ਬੁਲਡੋਜ਼ਰ: ਧਰਤੀ-ਧੱਕ ਤੋਂ ਧਰਤੀ-ਖੋਹ ਤੱਕ

ਬਲਜੀਤ ਬਾਸੀ
ਫੋਨ: 734-259-9353
ਭਾਸ਼ਾਈ ਅਤੇ ਸਮਾਜਕ ਨਜ਼ਰੀਏ ਤੋਂ ਬੁਲਡੋਜ਼ਰ ਮਸ਼ੀਨ ਅਤੇ ਸ਼ਬਦ ਦੋਵਾਂ ਦਾ ਲੰਮਾ ਅਤੇ ਗੁੰਝਲਦਾਰ ਇਤਿਹਾਸ ਹੈ। ਮਸ਼ੀਨ ਵਜੋਂ ਬੁਲਡੋਜ਼ਰ ਸਮਾਂ ਪਾ ਕੇ ਨਾ ਸਿਰਫ ਸੱਤਾ ਅਤੇ ਵਿਕਾਸ ਦਾ ਪ੍ਰਤੀਕ ਹੀ ਬਣ ਗਿਆ ਸਗੋਂ ਰਾਜਕੀ ਦਮਨ ਦਾ ਜ਼ਬਰਦਸਤ ਹਥਿਆਰ ਹੋ ਨਿਬੜਿਆ ਹੈ।

ਖਾਸ ਤੌਰ ‘ਤੇ ਜਦ ਹਾਸ਼ੀਏ ‘ਤੇ ਰਹਿ ਰਹੇ ਲੋਕਾਂ ਦੀਆਂ ਕੁੱਲੀਆਂ, ਹੱਟੀਆਂ ਤੇ ਉਪਜੀਵਕਾ ਦੇ ਹੋਰ ਸਾਧਨਾਂ ਨੂੰ ਢਾਹੁਣ ਲਈ ਵਰਤਿਆ ਜਾਣ ਲੱਗਾ। ਬੁਲਡੋਜ਼ਰ ਮਸ਼ੀਨ ਦੀ ਈਜਾਦ ਪਿਛਲੀ ਸਦੀ ਦੇ ਵੀਹਵਿਆਂ ਵਿਚ ਅਮਰੀਕਾ ਵਿਚ ਹੋਈ। ਇਸ ਤੋਂ ਪਹਿਲਾਂ ਕਰਾਹ ਵਰਗੇ ਫਾਲਿਆਂ ਵਾਲੇ ਟਰੈਕਟਰਾਂ ਦਾ ਨਿਰਮਾਣ ਕੀਤਾ ਗਿਆ ਸੀ। ਬੁਲਡੋਜ਼ਰ ਦੀ ਵਰਤੋਂ ਪਹਿਲੇ ਪਹਿਲ ਜ਼ਮੀਨ ਨੂੰ ਸਾਫ਼ ਕਰਨ, ਸੜਕਾਂ ਬਣਾਉਣ ਅਤੇ ਯੁਧ ਲਈ ਲੋੜੀਂਦੀ ਭੰਨ-ਤੋੜ ਕਰਨ ਲਈ ਹੋਈ। ਸਮਾਂ ਪਾ ਕੇ ਬੁਲਡੋਜ਼ਰ ਵਿਕਾਸਸ਼ੀਲ ਦੇਸ਼ਾਂ ਦੇ ਹੁਕਮਰਾਨਾਂ ਲਈ ਆਪਣੀ ਭਿਆਵਲੀ ਧੌਂਸਵਾਦੀ ਹਕੂਮਤ ਚਲਾਉਣ ਲਈ ਲੋਕਾਂ ਦੇ ਮਨਾਂ ਵਿਚ ਹਿੰਸਾ ਦੇ ਹਥਿਆਰ ਵਜੋਂ ਖੂਬ ਰਾਸ ਆਇਆ।
ਪਿਛਲੇ ਕੁਝ ਸਾਲਾਂ ਤੋਂ ਭਾਰਤ ਦੇ ਕੁਝ ਰਾਜਾਂ ਵਿਚ ‘ਬੁਲਡੋਜ਼ਰ ਰਾਜਨੀਤੀ’ ਵਾਕੰਸ਼ ਆਮ ਹੀ ਸੁਣਨ ਪੜ੍ਹਨ ਨੂੰ ਮਿਲਦਾ ਹੈ। ਬੁਲਡੋਜ਼ਰਾਂ ਨੂੰ ਗਰੀਬ ਲੋਕਾਂ ਦੀਆਂ ਝੁੱਗੀਆਂ-ਝੌਂਪੜੀਆ ਅਤੇ ਸਟਾਲਾਂ ਨੂੰ ਢਾਹੁਣ ਲਈ ਵਰਤਿਆ ਜਾਣ ਲੱਗਾ ਹੈ। ਸਰਕਾਰੀ ਤੰਤਰ ਵਲੋਂ ਅਜਿਹਾ ਕਰਨ ਲੱਗਿਆਂ ਕੋਈ ਕਾਨੂੰਨੀ ਨੋਟਿਸ ਵੀ ਘੱਟ ਹੀ ਦਿੱਤਾ ਜਾਂਦਾ ਹੈ। ਬੁਲਡੋਜ਼ਰਾਂ ਦੇ ਕਹਿਰ ਦਾ ਸ਼ਿਕਾਰ ਅਕਸਰ ਮੁਸਲਮਾਨ ਘੱਟ-ਗਿਣਤੀਆਂ ਅਤੇ ਵਿਰੋਧ ਵਿਚ ਉਠ ਰਹੇ ਰਾਜਸੀ ਜਾਂ ਸਮਾਜਸੇਵੀ ਕਾਰਕੁਨ ਹਨ। ਪਰ ਸਰਕਾਰ ਪੱਖੀ ਲੋਕ ਗ਼ੈਰ-ਕਾਨੂੰਨੀ ਢੰਗ ਨਾਲ ਹੜੱਪੀਆਂ ਜ਼ਮੀਨਾਂ ਨੂੰ ਛੁਡਾਉਣ ਲਈ ਇਸ ਦੀ ਵਰਤੋਂ ਜਾਇਜ਼ ਸਮਝਦੇ ਹਨ। ਭਾਰਤ ਹੀ ਨਹੀਂ, ਹੋਰ ਦੇਸ਼ਾਂ ਵਿਚ ਵੀ ਰਾਜਕੀ ਦਮਨ ਵਜੋਂ ਬੁਲਡੋਜ਼ਰ ਅਕਸਰ ਹੀ ਚਲਾਇਆ ਜਾਂਦਾ ਰਿਹਾ ਹੈ ਤੇ ਚਲਾਇਆ ਜਾ ਰਿਹਾ ਹੈ। ਇਜ਼ਰਾਇਲੀ ਪ੍ਰਸ਼ਾਸਨ ਲੰਮੇ ਸਮੇਂ ਤੋਂ ਫਲਸਤੀਨੀਆ ਦੇ ਘਰ ਢਾਹ ਰਿਹਾ ਹੈ, ਖਾਸ ਤੌਰ `ਤੇ ਵੈਸਟ ਬੈਂਕ ਅਤੇ ਪੂਰਬੀ ਯੋਰੋਸ਼ਲਮ ਵਿਚ। ਇਸ ਕੰਮ ਲਈ ਫੌਜ ਵਾਸਤੇ ਬਣਾਏ ਘਾਤਕ ਬੁਲਡੋਜ਼ਰ ਖੂਬ ਚਲਾਏ ਜਾਂਦੇ ਹਨ। ਸ਼ਹਿਰੀ ਵਿਕਾਸ ਦੇ ਨਾਂ `ਤੇ ਬਰਾਜ਼ੀਲ ਵਿਚ ਗਰੀਬ ਲੋਕਾਂ ਦੀਆਂ ਬਸਤੀਆਂ ਢਾਹੀਆਂ ਗਈਆਂ ਜਿਸ ਨਾਲ ਹਜ਼ਾਰਾਂ ਲੋਕ ਬੇਘਰੇ ਹੋ ਗਏ। ਚੀਨ ਵਿਚ ਵੀ ਦੱਬੀਆਂ ਜ਼ਮੀਨਾਂ `ਤੇ ਬਣਾਏ ਘਰ ਨਾ ਛੱਡਣ ਵਾਲਿਆਂ `ਤੇ ਇਹ ਦਮਨ ਕੀਤਾ ਜਾਂਦਾ ਰਿਹਾ ਹੈ। ਇਸ ਤਰ੍ਹਾਂ ਬੁਲਡੋਜ਼ਰ ਅੱਜ ਧੱਕੜ ਰਾਜਸੀ ਸ਼ਕਤੀ ਅਤੇ ਵਿਕਾਸ ਦੇ ਨਾਂ `ਤੇ ਬੇਵੱਸ ਲੋਕਾਂ ਨੂੰ ਉਜਾੜਨ ਦੇ ਹਥਿਆਰ ਦਾ ਪ੍ਰਤੀਕ ਬਣਦਾ ਜਾ ਰਿਹਾ ਹੈ। ਕਿਹਾ ਜਾ ਸਕਦਾ ਹੈ ਕਿ ਬੁਲਡੋਜ਼ਰ ਅੱਜ ਉਸਾਰੀ ਲਈ ਬਣਾਈ ਗਈ ਮਸ਼ੀਨ ਹੀ ਨਹੀਂ ਬਲਕਿ ਮਜ਼ਦੂਰਾਂ ਦੀ ਕੱਲੀ, ਗੁੱਲੀ, ਜੁੱਲੀ ਦੀ ਤਬਾਹੀ ਦਾ ਵਸੀਲਾ ਬਣਦਾ ਜਾ ਰਿਹਾ ਹੈ।
ਭਾਰਤ ਦੀ ਸਮਾਜਕ-ਆਰਥਕ ਮੁੱਦਿਆਂ ਪ੍ਰਤੀ ਹਮੇਸ਼ਾ ਸਰਗਰਮ ਕਾਰਕੁਨ ਅਤੇ ਸਿਆਸਤਦਾਨ ਅਰੁਨਧਤੀ ਰਾਇ ਸ਼ਹਿਰੀ ਖੇਤਰਾਂ ਦੇ ਪੁਨਰ-ਗਠਨ ਅਤੇ ਵਿਕਾਸ ਦੇ ਨਾਂ ‘ਤੇ ਬੁਲਡੋਜ਼ਰਾਂ ਦੀ ਅਜਿਹੀ ਵਰਤੋਂ ਖ਼ਿਲਾਫ ਜ਼ੋਰਦਾਰ ਆਵਾਜ਼ ਬੁਲੰਦ ਕਰਦੀ ਰਹੀ ਹੈ। ਉਸ ਦਾ ਪ੍ਰਸਿੱਧ ਭਾਵਪੂਰਤ ਕਥਨ ਹੈ ਕਿ ‘ਵਿਕਾਸ ਖਾਨਾਜੰਗੀ ਦਾ ਟਿਕਾਣਾ ਬਣ ਚੁੱਕਾ ਹੈ, ਪਹਿਲਾਂ ਬੁਲਡੋਜ਼ਰ ਆਉਂਦੇ ਹਨ, ਫਿਰ ਪੁਲੀਸ ਆਉਂਦੀ ਹੈ, ਉਸਾਰੀ ਕਰਨ ਲਈ ਨਹੀਂ ਉਜਾੜਨ ਲਈ’। ਸ਼ਹਿਰਾਂ ਨੂੰ ਜੀਵੰਤ ਅਤੇ ਰੌਣਕ ਭਰਿਆ ਬਣਾਉਣ ਵਾਲੇ ਰਿਕਸ਼ਾ ਚਾਲਕ, ਥੜ੍ਹੀ ਵਾਲੇ, ਫੜੀ ਵਾਲੇ, ਰੇੜ੍ਹੀ ਵਾਲੇ, ਪਰਵਾਸੀ ਮਜ਼ਦੂਰ, ਘਰਾਂ ਵਿਚ ਕੰਮ ਕਰਨ ਵਾਲੇ ਨੌਕਰ ਆਦਿ ਸਭ ਨੂੰ ਬੇਰਹਿਮੀ ਨਾਲ ਰੋਟੀ ਰੋਜ਼ੀ ਤੋਂ ਵਿਰਵਾ ਕੀਤਾ ਜਾ ਰਿਹਾ ਹੈ। ਬੁਲਡੋਜ਼ਰਾਂ ਨਾਲ ਢਾਹੇ ਉਨ੍ਹਾਂ ਦੇ ਰਿਹਾਇਸ਼ੀ ਜਾਂ ਉਪਜੀਵਕਾ ਦੀਆਂ ਠਾਹਰਾਂ ‘ਤੇ ਅਮੀਰਾਂ ਲਈ ਉਚੀਆਂ-ਉਚੀਆਂ ਇਮਾਰਤਾਂ ਬਣਾਈਆਂ ਜਾ ਰਹੀਆਂ ਹਨ। ਇਸ ਤਰ੍ਹਾਂ ਸ਼ਹਿਰਾਂ ਦੇ ਸੁੰਦਰੀਕਰਣ ਦੇ ਬਹਾਨੇ ਬੁਲਡੋਜ਼ਰ ਵਰਤ ਕੇ ਅਸਲ ਵਿਚ ਇੱਕ ਜਮਾਤੀ ਲੜਾਈ ਲੜੀ ਜਾ ਰਹੀ ਹੈ। ਭਾਰਤ ਵਿਚ ਬੁਲਡੋਜ਼ਰ ਨਾ ਸਿਰਫ਼ ਆਰਥਿਕ ਹਿੰਸਾ ਦਾ ਸਾਧਨ ਬਣ ਰਿਹਾ ਹੈ ਬਲਕਿ ਹਿੰਦੂ ਰਾਸ਼ਟਰਵਾਦੀ ਰਾਜਨੀਤੀ ਤਹਿਤ ਧਾਰਮਕ ਅਤੇ ਰਾਜਸੀ ਉਪੱਦਰ ਦਾ ਜ਼ਰੀਆ ਵੀ ਬਣ ਰਿਹਾ ਹੈ। ਬੁਲਡੋਜ਼ਰਾਂ ਨਾਲ ਕਾਨੂੰਨ ਦੀ ਪਰਵਾਹ ਨਾ ਕਰਦਿਆਂ ਮੁਸਲਮਾਨਾਂ ਅਤੇ ਆਦਿਵਾਸੀ ਲੋਕਾਂ ਨੂੰ ਉਜਾੜਿਆ ਜਾ ਰਿਹਾ ਹੈ। ਜਬਰੀ ਉਜੜੇ ਲੋਕ ਆਪਣੀ ਹੀ ਭੋਇੰ ‘ਤੇ ਸ਼ਰਨਾਰਥੀ ਬਣ ਜਾਂਦੇ ਹਨ। ਇਸ ਤਰ੍ਹਾਂ ਬੁਲਡੋਜ਼ਰ ਇੱਕ ਨਿਰਪੱਖ ਮਸ਼ੀਨ ਨਹੀਂ ਰਿਹਾ ਬਲਕਿ ਸੱਤਾ ਦਾ ਹਥਿਆਰ ਬਣ ਗਿਆ ਹੈ। ਕਿਸੇ ਨੇ ਇਸ ਹਿੰਸਕ ਮਸ਼ੀਨ ਲਈ ਬੜਾ ਢੁਕਵਾਂ ਸ਼ਬਦ ‘ਪੀਲਾ ਪੰਜਾ’ ਘੜਿਆ ਜੋ ਅਖਬਾਰਾਂ ਵਿਚ ਆਮ ਹੀ ਪੜ੍ਹਨ ਨੂੰ ਮਿਲਦਾ ਹੈ। ਉਸਾਰੀ ਦੀਆਂ ਮਸ਼ੀਨਾਂ ਆਮ ਤੌਰ ‘ਤੇ ਪੀਲੇ ਰੰਗ ਦੀਆਂ ਹੁੰਦੀਆਂ ਹਨ ਕਿਉਂਕਿ ਇਸ ਰੰਗ ਦੇ ਉਘੜਵੇਂ ਗੁਣ ਕਾਰਨ ਇਹ ਛੇਤੀ ਨਜ਼ਰ ਪੈ ਜਾਂਦੀਆਂ ਹਨ ਤੇ ਬਚਾਉ ਵਿਚ ਸਹਾਈ ਹੁੰਦੀਆਂ ਹਨ। ਪਰ ਅੱਜ ਇਹ ‘ਪੀਲਾ’ ਪੰਜਾ ਅਭਾਗੇ ਲੋਕਾਂ ਲਈ ਤਬਾਹੀ ਦਾ ਪੰਜਾ ਸਾਬਤ ਹੋ ਰਿਹਾ ਹੈ, ਮਾਨੋਂ ਖੂਨੀ ਪੰਜਾ।
ਬੁਲਡੋਜ਼ਰ ਸ਼ਬਦ ਦੀ ਉਤਪਤੀ ਵੱਲ ਧਿਆਨ ਮਾਰੀਏ ਤਾਂ ਪਤਾ ਲਗਦਾ ਹੈ ਕਿ ਮੁਢਲੇ ਤੌਰ ‘ਤੇ ਤਾਂ ਇਸ ਦਾ ਪੀਲੇ ਪੰਜੇ ਜਿਹੀ ਮਸ਼ੀਨ ਨਾਲ ਕੋਈ ਵਾਸਤਾ ਹੀ ਨਹੀਂ ਹੈ। ਇਹ ਸ਼ਬਦ 19ਵੀਂ ਸਦੀ ਦੇ ਅਖੀਰ ਜਿਹੇ ਵਿਚ ਅਮਰੀਕਾ ਵਿਚ ਮਸ਼ਹੂਰ ਹੋਇਆ। ਇਹ ਪਹਿਲਾਂ ਪ੍ਰਚੱਲਤ ਸ਼ਬਦ ਬੁਲਡੋਜ਼ (bulldose) ਤੋਂ ਬਣਿਆ। ਅੰਗਰੇਜ਼ੀ ਬੁੱਲ(bull) ਸ਼ਬਦ ਸਾਡੇ ਸਾਨ੍ਹ ਦੀ ਬਰਾਬਰੀ ਕਰਦਾ ਹੈ। ਇਸ ਦੇ ਨਾਲ ਲੱਗੇ ਸ਼ਬਦ ਡੋਜ਼ (dose) ਦਾ ਪੰਜਾਬੀ ਵਿਚ ਬਦਲ ਖੁਰਾਕ ਹੁੰਦਾ ਹੈ ਪਰ ਪੰਜਾਬੀ ਵਾਂਗ ਹੀ ਇਸ ਦਾ ਅੰਗਰੇਜ਼ੀ ਵਿਚ ਇਕ ਅਰਥ ਸਜ਼ਾ ਵੀ ਹੁੰਦਾ ਹੈ ਮਾਨੋਂ ਕਿਸੇ ਨੂੰ ਕਿਸੇ ਜੁਰਮ ਕਾਰਨ ਡੋਜ਼ ਦਿੱਤੀ ਗਈ ਹੈ। ਪੰਜਾਬੀ ਵਿਚ ਸੋਧਣ ਦਾ ਅਰਥ ਕਿਸੇ ਨੂੰ ਉਸ ਦੇ ਕਾਰਿਆਂ ਕਾਰਨ ਗੈਰ-ਕਾਨੂੰਨੀ ਢੰਗ ਨਾਲ ਮੌਤ ਦੇ ਘਾਟ ਉਤਾਰ ਦੇਣ ਦਾ ਦੰਡ ਦੇਣਾ ਹੈ। ਮੁਗ਼ਲ ਹਕੂਮਤ ਦੌਰਾਨ ਇੱਕ ਪ੍ਰਕਾਰ ਦੇ ਟੈਕਸ ਨੂੰ ਖੁਰਾਕ ਕਿਹਾ ਜਾਂਦਾ ਸੀ। ਗੱਲ ਕੀ ਬੁੱਲਡੋਜ਼ ਸ਼ਬਦ ਦਾ ਉਦੋਂ ਅਰਥ ਸੀ, ਅਜਿਹੀ ਖੁਰਾਕ ਮਾਅਨੇ ਅਜਿਹੀ ਸਜ਼ਾ ਜੋ ਸਾਨ੍ਹ ਨੂੰ ਦਿੱਤੀ ਜਾਵੇ, ਜੋ ਸਾਨ੍ਹ ਲਈ ਹੀ ਢੁਕਦੀ ਹੈ। ਬੁੱਲ (ਸਾਨ੍ਹ) ਦੀ ਕਾਇਆ ਮੋਟੀ ਠੁੱਲੀ ਹੋਣ ਕਾਰਨ ਅੰਗਰੇਜ਼ੀ ਵਿਚ ਇਸ ਸ਼ਬਦ ਨੂੰ ਅਧਿਕ ਦੇ ਅਰਥਾਂ ਵਿਚ ਵੀ ਲਿਆ ਜਾਂਦਾ ਹੈ। ਸੋ ਏਥੋਂ ਵੀ ਬੁੱਲਡੋਜ਼ ਦਾ ਮਤਲਬ ‘ਡਾਢੀ ਸਜ਼ਾ’ ਵਿਉਤਪਤ ਹੋ ਸਕਦਾ ਹੈ। ਅੰਗਰੇਜ਼ੀ ਵਿਚ ਇਸ ਸ਼ਬਦ ਨੇ ਅਗਲਾ ਅਰਥ ਵਿਸਤਾਰਿਆ, ਖੂਬ ਮਾਰ-ਕੁਟਾਈ, ਦੁਰਬੜੀ, ਕੋਰੜਿਆਂ ਦੀ ਸਖਤ ਮਾਰ। ਫਿਰ ਧੌਂਸਬਾਜ਼ੀ, ਧੱਕੇਸ਼ਾਹੀ, ਹਿੰਸਾ ਨਾਲ ਡਰਾਉਣਾ- ਧਮਕਾਉਣਾ ਜਿਹੇ ਅਰਥਾਂ ਵਿਚ ਢਲਣਾ ਤਾਂ ਇਕ ਕਦਮ ਹੀ ਅੱਗੇ ਸੀ। ਮਿਸਾਲ ਵਜੋਂ,’A bulldose of lead’’ ਦਾ ਮਤਲਬ ਸੀ ਗੋਲੀਆਂ ਮਾਰਨ ਦੀ ਧਮਕੀ। ਉਦੋਂ lead (ਸਿੱਕਾ) ਦਾ ਇੱਕ ਅਰਥ ਗੋਲੀ ਵੀ ਹੁੰਦਾ ਸੀ ਕਿਉਂਕਿ ਇਹ ਸਿੱਕੇ ਦੀ ਬਣਾਈ ਜਾਂਦੀ ਸੀ। ਯਾਦ ਕਰੋ, ਗੋਲੀ-ਸਿੱਕਾ। ਨਾਲ ਲਗਦੇ ਸਿੱਕਾ ਸ਼ਬਦ ਨਾਲ ਵੀ ਨਿਪਟ ਲੈਂਦੇ ਹਾਂ। ਇਹ ਮੁਢਲੇ ਤੌਰ ‘ਤੇ ਅਰਬੀ ਸ਼ਬਦ ਹੈ ਤੇ ਇਸ ਭਾਸ਼ਾ ਵਿਚ ਇਸ ਲਫਜ਼ ਦਾ ਮਾਅਨਾ ਸੀ, ਠੱਪਾ, ਮੁਹਰ; ਮੁਹਰ ਲੱਗਾ ਸੋਨੇ ਚਾਂਦੀ ਦਾ ਟੁਕੜਾ, ਮੁਦਰਾ, ਟਕਾ। ਠੱਪਾ ਲਾਉਣ ਦੇ ਅਰਥਾਂ ਤੋਂ ਇਸ ਦਾ ਅਰਥ ਉਹ ਧਾਤ ਬਣਿਆ ਜਿਸ ਨਾਲ ਛਾਪੇਖਾਨੇ ਦੇ ਅੱਖਰ ਬਣਾਏ ਜਾਂਦੇ ਹਨ ਤੇ ਇਹ ਧਾਤ ਅੰਗਰੇਜ਼ੀ ਵਾਲੀ lead ਹੈ। ਇਸ ਨੂੰ ਸਾਡੀਆਂ ਭਾਸ਼ਾਵਾਂ ਵਿਚ ਸੀਸਾ ਵੀ ਕਿਹਾ ਜਾਂਦਾ ਹੈ।
1876 ਵਿਚ ਅਮਰੀਕਾ ਦੀਆਂ ਰਾਸ਼ਟਰਪਤੀ ਦੀਆਂ ਚੋਣਾਂ ਵਿਚ ਬਹੁਤ ਧੱਕੇਸ਼ਾਹੀ ਦਾ ਮਾਹੌਲ ਸੀ। ਏਥੋਂ ਦੇ ਵੋਟਰਾਂ ਖਾਸ ਕਰਕੇ ਕਾਲਿਆਂ ਨੂੰ ਨਸਲੀ ਗੋਰਿਆਂ ਵਲੋਂ ਡਰਾ-ਧਮਕਾ ਕੇ ਆਪਣੇ ਹੱਕ ਦੇ ਰਾਸ਼ਟਰਪਤੀ ਲਈ ਵੋਟਾਂ ਪੁਆਈਆਂ ਗਈਆਂ ਸਨ। ਇਸ ਲਈ ਉਦੋਂ ਇਹ ਸ਼ਬਦ ਅਜਿਹੇ ਵੋਟਰਾਂ ਦੀ ਕੁੱਟਮਾਰ ਕਰ ਕੇ ਉਨ੍ਹਾਂ ਤੋਂ ਕਰਾਰੇ ਹੱਥੀਂ ਵੋਟਾਂ ਬਟੋਰਨ ਦੇ ਵਰਤਾਰੇ ਦੇ ਅਰਥਾਂ ਵਿਚ ਵਰਤਿਆ ਗਿਆ। ਅੰਗਰੇਜ਼ੀ dose ਦੇ ਸ਼ਬਦ ਜੋੜਾਂ ਵਿਚ ਸ ਅੱਖਰ ਹੈ, ਡ ਨਹੀਂ ਪਰ bulldoze ਸ਼ਬਦ ਬਣਦਿਆਂ ਇਹ ਤਬਦੀਲੀ ਆਈ। ਬਾਅਦ ਵਿਚ ਇਸ ਦੇ ਅੱਗੇ ਅੰਗਰੇਜ਼ੀ ਅੱਖਰ r ਲਾ ਕੇ ਬੁਲਡੋਜ਼ਰ (bulldozer) ਸ਼ਬਦ ਬਣਿਆ ਤੇ ਇਸ ਸ਼ਬਦ ਦਾ ਪਹਿਲਾਂ ਅਰਥ ਬਣਿਆ ‘ਕੋਰੜੇ ਮਾਰਨ ਵਾਲਾ’ ਫਿਰ ਬਣਿਆ ‘ਡਰਾਉਣ-ਧਮਕਾਉਣ’ ਵਾਲਾ। ਏਥੇ ਇਹ ਦੱਸਣਾ ਜ਼ਰੂਰੀ ਹੈ ਕਿ ਉਸ ਜ਼ਮਾਨੇ ਵਿਚ ਇੱਕ ਸ਼ਬਦ bull whip ਵੀ ਵਰਤਿਆ ਜਾਂਦਾ ਸੀ ਜੋ ਪਸ਼ੂਆਂ ਨੂੰ ਹਿੱਕਣ ਲਈ ਰੱਸੇ ਵਾਂਗ ਵੱਟਿਆ ਹੋਇਆ ਕਰੜਾ ਛੈਂਟਾ ਹੁੰਦਾ ਸੀ। ਬੁਲਡੋਜ਼ ਦੇ ਅਰਥਾਂ ਵਿਚ ਪਰਿਵਰਤਨ ਇਸ ਕਾਰਨ ਵੀ ਹੋਇਆ। ਫਿਰ ਜਦ 1942 ਵਿਚ ਜ਼ਮੀਨ ਸਾਫ਼ ਕਰਨ ਵਾਲੀ ਕਰਾਹ ਜਿਹੀ ਮਸ਼ੀਨ ਈਜਾਦ ਹੋਈ ਤਾਂ ਇਹ ਸ਼ਬਦ ਇਸ ਨੂੰ ਮਿਲਿਆ। ਇੱਕ ਸਮੇਂ ਇੱਕ ਵੱਡੇ ਪਿਸਤੌਲ ਨੂੰ ਵੀ ਬੁਲਡੋਜ਼ਰ ਕਿਹਾ ਜਾਂਦਾ ਸੀ। ਸੋ ਅਸੀਂ ਦੇਖਾਂਗੇ ਕਿ 1876 ਦੌਰਾਨ ਅਮਰੀਕਾ ਵਿਚ ਜ਼ੋਰ-ਜਬਰੀ ਵੋਟਾਂ ਪਵਾਉਣ ਦੇ ਅਰਥ ਗ੍ਰਹਿਣ ਕਰ ਚੁੱਕਾ ਬੁਲਡੋਜ਼ਰ ਸ਼ਬਦ ਅੱਜ ਭਾਰਤ ਵਿਚ ਉਹੋ ਜਿਹੇ ਹੀ ਅਰਥ ਧਾਰਨ ਕਰਦਾ ਜਾ ਰਿਹਾ ਹੈ, ਧਰਤੀ-ਧੱਕ ਤਂੋ ਧਰਤੀ-ਖੋਹ। ਸਬੱਬ ਹੈ ਕਿ 19ਵੀਂ 20ਵੀਂ ਸਦੀ ਵਿਚ ਗੋਰੇ ਵਾਹਰਾਂ ਵਲੋਂ ਕਾਲੇ ਲੋਕਾਂ ਨੂੰ ਕੁਚਲ ਕੇ ਮਾਰਿਆ ਜਾਂਦਾ ਸੀ ਜਿਸ ਲਈ ਲਿੰਚਿੰਗ ਸ਼ਬਦ ਚੱਲ ਪਿਆ ਸੀ ਤੇ ਭਾਰਤ ਵਿਚ ਵੀ ਮੁਸਲਮਾਨਾਂ ਨਾਲ ਅਜਿਹਾ ਹੋ ਰਿਹਾ ਹੈ।
ਏਥੇ ਅਸੀਂ ਅੰਗਰੇਜ਼ੀ ਸ਼ਬਦਾਂ bull ਅਤੇ dose ਦੀ ਸਾਡੀਆਂ ਭਾਸ਼ਾਵਾਂ ਦੇ ਪ੍ਰਸੰਗ ਵਿਚ ਥੋੜ੍ਹੀ ਚਰਚਾ ਕਰਨੀ ਚਾਹਾਂਗੇ। ਅਸਲ ਵਿਚ ਅੰਗਰੇਜ਼ੀ bull ਲਈ ਪੰਜਾਬੀ ਵਿਚ ਬੈਲ ਜਾਂ ਬਲਦ ਸ਼ਬਦ ਨਹੀਂ ਢੁਕਦੇ ਭਾਵੇਂ ਕਿ ਦੋਵਾਂ ਸ਼ਬਦਾਂ ਦੀ ਧੁਨੀ ਕਾਫ਼ੀ ਹੱਦ ਤੱਕ ਮਿਲਦੀ ਹੈ। ਅੰਗਰੇਜ਼ੀ ਬੁੱਲ ਦੇ ਟਾਕਰੇ ‘ਤੇ ਸਾਡਾ ਸ਼ਬਦ ਸਾਨ੍ਹ ਨਿਆਈਂ ਹੈ, ਬੈਲ/ਬਲਦ ਨਹੀਂ। ਪੰਜਾਬੀ ਦੇ ਇਹ ਸ਼ਬਦ ਜਿਸ ਗੋਕਾ ਪਸ਼ੂ ਲਈ ਵਰਤੇ ਜਾਂਦੇ ਹਨ ਉਹ ਖੇਤੀ ਆਦਿ ਦਾ ਭਾਰਾ ਕੰਮ ਕਰਨ ਲਈ ਖੱਸੀ ਕੀਤੇ ਜਾਂਦੇ ਹਨ। ਦੂਜੇ ਪਾਸੇ ਬੁੱਲ ਖੱਸੀ ਨਹੀਂ ਕੀਤਾ ਜਾਂਦਾ, ਇਸ ਲਈ ਪੰਜਾਬੀ ਵਿਚ ਇਸ ਲਈ ਸਾਨ੍ਹ ਸ਼ਬਦ ਯੋਗ ਹੈ। ਬਲਦ ਲਈ ਢੁਕਵਾਂ ਅੰਗਰੇਜ਼ੀ ਸ਼ਬਦ ox ਜਾਂ bullock ਹੈ। ਉਂਝ ਮੈਨੂੰ ਜਾਪਦਾ ਹੈ ਕਿ ਦੋਵੇਂ ਬੁੱਲ ਅਤੇ ਬੈਲ ਸ਼ਾਇਦ ਮੁਢਲੇ ਤੌਰ ‘ਤੇ ਧੁਨੀ-ਅਨੁਕਰਣਕ ਹੋਣਗੇ। ਹੋ ਸਕਦਾ ਹੈ ਇਹ ਸ਼ਬਦ ਇਸ ਪਸ਼ੂ ਦੇ ਰੰਭਣ ਦੀ ਆਵਾਜ਼ ਤੋਂ ਬਣਾਏ ਗਏ ਹੋਣਗੇ, ਬੁੱਕਣ ਸ਼ਬਦ ਵੱਲ ਗ਼ੌਰ ਕਰੋ। ਅੰਗਰੇਜ਼ੀ ਨਿਰੁਕਤਕਾਰਾਂ ਨੇ ਤਾਂ ਅਜਿਹੀ ਸ਼ੰਕਾ ਜ਼ਾਹਿਰ ਕੀਤੀ ਹੈ। ਦੂਜੇ ਪਾਸੇ ਅੰਗਰੇਜ਼ੀ ox ਭਾਰੋਪੀ ਮੰਨਿਆ ਜਾਂਦਾ ਹੈ ਜਿਸ ਦੇ ਟਾਕਰੇ ‘ਤੇ ਬਲਦ ਦੇ ਅਰਥਾਂ ਵਿਚ ਸੰਸਕ੍ਰਿਤ ‘ਉਕਸ਼ਾਨ’ ਤੇ ਅੱਗੇ ਪਾਲੀ ਵਿਚ ‘ਉਖਾ’ ਸ਼ਬਦ ਮਿਲਦੇ ਹਨ ਪਰ ਪੰਜਾਬੀ ਵਿਚ ਇਸ ਤੋਂ ਵਿਕਸਿਤ ਕੋਈ ਸ਼ਬਦ ਮੇਰੀ ਜਾਣਕਾਰੀ ਵਿਚ ਨਹੀਂ।
ਖੁਰਾਕ ਦੇ ਅਰਥਾਂ ਵਾਲਾ ਅੰਗਰੇਜ਼ੀ ਡੋਜ਼ ਸ਼ਬਦ ਅੰਤਮ ਤੌਰ ‘ਤੇ ਗਰੀਕ ਭਾਸ਼ਾ ਵਿਚੋਂ ਲਾਤੀਨੀ ਤੇ ਫਿਰ ਫਰਾਂਸੀਸੀ ਵਿਚ ਦੀ ਹੁੰਦਾ ਹੋਇਆ 15ਵੀਂ ਸਦੀ ਵਿਚ ਅੰਗਰੇਜ਼ੀ ਨੇ ਅਪਣਾਇਆ। ਗਰੀਕ ਵਿਚ ਇਸ ਦੇ ਪ੍ਰਚੱਲਤ ਰੂਪ ਵਿਚ ‘ਦੇਣ’ ਦੇ ਅਰਥ ਸਨ ਤੇ ਉਦੋਂ ਦੇ ਯੂਨਾਨੀ ਹਕੀਮ ਇਸ ਨੂੰ ‘ਦਵਾਈ ਦੀ ਖੁਰਾਕ ਦੇਣ’ ਦੇ ਅਰਥਾਂ ਵਿਚ ਲੈਂਦੇ ਸਨ। ਇਹ ਸ਼ਬਦ ਹਿੰਦ-ਯੂਰਪੀ ਹੈ ਤੇ ਇਸ ਦਾ ਭਾਰੋਪੀ ਮੂLਲ *ਦੋ ਹੈ ਜਿਸ ਵਿਚ ਦੇਣ ਦੇ ਭਾਵ ਹਨ। ਅੰਗਰੇਜ਼ੀ ਤੇ ਹੋਰ ਭਾਸ਼ਾਵਾਂ ਵਿਚ ਇਸ ਤੋਂ ਬਣਦੇ ਅਨੇਕਾਂ ਸ਼ਬਦ ਮਿਲਦੇ ਹਨ। ਕੁਝ ਅੰਗਰੇਜ਼ੀ ਦੇ ਜਾਣੇ-ਪਛਾਣੇ ਸ਼ਬਦ ਗਿਣਾਉਂਦੇ ਹਾਂ: data (ਜੋ ਦਿੱਤਾ ਹੋਇਆ ਹੈ), donation (ਜੋ ਦਿੱਤੀ ਜਾਂਦੀ ਹੈ, ਦਾਨ), dowry (ਜੋ ਵਿਆਹ ਵਿਚ ਦਿੱਤੀ ਜਾਂਦੀ ਹੈ, ਦਾਜ), pardon (ਖਿਮਾ ਜੋ ਦਿੱਤੀ ਜਾਂਦੀ ਹੈ), antidote (ਜੋ ਜ਼ਹਿਰ ਨੂੰ ਬੇਅਸਰ ਕਰਨ ਲਈ ਦਿੱਤੀ ਜਾਵੇ, ਜ਼ਹਿਰ ਮਹੁਰਾ, ਜ਼ਹਿਰ ਮਾਰ) ਆਦਿ। ਪੰਜਾਬੀ ਸ਼ਬਦ ‘ਦੇਣਾ’ ਵੀ ਇਸੇ ਮੂਲ ਦਾ ਦੇਣਦਾਰ ਹੈ। ਇਸ ਦੇ ਸਕੇ ਕੁਝ ਹੋਰ ਪੰਜਾਬੀ ਸ਼ਬਦ ਹਨ: ਦੱਤ, ਦਾਤਾ, ਦਾਨ, ਪ੍ਰਦਾਨ, ਪ੍ਰਦਾਤਾ। ਫਾਰਸੀ ਵਲੋਂ ਦਾਦ।