ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਦੁਬਈ ਭੱਜਿਆ

ਬਠਿੰਡਾ:ਇੰਸਟਾਗ੍ਰਾਮ ‘ਤੇ ਮਸ਼ਹੂਰ ਕੰਚਨ ਕੁਮਾਰੀ ਉਰਫ਼ ਕਮਲ ਭਾਬੀ ਵਾਸੀ ਲੁਧਿਆਣਾ ਦੀ ਹੱਤਿਆ ਮਾਮਲੇ ‘ਚ ਨਾਮਜ਼ਦ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਆਪਣੀ ਗ੍ਰਿਫ਼ਤਾਰੀ ਦੇ ਡਰੋਂ ਵਿਦੇਸ਼ ਭੱਜ ਗਿਆ ਹੈ, ਜਿਸ ਦਾ ਖ਼ੁਲਾਸਾ ਬਠਿੰਡਾ ਦੇ ਐੱਸ.ਐੱਸ.ਪੀ. ਅਮਨੀਤ ਕੌਂਡਲ ਨੇ ਇਸ ਸੰਬੰਧੀ ਪ੍ਰੈੱਸ ਕਾਨਫਰੰਸ ਕਰਕੇ ਕੀਤਾ।

ਇਸ ਤੋਂ ਇਲਾਵਾ ਪੁਲਿਸ ਨੇ ਇਸ ਮਾਮਲੇ ‘ਚ ਦੋ ਹੋਰ ਵਿਅਕਤੀਆਂ ਨੂੰ ਨਾਮਜ਼ਦ ਅਤੇ ਮੁਕੱਦਮੇ ‘ਚ ਕੁਝ ਹੋਰ ਧਾਰਾਵਾਂ ਦਾ ਵਾਧਾ ਕੀਤਾ ਹੈ, ਜਦਕਿ ਇਸ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ ਭਾਈ ਮਹਿਰੋਂ ਦੇ ਸਾਥੀ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਦਾ ਪੁਲਿਸ ਨੂੰ ਤਿੰਨ ਦਿਨਾਂ ਦਾ ਹੋਰ ਰਿਮਾਂਡ ਮਿਲਿਆ ਹੈ। ਐੱਸ.ਐੱਸ.ਪੀ. ਨੇ ਦੱਸਿਆ ਕਿ ਮਾਮਲੇ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਕੰਚਨ ਕੁਮਾਰੀ ਦੀ ਹੱਤਿਆ ਕਰਨ ਸਮੇਂ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਆਪਣੇ ਸਾਥੀ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨਾਲ ਮੌਜੂਦ ਸੀ, ਜੋ ਵਾਰਦਾਤ ਨੂੰ ਅੰਜਾਮ ਦੇਣ ਦੇ ਤੁਰੰਤ ਬਾਅਦ ਰਾਤ ਨੂੰ ਹੀ ਅੰਮ੍ਰਿਤਸਰ ਚਲਾ ਗਿਆ ਸੀ ਤੇ ਉੱਥੋਂ ਸਵੇਰੇ 9 ਵਜੇ ਇਕ ਜਹਾਜ਼ ਰਾਹੀਂ ਯੂਨਾਈਟਿਡ ਅਰਬ ਅਮੀਰਾਤ (ਯੂ.ਏ.ਈ.) ਚਲਾ ਗਿਆ । ਉਨ੍ਹਾਂ ਕਿਹਾ ਕਿ ਉਸ ਦੇ ਵਿਦੇਸ਼ ਭੱਜਣ ਦੇ ਖ਼ਦਸ਼ੇ ਨੂੰ ਦੇਖਦਿਆਂ ਬੀਤੇ ਕੱਲ੍ਹ ਹੀ ਬਠਿੰਡਾ ਪੁਲਿਸ ਨੇ ਉਸ ਦਾ ਲੁੱਕਆਊਟ ਸਰਕੂਲਰ ਜਾਰੀ ਕੀਤਾ ਸੀ ਤੇ ਜਦੋਂ ਉਸ ਦਾ ਪਾਸਪੋਰਟ ਨੰਬਰ ਹਾਸਿਲ ਕਰਕੇ ਉਸ ਦੀ ਯਾਤਰਾ ਸਥਿਤੀ (ਟ੍ਰੈਵਲ ਹਿਸਟਰੀ) ਪਤਾ ਕੀਤੀ ਗਈ ਤਾਂ ਉਸ ਦੇ ਯੂਨਾਈਟਿਡ ਅਰਬ ਅਮੀਰਾਤ ਚਲੇ ਜਾਣ ਬਾਰੇ ਪਤਾ ਲੱਗਿਆ। ਉਨ੍ਹਾਂ ਦੱਸਿਆ ਕਿ ਕੰਚਨ ਕੁਮਾਰੀ ਕਤਲ ਮਾਮਲੇ ‘ਚ ਗ੍ਰਿਫ਼ਤਾਰ ਜਸਪ੍ਰੀਤ ਸਿੰਘ ਮਹਿਰੋਂ ਅਤੇ ਨਿਮਰਤਜੀਤ ਸਿੰਘ ਹਰੀਕੇ ਪੱਤਣ ਨੇ ਪੁਲਿਸ ਰਿਮਾਂਡ ਦੌਰਾਨ ਮੰਨਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਵਲੋਂ ਕੰਚਨ ਕੁਮਾਰੀ ਦੀ ਹੱਤਿਆ ਕਰਨ ਦੀ ਪਿਛਲੇ ਤਿੰਨ ਮਹੀਨਿਆਂ ਤੋਂ ਯੋਜਨਾ ਬਣਾਈ ਜਾ ਰਹੀ ਸੀ ਤੇ ਉਸ ਨੂੰ ਲੁਧਿਆਣਾ ਤੋਂ ਬਠਿੰਡਾ ਲਿਆਉਣ ਉਪਰੰਤ ਉਸ ਦੀ ਹੱਤਿਆ ਕਰਨ ਸਮੇਂ ਤੱਕ ਭਾਈ ਮਹਿਰੋਂ ਉਨ੍ਹਾਂ ਦੇ ਨਾਲ ਮੌਜੂਦ ਸੀ ਤੇ ਉਸ ਦੇ ਕਹਿਣ ‘ਤੇ ਉਨ੍ਹਾਂ ਨੇ ਕੱਪੜੇ ਨਾਲ ਕੰਚਨ ਦਾ ਉਸ ਦੀ ਗੱਡੀ ‘ਚ ਗਲਾ ਘੁੱਟ ਕੇ ਮਾਰ ਦਿੱਤਾ ਸੀ, ਜਦਕਿ ਉਸ ਤੋਂ ਪਹਿਲਾਂ ਕੰਚਨ ਵਲੋਂ ਆਪਣਾ ਆਈ ਫੋਨ ਅਤੇ ਟੱਚ ਸਕਰੀਨ ਫੋਨ ਦਾ ਪਾਸਵਰਡ ਨਾ ਦੱਸਣ ‘ਤੇ ਕੁੱਟਮਾਰ ਕਰਕੇ ਉਸ ਦੇ ਦੋਵੇਂ ਫੋਨ ਖੋਹੇ ਗਏ। ਉਨ੍ਹਾਂ ਦੱਸਿਆ ਕਿ ਘਟਨਾ ਨੂੰ ਅੰਜਾਮ ਦੇਣ ਸਮੇਂ ਉਨ੍ਹਾਂ ਦੇ ਨਾਲ ਦੋ ਹੋਰ ਕਾਰ ਸਵਾਰ ਵਿਅਕਤੀ ਵੀ ਮੌਜੂਦ ਸਨ, ਜਿਨ੍ਹਾਂ ‘ਚੋਂ ਇਕ ਦੀ ਪਹਿਚਾਣ ਰਣਜੀਤ ਸਿੰਘ ਵਾਸੀ ਪਿੰਡ ਸੋਹਲ (ਤਰਨ ਤਾਰਨ) ਵਜੋਂ ਹੋਈ ਹੈ, ਜਦਕਿ ਦੂਜੇ ਵਿਅਕਤੀ ਅਤੇ ਉਨ੍ਹਾਂ ਦੀ ਗੱਡੀ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ। ਐੱਸ।ਐੱਸ।ਪੀ। ਨੇ ਦੱਸਿਆ ਕਿ ਉਕਤ ਰਣਜੀਤ ਸਿੰਘ ਤੇ ਨਾਮਾਲੂਮ ਵਿਅਕਤੀ ਨੂੰ ਕੰਚਨ ਕੁਮਾਰੀ ਹੱਤਿਆ ਮਾਮਲੇ ਸੰਬੰਧੀ ਥਾਣਾ ਕੈਂਟ ‘ਚ ਦਰਜ ਮੁਕੱਦਮੇ ‘ਚ ਨਾਮਜ਼ਦ ਕਰ ਦਿੱਤਾ ਹੈ ਤੇ ਮੁਕੱਦਮੇ ‘ਚ ਕੁਝ ਹੋਰ ਧਾਰਾਵਾਂ ਦਾ ਵੀ ਵਾਧਾ ਕੀਤਾ ਹੈ।