ਬੂਟਾ ਸਿੰਘ ਮਹਿਮੂਦਪੁਰ
ਇਰਾਨ ਉੱਪਰ ਇਜ਼ਰਾਇਲੀ ਹਮਲੇ ਨਾਲ ਮੱਧ ਪੂਰਬ ਵਿਚ ਭਿਆਨਕ ਸੰਕਟ ਬਣ ਗਿਆ ਹੈ ਜਿਸ ਦੇ ਹੋਰ ਵੀ ਡੂੰਘਾ ਹੋਣ ਦੇ ਆਸਾਰ ਹਨ। ਇਜ਼ਰਾਇਲੀ ਹਮਲੇ ਦਾ ਅਸਲ ਮਨੋਰਥ ਕੀ ਹੈ ਅਤੇ ਉਸ ਵੱਲੋਂ ਲਗਾਏ ਦੋਸ਼ਾਂ ਦਾ ਸੱਚ ਕੀ ਹੈ, ਇਸ ਵਿਚ ਟਰੰਪ ਦੀ ਅਗਵਾਈ ਹੇਠ ਅਮਰੀਕਨ ਸਟੇਟ ਦੀ ਕੀ ਭੂਮਿਕਾ ਹੈ?- ਇਨ੍ਹਾਂ ਸਵਾਲਾਂ ਦੀ ਚਰਚਾ ਸਾਡੇ ਕਾਲਮ-ਨਵੀਸ ਬੂਟਾ ਸਿੰਘ ਮਹਿਮੂਦਪੁਰ ਨੇ ਆਪਣੇ ਇਸ ਲੇਖ ਵਿਚ ਕੀਤੀ ਹੈ।-ਸੰਪਾਦਕ
13 ਜੂਨ ਸ਼ਾਮ ਨੂੰ ਇਜ਼ਰਾਈਲ ਵੱਲੋਂ ਇਰਾਨ ਉੱਪਰ ਹਵਾਈ ਅਤੇ ਮਿਜ਼ਾਇਲ ਹਮਲੇ ਨਾਲ ਮੱਧ ਪੂਰਬ ਵਿਚ ਬਹੁਤ ਹੀ ਚਿੰਤਾਜਨਕ ਹਾਲਾਤ ਬਣ ਗਏ ਹਨ। 1980 ਦੇ ਦਹਾਕੇ ਦੇ ਇਰਾਨ-ਇਰਾਕ ਯੁੱਧ ਤੋਂ ਬਾਅਦ ਇਹ ਇਰਾਨ ਉੱਪਰ ਸਭ ਤੋਂ ਵੱਡਾ ਹਮਲਾ ਹੈ। ਸ਼ੁਰੂ ’ਚ ਹੀ ਘੱਟੋ-ਘੱਟ 78 ਲੋਕਾਂ ਦੇ ਮਾਰੇ ਜਾਣ ਅਤੇ 300 ਤੋਂ ਵੱਧ ਲੋਕਾਂ ਦੇ ਜ਼ਖ਼ਮੀ ਹੋਣ ਦੀ ਰਿਪੋਰਟ ਹੈ। ਇਰਾਨ ਦੀ ਹਵਾਈ ਰੱਖਿਆ ਪ੍ਰਣਾਲੀ, ਪ੍ਰਮਾਣੂ ਸਥਾਨਾਂ, ਮਹੱਤਵਪੂਰਨ ਫ਼ੌਜੀ ਅਧਿਕਾਰੀਆਂ ਅਤੇ ਕਮਾਂਡ ਸੈਂਟਰਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਇਸ ਹਮਲੇ ਵਿਚ ਛੇ ਪ੍ਰਮਾਣੂ ਵਿਗਿਆਨੀ, ਇਰਾਨ ਦੀ ਫ਼ੌਜ ਦੇ ਚੀਫ਼ ਆਫ਼ ਸਟਾਫ਼ ਅਤੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰਪਸ (ਆਈ.ਆਰ.ਜੀ.ਸੀ) ਦੇ ਪ੍ਰਮੁੱਖ ਕਮਾਂਡਰ ਸਮੇਤ 20 ਆਹਲਾ ਫ਼ੌਜੀ ਅਧਿਕਾਰੀ ਮਾਰ ਦਿੱਤੇ ਗਏ। (2020 ’ਚ ਇਰਾਨ ਦੇ ਸਭ ਤੋਂ ਵੱਡੇ ਪ੍ਰਮਾਣੂ ਵਿਗਿਆਨੀ ਮੋਹਸਿਨ ਫਖ਼ਰਿਜ਼ਦੇਹ ਵੀ ਇਜ਼ਰਾਇਲ ਵੱਲੋਂ ਰਿਮੋਟ ਨਾਲ ਸੰਚਾਲਤ ਹਮਲੇ ਵਿਚ ਮਾਰ ਦਿੱਤੇ ਗਏ ਸਨ।) ਮੁੱਖ ਤੇਲ-ਸੋਧਕ ਕਾਰਖ਼ਾਨੇ ਅਤੇ ਦੁਨੀਆ ਦੇ ਸਭ ਤੋਂ ਵੱਡੇ ਕੁਦਰਤੀ ਗੈਸ ਖੇਤਰ ਉੱਪਰ ਵੀ ਹਮਲੇ ਕੀਤੇ ਗਏ ਹਨ।
ਇਰਾਨ ਵੱਲੋਂ ਵੀ ਇਜ਼ਰਾਇਲ ਦੇ ਯੇਰੂਸ਼ਲਮ ਅਤੇ ਤੇਲ-ਅਵੀਵ ਸ਼ਹਿਰਾਂ ਉੱਪਰ ਡਰੋਨਾਂ ਅਤੇ ਮਿਜ਼ਾਇਲਾਂ ਨਾਲ ਜਵਾਬੀ ਹਮਲੇ ਕੀਤੇ ਗਏ ਹਨ। ਇਜ਼ਰਾਇਲੀ ਲੋਕ ਹਮਲਿਆਂ ਦੇ ਖ਼ੌਫ਼ ਨਾਲ ਸਹਿਮੇ ਹੋਏ ਹਨ। ਨੇਤਨਯਾਹੂ ਅਤੇ ਉਸਦੇ ਚੋਟੀ ਦੇ ਅਧਿਕਾਰੀ ਮਹਿਫੂਜ਼ ਬੰਕਰਾਂ ਵਿਚ ਜਾ ਲੁਕੇ ਹਨ। ਨੇਤਨਯਾਹੂ ਜੁੰਡਲੀ ਨੂੰ ਇਰਾਨ ਵੱਲੋਂ ਇਸ ਕਦਰ ਜਵਾਬੀ ਹਮਲੇ ਦੀ ਉਮੀਦ ਨਹੀਂ ਸੀ। ਇਸ ਲੜਾਈ ਦਾ ਨਤੀਜਾ ਚਾਹੇ ਕੁਝ ਵੀ ਹੋਵੇ, ਇਕ ਵਾਰ ਤਾਂ ਇਰਾਨ ਨੇ ਇਜ਼ਰਾਇਲ ਦਾ ‘ਫ਼ੌਲਾਦੀ ਸੁਰੱਖਿਆ ਕਵੱਚ’ ਤੋੜ ਕੇ ਇਸ ਦਾ ਅਜਿੱਤ ਹੋਣ ਦਾ ਗ਼ਰੂਰ ਭੰਨ ਦਿੱਤਾ ਹੈ। ਹੁਣ ਇਰਾਨ ਦੇ ਜਵਾਬੀ ਹਮਲੇ ਤੋਂ ਬੁਖਲਾ ਕੇ ਇਜ਼ਰਾਇਲੀ ਫ਼ੌਜ ਨੇ ਗਾਜ਼ਾ ਦੀ ਤਰ੍ਹਾਂ ਇੱਥੇ ਵੀ ਪੀਣ ਵਾਲੇ ਪਾਣੀ, ਸੀਵਰ, ਬਿਜਲੀ ਅਤੇ ਹੋਰ ਜ਼ਰੂਰੀ ਲੋੜਾਂ ਦੀ ਪੂਰਤੀ ਦਾ ਬੁਨਿਆਦੀ-ਢਾਂਚਾ ਤਬਾਹ ਕਰਨਾ ਸ਼ੁਰੂ ਕਰ ਦਿੱਤਾ ਹੈ। ਟਰੰਪ ਵੱਲੋਂ ਇਜ਼ਰਾਇਲ ਦੀ ਨਿਖੇਧੀ ਕਰਨ ਦੀ ਬਜਾਏ ਇਰਾਨ ਨੂੰ ਧਮਕਾਉਣ ਤੋਂ ਸਪਸ਼ਟ ਹੈ ਕਿ ਇਹ ਹਮਲਾ ਅਮਰੀਕਾ-ਇਜ਼ਰਾਇਲ ਦੇ ਸਾਂਝੇ ਹਿਤਾਂ ਤੋਂ ਪ੍ਰੇਰਿਤ ਹੈ ਅਤੇ ਇਰਾਨ ਦੀ ਸੱਤਾ, ਖ਼ਾਸ ਕਰਕੇ ਪ੍ਰਮੁੱਖ ਆਗੂ ਉਨ੍ਹਾਂ ਦੇ ਨਿਸ਼ਾਨੇ ’ਤੇ ਹੈ।
ਆਸਟਰੀਆ, ਫਰਾਂਸ, ਕੈਨੇਡਾ ਅਤੇ ਯੂਰਪੀ ਯੂਨੀਅਨ ਨੇ ਆਪਣੀ ਖ਼ਸਲਤ ਅਨੁਸਾਰ ਇਜ਼ਰਾਇਲ ਦੇ ਭੜਕਾਊ ਹਮਲੇ ਦਾ ਵਿਰੋਧ ਕਰਨ ਦੀ ਬਜਾਏ ‘ਡੂੰਘੀ ਚਿੰਤਾ’ ਪ੍ਰਗਟਾਈ ਹੈ ਅਤੇ ਦੋਹਾਂ ਧਿਰਾਂ ਨੂੰ ਸੰਜਮ ਵਰਤਣ ਲਈ ਕਿਹਾ ਹੈ। ਇਜ਼ਰਾਇਲ ਦਾ ਸਭ ਤੋਂ ਮਹੱਤਵਪੂਰਨ ਯੁੱਧਨੀਤਕ ਭਾਈਵਾਲ ਅਮਰੀਕਾ ਅਜੇ ਸਿੱਧਾ ਫ਼ੌਜੀ ਹਮਲੇ ਵਿਚ ਸ਼ਾਮਲ ਤਾਂ ਨਹੀਂ ਹੋਇਆ ਪਰ ਪਰਦੇ ਪਿੱਛੇ ਰਹਿ ਕੇ ਇਜ਼ਰਾਇਲ ਨੂੰ ਪੂਰੀ ਫ਼ੌਜੀ ਮੱਦਦ ਅਤੇ ਖ਼ੁਫ਼ੀਆ ਜਾਣਕਾਰੀ ਮੁਹੱਈਆ ਕਰਵਾ ਰਿਹਾ ਹੈ। ਟਰੰਪ ਨੇ ਇਰਾਨ ਨੂੰ ਪ੍ਰਮਾਣੂ ਸਮਝੌਤੇ ਲਈ ਗੱਲਬਾਤ ਵਿਚ ਉਲਝਾ ਕੇ ਇਜ਼ਰਾਇਲ ਤੋਂ ਹਮਲਾ ਕਰਵਾਇਆ, ਹੁਣ ਉਸ ਵੱਲੋਂ ਯੁੱਧ ਵਿਚ ਸ਼ਾਮਲ ਹੋਣ ਦੇ ਸੰਕੇਤ ਵੀ ਦਿੱਤੇ ਜਾ ਰਹੇ ਹਨ। ਜਦੋਂ ਅਮਰੀਕਨ ਹਕੂਮਤ ਇਹ ਕਹਿੰਦੀ ਹੈ ਕਿ ‘ਇਜ਼ਰਾਇਲ ਦੀ ਸੁਰੱਖਿਆ ਉਨ੍ਹਾਂ ਦੀ ਕੇਂਦਰੀ ਤਰਜ਼ੀਹ ਹੈ’, ਤਾਂ ਇਹ ਇਜ਼ਰਾਇਲ ਨੂੰ ਹਮਲਾ ਜਾਰੀ ਰੱਖਣ ਲਈ ਥਾਪੀ ਦੇਣਾ ਹੈ। ਹੁਣ ਦੇਖਣਾ ਇਹ ਹੈ ਕਿ ਸੰਸਾਰ ਤਾਕਤਾਂ ਦੇ ਮੌਜੂਦਾ ਸੰਤੁਲਨ ਵਿਚ ਯੂ.ਐੱਨ. ਸੁਰੱਖਿਆ ਕੌਂਸਲ ਦਾ ਐਮਰਜੈਂਸੀ ਸੈਸ਼ਨ ਅਤੇ ਜੀ-7 ਦਾ ਸਿਖ਼ਰ ਸੰਮੇਲਨ ਮੱਧ ਪੂਰਬ ਵਿਚ ਬਣੇ ਸੰਕਟ ਬਾਰੇ ਕੀ ਫ਼ੈਸਲਾ ਲੈਂਦੇ ਹਨ। ਜੇ ਰੂਸ-ਚੀਨ ਆਪਣੇ ਸਾਮਰਾਜਵਾਦੀ ਹਿਤ ਲਈ ਇਰਾਨ ਦਾ ਸਾਥ ਦਿੰਦੇ ਹਨ ਤਾਂ ਇਹ ਲੜਾਈ ਹੋਰ ਵੀ ਭਿਆਨਕ ਬਣ ਜਾਵੇਗੀ। ਜਿੱਥੋਂ ਤੱਕ ਇਸਲਾਮਿਕ ਮੁਲਕਾਂ ਦਾ ਸਵਾਲ ਹੈ, ਉਹ ਸ਼ੀਆ-ਸੁੰਨੀ ਧੜਿਆਂ ਵਿਚ ਵੰਡੇ ਹੋਣ ਕਾਰਨ ਅਮਰੀਕਾ-ਇਜ਼ਰਾਇਲ ਦੇ ਦਹਿਸ਼ਤਗਰਦ ਧੁਰੇ ਦੇ ਦੁਸ਼ਟ ਹਮਲੇ ਵਿਰੁੱਧ ਡੱਟਣ ਦੀ ਬਜਾਏ ਮਜ਼੍ਹਬੀ ਪਾਟਕ ਅਤੇ ਸਾਮਰਾਜੀ ਤਾਕਤਾਂ ਨਾਲ ਆਪਣੇ ਸੰਬੰਧਾਂ ਦੇ ਆਧਾਰ ’ਤੇ ਕੂਟਨੀਤਕ ਬਿਆਨਬਾਜ਼ੀ ਕਰਨ ਲਈ ਸਰਾਪੇ ਹੋਏ ਹਨ। ਭਾਰਤ ਦੀ ਭਗਵਾ ਹਕੂਮਤ ਆਪਣੀ ਫਾਸ਼ੀਵਾਦੀ ਖ਼ਸਲਤ ਅਨੁਸਾਰ ਇਜ਼ਰਾਇਲ ਦੇ ਹੱਕ ਵਿਚ ਭੁਗਤ ਰਹੀ ਹੈ ਅਤੇ ਇਸਨੇ ‘ਸ਼ੰਘਾਈ ਸਹਿਯੋਗ ਸੰਗਠਨ’ ਵੱਲੋਂ ਜਾਰੀ ਕੀਤੇ ਬਿਆਨ, ਜਿਸ ਵਿਚ ਇਜ਼ਰਾਇਲੀ ਹਮਲੇ ਦੀ ਨਿਖੇਧੀ ਕੀਤੀ ਗਈ, ਤੋਂ ਦੂਰੀ ਬਣਾ ਕੇ ਇਜ਼ਰਾਇਲੀ ਦਹਿਸ਼ਤਵਾਦ ਨਾਲ ਵਫ਼ਾਦਾਰੀ ਪਾਲੀ ਹੈ।
ਜਿਸ ਤਰ੍ਹਾਂ 2003 ’ਚ ਅਮਰੀਕਾ ਨੇ ਇਰਾਕ ਉੱਪਰ ਘਾਤਕ ਹਥਿਆਰ ਹੋਣ ਦਾ ਝੂਠਾ ਦੋਸ਼ ਲਾ ਕੇ ਹਮਲਾ ਕੀਤਾ ਸੀ, ਉਸੇ ਤਰ੍ਹਾਂ ਨੇਤਨਯਾਹੂ ਹਕੂਮਤ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਇਹ ਹਮਲਾ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਤੋਂ ‘ਸਵੈ-ਰੱਖਿਆ’ ਲਈ ਕੀਤਾ ਹੈ। ਕੁਲ ਆਲਮ ਨੂੰ ਪਤਾ ਹੈ ਕਿ ਯਹੂਦੀਵਾਦੀ ਇਜ਼ਰਾਇਲੀ ਹਕੂਮਤ ਆਪਣੀਆਂ ਬਦਮਾਸ਼ੀਆਂ ਨੂੰ ਜਾਇਜ਼ ਠਹਿਰਾਉਣ ਲਈ ਬਹਾਨੇ ਘੜਨ ਦੀ ਮਾਹਰ ਹੈ, ਜੋ ਆਪਣੇ ਜਨਮ ਤੋਂ ਹੀ ਆਲਮੀ ਲੋਕ-ਰਾਇ ਅਤੇ ਕਾਇਦੇ-ਕਾਨੂੰਨਾਂ ਨੂੰ ਟਿੱਚ ਸਮਝ ਕੇ ਅਮਰੀਕਨ ਸਾਮਰਾਜ ਦੀ ਸਰਪ੍ਰਸਤੀ ਅਤੇ ਮਿਲੀਭੁਗਤ ਨਾਲ ਆਪਣੇ ਖ਼ੂਨੀ ਮਨਸੂਬਿਆਂ ਨੂੰ ਅੰਜਾਮ ਦਿੰਦੀ ਆ ਰਹੀ ਹੈ। ਹੁਣ ਵੀ ਇਜ਼ਰਾਇਲੀ ਹਕੂਮਤ ਵੱਲੋਂ ਇਰਾਨ ਦੇ ਕਥਿਤ ਪ੍ਰਮਾਣੂ ਪ੍ਰੋਗਰਾਮ ਬਾਰੇ ਆਪਣੇ ਇਤਰਾਜ਼ ਕੌਮਾਂਤਰੀ ਮੰਚਾਂ ਉੱਪਰ ਉਠਾਉਣ ਦੀ ਬਜਾਏ ਹਮਲੇ ਵਿੱਢ ਦਿੱਤੇ ਗਏ। ਪ੍ਰਮਾਣੂ ਹਥਿਆਰਾਂ ਨਾਲ ਲੈਸ ਅਮਰੀਕਾ-ਇਜ਼ਰਾਇਲ ਨੂੰ ਇਹ ਅਧਿਕਾਰ ਕਿਸਨੇ ਦਿੱਤਾ ਹੈ ਕਿ ਕਿਸੇ ਹੋਰ ਮੁਲਕ ਨੂੰ ਆਪਣੀ ਸੁਰੱਖਿਆ ਲਈ ਪ੍ਰਮਾਣੂ ਜਾਂ ਕੋਈ ਵੀ ਹੋਰ ਤਕਨੀਕ ਵਿਕਸਤ ਕਰਨ ਤੋਂ ਰੋਕਣ ਲਈ ਉਸ ਉੱਪਰ ਹਮਲਾ ਕਰਕੇ ਤਬਾਹੀ ਮਚਾਉਣ?
ਜਿੱਥੋਂ ਤੱਕ ਪ੍ਰਮਾਣੂ ਹਥਿਆਰਾਂ ਦਾ ਸਵਾਲ ਹੈ, ਇਜ਼ਰਾਈਲ ਮੱਧ ਪੂਰਬ ਵਿਚ ਅਮਰੀਕਾ ਦੀ ਫ਼ੌਜੀ ਚੌਂਕੀ ਦੀ ਭੂਮਿਕਾ ਨਿਭਾ ਰਿਹਾ ਹੋਣ ਕਾਰਨ ਉਸ ਕੋਲ ਸੈਂਕੜੇ ਪ੍ਰਮਾਣੂ ਹਥਿਆਰ ਹਨ ਅਤੇ ਸਭ ਤੋਂ ਘਾਤਕ ਹਥਿਆਰਾਂ ਦਾ ਨਿਰਮਾਤਾ ਖ਼ੁਦ ਅਮਰੀਕਾ ਹੈ। ਮੱਧ ਪੂਰਬ ਵਿਚ ਇਜ਼ਰਾਇਲ ਪ੍ਰਮਾਣੂ ਹਥਿਆਰਾਂ ਨਾਲ ਲੈਸ ਇੱਕੋ-ਇਕ ਮੁਲਕ ਹੈ ਜਿਸ ਕੋਲ ਘੱਟੋ-ਘੱਟ 90 ਪ੍ਰਮਾਣੂ ਵਾਰ-ਹੈੱਡ ਹਨ। ਉਸ ਦੀ ਇਹ ਦਲੀਲ ਕਿੰਨੀ ਹਾਸੋ-ਹੀਣੀ ਹੈ ਕਿ ਇਰਾਨ ਭਵਿੱਖ ਵਿਚ ਕਦੇ ਪ੍ਰਮਾਣੂ ਹਥਿਆਰ ਬਣਾਉਣ ਦੀ ਸਮਰੱਥਾ ਵਿਕਸਤ ਕਰ ਸਕਦਾ ਹੈ! ਇਰਾਨ ਦੇ ਨਾਗਰਿਕ ਪ੍ਰਮਾਣੂ ਪ੍ਰੋਗਰਾਮ ਦੀ ਆਲੋਚਨਾ ਕਰਦੇ ਸਮੇਂ ਵਾਸ਼ਿੰਗਟਨ ਅਤੇ ਤੇਲ ਅਵੀਵ ਦੇ ਠੱਗ ਹੁਕਮਰਾਨ ਇਸ ਬਾਰੇ ਚੁੱਪ ਹਨ।
ਅਮਰੀਕਾ, ਯੂਰਪੀ ਯੂਨੀਅਨ ਅਤੇ ਇਜ਼ਰਾਇਲ ਇਹ ਹੋ-ਹੱਲਾ ਮਚਾਉਂਦੇ ਰਹੇ ਹਨ ਕਿ ਇਰਾਨ ਪ੍ਰਮਾਣੂ ਹਥਿਆਰ ਬਣਾ ਰਿਹਾ ਹੈ, ਪਰ ਕਿਸੇ ਵੀ ਜਾਂਚ ਨੇ ਇਨ੍ਹਾਂ ਦੋਸ਼ਾਂ ਦੀ ਪੁਸ਼ਟੀ ਨਹੀਂ ਕੀਤੀ ਕਿ ਇਰਾਨ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਫ਼ੌਜੀ ਹਥਿਆਰ ਬਣਾਉਣ ਲਈ ਵਿਕਸਤ ਕਰ ਰਿਹਾ ਹੈ। ਕੌਮਾਂਤਰੀ ਪ੍ਰਮਾਣੂ ਊਰਜਾ ਏਜੰਸੀ (ਆਈਏਈਏ) ਵੱਲੋਂ ਡੂੰਘੀ ਜਾਂਚ ਕੀਤੇ ਜਾਣ ’ਤੇ ਇਹ ਦੋਸ਼ ਸਿੱਧ ਨਹੀਂ ਹੋਏ। ਇਰਾਨ ਕੋਲ ਪ੍ਰਮਾਣੂ ਹਥਿਆਰ ਬਣਾਉਣ ਦਾ ਕੋਈ ਫ਼ੌਜੀ ਪ੍ਰੋਗਰਾਮ ਨਹੀਂ ਹੈ। ਉਸ ਕੋਲ ਸਿਵਲ ਯੂਰੇਨੀਅਮ ਸੋਧ ਪ੍ਰੋਗਰਾਮ ਹੈ ਜੋ ਉਪਰੋਕਤ ਏਜੰਸੀ ਵੱਲੋਂ ਲਾਗੂ ਨੇਮਾਂ ਦੇ ਤਹਿਤ ਹੈ। ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਇਰਾਨ ਨੂੰ ਆਪਣੇ ਬੁਸ਼ਹਰ ਰਿਐਕਟਰ ਲਈ, ਜੋ ਰੂਸ ਵੱਲੋਂ ਬਣਾਇਆ ਗਿਆ ਹੈ, ਪ੍ਰਮਾਣੂ ਬਾਲਣ (ਫਿਊਲ) ਬਣਾਉਣ ਦੀ ਇਜਾਜ਼ਤ ਹੈ, ਅਤੇ ਭਵਿੱਖ ਵਿਚ ਉਸਦੀ ਯੋਜਨਾ ਅਜਿਹੇ ਹੋਰ ਰਿਐਕਟਰਾਂ ਦੀ ਹੈ। ਦੂਜਾ, ਸਪਸ਼ਟ ਰਿਪੋਰਟਾਂ ਹਨ ਕਿ ਇਰਾਨ ਦੀ ਇਸਲਾਮਿਕ ਹਕੂਮਤ ਨੇ ਨਿਊਕਲੀਅਰ ਹਥਿਆਰ ਨਾ ਬਣਾਉਣ ਦਾ ਫ਼ੈਸਲਾ ਕੀਤਾ ਹੋਇਆ ਹੈ। ਇਨ੍ਹਾਂ ਤੱਥਾਂ ਦੇ ਬਾਵਜੂਦ ਪੱਛਮੀ ਸਾਮਰਾਜੀ ਤਾਕਤਾਂ ਇਜ਼ਰਾਇਲ ਦੇ ਇਸ ਲੰਗੜੇ ਬਹਾਨੇ ਦੀ ਹਾਂ ਵਿਚ ਹਾਂ ਮਿਲਾ ਰਹੀਆਂ ਹਨ ਕਿ ਇਰਾਨ ਪ੍ਰਮਾਣੂ ਹਥਿਆਰ ਬਣਾ ਰਿਹਾ ਹੈ ਅਤੇ ਇਰਾਨ ਕੌਮਾਂਤਰੀ ਅਮਨ-ਅਮਾਨ ਲਈ ਖ਼ਤਰਾ ਹੈ। ਲਿਹਾਜ਼ਾ, ਇਜ਼ਰਾਇਲ ਦਾ ਇਹ ਹਮਲਾ ਅੰਤਰਰਾਸ਼ਟਰੀ ਮਾਨਵਤਾਵਾਦੀ ਕਾਨੂੰਨ ਦੀ ਨੰਗੀ-ਚਿੱਟੀ ਉਲੰਘਣਾ ਹੈ। ਇਹ ਹਮਾਸ ਦੇ ਕਥਿਤ ਹਮਲੇ ਦੇ ਬਹਾਨੇ ਅਕਤੂਬਰ 2023 ਤੋਂ ਲੈ ਕੇ ਫ਼ਲਸਤੀਨੀਂ ਲੋਕਾਂ ਦੀ ਲਗਾਤਾਰ ਕੀਤੀ ਜਾ ਰਹੀ ਨਸਲਕੁਸ਼ੀ ਦੀ ਤਰਜ਼ ’ਤੇ ਪੂਰੀ ਤਰ੍ਹਾਂ ਨਜਾਇਜ਼ ਤੇ ਧੱਕੜ ਹਮਲਾ ਹੈ। ਇਹ ਇਸ ਤੋਂ ਵੀ ਸਪਸ਼ਟ ਹੈ ਕਿ ਇਹ ਹਮਲਾ ਸਿਰਫ਼ ਫ਼ੌਜੀ ਟਿਕਾਣਿਆਂ ਤੱਕ ਸੀਮਤ ਨਹੀਂ ਹੈ। ਰਿਹਾਇਸ਼ੀ ਇਮਾਰਤਾਂ ਉੱਤੇ ਵੀ ਬੰਬ ਅਤੇ ਮਿਜ਼ਾਇਲਾਂ ਸੁੱਟੀਆਂ ਗਈਆਂ ਜਿੱਥੇ ਇਰਾਨੀ ਸ਼ਾਸਨ ਦੇ ਸੀਨੀਅਰ ਫ਼ੌਜੀ ਅਧਿਕਾਰੀ ਮੌਜੂਦ ਸਨ। ਹਮਲੇ ਦਾ ਮਕਸਦ ਇਰਾਨ ਦੇ ਵਿਗਿਆਨੀਆਂ ਅਤੇ ਉੱਚ ਫ਼ੌਜੀ ਅਫ਼ਸਰਾਂ ਨੂੰ ਕਤਲ ਕਰਨਾ ਸੀ। ਲਿਹਾਜ਼ਾ, ਦੁਨੀਆ ਦੇ ਅਮਨ-ਅਮਾਨ ਲਈ ਅਸਲ ਖ਼ਤਰਾ ਇਜ਼ਰਾਇਲੀ ਦਹਿਸ਼ਤਗਰਦ ਸਟੇਟ ਹੈ ਜਿਸ ਨੂੰ ਅਮਰੀਕਾ ਅਤੇ ਨਾਟੋ ਤਾਕਤਾਂ ਦੀ ਸ਼ਹਿ ਕਾਰਨ ਸੰਯੁਕਤ ਰਾਸ਼ਟਰ ਦੇ ਮਤਿਆਂ ਦੀ ਵੀ ਕੋਈ ਪ੍ਰਵਾਹ ਨਹੀਂ ਹੈ।
ਇਹ ਹਮਲਾ ਉਸ ਵਕਤ ਕੀਤਾ ਗਿਆ ਜਦੋਂ ਇਰਾਨ ਅਮਰੀਕਾ ਦੀ ਗੱਲਬਾਤ ਚੱਲ ਰਹੀ ਸੀ। ਸ਼ੁਰੂ ਤੋਂ ਹੀ ਇਸ ‘ਗੱਲਬਾਤ’ ਦਾ ਵਿਰੋਧ ਕਰ ਰਹੀ ਨੇਤਨਯਾਹੂ ਹਕੂਮਤ ਇਰਾਨ ਵਿਰੁੱਧ ਯੁੱਧ ਦੀ ਵਕਾਲਤ ਕਰਦੀ ਰਹੀ ਹੈ। ਯੁੱਧ ਖ਼ਤਮ ਕਰਾਉਣ ਦੇ ਵਾਅਦੇ ਨਾਲ ਸੱਤਾ ਵਿਚ ਆਇਆ ਟਰੰਪ ਰੂਸ-ਯੂਕਰੇਨ ਯੁੱਧ ਬੰਦ ਕਰਾਉਣ ਦੇ ਦਾਅਵੇ ਕਰ ਰਿਹਾ ਹੈ ਅਤੇ ਹਮਾਸ-ਇਜ਼ਰਾਇਲ ਯੁੱਧਬੰਦੀ ਕਰਾਉਣ ਲਈ ਯਤਨਸ਼ੀਲ ਹੋਣ ਦੀ ਬਿਆਨਬਾਜ਼ੀ ਵੀ ਕਰਦਾ ਹੈ। ਉਸ ਵੱਲੋਂ ਵਪਾਰ ਨਾ ਕਰਨ ਦੀ ਧਮਕੀ ਦੇ ਕੇ ਭਾਰਤ-ਪਾਕਿਸਤਾਨ ਦਰਮਿਆਨ ਕਰਾਈ ਯੁੱਧਬੰਦੀ ਦੇ ਖ਼ੁਲਾਸੇ ਮੋਦੀ ਵਜ਼ਾਰਤ ਦੇ ਗਲੇ ਦੀ ਹੱਡੀ ਬਣ ਗਏ। ਆਪਣੇ ਆਪ ਨੂੰ ‘ਸ਼ਾਂਤੀ ਦਾ ਮਸੀਹਾ’ ਦੱਸਣ ਵਾਲੇ ਟਰੰਪ ਵੱਲੋਂ ਫ਼ਲਸਤੀਨੀ ਲੋਕਾਂ ਦੀ ਨਸਲਕੁਸ਼ੀ ਬੰਦ ਕਰਨ ਅਤੇ ਇਜ਼ਰਾਇਲ ਨੂੰ ਇਰਾਨ ਉੱਪਰ ਹਮਲਾ ਕਰਨ ਤੋਂ ਰੋਕਣ ਲਈ ਭਾਰਤ-ਪਾਕਿ ਦਰਮਿਆਨ ਯੁੱਧਬੰਦੀ ਵਾਲੀ ਤਰਕੀਬ ਕਿਉਂ ਨਹੀਂ ਵਰਤੀ ਗਈ? ਸਚਾਈ ਇਹ ਹੈ ਕਿ ਅਮਰੀਕਨ ਹਕੂਮਤ ਦੀ ਸਹਿਮਤੀ ਤੋਂ ਬਿਨਾਂ ਇਜ਼ਰਾਇਲ ਇਰਾਨ ਉੱਪਰ ਹਮਲਾ ਕਰ ਹੀ ਨਹੀਂ ਸੀ ਸਕਦਾ। ਅਮਰੀਕਨ ਹਾਕਮ ਜਮਾਤ ਦਾ ਇਕ ਹਿੱਸਾ ਐਲਾਨੀਆ ਤੌਰ ’ਤੇ ਨੇਤਨਯਾਹੂ ਸਰਕਾਰ ਨਾਲ ਖੜ੍ਹਨ ਦੇ ਐਲਾਨ ਕਰ ਰਿਹਾ ਹੈ ਅਤੇ ਅਮਰੀਕਾ ਦੇ ਕਈ ਸੰਸਦ ਮੈਂਬਰਾਂ ਨੇ ਇਜ਼ਰਾਇਲ ਦੇ ਹਮਲੇ ਦੀ ਹਮਾਇਤ ਕਰਦਿਆਂ ਇਜ਼ਰਾਇਲ ਦਾ ਖੁੱਲ੍ਹ ਕੇ ਸਾਥ ਦੇਣ ਦੀ ਮੰਗ ਕੀਤੀ ਹੈ। ਟਰੰਪ ਸਰਕਾਰ ਇਸ ਸਮੇਂ ਇਜ਼ਰਾਇਲ ਨੂੰ ਮੋਹਰਾ ਬਣਾ ਕੇ ਮੱਧ ਪੂਰਬ ਵਿਚ ਆਪਣੇ ਹਿਤ ਅੱਗੇ ਵਧਾਉਣ ਦੀ ਨੀਤੀ ’ਤੇ ਚੱਲ ਰਹੀ ਹੈ। ਇਸ ਸਮੁੱਚੀ ਯੁੱਧ-ਗੇਮ ਦਾ ਸੂਤਰਧਾਰ ‘ਸ਼ਾਂਤੀ ਦਾ ਮਸੀਹਾ’ ਹੋਣ ਦਾ ਦੰਭ ਰਚਣ ਵਾਲਾ ਟਰੰਪ ਹੀ ਹੈ।
ਨੇਤਨਯਾਹੂ ਨੇ ਓਮਾਨ ਵਿਚ ਈਰਾਨ ਅਤੇ ਅਮਰੀਕਾ ਦਰਮਿਆਨ ਸ਼ਾਂਤੀ ਗੱਲਬਾਤ ਤੋਂ ਇਕ ਦਿਨ ਪਹਿਲਾਂ ਹਮਲਾ ਕੀਤਾ ਅਤੇ ਇਸ ਹਮਲੇ ਦਾ ਰਾਹ ਪੱਧਰਾ ਕਰਨ ਵਾਲਾ ਵੀ ਹੋਰ ਕੋਈ ਨਹੀਂ ਸਗੋਂ ਟਰੰਪ ਹੀ ਹੈ। ਇਰਾਕ ਯੁੱਧ ਦੇ ਇਕ ਯੋਜਨਾਘਾੜੇ ਜੌਹਨ ਬੋਲਟਨ ਦੇ ਇਹ ਸ਼ਬਦ ਮੱਧ ਪੂਰਬੀ ਖਿੱਤੇ ਵਿਚ ਅਮਰੀਕਨ ਥਾਣੇਦਾਰੀ ਦਾ ਨਮੂਨਾ ਹਨ: ‘ਮੱਧ ਪੂਰਬ ਲਈ ਅਮਨ ਅਤੇ ਸੁਰੱਖਿਆ ਦੀ ਇੱਕੋ-ਇਕ ਸਥਾਈ ਬੁਨਿਆਦ ਇਯਾਤਉੱਲਿਆਂ ਦੇ ਰਾਜ ਦਾ ਤਖ਼ਤਾ ਪਲਟਣਾ ਹੈ। ਅਮਰੀਕਾ ਦਾ ਐਲਾਨੀਆ ਉਦੇਸ਼ ਬਸ ਇਹ ਹੋਣਾ ਚਾਹੀਦਾ ਹੈ।’ ਟਰੰਪ ਬਹੁਤ ਹੀ ਸ਼ਾਤਰ ਤਰੀਕੇ ਨਾਲ ਆਪਣੇ ਸਾਮਰਾਜੀ ਹਿਤਾਂ ਨੂੰ ਅੱਗੇ ਵਧਾਉਣ ਵੱਲ ਵਧ ਰਿਹਾ ਹੈ।
ਮਈ 2018 ’ਚ ਟਰੰਪ ਦੀ ਅਗਵਾਈ ਹੇਠ ਅਮਰੀਕਾ ਈਰਾਨ ਨਾਲ ਪ੍ਰਮਾਣੂ ਸਮਝੌਤੇ (ਜੇ.ਸੀ.ਪੀ.“.ਏ.) ਵਿਚੋਂ ਇਕਤਰਫ਼ਾ ਤੌਰ ‘ਤੇ ਬਾਹਰ ਆ ਗਿਆ ਅਤੇ ਇਰਾਨ ਉੱਪਰ ਆਰਥਕ ਪਾਬੰਦੀਆਂ ਮੁੜ ਲਗਾ ਦਿੱਤੀਆਂ। ਇਰਾਨ ਅਤੇ ਛੇ ਆਲਮੀ ਤਾਕਤਾਂ ਦਰਮਿਆਨ 2015 ਦੇ ਇਸ ਸਮਝੌਤੇ ਤਹਿਤ ਇਰਾਨ ਉੱਪਰ ਪਾਬੰਦੀਆਂ ’ਚ ਢਿੱਲ ਦੇਣ ਬਦਲੇ ਪ੍ਰਮਾਣੂ ਪ੍ਰੋਗਰਾਮ ਦੀਆਂ ਸਖ਼ਤ ਸੀਮਾਵਾਂ ਲਗਾਈਆਂ ਗਈਆਂ ਸਨ। ਇਰਾਨ ਨੇ ਸਮਝੌਤੇ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਦਕਿ ਨੇਤਨਯਾਹੂ ਇਸ ਸਮਝੌਤੇ ਵਿਰੁੱਧ ਸ਼ੁਰੂ ਤੋਂ ਹੀ ਮੁਹਿੰਮ ਚਲਾ ਰਿਹਾ ਸੀ। ‘ਵੱਧ ਤੋਂ ਵੱਧ ਦਬਾਅ’ ਦੀ ਨੀਤੀ ਤਹਿਤ ਪਾਬੰਦੀਆਂ ਮੁੜ ਥੋਪਣ ਦਾ ਟਰੰਪ ਦਾ ਮਨੋਰਥ ਇਰਾਨ ਦੀ ਆਰਥਿਕਤਾ ਨੂੰ ਅਪਾਹਜ ਬਣਾ ਕੇ ਇਰਾਨ ਵਿਚ ਘਰੋਗੀ ਬੇਚੈਨੀ ਭੜਕਾਉਣਾ ਸੀ। ਟਰੰਪ ਨੇ ਯੇਰੂਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਵਜੋਂ ਮਾਨਤਾ ਦੇਣ, ਗੋਲਾਨ ਪਹਾੜੀਆਂ ਨੂੰ ਇਜ਼ਰਾਈਲੀ ਖੇਤਰ ਮੰਨ ਲੈਣ ਸਮੇਤ ਇਜ਼ਰਾਇਲ ਨੂੰ ਕੂਟਨੀਤਕ, ਫ਼ੌਜੀ ਅਤੇ ਯੁੱਧਨੀਤਕ ਮੱਦਦ ਦੇਣੀ ਜਾਰੀ ਰੱਖੀ। ਇਜ਼ਰਾਈਲ ਨੂੰ ਇਰਾਨ ਵਿਰੁੱਧ ਸੀਰੀਆ ਵਿਚ, ਜਿੱਥੇ ਇਰਾਨ ਅਸਦ ਸਰਕਾਰ ਦੀ ਹਮਾਇਤ ਕਰਦਾ ਹੈ, ਅਤੇ ਇਸ ਤੋਂ ਬਾਹਰ ਕਾਰਵਾਈਆਂ ਕਰਨ ਦੀ ਪੂਰੀ ਖੁੱਲ੍ਹ ਦਿੱਤੀ ਗਈ। 3 ਜਨਵਰੀ 2020 ਨੂੰ ਅਮਰੀਕਾ ਨੇ ਇਜ਼ਰਾਇਲ ਦੀ ਖ਼ੁਫ਼ੀਆ ਜਾਣਕਾਰੀ ਅਤੇ ਹੋਰ ਮੱਦਦ ਨਾਲ ਬਗਦਾਦ ਵਿਚ ਡਰੋਨ ਹਮਲੇ ਰਾਹੀਂ ਇਰਾਨ ਦੀ ਕੁਡਸ ਫੋਰਸ ਦੇ ਕਮਾਂਡਰ ਕਾਸਿਮ ਸੋਲੇਮਾਨੀ ਦਾ ਕਤਲ ਕੀਤਾ।
ਟਰੰਪ ਦੌਰ ਵਿਚ, ਇਜ਼ਰਾਈਲ ਦੀਆਂ ਇਰਾਨ ਵਿਰੁੱਧ ਗੁਪਤ ਕਾਰਵਾਈਆਂ ਅਤੇ ਸਾਇਬਰ ਯੁੱਧ ਤੇਜ਼ੀ ਨਾਲ ਅੱਗੇ ਵਧਿਆ। ਨਵੰਬਰ 2020 ਵਿਚ ਮੋਸਾਦ ਵੱਲੋਂ ਇਰਾਨ ਦੇ ਸੀਨੀਅਰ ਪਰਮਾਣੂ ਵਿਗਿਆਨੀ ਮੋਹਸਿਨ ਫਖਰਿਜ਼ਾਦੇਹ ਦਾ ਕਤਲ ਅਮਰੀਕਾ ਦੀ ਚੁੱਪ ਸਹਿਮਤੀ ਨਾਲ ਕੀਤਾ ਗਿਆ। ਇਸੇ ਸਿਲਸਿਲੇ ’ਚ ਇਰਾਨ ਦੇ ਯੂਰੇਨੀਅਮ ਸੋਧ ਪ੍ਰੋਗਰਾਮ ਨੂੰ ਸੱਟ ਮਾਰਨ ਲਈ ਨਤਾਂਜ਼ ਸੈਂਟਰੀਫਿਊਜ ਪਲਾਂਟ ਉੱਪਰ ਹਮਲਾ ਕੀਤਾ ਗਿਆ। ਇਸ ਦੌਰਾਨ ਇਜ਼ਰਾਇਲ ਵੱਲੋਂ ਇਰਾਨ ਦੇ ਖੇਤਰ ਉੱਪਰ ਮੁਕੰਮਲ ਜੰਗੀ ਹਮਲੇ ਨੂੰ ਛੱਡ ਕੇ ਸੀਰੀਆ ਵਿਚ ਇਰਾਨੀ ਫੌਜੀ ਢਾਂਚਿਆਂ ਅਤੇ ਮੋਹਰਾ ਤਾਕਤਾਂ ਉੱਪਰ ਵਾਰ-ਵਾਰ ਹਮਲੇ ਕਰਨ, ਲਾਲ ਸਮੁੰਦਰ ਵਿਚ ਤੇਲ ਜਾਂ ਹਥਿਆਰ ਲਿਜਾ ਰਹੇ ਇਰਾਨੀ ਜਹਾਜ਼ਾਂ ਉੱਪਰ ਹਮਲੇ ਕਰਨ ਦਾ ਲਗਾਤਾਰ ਸਿਲਸਿਲਾ ਹੈ। ਇਜ਼ਰਾਈਲ ਇਰਾਨ ਵਿਰੁੱਧ ਅਮਰੀਕਾ ਦੇ ਸਾਈਬਰ ਮੁਹਿੰਮਾਂ ’ਚ ਸ਼ਾਮਲ ਰਿਹਾ ਹੈ, ਜਿਸਦੀ ਮੁੱਖ ਮਿਸਾਲ ਓਬਾਮਾ ਦੌਰ ਵਿਚ ਵਿਕਸਤ ਕੀਤੇ ‘ਸਟੱਕਸਨੈੱਟ’ ਵਾਇਰਸ ਦੁਆਰਾ ਇਰਾਨ ਦੇ ਪ੍ਰਮਾਣੂ ਢਾਂਚੇ ਨੂੰ ਨੁਕਸਾਨ ਪਹੁੰਚਾਉਣਾ ਹੈ।
ਇਸ ਤਰ੍ਹਾਂ, ਜੂਨ 2025 ਤੱਕ, ਭਾਵੇਂ ਇਜ਼ਰਾਈਲ ਵੱਲੋਂ ਇਰਾਨ ਦੀ ਜ਼ਮੀਨ ਉੱਪਰ ਕੋਈ ਸਿੱਧਾ ਮੁਕੰਮਲ ਫ਼ੌਜੀ ਹਮਲਾ ਨਹੀਂ ਕੀਤਾ ਗਿਆ, ਪਰ ਸਾਲਾਂ ਤੋਂ ਜਾਰੀ ਗੁਪਤ ਯੁੱਧ ਨੇ ਮੱਧ ਪੂਰਬ ਵਿਚ ਅਸਥਿਰਤਾ, ਹਿੰਸਾ ਅਤੇ ਯੁੱਧਨੀਤਕ ਟਕਰਾਅ ਵਧਾਇਆ ਹੈ। ਟਰੰਪ ਦੀ ‘ਵੱਧ ਤੋਂ ਵੱਧ ਦਬਾਅ’ ਮੁਹਿੰਮ, ਨੇਤਨਯਾਹੂ ਸਰਕਾਰ ਨੂੰ ਉਸਦਾ ਥਾਪੜਾ, ਅਤੇ ਕੂਟਨੀਤਕ ਚੈਨਲ ਬੰਦ ਕਰਨੇ—ਇਸ ਸਭ ਕਾਸੇ ਨੇ ਇਜ਼ਰਾਈਲ ਦੀ ਹਮਲਾਵਰ ਮੁਹਿੰਮ, ਭੰਨਤੋੜ ਮਿਸ਼ਨਾਂ ਨੂੰ ਹੱਲਾਸ਼ੇਰੀ ਅਤੇ ਮੱਦਦ ਦਿੱਤੀ ਹੈ। ਇਸ ਤਰ੍ਹਾਂ, ਟਰੰਪ ਦੀਆਂ ਨੀਤੀਆਂ ਨੇ ਇਜ਼ਰਾਈਲ ਵੱਲੋਂ ਇਰਾਨ ਉੱਪਰ ਹਮਲੇ ਵਿਚ ਨਿਰਣਾਇਕ ਅਤੇ ਹਮਾਇਤੀ ਭੂਮਿਕਾ ਨਿਭਾਈ ਹੈ ਜਿਸ ਨੇ ਮੱਧ ਪੂਰਬ ਨੂੰ ਹੋਰ ਤਿੱਖੇ ਟਕਰਾਅ ਦੇ ਮੂੰਹ ਧੱਕਿਆ ਹੈ।
ਇਹ ਵੀ ਧਿਆਨ ਵਿਚ ਰੱਖਣਾ ਜ਼ਰੂਰੀ ਹੈ ਕਿ ਨੇਤਨਯਾਹੂ ਦਾ ਯੁੱਧ ਮਹਿਜ਼ ਇਰਾਨ ਵਿਰੁੱਧ ਨਹੀਂ ਹੈ, ਬਲਕਿ ਘਰੇਲੂ ਰਾਜਨੀਤਿਕ ਸੰਕਟ ਨੂੰ ਟਾਲਣ ਦਾ ਸਾਧਨ ਵੀ ਹੈ। ਇਕ ਵੱਡਾ ਘਰੇਲੂ ਮਸਲਾ ਘੋਰ-ਆਰਥੋਡਾਕਸ ਯਹੂਦੀਆਂ ਦੀ ਫ਼ੌਜੀ ਭਰਤੀ ਹੈ। 1948 ਵਿਚ ਇਜ਼ਰਾਈਲ ਦੀ ਸਥਾਪਨਾ ਸਮੇਂ ਉਹ ਵਸੋਂ ਦਾ 5% ਸਨ, ਜੋ ਹੁਣ ਲੱਗਭੱਗ 14% ਹਨ। ਉਨ੍ਹਾਂ ਨੂੰ ਫ਼ੌਜ ਵਿਚ ਭਰਤੀ ਹੋਣ ਤੋਂ ਛੋਟ ਰਹੀ ਹੈ। ਬਾਕੀ ਇਜ਼ਰਾਇਲੀ ਇਸ ਛੋਟ ਤੋਂ ਔਖੇ ਹਨ। 2023 ਤੋਂ ਬਾਅਦ ਉਨ੍ਹਾਂ ਦੀ ਭਰਤੀ ਦਾ ਕਾਨੂੰਨੀ ਫ਼ੈਸਲਾ ਲਿਆ ਗਿਆ, ਪਰ ਕੋਈ ਖ਼ਾਸ ਕਾਮਯਾਬੀ ਨਹੀਂ ਮਿਲੀ। ਨੇਤਨਯਾਹੂ ਲਈ ਆਪਣੇ ਹਮਾਇਤੀ ਆਧਾਰ ਅਤੇ ਇਸ ਹਿੱਸੇ ਨੂੰ ਖ਼ੁਸ਼ ਕਰਨਾ ਵੱਡੀ ਸਮੱਸਿਆ ਹੈ। ਯੁੱਧ ਲੋਕਾਂ ਦਾ ਧਿਆਨ ਘਰੇਲੂ ਮਸਲਿਆਂ ਤੋਂ ਹਟਾਉਣ ਦਾ ਜ਼ਰੀਆ ਹੈ। ਗਾਜ਼ਾ, ਪੱਛਮੀ ਕੰਢੇ, ਲੇਬਨਾਨ, ਸੀਰੀਆ, ਯਮਨ, ਇਰਾਕ ਅਤੇ ਹੁਣ ਈਰਾਨ ਵਿਰੁੱਧ ਇੱਕੋ ਸਮੇਂ ਫ਼ੌਜੀ ਕਾਰਵਾਈਆਂ ਦੀ ‘ਸੁਰੱਖਿਆ ਨੀਤੀ’ ਪਿੱਛੇ ਨੇਤਨਯਾਹੂ ਦਾ ਖੇਤਰੀ ਦਬਦਬਾ ਸਥਾਪਤ ਕਰਨ ਦਾ ਸੁਪਨਾ ਵੀ ਕਾਰਜਸ਼ੀਲ ਹੈ।
ਇਹ ਸੱਚ ਹੈ ਕਿ ਇਰਾਨ ਦੀ ਫ਼ੌਜੀ ਲੀਡਰਸ਼ਿੱਪ ਅਤੇ ਵਿਗਿਆਨੀਆਂ ਦਾ ਤਾਜ਼ਾ ਨੁਕਸਾਨ ਦਹਾਕਿਆਂ ਤੱਕ ਵੀ ਪੂਰਾ ਹੋਣ ਵਾਲਾ ਨਹੀਂ ਹੈ ਅਤੇ ਇਜ਼ਰਾਇਲ ਦੀ ਖੁਫ਼ੀਆ ਘੁਸਪੈਠ ਇਰਾਨ ਦੇ ਅੰਦਰ ਕਾਫ਼ੀ ਡੂੰਘੀ ਹੈ ਜਿਸ ਕਾਰਨ ਫ਼ਿਲਹਾਲ ਇਹ ਆਧੁਨਿਕ ਫ਼ੌਜੀ ਤਕਨਾਲੋਜੀ ਰਾਹੀਂ ਇਰਾਨ ਦੇ ਵੱਡੇ ਨੁਕਸਾਨ ਕਰ ਸਕਦੀ ਹੈ। ਉਨ੍ਹਾਂ ਨੇ ਇਸੇ ਦੁਸ਼ਟ ਸੋਚ ਨਾਲ ਹਮਲਾ ਕੀਤਾ ਕਿ ਫ਼ੌਜੀ ਲੀਡਰਸ਼ਿਪ ਅਤੇ ਪ੍ਰਮਾਣੂ ਪ੍ਰੋਗਰਾਮ ਦੀ ਤਬਾਹੀ ਨਾਲ ਇਰਾਨ ਬੁਰੀ ਤਰ੍ਹਾਂ ਟੁੱਟ ਜਾਵੇਗਾ। ਨੇਤਨਯਾਹੂ ਨੇ ਤਾਜ਼ਾ ਇੰਟਰਵਿਊ ਵਿਚ ਸਾਫ਼ ਕਿਹਾ ਹੈ ਕਿ ਇਰਾਨ ਵਿਚ ‘ਨਿਜ਼ਾਮ ਬਦਲਣਾ’ ਉਨ੍ਹਾਂ ਦਾ ਨਿਸ਼ਾਨਾ’ ਹੈ। ਗਾਜ਼ਾ ਵਿਚ ਨਸਲਕੁਸ਼ੀ ਕਾਰਨ ਨੇਤਨਯਾਹੂ ਸਰਕਾਰ ਆਲਮੀ ਪੱਧਰ ’ਤੇ ਅਲੱਗ-ਥਲੱਗ ਹੋ ਚੁੱਕੀ ਹੈ ਅਤੇ ਮੁਲਕ ਦੇ ਅੰਦਰ ਵੀ ਕਾਫ਼ੀ ਬੇਚੈਨੀ ਤੇ ਵਿਰੋਧ ਹੈ। ਅੰਦਰੂਨੀ ਸੰਕਟ ਤੋਂ ਰਾਹਤ ਹਾਸਲ ਕਰਨ ਲਈ ਨੇਤਨਯਾਹੂ ਜੁੰਡਲੀ ਵੱਲੋਂ ਇਰਾਨ ਉੱਪਰ ਹਮਲਾ ਕਰਕੇ ਅਤੇ ਲਿਬਨਾਨ, ਯਮਨ ਤੇ ਸੀਰੀਆ ਨੂੰ ਧਮਕਾ ਕੇ ਲੜਾਈ ਦਾ ਦਾਇਰਾ ਵਧਾਇਆ ਜਾ ਰਿਹਾ ਹੈ ਅਤੇ ਆਪਣੇ ਅੰਦਰੂਨੀ ਸੰਕਟ ਨੂੰ ਬਾਹਰੀ ਰੂਪ ਦਿੱਤਾ ਜਾ ਰਿਹਾ ਹੈ।
ਇਰਾਨ ਦਾ ‘ਇਸਲਾਮਿਕ ਗਣਰਾਜ’ ਕੋਈ ਲੋਕ ਹਿਤੈਸ਼ੀ ਰਾਜ ਨਹੀਂ ਹੈ। ਫਿਰ ਵੀ, ਆਪਣੇ ਮੁਲਕ ਦੀ ਸਰਕਾਰ ਨੂੰ ਬਦਲਣ ਦਾ ਹੱਕ ਉੱਥੋਂ ਦੇ ਲੋਕਾਂ ਦਾ ਹੈ, ਅਮਰੀਕਾ ਜਾਂ ਉਸਦੇ ਪਿੱਠੂ ਇਜ਼ਰਾਇਲੀ ਧਾੜਵੀ ਰਾਜ ਨੂੰ ਇਹ ਹੱਕ ਨਹੀਂ ਹੈ। ਇਜ਼ਰਾਇਲ ਦਾ ਹਮਲਾ ਬਗੈਰ ਕਿਸੇ ਭੜਕਾਹਟ ਦੇ ਦੂਜੇ ਮੁਲਕ ਦੀ ਪ੍ਰਭੂਸੱਤਾ ਉੱਪਰ ਸਿੱਧਾ ਹਮਲਾ ਹੈ। ਇਜ਼ਰਾਇਲ-ਅਮਰੀਕਾ ਦਾ ਇਰਾਨ ਦੀਆਂ ਪ੍ਰਮਾਣੂ ਵਿਗਿਆਨਕ ਸਮਰੱਥਾਵਾਂ ਨੂੰ ਨਸ਼ਟ ਕਰਨ ਦਾ ਸੁਪਨਾ ਸਾਕਾਰ ਹੋਣ ਵਾਲਾ ਨਹੀਂ ਹੈ। ਗਿਆਨ ਨੂੰ ਬੰਬਾਂ-ਮਿਜ਼ਾਇਲਾਂ ਨਾਲ ਨਸ਼ਟ ਨਹੀਂ ਕੀਤਾ ਜਾ ਸਕਦਾ। ਇਰਾਨ ਕੋਲ ਘਰੇਲੂ ਯੂਰੇਨੀਅਮ ਅਤੇ ਹੁਨਰਮੰਦ ਵਿਗਿਆਨਕ ਭਾਈਚਾਰਾ ਹੈ, ਜੋ ਸਮੇਂ ਦੇ ਨਾਲ ਹਰ ਚੀਜ਼ ਨੂੰ ਮੁੜ ਉਸਾਰ ਸਕਦਾ ਹੈ। ਸਾਰੇ ਹੀ ਮੁਲਕਾਂ ਦੇ ਸ਼ਾਂਤੀਪਸੰਦ ਲੋਕਾਂ ਨੂੰ ਅਮਰੀਕਾ-ਇਜ਼ਰਾਇਲ ਦੀਆਂ ਮਨਮਾਨੀਆਂ ਨੂੰ ਰੋਕਣ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਦੁਨੀਆ ਦਾ ਭਵਿੱਖ ਅਮਰੀਕਨ-ਇਜ਼ਰਾਇਲੀ ਠੱਗਾਂ ਦੇ ਹਵਾਲੇ ਨਹੀਂ ਕਰਨਾ ਚਾਹੀਦਾ।
