰਥ ਤੇ ਪੰਜਾਬ ਦੇ ਹਿੱਤਾਂ ਵਾਸਤੇ ਲਿਆ ਹੈ। ਸੁਖਬੀਰ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਨੂੰ ਲੁੱਟਣ ਲਈ ਕਰਨ ਵਾਸਤੇ ਪਾਰਟੀ ਦੇ ਬੈਨਰ ਹੇਠ ਇਕਜੁਟ ਹੋਣ। ਉਨ੍ਹਾਂ ਕਿਹਾ ਕਿ ਇਨ੍ਹਾਂ ਤਾਕਤਾਂ ਨੇ 2015 ਵਿਚ ਬੇਅਦਬੀ ਦੀਆਂ ਘਟਨਾਵਾਂ ਕਰਵਾਈਆਂ ਤਾਂ ਜੋ ਅਕਾਲੀ ਦਲ ਨੂੰ ਕਮਜ਼ੋਰ ਕੀਤਾ ਜਾ ਸਕੇ, ਸੁਖਬੀਰ ਨੇ ਪ੍ਰਿੰਸੀਪਲ ਰੰਧਾਵਾ ਨੂੰ ਇਸ ਮੌਕੇ ਹਲਕਾ ਤਰਨਤਾਰਨ ਦਾ ਇੰਚਾਰਜ ਵੀ ਐਲਾਨਿਆ।
ਉਨ੍ਹਾਂ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੂੰ ਤਰਨਤਾਰਨ ਜ਼ਿਮਨੀ ਚੋਣ ਲਈ ਪਾਰਟੀ ਇੰਚਾਰਜ ਵੀ ਨਿਯੁਕਤ ਕੀਤਾ। ਇਸ ਮੌਕੇ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਐੱਸ.ਐੱਸ. ਬੋਰਡ ਦੇ ਸਾਬਕਾ ਮੈਂਬਰ ਇਕਬਾਲ ਸਿੰਘ ਸੰਧੂ, ਜ਼ਿਲ੍ਹਾ ਪ੍ਰਧਾਨ ਅਲਵਿੰਦਰਪਾਲ ਸਿੰਘ ਪੱਖੋਕੇ, ਵਰਕਿੰਗ ਕਮੇਟੀ ਮੈਂਬਰ ਗੌਰਵਦੀਪ ਸਿੰਘ ਵਲਟੋਹਾ, ਸ਼੍ਰੋਮਣੀ ਕਮੇਟੀ ਮੈਂਬਰ ਗੁਰਬਚਨ ਸਿੰਘ ਕਰਮੂਵਾਲ, ਸੁਖਵਿੰਦਰ ਸਿੰਘ ਖਾਪੜਖੇੜੀ, ਰਣਬੀਰ ਸਿੰਘ ਰਾਣਾ ਲੋਪੋਕੇ ਅਤੇ ਸਾਬਕਾ ਗੁਰਸੇਵਕ ਸਿੰਘ ਸ਼ੇਖ ਵੀ ਮੌਜੂਦ ਸਨ। ਇਸ ਮੌਕੇ ਆਜ਼ਾਦ ਗਰੁੱਪ ਦੇ ਆਗੂ ਪਰਮਜੀਤ ਸਿੰਘ ਪੰਮਾ ਗੱਗੋਬੂਹਾ ਨੇ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਪਾਰਟੀ ਉਮੀਦਵਾਰ ਐਲਾਨਣ ‘ਤੇ ਸੁਖਬੀਰ ਸਿੰਘ ਬਾਦਲ ਦਾ ਗਰੁੱਪ ਵੱਲੋਂ ਧੰਨਵਾਦ ਵੀ ਕੀਤਾ।