ਅਮੋਲਕ ਸਿੰਘ ਜੰਮੂ ਨੂੰ ਯਾਦ ਕਰਦਿਆਂ…

ਕੌਲ਼ਾਂ ਦੇ ਪੱਕੇ ਅਤੇ ਸਿਰੜੀ ਸੁਖ਼ਨਵਰ…ਅਮੋਲਕ ਸਿੰਘ ਜੰਮੂ ਦੀ ਸ਼ਖ਼ਸੀਅਤ ਨੂੰ ਦੋ-ਚਾਰ ਲਾਈਨਾਂ ਵਿਚ ਬੰਦ ਕਰਨਾ ਇਨਸਾਫ ਨਹੀਂ ਹੋਵੇਗਾ। ਕੁੱਜਿਆਂ ਵਿੱਚ ਸਮੁੰਦਰ ਬੰਦ ਨਹੀਂ ਹੁੰਦੇ ਤੇ ਨਾ ਹੀ ਇਹੋ ਜਿਹੇ ਵਿਸ਼ਾਲ ਦਿਲ ਵਾਲੇ ਦਿਲਦਾਰ ਹੀ।

ਢਾਈ ਕੁ ਦਹਾਕੇ ਪਹਿਲਾਂ ਲਏ ‘ਪੰਜਾਬ ਟਾਈਮਜ਼’ ਦੇ ਸੁਪਨੇ ਨੂੰ ਰੂਹ ਨਾਲ ਸਾਕਾਰ ਹੀ ਨਹੀਂ ਕੀਤਾ, ਬਲਕਿ, ਬੁਲੰਦੀਆਂ ਤੱਕ ਵੀ ਪਹੁੰਚਾਇਆ। ਸੰਘਰਸ਼ ਭਰਪੂਰ ਜੀਵਨ ਜਿਉਂਦਿਆਂ ਵੀ ਚੜ੍ਹਦੀ ਕਲਾ ਅਤੇ ਜ਼ਿੰਦਾਦਿਲੀ ਅਮੋਲਕ ਜੀ ਦੀ ਰੂਹ ਅੰਦਰ ਹਮੇਸ਼ਾ ਕਾਇਮ ਰਹਿੰਦੀ ਸੀ। ਜਿਉਂਦੇ-ਜੀਅ…ਉਹ ਪਰਬਤ ਦੀ ਹਿੱਕ ਵਿਚੋਂ ਫੁੱਟੇ ਚਸ਼ਮੇ ਵਾਂਗ ਨਿਰੰਤਰ ਵਹਿੰਦੇ ਰਹੇ…। ਭਾਈ ਵੀਰ ਸਿੰਘ ਦੀਆਂ ਇਹ ਖ਼ੂਬਸੂਰਤ ਸਤਰਾਂ ਮੈਨੂੰ ਅਕਸਰ ਹੀ ਅਮੋਲਕ ਜੰਮੂ ਦੀ ਜ਼ਿੰਦਗੀ ਨੂੰ ਬਿਆਨ ਕਰਦੀਆਂ ਲੱਗਦੀਆਂ ਰਹਿੰਦੀਆਂ ਹਨ:
ਸੀਨੇ ਖਿੱਚ ਜਿਨ੍ਹਾਂ ਨੇ ਖਾਧੀ,
ਓਹ ਕਰ ਅਰਾਮ ਨਹੀਂ ਬਹਿੰਦੇ।
ਨਿਹੁੰ ਵਾਲੇ ਨੈਣਾਂ ਕੀ ਨੀਂਦਰ,
ਓਹ ਦਿਨੇ ਰਾਤ ਪਏ ਵਹਿੰਦੇ।
ਇੱਕੋ ਲਗਨ ਲੱਗੀ ਲਈ ਜਾਂਦੀ,
ਹੈ ਟੋਰ ਅਨੰਤ ਉਨ੍ਹਾਂ ਦੀ।
ਵਸਲੋਂ ਉਰੇ ਮੁਕਾਮ ਨਾ ਕੋਈ
ਸੋ ਚਾਲ ਪਏ ਨਿਤ ਰਹਿੰਦੇ।
ਦੋਸਤੋ, ਇਹ ਗੱਲ ਬਿਲਕੁਲ ਦਰੁਸਤ ਹੈ ਕਿ ਦੁਨੀਆ ਦੀ ਲੰਮੀ-ਚੌੜੀ ਭੀੜ ਵਿਚ ਉਹ ਸ਼ਖ਼ਸ ਤੁਹਾਡਾ ਆਪਣਾ ਈ ਹੁੰਦਾ ਹੈ ਜਿਸ ਨਾਲ ਗੱਲਬਾਤ ਕਰਦਿਆਂ ਮਨ ਦਾ ਦੁੱਖ ਘਟ ਜਾਏ…ਤੇ ਖ਼ੁਸ਼ੀ ਕਈ ਗੁਣਾ ਵੱਧ ਜਾਏ। ਅਮੋਲਕ ਸਿੰਘ ਨੂੰ ਕਰੀਬ ਤੋਂ ਜਾਨਣ ਵਾਲੇ ਵੀ ਉਸ ਬਾਰੇ ਕੁਝ ਇੰਜ ਹੀ ਆਖਦੇ ਨੇ! ਮੇਰਾ ਉਨ੍ਹਾਂ ਨਾਲ ਆਹਮੋ-ਸਾਹਮਣੇ ਮੇਲ-ਮਿਲਾਪ ਤਾਂ ਨਾ ਹੋ ਸਕਿਆ, ਪਰ ਈ-ਮੇਲ ਰਾਹੀਂ ਗੱਲਾਂ-ਬਾਤਾਂ ਅਕਸਰ ਹੁੰਦੀਆਂ ਰਹੀਆਂ, ਵਿਚਾਰਾਂ ਦਾ ਆਦਾਨ-ਪ੍ਰਦਾਨ ਹੁੰਦਾ ਰਿਹਾ ਅਤੇ ਰਾਬਤਾ ਕਾਇਮ ਰਿਹਾ। ਸੰਸਾਰ ਪ੍ਰਸਿੱਧ ਸਾਇੰਟਿਸਟ ਸਟੀਫਨ ਹਾਕਿੰਗ ਨੂੰ ਉਹ ਆਪਣਾ ਰੋਲ ਮਾਡਲ ਮੰਨਦੇ ਸਨ। ਪੰਜਾਬੀ ਸਾਹਿਤ ਵਿਚ ਮੇਰੀ ਰੁਚੀ ਨੂੰ ਜਾਣਦਿਆਂ ਉਨਾਂ ਕਈ ਵਾਰ ਤਾਕੀਦ ਕੀਤੀ,…’ਤੁਸੀਂ ਕੁਝ ਲਿਖਿਆ ਕਰੋ! ਲਿਖ ਕੇ ‘ਪੰਜਾਬ ਟਾਈਮਜ਼’ ਨੂੰ ਭੇਜਿਆ ਵੀ ਕਰੋ!’ ਇੱਕ ਵਾਰ ਮੈਂ ਪੁੱਛ ਹੀ ਲਿਆ, ‘ਜੇ ਕੁਝ ਲਿਖਿਆ ਅਤੇ ਭੇਜਿਆ…ਤਾਂ ਛਾਪੋਗੇ ਵੀ?’ ਅੱਗੋਂ ਜਵਾਬ ਆਇਆ, ‘ਹਾਂ…ਬਿਲਕੁਲ ਛਾਪਾਂਗੇ…ਜੇਕਰ ‘ਛਾਪਣ ਵਾਲਾ’ ਲਿਖਿਆ ਹੋਵੇਗਾ…ਤਾਂ..!’
ਜੰਮੂ ਜੀ ਬੜੇ ਸਿਰੜੀ ਇਨਸਾਨ ਸਨ। ਉਨਾਂ ਦੇ ਸਿਰੜੀ ਸੁਭਾਅ ਦੀ ਇੱਕ ਝਲਕ ਸਾਡੇ ਇਸ ਆਪਸੀ ਸੁਨੇਹੇ ਅੰਦਰ ਸਾਫ ਝਲਕਦੀ ਹੈ, ਜੋ ਉਨ੍ਹਾਂ 25 ਫ਼ਰਵਰੀ 2017 ਨੂੰ ਭੇਜਿਆ…
Bath Sahib,
Thanks for your kind words of sympathy. This will encourage me to fight with my problem. By the way Stephen Hawkins is my role model. He is fighting with ALS since more than 52 years and I am fighting with it since 42 years. I am determined to keep the fight on.
Thanks.
Amolak Singh Jammu
ਅਮੋਲਕ ਸਿੰਘ ਜੰਮੂ ਨੇ ਆਪਣੀ ਜ਼ਿੰਦਗੀ ਨੂੰ ਪੰਜਾਬੀ ਸਾਹਿਤ, ਸਮਾਜ, ਅਤੇ ਸੱਭਿਆਚਾਰ ਦੇ ਲੇਖੇ ਲਾਉਂਦਿਆਂ ‘ਪੰਜਾਬ ਟਾਈਮਜ਼’ ਦਾ ਜੋ ਬੂਟਾ ਲਾਇਆ ਸੀ ਉਹ ਅੱਜ ਇੱਕ ਛਾਂ-ਦਾਰ ਅਤੇ ਫਲ਼-ਦਾਰ ਬਿਰਖ ਬਣ ਕੇ ਉਨ੍ਹਾਂ ਦੀ ਮੁਹੱਬਤੀ ਰੂਹ ਸੰਗ ਝੂਲ ਰਿਹਾ ਹੈ…! ਸਾਹਿਤਕ ਹਲਕਿਆਂ ਵਿੱਚ ‘ਪੰਜਾਬ ਟਾਈਮਜ਼’ ਦਾ ਇੱਕ ਨਿਵੇਕਲਾ ਸਥਾਨ ਹੈ। ਜੰਮੂ ਜੀ ਦੇ ਸਰੀਰਕ ਤੌਰ ‘ਤੇ ਵਿਛੜ ਜਾਣ ਤੋਂ ਬਾਅਦ ਉਨ੍ਹਾਂ ਦੀ ਜੀਵਨ ਸਾਥਣ ਜਸਪ੍ਰੀਤ ਕੌਰ ਅਤੇ ਟੀਮ ਪੂਰੀ ਮਿਹਨਤ ਅਤੇ ਲਿਆਕਤ ਨਾਲ ਇਸ ਮਿਸ਼ਨ ਨੂੰ ਅੱਗੇ ਤੋਰ ਰਹੇ ਹਨ।
ਭਾਵੇਂ ਜੰਮੂ ਜੀ ਸਰੀਰਕ ਤੌਰ ‘ਤੇ ਵਿੱਛੜ ਗਏ, ਪਰ ਕਿਹਾ ਜਾਂਦਾ ਹੈ ਕਿ ਵਿਛੜਨ ਵਾਲੇ…ਪੂਰੀ ਤਰਾਂ ਕਦੇ ਵੀ ਨਹੀਂ ਵਿਛੜਦੇ। ਉਨ੍ਹਾਂ ਦਾ ਕੁਝ ਹਿੱਸਾ ਸਾਡੇ ਦਿਲਾਂ ਅੰਦਰ ਰਹਿ ਜਾਂਦਾ ਹੈ ਅਤੇ ਸਾਡਾ ‘ਕੁਝ ਨਾ ਕੁਝ’ ਉਹ ਆਪਣੇ ਨਾਲ ਲੈ ਜਾਂਦੇ ਹਨ। ਅਮੋਲਕ ਸਿੰਘ ਜੰਮੂ ਵੀ ਇਹੋ ਜਿਹੀ ਸ਼ਖ਼ਸੀਅਤ ਹੀ ‘ਹਨ’ ਜੋ ਜਾ ਕੇ ਵੀ ਕਦੀ ਨਹੀਂ ਗਏ…ਕੌਲ਼ਾਂ-ਕਰਾਰਾਂ ਦੇ ਪੱਕੇ ਸੁਖ਼ਨਵਰ ਸੁਰਜੀਤ ਪਾਤਰ ਜੀ ਦੇ ਕਹਿਣ ਵਾਂਗ:
ਜਦੋਂ ਤਕ ਲਫਜ਼ ਜਿਊਂਦੇ ਨੇ ਸੁਖਨਵਰ ਜਿਓਣ ਮਰ ਕੇ ਵੀ
ਉਹ ਕੇਵਲ ਜਿਸਮ ਹੁੰਦੇ ਨੇ ਜੋ ਸਿਵਿਆਂ ਵਿਚ ਸੁਆਹ ਬਣਦੇ
ਅਮੋਲਕ ਜੀ ਮਿਠਬੋਲੜੇ, ਮਿਲਣਸਾਰ, ਮੁਹੱਬਤੀ ਤੇ ਖ਼ੂਬਸੂਰਤ ਸ਼ਖ਼ਸੀਅਤ, ਅਤੇ ਵਧੀਆ ਇਨਸਾਨ ਸਨ ਜੋ ਸਮਾਜ ਨੂੰ ਖ਼ੂਬਸੂਰਤ ਬਣਾਉਣ ਨੂੰ ਆਪਣਾ ਫ਼ਰਜ਼ ਸਮਝਦੇ ਸਨ। ਇਹੋ ਜਿਹੇ ਮੁਹੱਬਤੀ ਵਣਜਾਰੇ ਬਹੁਤਾਤ ਵਿਚ ਨਹੀਂ ਹੁੰਦੇ ਅਤੇ ਉਹ ਆਪਣੇ ਸਾਹਿਤਕ ਸਫ਼ਰ, ਸਮਾਜਿਕ ਅਤੇ ਸੱਭਿਆਚਾਰਕ ਕਾਰਜਾਂ ਕਰਕੇ ਲੋਕਾਂ ਦੇ ਮਨਾਂ ਵਿਚ ਵੱਸਦੇ ਰਹਿੰਦੇ ਹਨ।
ਭਾਵੇਂ…
ਕਦੇ ਕਦਾਈਂ ਹੀ ਸਹੀ
ਪਰ ਕੁਝ ਕੁ ਜ਼ਿੰਦਾ-ਦਿਲ ਲੋਕ
ਮਿਲਦੇ ਹਨ ਤਾਂ ਮਹਿਕਾਂ ਫੈਲਾ ਜਾਂਦੇ ਨੇ
ਲੰਘਦੇ-ਲੰਘਦੇ ਸੰਦਲੀ ਪੈੜਾਂ ਪਾ ਜਾਂਦੇ ਨੇ
ਜ਼ਿੰਦਾ-ਦਿਲੀ ਦੀ ਜਿਉਂਦੀ ਮਿਸਾਲ ਬਣ ਜਾਂਦੇ ਨੇ
ਚਿੱਟੀ ਧੁੱਪ ਦੀਆਂ ਕਣੀਆਂ ਵਿਚ ਖਿੜ-ਖਿੜ
ਹੱਸਦੇ ਫੁੱਲਾਂ ਵਾਂਗ ਮੁਹੱਬਤਾਂ ਵੰਡਦੇ ਜਾਂਦੇ ਨੇ
ਉਂਜ…
ਐਸੇ ਖੁੱਲ੍ਹ-ਦਿਲੇ ਲੋਕ
ਕਿਤੇ ਕਿਤੇ ਈ ਮਿਲਦੇ ਹਨ
ਬੰਦਿਆਂ ਦੀਆਂ ਲੰਮੀਆਂ ਚੌੜੀਆਂ
ਭੀੜਾਂ ਵਿਚੋਂ ਐਸੇ ਮੁਹੱਬਤੀ ਵਣਜਾਰਿਆਂ ਨੂੰ
ਢੂੰਡਣਾ ਮੁਸ਼ਕਲ ਹੁੰਦਾ ਹੈ
ਛੱਡਣਾ ਹੋਰ ਮੁਸ਼ਕਲ ਹੁੰਦਾ ਹੈ
ਵਿੱਛੜਨਾ ਉਸ ਤੋਂ ਵੀ ਮੁਸ਼ਕਲ ਹੁੰਦਾ ਹੈ
ਭੁੱਲਣਾ ਤਾਂ ਨਾਮੁਮਕਿਨ ਹੀ ਹੁੰਦਾ ਹੈ!!
ਇਸ ਮੁਹੱਬਤੀ ਇਨਸਾਨ ਨੂੰ ਜਨਮ ਦਿਨ ‘ਤੇ ਯਾਦ ਕਰਦਿਆਂ…ਆਸ ਅਤੇ ਅਰਦਾਸ ਹੈ ਕਿ ਉਹ ਜਿੱਥੇ ਵੀ ਹਨ,.. ਹਮੇਸ਼ਾ ਖੁਸ਼ ਰਹਿਣ!!
ਕੁਲਵਿੰਦਰ ਬਾਠ
ਕੈਲੀਫ਼ੋਰਨੀਆ,