ਬਠਿੰਡਾ/ਅੰਮ੍ਰਿਤਸਰ/ਤਰਨਤਾਰਨ: ਇੰਟਰਨੈੱਟ ਮੀਡੀਆ ‘ਤੇ ਵਿਵਾਦਗ੍ਰਸਤ ਤੇ ਅਸ਼ਲੀਲ ਰੀਲ ਅਪਲੋਡ ਕਰਨ ਵਾਲੀ ਲੁਧਿਆਣਾ ਨਿਵਾਸੀ ਕੰਚਨ ਕੁਮਾਰੀ ਉਰਫ਼ ਕਮਲ ਕੌਰ ਉਰਫ਼ ਕਮਲ ਭਾਬੀ ਦੀ ਹੱਤਿਆ ਤੋਂ ਪਹਿਲਾਂ ਕੀ ਉਸ ਨਾਲ ਜਬਰ ਜਨਾਹ ਕੀਤਾ ਗਿਆ? ਬੀਤੇ ਦਿਨਾਂ ਤੋਂ ਇੰਟਰਨੈੱਟ ਮੀਡੀਆ ‘ਤੇ ਕੁਝ ਵੀਡੀਓ ਲਗਾਤਾਰ ਵਾਇਰਲ ਹੋ ਰਹੇ ਹਨ,
ਜਿਨ੍ਹਾਂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਮਲ ਕੌਰ ਦੀ ਹੱਤਿਆ ਤੋਂ ਪਹਿਲਾਂ ਉਸ ਨਾਲ ਜਬਰ ਜਨਾਹ ਕੀਤਾ ਗਿਆ ਅਤੇ ਫਿਰ ਗਲਾ ਦਬਾ ਕੇ ਉਸ ਦੀ ਹੱਤਿਆ ਕੀਤੀ ਗਈ। ਬਠਿੰਡਾ ਪੁਲਿਸ ਦਾ ਕਹਿਣਾ ਹੈ ਕਿ ਅਜੇ ਤੱਕ ਦੀ ਜਾਂਚ ‘ਚ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਉਹ ਵੀ ਇਸ ਐਂਗਲ ਤੋਂ ਜਾਂਚ ਕਰ ਰਹੀ ਹੈ ਤੇ ਮ੍ਰਿਤਕਾ ਦੇ ਸਵੈਬ ਜਾਂਚ ਲਈ ਖਰੜ ਤੇ ਫਰੀਦਕੋਟ ਮੈਡੀਕਲ ਲੈਬ ਭੇਜੇ ਗਏ ਹਨ। ਪੋਸਟਮਾਰਟਮ ਰਿਪੋਰਟ ਦਾ ਵੀ ਇੰਤਜ਼ਾਰ ਕੀਤਾ ਜਾ ਰਿਹਾ ਹੈ,ਉਸ ਤੋਂ ਬਾਅਦ ਇਸ ਦਾਅਵੇ ਦੀ ਸੱਚਾਈ ਦਾ ਪਤਾ ਲੱਗ ਸਕੇਗਾ। ਰਿਪੋਰਟ ਆਉਣ ਤੋਂ ਬਾਅਦ ਮੁਲਜ਼ਮਾਂ ‘ਤੇ ਦਰਜ ਹੱਤਿਆ ਦੀਆਂ ਧਾਰਾਵਾਂ ਦੇ ਨਾਲ ਹੋਰ ਧਾਰਾਵਾਂ ਲਗਾਈਆਂ ਜਾਣਗੀਆਂ। ਮੁਲਜ਼ਮ ਨਿਹੰਗਾਂ ਦਾ ਕਹਿਣਾ ਹੈ ਕਿ ਉਹ ਪੰਜਾਬ ‘ਚ ਲੱਚਰ ਗੀਤ ਤੇ ਅਸ਼ਲੀਲਤਾ ਫੈਲਾਉਣ ਵਾਲਿਆਂ ਦਾ ਕਮਲ ਕੌਰ ਵਰਗਾ ਹਾਲ ਕਰਨਗੇ।
ਉੱਧਰ ਕਮਲ ਕੌਰ ਦੀ ਹੱਤਿਆ ਦਾ ਮੁੱਖ ਮੁਲਜ਼ਮ ਮੋਗਾ ਦਾ ਨਿਹੰਗ ਅੰਮ੍ਰਿਤਪਾਲ ਸਿੰਘ ਮਹਿਰੋਂ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਉਸ ਨੂੰ ਵਿਦੇਸ਼ ਭੱਜਣ ਤੋਂ ਰੋਕਣ ਲਈ ਪੁਲਿਸ ਨੇ ਉਸ ਦੇ ਵਿਰੁੱਧ ਲੁੱਕਆਊਟ ਨੋਟਿਸ ਜਾਰੀ ਕੀਤਾ ਹੈ। ਅੰਮ੍ਰਿਤਪਾਲ ਦੀ ਗ੍ਰਿਫਤਾਰੀ ਲਈ ਜ਼ਿਲ੍ਹਾ ਪੁਲਿਸ ਨੇ ਸੱਤ ਟੀਮਾਂ ਬਣਾਈਆਂ ਹਨ। ਇਸ ‘ਚ ਕੈਂਟ ਥਾਣਾ ਪੁਲਿਸ, ਸੀਆਈਏ ਵਨ ਤੇ ਸੀਆਈਏ ਟੂ ਦੀਆਂ ਟੀਮਾਂ ਦੇ ਨਾਲ ਟੈਕਨੀਕਲ ਤੇ ਸਾਈਬਰ ਸੈੱਲ ਦੀਆਂ ਟੀਮਾਂ ਲਗਾਤਾਰ ਉਸ ਦੀ ਮੁਵਮੈਂਟ ਟਰੈਕ ਕਰਨ ਦੇ ਨਾਲ ਛਾਪੇਮਾਰੀ ਕਰ ਰਹੀਆਂ ਹਨ। ਐਸਐੱਸਪੀ ਅਮਨੀਤ ਕੌਂਡਲ ਨੇ ਕਿਹਾ ਕਿ ਮਾਮਲੇ ‘ਚ ਮੁੱਖ ਮੁਲਜ਼ਮ ਅੰਮ੍ਰਿਤਪਾਲ ਨੂੰ ਛੇਤੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਮਾਮਲੇ ‘ਚ ਪੁਲਿਸ ਨੇ ਦੋ ਮੁਲਜ਼ਮਾਂ ਮੋਗਾ ਦੇ ਜਸਪ੍ਰੀਤ ਸਿੰਘ ਮਹਿਰੋਂ ਤੇ ਤਰਨਤਾਰਨ, ਦੇ ਨਿਮਨਰਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਕਮਲ ਕੌਰ ਦੀ ਹੱਤਿਆ ਦੇ ਮੁਲਜ਼ਮਾਂ ਨੇ ਪੁੱਛਗਿੱਛ ‘ਚ ਕਿਹਾ ਕਿ ਕੰਚਨ ਆਪਣਾ ਨਾਂ ‘ਕਮਲ ਕੌਰ ਰੱਖ ਕੇ ਨੌਜਵਾਨਾਂ ਨੂੰ ਗਲਤ ਰਾਹ ‘ਤੇ ਲੈ ਕੇ ਜਾ ਰਹੀ ਸੀ। ਉਸ ਨੂੰ ਪਹਿਲਾਂ ਵੀ ਸਮਝਾਇਆ ਸੀ ਪਰ ਉਹ ਨਹੀਂ ਮੰਨੀ। ਕਾਰ ਖਰਾਬ ਹੋਣ ਦਾ ਬਹਾਨਾ ਬਣਾ ਕੇ ਉਹ ਉਸ ਨੂੰ ਗੈਰਾਜ ‘ਤੇ ਲੈ ਗਏ ਅਤੇ ਉਸ ਦਾ ਗਲਾ ਘੋਟ ਦਿੱਤਾ।
