ਸ਼ੇਰ-ਏ-ਪੰਜਾਬ ਦੀ ਬਰਸੀ ਦੀਆਂ ਤਰੀਕਾਂ ਬਾਰੇ ਵਖਰੇਵਾਂ ਬਰਕਰਾਰ

ਅੰਮ੍ਰਿਤਸਰ:ਇਤਿਹਾਸਕ ਦਸਤਾਵੇਜ਼ਾਂ ਮੁਤਾਬਿਕ ਸ਼ੇਰ-ਏ- ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਦਿਹਾਂਤ 15 ਹਾੜ੍ਹ, ਸੰਮਤ 1896 ਬਿਕ੍ਰਮੀ (ਸੰਨ 1839) ਨੂੰ ਹੋਇਆ।

ਲੰਬੇ ਸਮੇਂ ਤਕ ਮਹਾਰਾਜਾ ਦੀ ਬਰਸੀ 27 ਜੂਨ ਨੂੰ ਮਨਾਏ ਜਾਣ ਦੇ ਬਾਅਦ ਹੁਣ ਕੁਝ ਵਰਿ੍ਹਆਂ ਤੋਂ ਭਾਰਤ- ਪਾਕਿਸਤਾਨ ਦੋਵੇਂ ਮੁਲਕਾਂ ‘ਚ ਵੱਖ-ਵੱਖ ਜਥੇਬੰਦੀਆਂ ਵਲੋਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ 29 ਜੂਨ ਨੂੰ ਮਨਾਈ ਗਈ ਹੈ।
ਜਿੱਥੇ ਪਿਸ਼ਾਵਰੀ ਸਿੱਖ ਸੰਗਤ ਸਮੇਤ ਦੇਸ਼-ਵਿਦੇਸ਼ ਦੇ ਬਹੁਤ ਸਾਰੇ ਵਿਦਵਾਨਾਂ ਦਾ ਮੰਨਣਾ ਹੈ ਕਿ ਸਰਕਾਰ ਦੇ ਖਾਲਸਾ ਸ਼ੇਰ-ਏ- ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ 27 ਜੂਨ 1839 ਨੂੰ ਇਸ ਦੁਨੀਆਂ ਨੂੰ ਅਲਵਿਦਾ ਕਿਹਾ ਸੀ। ਉੱਥੇ ਹੀ ਸ਼੍ਰੋਮਣੀ ਕਮੇਟੀ ਸਮੇਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਆਦਿ ਵਲੋਂ ਇਸ ਦਿਨ ਨੂੰ 29 ਜੂਨ ਵਜੋਂ ਮਾਨਤਾ ਦਿੱਤੀ ਗਈ ਹੈ। ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੀਆਂ ਉਕਤ ਦੋ ਤਰੀਕਾਂ ਨੂੰ ਲੈ ਕੇ ਇਤਿਹਾਸ ਦੇ ਵਿਦਿਆਰਥੀਆਂ ਅਤੇ ਸਿੱਖ ਜਥੇਬੰਦੀਆਂ ‘ਚ ਭੰਬਲਭੂਸਾ ਬਣਿਆ ਹੋਇਆ ਹੈ।
ਇਸੇ ਤਰ੍ਹਾਂ ਮਹਾਰਾਜਾ ਦੇ ਜਨਮ ਦਿਵਸ ਨੂੰ ਲੈ ਕੇ ਵੀ ਲੰਬੇ ਸਮੇਂ ਤੋਂ ਵਿਦਵਾਨਾਂ ਤੇ ਲੇਖਕਾਂ ‘ਚ ਇਹ ਬਹਿਸ ਬਣੀ ਹੋਈ ਹੈ ਕਿ ਸ਼ੇਰ-ਏ-ਪੰਜਾਬ ਦਾ ਜਨਮ 2 ਨਵੰਬਰ 1780 ਨੂੰ ਲਹਿੰਦੇ ਪੰਜਾਬ ਦੇ ਸ਼ਹਿਰ ਗੁੱਜਰਾਂਵਾਲਾ ‘ਚ ਹੋਇਆ ਜਾਂ 13 ਨਵੰਬਰ 1776 ਨੂੰ ਭਾਰਤੀ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਬਡਰੁੱਖਾ ‘ਚ। ਜਿਸ ਦੇ ਚੱਲਦਿਆਂ ਚੜ੍ਹਦੇ ਤੇ ਲਹਿੰਦੇ ਪੰਜਾਬ ‘ਚ ਕੁਝ ਜਥੇਬੰਦੀਆਂ ਵਲੋਂ ਸ਼ੇਰ-ਏ- ਪੰਜਾਬ ਦਾ ਜਨਮ ਦਿਵਸ 2 ਨਵੰਬਰ ਨੂੰ ਅਤੇ ਪੰਜਾਬ ਸਰਕਾਰ ਸਮੇਤ ਵੱਡੀ ਗਿਣਤੀ ‘ਚ ਸਭਾ- ਸੁਸਾਇਟੀਆਂ ਵਲੋਂ ਇਹ ਦਿਨ 13 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ।