ਅਮਲੀ ਦਾ ‘ਸਵੰਬਰ’ (ਵਿਅੰਗ)

ਸ਼ਿਵਚਰਨ ਜੱਗੀ ‘ਕੁੱਸਾ’
ਪਿੰਡ ਦੇ ਬੋਹੜ ਹੇਠ ਅਮਲੀਆਂ ਦੀ ਮਹਿਫ਼ਲ ਸਜੀ ਹੋਈ ਸੀ। ਕਿਸੇ ਹੱਥ ਨਸਵਾਰ ਦੀ ਡੱਬੀ ਅਤੇ ਕਿਸੇ ਹੱਥ ਜਰਦੇ ਦੀ ਪੁੜੀ ਫ਼ੜੀ ਹੋਈ ਸੀ। ਫ਼ੱਤੂ ਅਮਲੀ ਦੇ ਨਸ਼ੇ ਦੀ ਸੂਈ ਖ਼ਤਰੇ ਵਾਲ਼ੇ ਨਿਸ਼ਾਨ ਤੱਕ ਪਹੁੰਚੀ ਹੋਈ ਸੀ। ਉਸ ਦੇ ਨਾਲ਼ ਬੈਠਾ ਸੱਘਾ ਵੀ ਊਂਘੀ ਜਾ ਰਿਹਾ ਸੀ। ਪਤਾ ਨਹੀਂ ਉਸ ਨੇ ਕੀ ਖਾ ਲਿਆ ਸੀ…?

-‘ਲੈ ਬਈ ਗੱਲ ਸੁਣੋ, ਇੱਕ..!’ ਗੀਟਣ ਨੇ ਜਰਦਾ ਬੁੱਲ੍ਹਾਂ ਵਿਚ ਧਰਦਿਆਂ ਸਾਰਿਆਂ ਨੂੰ ਕੰਨ ਜਿਹੇ ਕੀਤੇ। ਪਿੱਛੋਂ ਉਸ ਨੇ ਝਾਫ਼ੇ ਵਰਗੀ ਦਾਹੜੀ ‘ਤੇ ਬੜੀ ਬੇਕਿਰਕੀ ਨਾਲ਼ ਹੱਥ ਰਗੜਿਆ ਸੀ। ਰੇਗਮਾਰ ਵਾਂਗ!
-‘ਬੋਲ…?’ ਗਿੱਦੜ ਹੁਆਂਕਣ ਵਾਂਗ ਸਾਰੇ ਇਕ ਦਮ ਬੋਲੇ।
-‘ਸਾਡੇ ਆਲ਼ੇ ਪਾੜ੍ਹੇ ਛੋਕਰੀ ਦੇਣੇ ਨੇ ਉਹ ਛੱਜ ਜਿਆ ਲੁਆ ਲਿਆ ਕੋਠੇ ‘ਤੇ, ਤੇ ਅੱਜ ਕੱਲ੍ਹ ਹੋਰ ਈ ਪ੍ਰੋਗਰਾਮ ਦੇਂਹਦੈ ਨਿੱਤ ਟੈਲੀਬੀਜਨ ‘ਤੇ…!’
‘ਕਿਹੜੇ..?’
-‘ਦੇਖੀਂ ਕਿਤੇ ਕਲੋਟੇ ਜੇ ਪ੍ਰੋਗਰਾਮ ਦੇਖ ਕੇ ਕਿਤੇ ਤੂੰ ਵੀ ਨਾ ਵਿਗੜ ਜੀਂ..?’ ਦਲੀਪ ਡਰਿਆਂ ਵਾਂਗ ਬੋਲਿਆ।
-‘ਇਕ ਤਾਂ ਆਉਂਦਾ ਹੁੰਦਾ ਸੀ ਰਾਖੀ ਕਾ ਸਬੰਬਰ..!’ ਕਿਸੇ ਟੀ. ਵੀ. ਦੇ ਸ਼ੌਕੀਨ ਨੇ ਕਿਹਾ।
-‘ਕੀਹਦਾ ਸਤੰਬਰ..?’ ਬੋਲ਼ੇ ਨੇ ਅੱਭੜਵਾਹਿਆਂ ਵਾਂਗ ਪੁੱਛਿਆ।
-‘ਸਤੰਬਰ ਨ੍ਹੀ ਉਏ ਗਿੱਡਲ਼ਾ..! ਸਬੰਬਰ..! ਸਬੰਬਰ..!!’ ਧੂਤੂ ਨੇ ਉਸ ਦੀ ਧੌਣ ‘ਤੇ ਧੱਫ਼ੀ ਜਿਹੀ ਮਾਰੀ।
-‘ਉਹ ਕੀ ਹੁੰਦੈ..?’ ਗੱਲ ਅਮਲੀ ਦੇ ਸਿਰ ਉਪਰੋਂ ਰਾਕਟ ਵਾਂਗ ਲੰਘ ਗਈ।
-‘ਉਹ ਹੁੰਦੈ, ਜਦੋਂ ਵੱਡੇ ਲੋਕ, ਰਾਜੇ-ਮਹਾਰਾਜੇ ਕੁੜੀਆਂ ਦਾ ਬਿਆਹ ਕਰਦੇ ਐ, ਤਾਂ ਸਵੰਬਰ ਰਚਾਉਂਦੇ ਐ ਚਾਚਾ…!’ ਇੱਕ ਪਾਸੇ ਤਖ਼ਤਪੋਸ਼ ‘ਤੇ ਬੈਠਾ ਪਾੜ੍ਹਾ ਬੋਲਿਆ।
-‘ਬੜੇ ਘਤਿੱਤੀ ਐ ਬਈ ਫ਼ੇਰ ਤਾਂ..!
-‘ਉਏ ਛੋਛੇ ਕਰਦੇ ਐ, ਛੋਛੇ..! ਨਛੀਬ ਹੁੰਦੀਐਂ, ਤਾਂ ਛੋਛੇ ਕਰਦੇ ਐ..! ਛਿਆਣੇ ਕਹਿੰਦੇ ਨੀ..? ਬਈ ਜੀਹਦੇ ਘਰੇ ਦਾਣੇ, ਓਹਦੇ ਕਮਲ਼ੇ ਵੀ ਛਿਆਣੇ..! ਜੇ ਰੱਬ ਇਕ ਅੱਧੀ ਛਾਨੂੰ ਬਗਛ ਦਿੰਦਾ, ਮੈਂ ਤਾਂ ਛੈਂਕਲ ‘ਤੇ ਬਿਠਾ ਕੇ ਈ ਲੈ ਆਉਂਦਾ..! ਪਰ ਖ਼ਛਮਾਂ ਨੂੰ ਖਾਣੇ ਨੇ ਬਿਆਹ ਆਲ਼ੀ ਲੀਕ ਈ ਨ੍ਹੀ ਵਾਹੀ ਛਾਡੀ ਕਿਛਮਤ ‘ਚ..! ਛਾਡੇ ਵਾਰੀ ਪਤਾ ਨ੍ਹੀ ਪਤੰਦਰ ਨੂੰ ਕੀ ਮਰੋੜੇ ਲੱਗੇ ਵੇ ਹੀ, ਪੱਟ ਹੋਣੇ ਲੋਕ ਦੋ-ਦੋ ਲਈ ਬੈਠੇ ਐ…!’
-‘ਕੀ ਗੱਲਾਂ ਚੱਲ ਰਹੀਐਂ..?’ ਦੂਰੋਂ ਆਉਂਦੇ ਸੁੱਚੇ ਨੇ ਆਪਣਾ ਚਾਦਰਾ ਗੋਡਿਆਂ ਦੇ ਸੰਨ੍ਹ ਵਿਚ ਲੈਂਦਿਆਂ ਪੁੱਛਿਆ। ਤੁਰਦੇ ਦੇ ਉਸ ਦੇ ਹੱਡਾਂ ਦੇ ਜੜਾਕੇ ਪੈਂਦੇ ਸਨ।
-‘ਤੇਰੇ ਸਵੰਬਰ ਰਚਾਉਣ ਦੀਆਂ ਸਕੀਮਾਂ ਕਰਦੇ ਐਂ…!’ ਪਾੜ੍ਹੇ ਨੇ ਉੱਤਰ ਦਿੱਤਾ।
-‘ਕੀ ਰਚਾਉਣ ਦੀਆਂ..?’
-‘ਤੇਰੇ ਵਿਆਹ ਦੀਆਂ, ਚਾਚਾ..!’
-‘ਤੇਰੇ ਮੂੰਹ ਘਿਉ ਸ਼ੱਕਰ ਉਏ ਜਿਉਣ ਜੋਕਰਿਆ…! ਸਦਕੇ ਜਾਵਾਂ ਤੇਰੇ…! ਗੱਲ ਸੁਣ ਕੇ ਮੈਂ ਤਾਂ ਡਰ ਈ ਗਿਆ ਸੀ..!’
-‘ਕਿਉਂ ਚਾਚਾ..? ਡਰ ਕਾਹਤੋਂ ਗਿਆ ਸੀ..?’
-‘ਮੈਂ ਸੋਚਿਆ ਕਿਤੇ ਕੰਜਰ ਮੇਰੇ ਦਾਹ-ਛਛਕਾਰ ਦੀਆਂ ਤਿਆਰੀਆਂ ਕਰਦੇ ਐ…!’ ਸੁੱਚਾ ਹਲਕਾ ਜਿਹਾ ਹੋ ਕੇ ਬੋਲਿਆ।
ਹਾਸੜ ਮੱਚ ਗਈ।
-‘ਲੈ ਬਈ ਅਮਲੀਓ..! ਥੋਨੂੰ ਕੁਛ ਨਾ ਕੁਛ ਜ਼ਰੂਰ ਕਰਨਾ ਚਾਹੀਦੈ..! ਜੇ ਚੱਲੋਂਗੇ, ਤਾਂ ਹੀ ਪਹੁੰਚੋਂਗੇ..! ਨਹੀਂ ਬੈਠਿਆਂ-ਬਿਠਾਇਆਂ ਥੋਨੂੰ ਕੁਛ ਨੀ ਮਿਲਣਾ…! ਛੜੇ ਈ ਮਰਜੋਂਗੇ..!’
-‘ਕੀ ਕਰੀਏ..? ਨਾ ਕੋਈ ਬੱਸ ਚੱਲਦੈ, ਤੇ ਨਾ ਕਿਤੇ ਹੱਥ ਅੜਦੈ, ਤੀਮੀਂ ਤਾਂ ਸਾਡੇ ਕੋਲ਼ੋਂ ਫ਼ਰਲਾਂਗ ਦੀ ਵਿੱਥ ਪਾ ਕੇ ਲੰਘਦੀ ਐ..! ਅਸੀਂ ਤਾਂ ਕੋਹੜ੍ਹੀਆਂ ਨਾਲੋਂ ਭੈੜ੍ਹੇ ਹੋਏ ਪਏ ਐਂ..!’
-‘ਚਾਚਾ, ਤੁਸੀਂ ਕਰੋ ਹਿੰਮਤ..! ਤੁਸੀਂ ਇੱਕ ਅੱਧੇ ਅਮਲੀ ਦਾ ਸਵੰਬਰ ਰਚਾਓ, ਮੱਦਦ ਥੋਡੀ ਮੈਂ ਕਰੂੰ..!’ ਪਾੜ੍ਹੇ ਨੇ ਹਿੱਕ ਥਾਪੜ ਦਿੱਤੀ।
-‘ਹੁਣ ਤੱਕ ਤਾਂ ਕੀਤੀ ਨ੍ਹੀ..! ਮੂੰਹ ‘ਤੇ ਤਾਂ ਸਾਡੇ ਪੈਂਤੀ ਵੱਜੇ ਪਏ ਐ, ਹੁਣ ਐਸ ਉਮਰ ‘ਚ ਸਤੰਬਰ ਰਚਾਉਂਦੇ ਚੰਗੇ ਲੱਗਾਂਗੇ…?’ ਸੱਘੇ ਦਾ ਕਾਲਜਾ ਡੋਲਿਆ।
-‘ਚੰਗੇ ਲੱਗਣ ਨੂੰ ਅੱਗੇ ਕਿਹੜਾ ਆਪਾਂ ਨੂੰ ਸਿਰੋਪੇ ਪੈਂਦੇ ਆ..? ਤੁਸੀਂ ਸਤੰਬਰ ਕਰਾਉਣ ਆਲੇ ਬਣੋ…। ਮਸਾਂ ਰੇੜ੍ਹਾ ਰਾਹ ‘ਤੇ ਆਉਣ ਲੱਗਿਐ…।’
-‘ਸਤੰਬਰ ਨ੍ਹੀ ਚਾਚਾ, ਸਵੰਬਰ ਹੁੰਦੈ…!’
-‘ਚੱਲ ਕੁਛ ਹੋਇਆ, ਕਰਨਾ ਤਾਂ ਕੁੱਤ-ਪੌਅ ਈ ਐ…!’
-‘ਚਲੋ, ਦੇਰ ਆਏ ਦਰੁਸਤ ਆਏ..! ਜੋ ਕੰਮ ਪਹਿਲਾਂ ਨਹੀਂ ਹੋ ਸਕਿਆ, ਉਹ ਹੁਣ ਕਰ ਲਓ…!’
-‘ਸਾਰਿਆਂ ਦਾ ਕਿਵੇਂ ਹੋਊ..?’ ਸੁੱਚੇ ਨੂੰ ਸਹੇ ਨਾਲੋਂ ਪਹੇ ਦਾ ਡਰ ਪੈ ਗਿਆ।
-‘ਅਜੇ ਇੱਕ ਦਾ ਰਚਾ ਕੇ ਦੇਖ ਲਓ, ਬਾਕੀਆਂ ਦਾ ਬੰਦੋਬਸਤ ਫ਼ੇਰ ਕਰਲਾਂਗੇ…!’
ਖ਼ੈਰ, ਸਕੀਮ ਬਣ ਗਈ। ਅਮਲੀ ਵੀ ਸਹਿਮਤ ਹੋ ਗਏ। ਸੱਘੇ ਨੂੰ ਨਹਾਉਣ ਦੀ ਤਿਆਰੀ ਹੋ ਗਈ, ‘ਕੰਜਰ ਤਿੰਨ ਮਹੀਨਿਆਂ ਤੋਂ ਨ੍ਹਾਤਾ ਨ੍ਹੀ, ਇਹਨੂੰ ਮਲ-ਮਲ ਕੇ ਨੁਹਾਓ ਪਹਿਲਾਂ…! ਇਹਦੇ ਕੋਲੇ ਤਾਂ ਸਾਲਾ ਕੋਈ ਕੁੱਤਾ ਨੀ ਬਹਿੰਦਾ, ਤੀਮੀ ਕੀ ਬੈਠੂ..? ਜਦੋਂ ਸਾਲੇ ‘ਚੋਂ ਭੈੜ੍ਹਾ ਜਿਆ ਮੁਛਕ ਆਇਆ, ਅਗਲੀ ਤਾਂ ਸੁੰਘ ਕੇ ਈ ਪੱਤੇ ਤੋੜ’ਜੂ..!’ ਧੂਤੂ ਨੇ ਆਖਿਆ।
-‘ਨਹਾਉਣ ‘ਤੋਂ ਪਹਿਲਾਂ ਮੇਰੇ ਗੋਲੀ ਮਾਰ ਦਿਓ, ਖਸਮੋਂ..!’ ਸੱਘਾ ਪਿੱਟਿਆ। ਉਹ ਨਹਾਉਣ ‘ਤੋਂ ਤੀਰ ਵਾਂਗ ਚੱਲਦਾ ਸੀ।
-‘ਨਾਲ਼ੇ ਸਾਲੇ ਦਾ ਸਤੰਬਰ ਬਣਾਉਨੇ ਐਂ, ਨਾਲੇ ਹੁਣ ਸਾਲਾ ਨ੍ਹਾਉਣ ਤੋਂ ਵੀ ਭੱਜਦੈ..!’
-‘ਗਧੇ ਨੂੰ ਦਿੰਦੇ ਸੀ ਨੂਣ, ਕਹਿੰਦਾ ਮੇਰੇ ਕੰਨ ਪਾੜਦੇ ਐ..! ਚੱਲ ਖੜ੍ਹਾ ਹੋ..!’ ਧੂਹ ਕੇ ਅਮਲੀ ਯੂਨੀਅਨ ਉਸ ਨੂੰ ਪਸ਼ੂਆਂ ਵਾਲੇ ਵਾੜੇ ਲੈ ਗਈ ਅਤੇ ਪਿੱਟਦੇ ਕੁਰਲਾਉਂਦੇ ਅਮਲੀ ਨੂੰ ਮਲ-ਮਲ ਸਾਬਣ ਨਾਲ ਨਹਾਉਣਾ ਸ਼ੁਰੂ ਕਰ ਦਿੱਤਾ। ਕੋਈ ਝਾਵਾਂ ਲੈ ਕੇ ਅਮਲੀ ਦੇ ਗਿੱਟੇ ਰਗੜ ਰਿਹਾ ਸੀ ਅਤੇ ਕੋਈ ਕੂਹਣੀਆਂ! ਪਰ ਅਮਲੀ, ‘ਓਏ ਮੇਰੇ ਕੁਤਕੁਤੀਆਂ ਨਾ ਕੱਢੋ..!’ ਦਾ ਰਾਗ ਅਲਾਪ ਰਿਹਾ ਸੀ।
-‘ਉਏ ਆਹ ਹੇਠੋਂ ਘਸਮੈਲ਼ਾ ਜਿਆ ਕੀ ਨਿਕਲ਼ਦਾ ਆਉਂਦੈ..?’ ਅਮਲੀ ਦੀ ਮੈਲ਼ ਥੱਲਿਓਂ ਉਨ੍ਹਾਂ ਨੂੰ ਕੁਝ ਨਜ਼ਰੀਂ ਪਿਆ।
-‘ਉਏ ਕੰਜਰ ਦਿਓ, ਇਹ ਤਾਂ ਬਨੈਣ ਐਂ…! ਸਾਲਾ ਨ੍ਹਾਤਾ ਚਾਨਣੀ ਦਿਵਾਲੀ ਦਾ ਹੋਊ..! ਪਤਾ ਨ੍ਹੀ ਕਦੋਂ ਦਾ ਪਾਈ ਫ਼ਿਰਦੈ..!’ ਜੂਪੇ ਕਾਣੇ ਨੇ ਖਿੱਚ ਕੇ ਅਮਲੀ ਦੀ ਬੁਨੈਣ ਲਾਹੁੰਦਿਆਂ ਕਿਹਾ, ‘ਦੇਖ ਸਾਲੇ ਨੂੰ ਬਨੈਣ ਪਾਈ ਦਾ ਵੀ ਪਤਾ ਨ੍ਹੀ ਚੱਲਿਆ..! ਕਿੱਡਾ ਦਲਿੱਦਰੀ ਐ..!’
-‘ਤੂੰ ਤਾਂ ਮੈਂ ਕਹਿੰਨੈ ਨਿੱਤ ਪੰਜ ਛਨਾਨਾ ਕਰਦਾ ਹੋਵੇਂਗਾ..? ਮੇਰੇ ਮੂੰਹੋਂ ਕੁਛ ਹੋਰ ਨਿਕਲ ਚੱਲਿਆ ਸੀ..!’
-‘ਸਤੰਬਰ ਤੇਰਾ ਮਨਾਉਣ ਲੱਗੇ ਐਂ, ਮੇਰਾ ਨ੍ਹੀ, ਸਾਲਾ ਮਲੰਗ..!’
-‘ਉਏ ਖਸਮੋਂ ਮੈਨੂੰ ਤਾਂ ਕਾਂਬਾ ਲੱਗਣ ਲੱਗ ਪਿਆ, ਭੋਰਾ ਮਾਵਾ ਦਿਓ..!’ ਅਮਲੀ ਦੇ ਦੰਦ ਟੋਕੇ ਵਾਲ਼ੀ ਮਸ਼ੀਨ ਵਾਂਗ ਵੱਜੀ ਜਾ ਰਹੇ ਸਨ।
-‘ਸਾਲਿਆ ਕਾਂਬਾ ਲੱਗਣਾ ਈ ਸੀ..! ਰਜਾਈ ਦੇ ਭਾਰ ਜਿੰਨੀ ਤਾਂ ਤੇਰੇ
‘ਤੋਂ ਮੈਲ ਲਾਹ’ਤੀ, ਜੇ ਕਾਂਬਾ ਨਾ ਲੱਗੇ ਤਾਂ ਕੀ ਸੁਆਹ ਕਰੇ..?’
ਅਮਲੀ ਯੂਨੀਅਨ ਨੇ ਅਮਲੀ ਨੂੰ ਨੁਹਾ-ਧੁਆ ਕੇ ਰੰਦੇ ਬਾਲੇ ਵਰਗਾ ਕੱਢ ਲਿਆ। ਸਰ੍ਹੋਂ ਦਾ ਤੇਲ ਲਾ ਕੇ ਅਮਲੀ ਚੋਪੜੇ ਸਿੰਗਾਂ ਵਾਲੀ ਮੱਝ ਵਾਂਗ ਲਿਸ਼ਕਣ ਲੱਗ ਪਿਆ।
-‘ਇੱਕ ਵਾਰੀ ਤਾਂ ਕੰਜਰ ਚਲਕੋਰ ਮਾਰਨ ਲੱਗ ਪਿਆ…!’
-‘ਕਿਸੇ ਨੂੰ ਧੁਣਖ਼ਵਾਅ ਨਾ ਕਰਦੇ…!’ ਸਾਰੇ ਹੱਸ ਪਏ।
ਪਟੜੀ ਫ਼ੇਰ ਸਾਰੇ ਅਮਲੀਆਂ ਨੂੰ ਅਮਲੀ ਦੇ ਸਵੰਬਰ ਬਾਰੇ ‘ਢੰਡੋਰਾ’ ਪਿਟਵਾ ਦਿੱਤਾ ਅਤੇ ਛੱਡੀਆਂ-ਛੁਡਾਈਆਂ, ਅੱਧਖੜ੍ਹ ਵਿਧਵਾ ਬੀਬੀਆਂ ਨੂੰ ਵੀ ਕਨਸੋਅ ਕਰ ਦਿੱਤੀ ਗਈ।
ਅਮਲੀ ਦੇ ਐਡਰੈੱਸ ‘ਤੇ 25-25 ਪੈਸੇ ਦੇ ‘ਦੇਸੀ’ ਕਾਰਡ ਆਉਣ ਲੱਗ ਪਏ। ਜਦ ਡਾਕੀਆ ਕਾਰਡ ਦੇਣ ਆਇਆ ਕਰੇ ਤਾਂ ਅਮਲੀ ਬੇਪ੍ਰਵਾਹ ਹੋਇਆ ਆਖ ਦਿਆ ਕਰੇ, ‘ਇਹ ‘ਕਾਟ’ ਮੇਰਾ ਨ੍ਹੀ, ਕਿਸੇ ਦਾ ਹੋਰ ਹੋਣੈਂ ਭਾਈ..! ਮੈਨੂੰ ਤਾਂ ਸਾਰੀ ਉਮਰ ਕੁਰਕੀ ਦੇ ਕਾਗਤਾਂ ਤੋਂ ਬਿਨਾਂ ਕਿਸੇ ਕੰਜਰ ਦੀ ਚਿੱਠੀ ਨ੍ਹੀ ਆਈ…!’
ਪਰ ਪਾੜ੍ਹਾ ਕਾਰਡ ਪੜ੍ਹ ਕੇ ਅਮਲੀ ਦੀਆਂ ਬਣਨ ਵਾਲ਼ੀਆਂ ‘ਪਤਨੀਆਂ’ ਲਈ ਸਮਾਂ ‘ਮੁਕੱਰਰ’ ਕਰਨ ਲੱਗ ਪਿਆ।
ਸਭ ਤੋਂ ਪਹਿਲਾਂ ਵਾਰੀ ਆਈ ਚੇਤੋ ਦੀ। ਚੇਤੋ ਨੂੰ ਆਪਣੇ ਘਰ ਆਈ ਦੇਖ ਕੇ ਅਮਲੀ ਕੱਟਰੂ ਵਾਂਗ ਧੁਰਲੀ ਜਿਹੀ ਮਾਰ ਕੇ ਮੰਜੀ ‘ਤੋਂ ਉਠਿਆ। ਪਰ ਪਾੜ੍ਹੇ ਨੇ ਫ਼ੜ ਕੇ ਬਿਠਾ ਲਿਆ, ‘ਸ਼ਾਂਤੀ..! ਸ਼ਾਂਤੀ ਚਾਚਾ..! ਸ਼ਾਂਤੀ..!’
-‘ਨਾਂ ਬੜਾ ਹਾਲ੍ਹੇ ਦੈ ਬਈ..? ਸ਼ਾਂਤੀ…! ਹਾਏ ਸ਼ਾਂਤੀ..! ਮੈਨੂੰ ਤਾਂ ਇਹੀ ਮਨਜੂਰ ਐ..! ਕੀੜੀ ਲਈ ਠੂਠਾ ਈ ਦਰਿਆ ਐ ਭਾਈ ਪਾੜ੍ਹਿਆ..!’ ਅਮਲੀ ਦੇ ਮਨ ਨੂੰ ਵੀ ‘ਸ਼ਾਂਤੀ’ ਆ ਗਈ ਸੀ।
-‘ਇਹਦਾ ਨਾਂ ਸ਼ਾਂਤੀ ਨੀ ਪਤੰਦਰਾ..! ਮੈਂ ਤਾਂ ਤੈਨੂੰ ਸ਼ਾਂਤੀ ਰੱਖਣ ਵਾਸਤੇ ਹੱਥ ਜੋੜਦੈਂ..! ਤੂੰ ਜਰੈਂਦ ਕਰ, ਅਜੇ ਹੋਰ ਬਹੁਤ ਆਉਣਗੀਆਂ, ਤੂੰ ਆਪਦੇ ਕੁੱਤੇ ਜੇ ਫ਼ੇਲ੍ਹ ਨਾ ਕਰ..!’ ‘ਹੋਰ’ ਸੁਣ ਕੇ ਅਮਲੀ ਦੀ ਧਰਨ ਟਿਕਾਣੇ ਆ ਗਈ ਅਤੇ ਉਹ ਸਾਊ ਬਲ਼ਦ ਵਾਂਗ ਮੰਜੀ ‘ਤੇ ਫ਼ਿਰ ਬਿਰਾਜ ਗਿਆ, ‘ਬਾਹਲ਼ੀਆਂ ਤੋਂ ਵੀ ਕੀ ਕਰਾਉਣੈ..? ਇੱਕੋ ਈ ਸੌ ਅਰਗੀ ਸੀ..!’ ਉਸ ਨੇ ਸੋਚਿਆ।
ਪਾੜ੍ਹੇ ਨੇ ਚੇਤੋ ਦੀ ‘ਇੰਟਰਵਿਊ’ ਕਰਨੀ ਸ਼ੁਰੂ ਕਰ ਦਿੱਤੀ।
-‘ਕੀ ਨਾਂ ਐਂ ਜੀ ਆਪਣਾ..?’
-‘ਵੇ ਭਾਈ, ਬੇਬੇ ਨੇ ਤਾਂ ਰੀਝ ਨਾਲ਼ ਹਰਚੇਤ ਕੁਰ ਰੱਖਿਆ ਸੀ, ਪਰ ਟੁੱਟ ਪੈਣੇ ਲੋਕਾਂ ਨੇ ਚੇਤੋ-ਚੇਤੋ ਈ ਆਖਣਾ ਸ਼ੁਰੂ ਕਰ’ਤਾ..! ਊਂ ਮੇਰਾ ਚੇਤਾ ਵੀ ਚੰਗੈ ਭਾਈ, ਸ਼ੈਂਤ ਇਸ ਕਰਕੇ ਮੈਨੂੰ ਚੇਤੋ ਦੱਸਦੇ ਹੋਣ…?’
-‘ਕਿੰਨੀ ਉਮਰ ਐ ਜੀ ਤੁਹਾਡੀ..?’ ਪਾੜ੍ਹਾ ਕਾਪੀ ‘ਤੇ ਪੈੱਨ ਚਲਾ ਰਿਹਾ ਸੀ।
-‘ਵੇ ਉਮਰ-ਅਮਰ ਦਾ ਤਾਂ ਭਾਈ ਮੈਨੂੰ ਪਤਾ ਨ੍ਹੀ, ਪਰ ਮੇਰੀ ਬੇਬੇ ਦੱਸਦੀ ਸੀ ਬਈ ਮੇਰਾ ਜਨਮ ਹੱਲੇ-ਗੁੱਲੇ ਵੇਲੇ ਦੈ..! ਜਦੋਂ ਮਾਰ-ਮਰਾਈ ਹੋਈ ਸੀ..! ਕਹਿੰਦੇ ਮੀਂਹ-ਮੂੰਹ ਵੀ ਬਾਹਵਾ ਪਏ ਸੀ ਓਸ ਵਰ੍ਹੇ…!’ ਚੇਤੋ ਨੇ ਤੁਰੰਤ ਉੱਤਰ ਮੋੜਿਆ।
-‘ਠੀਕ ਐ..! ਤੁਹਾਡਾ ਸਰੀਰ ਅਜੇ ਵੀ ਹੱਟਾ-ਕੱਟਾ ਪਿਐ, ਕੋਈ ਯੋਗਾ ਬਗੈਰਾ ਕਰਦੇ ਹੁੰਨੇ ਐਂ..?’
-‘ਵੇ ਮੈਂ ਜੋਗਾ ਕਿੱਥੇ ਕਰਨਾ ਸੀ, ਭਾਈ..? ਮੈਂ ਤਾਂ ‘ਕੱਲਾ ਬਖਤੌਰਾ ਈ ਕੀਤਾ ਸੀ, ਖੌਂਸੜੇ ‘ਤੋਂ ਡਰਦਾ ਘਰੋਂ ਭੱਜਿਆ, ਟੁੱਟ ਪੈਣਾਂ ਹੁਣ ਤੱਕ ਨ੍ਹੀ ਬਹੁੜਿਆ..! ਮੇਰੇ ਚਲਾਏ ਹਾਥੀ ਤਾਂ ਭਾਈ ਅਜੇ ਅਸਮਾਨੋਂ ਨ੍ਹੀ ਮੁੜੇ..! ਮੈਂ ਤਾਂ ਡੂਮਣੇ ਮਖਿਆਲ਼ ਤੋਂ ਵੀ ਭੈੜ੍ਹੀ ਐਂ…!’ ਚੇਤੋ ਦੇ ਦੱਸਣ ‘ਤੇ ਅਮਲੀ ਨੂੰ ਦੌਰਾ ਪੈਣ ਵਾਲਾ ਹੋ ਗਿਆ। ਪਰ ਪਾੜ੍ਹੇ ਦੇ ਗੁੱਝਾ ਗੋਡਾ ਦੱਬਣ ‘ਤੇ ਉਹ ਫ਼ਿਰ ਸੁਰਤ ਫ਼ੜ ਗਿਆ।
-‘ਘਰ ਦੇ ਕੰਮ ਕਾਰ ‘ਚ ਕਿੰਨੇ ਕੁ ਨਿਪੁੰਨ ਓਂ..?’
-‘ਵੇ ਪੁੰਨ-ਪੰਨ ਦਾ ਤਾਂ ਭਾਈ ਮੈਨੂੰ ਚੇਤਾ ਨ੍ਹੀ, ਪਰ ਤੂੰ ਇਉਂ ਦੇਖਲਾ, ਬਈ ਮੈਂ ਸਾਡੇ ਅੜਬ ਵਹਿੜਕੇ ਨੂੰ ਧੌਣੋਂ ਫ਼ੜ ਕੇ ਵਿਹੜੇ ‘ਚ ਸਿੱਟ ਲੈਨੀ ਆਂ, ਬੰਦਾ ਤਾਂ ਕਿਹੜੇ ਬਾਗ ਦੀ ਮੂਲ਼ੀ ਐ..? ਮੈਂ ਤਾਂ ਗੋਡਿਆਂ ਥੱਲੇ ਲੈ ਕੇ ਪੂਰੇ ਸੌ ਦੀ ਗਿਣਤੀ ਕਰਵਾਉਨੀ ਐਂ..! ਇੱਕ ਦਿਨ ਸਾਡੇ ਘਰੇ ਚੋਰ ਆ ਗਿਆ, ਮੇਰੇ ਘਰਆਲ਼ਾ ਤਾਂ ਊਂ ਸਤਮਾਂਹਾਂ ਜਿਐ, ਚੋਰ ਦੀ ਪੈੜ-ਚਾਲ ਸੁਣ ਕੇ ਮਿਰਗੀ ਆਲਿਆਂ ਮਾਂਗੂੰ ਡਰਦਾ ਈ ਛਾਪਲ ਗਿਆ…ਤੇ ਮੈਂ ਔਤਾਂ ਦੇ ਜਾਣੇ ਚੋਰ ਨੂੰ ਭੁਆਂਟਣੀ ਦੇ ਕੇ ਸਿੱਟ ਲਿਆ ਤੇ ਉਤੇ ਬਹਿਗੀ ਆਪ..! ਮੇਰੇ ਘਰਆਲਾ ਗਲ ਜਾਣਾ ਸਾਡੇ ਆਲੇ-ਦੁਆਲੇ ਗੇੜੇ ਕੱਢਦਾ ਭੱਜਿਆ ਫ਼ਿਰੇ…! ਹੋਰ ਤਾਂ ਉਹਨੂੰ ਕੁਛ ਸੁੱਝੇ ਨਾ, ਉਹ ਤਾਂ ਸਾਡੇ ਦੁਆਲੇ ਪਾਈ ਫ਼ਿਰੇ ਘੁਕਾਹਟ..! ਮੈਂ ਕਿਹਾ ਸਿਵਿਆਂ ਨੂੰ ਜਾਣਿਆਂ, ਗੇੜੇ ਜੇ ਕਾਹਨੂੰ ਕੱਢੀ ਜਾਨੈਂ…? ਤੂੰ ਔਤਰੀ ਪੁਲਸ ਨੂੰ ਬੁਲਾ ਕੇ ਲਿਆ, ਘਰਆਲਾ ਆਖੀ ਜਾਵੇ, ਅਖੇ ਮੈਨੂੰ ਚੱਪਲੀਆਂ ਨੀ ਲੱਭਦੀਆਂ..! ਤੇ ਚੋਰ ਔਖੇ ਜੇ ਸਾਹ ਲੈ ਕੇ ਕਹਿੰਦਾ, ਬਾਈ ਜੀ ਤੁਸੀਂ ਮੇਰੀਆਂ ਚੱਪਲੀਆਂ ਈ ਪਾ’ਜੋ, ਨਹੀਂ ਥੋਡੀ ਘਰਾਂਆਲੀ ਮੈਨੂੰ ਗੱਡੀ ਚਾੜ੍ਹਦੂਗੀ..! ਮੈਂ ਤਾਂ ਐਨੀ ਘੈਂਟ ਐਂ ਭਾਈ ਮੁੰਡਿਆ..!’
-‘ਪਾੜ੍ਹਿਆ..! ਆਹ ਸਤੰਬਰ ਤਾਂ ਮੈਨੂੰ ਖ਼ਤਰਨਾਕ ਲੱਗਦੈ..! ਇਹਦੇ ਕਾਰੇ ਤਾਂ ਮੈਨੂੰ ਭੀਮ ਸੈਨ ਆਲੇ ਲੱਗਦੇ ਐ..! ਕਿਤੇ ਮੇਰੀ ਅਰਦਾਸ ਨਾ ਕਰਵਾਉਣੀ ਪੈ’ਜੇ ਥੋਨੂੰ..?’ ਵਿਚ ਦੀ ਅਮਲੀ ਬੋਲਿਆ। ਚੇਤੋ ਦੀਆਂ ਗੱਲਾਂ ਸੁਣ-ਸੁਣ ਕੇ ਉਸ ਦੇ ਹੌਲ ਪਈ ਜਾ ਰਹੇ ਸਨ ਅਤੇ ਬਲੱਡ ਘਟਦਾ ਜਾ ਰਿਹਾ ਸੀ।
-‘ਤੂੰ ਚੁੱਪ ਕਰ, ਚਾਚਾ..!’ ਪਾੜ੍ਹੇ ਨੇ ਗੁੱਝਾ ਝਿੜਕਿਆ, ‘ਤੁਸੀਂ ਆਪਣੇ ਪਤੀ ਦੀ ਸੇਵਾ ਕਰਨ ਦੀ ਵੀ ਇੱਛਾ ਰੱਖਦੇ ਹੋਵੋਂਗੇ?’
-‘ਵੇ ਸੇਵਾ-ਸੂਵਾ ਦੀ ਸੁਣ ਲੈ ਭਾਈ..! ਜੇ ਤਾਂ ਰਿਹਾ ਚੰਗਾ, ਫ਼ੇਰ ਤਾਂ ਨਹਾਊਂ-ਧੁਆਊਂ ਵੀ, ਤੇ ਓਸ ਗੱਲ ਦੇ ਆਖਣ ਮਾਂਗੂੰ…!’
-‘ਪਾੜ੍ਹਿਆ ਇਹ ਵੀ ਨ੍ਹਾਉਣ ਧੋਣ ‘ਤੇ ਆਗੀ…!’ ਅਮਲੀ ਨੇ ਵਿਚ ਦੀ ਫ਼ਿਰ ਵਾਢ ਪਾਈ। ਨਹਾਉਣਾ ਉਸ ਲਈ ਮਰਨ ਬਰਾਬਰ ਸੀ।
-‘ਚਾਚਾ ਤੂੰ ਚੁੱਪ ਰਹਿ..! ਸਾਡਾ ਚਾਚਾ ਨ੍ਹਾਉਣ-ਧੋਣ ਤੋਂ ਚੱਲਦੈ…!’ ਪਾੜ੍ਹੇ ਨੇ ਹੱਸ ਕੇ ਕਿਹਾ।
-‘ਨ੍ਹਾਊ ਕਿਵੇਂ ਨ੍ਹੀ ਇਹ..? ਮੈਂ ਪੁਲਸ ਵਾਲਿਆਂ ਮਾਂਗੂੰ ਮੂਧਾ ਨਾ ਸਿੱਟਲੂੰ ਇਹਨੂੰ ਔਤਾਂ ਦੇ ਜਾਣੇ ਨੂੰ…! ਇਹ ਤਾਂ ਫ਼ਿਰੂ ਵਿਹੜੇ ‘ਚ ਹੋਲੀ ਖੇਡਦਾ…!’
-‘ਪਾੜ੍ਹਿਆ, ਮੈਂ ਤੈਨੂੰ ਕਿਹੈ ਬਈ ਇਹ ਸਤੰਬਰ ਖ਼ਤਰੇ ਆਲੈ..! ਕਿਤੇ ਮੇਰਾ ਨਾ ਗੁੱਗਾ ਪੂਜ ਦੇ…।’ ਅਮਲੀ ਪਰਾਲ ਹੋਇਆ ਪਿਆ ਸੀ।
-‘ਤੂੰ ਚੁੱਪ ਕਰਜਾ ਪਿਉ ਮੇਰਿਆ..! ਤੇਰੇ ਕਿਹੜਾ ਆਨੰਦ ਕਾਰਜ ਹੋਈ ਜਾਂਦੇ ਐ..?’ ਪਾੜ੍ਹੇ ਨੇ ਅਮਲੀ ਨੂੰ ਦੱਬਵੀਂ ਅਵਾਜ਼ ਨਾਲ਼ ਝਿੜਕ ਕੇ ਮੁਲਾਕਾਤ ਨੂੰ ਅੱਗੇ ਤੋਰਿਆ, ‘ਹਾਂ ਜੀ, ਤੁਹਾਡਾ ਪਿਛਲੇ ਵਿਆਹ ਦਾ ਕੋਈ ਚੰਗਾ ਤਜ਼ਰਬਾ..?’
-‘ਕੋਈ ਬਹੁਤਾ ਚੰਗਾ ਨ੍ਹੀ ਭਾਈ..! ਇੱਕ ਆਰੀ ਮੇਰੇ ਆਲ਼ਾ ਬਖ਼ਤੌਰਾ ਪੀ ਕੇ ਆ ਗਿਆ, ਤੇ ਜਦੋਂ ਉਹ ਪੀ ਕੇ ਆ ਜਾਂਦਾ ਸੀ ਤਾਂ ਮੈਨੂੰ ਉਹਦਾ ਬੜਾ ਮੋਹ ਆਉਂਦਾ ਸੀ…! ਜਾਣੀਦੀ ਦਿਲ ਕਰਦਾ ਸੀ ਬੁੱਕਲ਼ ‘ਚ ਬਿਠਾ ਕੇ ਲੋਰੀਆਂ ਦੇਵਾਂ…। ਜਾਣੀਦੀ ਬਾਹਲ਼ਾ ਈ ਮੋਹ ਜਿਆ ਆਉਂਦਾ ਸੀ ਉਹਦਾ…।’
-’ਆਉਣਾ ਹੀ ਹੋਇਆ..! ਪੀ ਕੇ ਬੰਦਾ ਊਂ ਈ ਸੋਲਾਂ ਕਲਾਂ ਸੰਪੂਰਨ ਹੋ ਜਾਂਦੈ..!’ ਅਮਲੀ ਫ਼ੇਰ ਬੋਲ ਪਿਆ।
-‘ਤੇ ਭਾਈ ਉਹ ਤਾਂ ਪੀ ਕੇ ਬਣਨ ਲੱਗ ਪਿਆ ਮੇਰੇ ‘ਤੇ ਜੱਜ..! ਤੇ ਲੱਗਿਆ ਹਾਅਤ-ਹੂਤ ਕਰਨ..! ਕਦੇ ਬੱਕਰੇ ਜੇ ਬੁਲਾਉਣ ਲੱਗ’ਜੇ, ਤੇ ਕਦੇ ਗਧੇ ਮਾਂਗੂੰ ਫ਼ਰਾਟਾ ਜਿਆ ਮਾਰਿਆ ਕਰੇ..!’
-‘ਫ਼ੇਰ..?’
-‘ਫ਼ੇਰ ਕੀ..? ਮੈਂ ਉਹਦੇ ਕਿਹੜਾ ਸਿੰਗ ਚੋਪੜਨੇ ਸੀ? ਮੈਂ ਫ਼ੜ ਕੇ ਸਿੱਟ ਲਿਆ ਕੱਟੇ ਆਲੀ ਖੁਰਨੀ ‘ਚ..! ..ਤੇ ਮਾਰ-ਮਾਰ ਕੂਹਣੀਆਂ ਉਪਰਲੀ ਸਾਰੀ ਦੰਦਬੀੜ੍ਹ ਤੋੜ’ਤੀ, ਘਰੋਂ ਭੱਜਣ ਤੱਕ ਬਲਦ ਮਾਂਗੂੰ ਹੇਠਲੀ ਦੰਦਬੀੜ੍ਹ ਨਾਲ ਈ ਲੰਗਰ ਝੁਲਸਦਾ ਰਿਹੈ…!’ ਆਖ ਕੇ ਚੇਤੋ ਕਮਲਿਆਂ ਵਾਂਗ ਹੱਸੀ।
-‘ਪਾੜ੍ਹਿਆ, ਤੂੰ ਕਿਸੇ ਨੂੰ ਹੋਰ ਚਿੱਠੀ-ਚਪੱਠੀ ਪਾ..! ਇਹਨੂੰ ਚਾਹ-ਚੂਹ ਪਿਆ ਕੇ ਘਰੋਂ ਤੋਰ, ਇਹ ਤਾਂ ਬਾਹਲ਼ੀ ਮਾਰਨਖੰਡੀ ਲੱਗਦੀ ਐ…!’ ਚੇਤੋ ਦੀਆਂ ‘ਪ੍ਰਾਪਤੀਆਂ’ ਸੁਣ ਸੁਣ ਕੇ ਅਮਲੀ ਦੇ ਦੰਦ ਜੁੜਦੇ ਜਾ ਰਹੇ ਸਨ।
ਅਗਲੇ ਦਿਨ ਵਾਰੀ ਆਈ ਜੰਗ ਕੌਰ ਦੀ!
-‘ਥੋਡਾ ਨਾਂ ਬੜਾ ਖਾੜਕੂ ਐ ਜੰਗ ਕੌਰ ਜੀ…?’ ਪਾੜ੍ਹੇ ਨੇ ਗੱਲ ਸ਼ੁਰੂ ਕੀਤੀ।
-‘ਮਾੜੇ ਧੀੜੇ ਨਾਂ ਨਾਲ ਭਾਈ ਬੰਦੇ ਸੂਤ ਨ੍ਹੀ ਆਉਂਦੇ ਤੇ ਨਾ ਅੱਗ ਲੱਗੜੀ ਦੁਨੀਆਂ ਜਿਉਣ ਦਿੰਦੀ ਐ…! ਨਾਂ ਤਾਂ ਮੇਰਾ ਸੁਖਚੈਨ ਕੁਰ ਸੀ, ਪਰ ਭਾਈ ਹਾਲਾਤਾਂ ਨੇ ਜੰਗ ਕੁਰ ਬਣਾ’ਤੀ…!’
-‘ਰੋਟੀ-ਰਾਟੀ-?’
-‘ਮੈਂ ਤਾਂ ਰੋਟੀ ਵੀ ਪਕਾਊਂ ਤੇ ਦਾਲ-ਸਬਜ਼ੀ ਵੀ ਬਣਾਊਂ..! ਖੀਰ ਵੀ ਬਣਾਊਂ ਤੇ ਪ੍ਰਛਾਦ ਵੀ ਛਕਾਊਂ…। …ਤੇ ਜੇ ਖ਼ਸਮਾਂ ਨੂੰ ਖਾਣਾ ਪੀ ਕੇ ਕਹੂ ਮੈਨੂੰ ਬੋਤਲ ‘ਚੋਂ ਆਬਦੇ ਹੱਥ ਨਾਲ ‘ਪੇਕ’ ਪਾ ਕੇ ਦੇਹ, ਫ਼ੇਰ ਭਾਈ ਓਸ ਗੱਲ ਦੇ ਆਖਣ ਮਾਂਗੂੰ ਬੰਦੇ ਦਾ ਪੁੱਤ ਵੀ ਬਣਾਊਂ…!’
-‘ਤੁਸੀਂ ਸੁਭਾਅ ਦੇ ਬਹੁਤ ਕੌੜ ਲੱਗਦੇ ਓ…?’
-‘ਵੇ ਮੇਰੇ ਅਰਗੀ ਸੁਭਾਅ ਦੀ ਕੂੰਨੀ ਤਾਂ ਤੈਨੂੰ ਦਿਨੇ ਦੀਵਾ ਲੈ ਕੇ ਨ੍ਹੀ ਲੱਭਣੀ..! ਮੈਂ ਤਾਂ ਆਬਦੇ ਘਰਆਲੇ ਨੂੰ ਡੋਡੇ ਪੀਸ ਪੀਸ ਪਿਆਉਂਦੀ ਰਹੀ ਐਂ..!’
-‘ਫ਼ੇਰ ਤਾਂ ਸਿਆਣੀ ਐਂ ਬਈ ਪਾੜ੍ਹਿਆ..! ਸਦਕੇ ਜਾਵਾਂ..!’ ਅਮਲੀ ਖ਼ੁਸ਼ ਹੋ ਗਿਆ।
-‘ਉਨ੍ਹਾਂ ਦੀ ਮੌਤ ਕਿਵੇਂ ਹੋਈ..?’ ਪਾੜ੍ਹੇ ਨੇ ਕੁਝ ਪੜ੍ਹਦਿਆਂ ਪੁੱਛਿਆ।
-‘ਵੇ ਭਾਈ..! ਇੱਕ ਦਿਨ ਉਹਦਾ ਸਰੀਰ ਮਾੜੇ ਇੰਜਣ ਮਾਂਗੂੰ ਟੱਸ ਜੀ ਨਾ ਫ਼ੜੇ..! ਮੰਜੀ ‘ਤੇ ਬੈਠਾ ਧੂੰਆਂ ਜਿਆ ਮਾਰੀ ਜਾਵੇ..! ਮੈਂ ਉਹਨੂੰ ਦੋ ਤਿੰਨ ਡੋਡਿਆਂ ਦੇ ਗਿਲਾਸ ਉਬਾਲ਼ ਕੇ ਪਿਆ’ਤੇ, ਬਈ ਕੀ ਆ ਮੋਸ਼ਨ੍ਹ ਈ ਫੜ’ਲੇ..! ਪਰ ਕਾਹਨੂੰ, ਜਿਹੜੇ ਲਾਹੌਰ ਨਿਕੰਮੇ, ਓਹ ਅੰਬਰਸਰ ਵੀ ਨਿਕੰਮੇ..! ਤਿੰਨ ਗਿਲਾਸ ਪੀ ਕੇ ਉਹ ਤਾਂ ਫ਼ੇਰ ਮਾਊਂ ਮਾਂਗੂੰ ਅੱਖਾਂ ਜੀਆਂ ਮੀਚੀ ਜਾਵੇ…! ਮੈਂ ਆ ਦੇਖਿਆ ਨਾ ਤਾਅ, ਅਧੀਆ ਦਾਰੂ ਦਾ ਅੰਦਰ ਮਾਰਿਆ, ਜਿਵੇਂ ਗਧੇ ਨੂੰ ਧੱਕੇ ਨਾਲ਼ ਮੂੰਹ ਪੱਟ ਕੇ ਦਿੰਦੇ ਐ..! ਖਸਮਾਂ ਨੂੰ ਖਾਣੇ ਨਸ਼ੇ ਦੀ ਐਹੋ ਜੀ ਪੁੱਠ ਚੜ੍ਹੀ, ਉਹ ਤਾਂ ਉਠ ਕੇ ਲੱਗ ਪਿਆ ਮੈਨੂੰ ਗੁੜ ਮਾਂਗੂੰ ਭੰਨਣ…! ਕੁੱਟ ਕੇ ਉਹਨੇ ਤਾਂ ਬਣਾ’ਤੀ ਮੇਰੀ ਗਿੱਦੜਪੀੜ੍ਹੀ..! ਮੇਰੇ ਤਾਂ ਪਾਅ’ਤੇ ਓਹਨੇ ਰੋਭੜੇ..! ..ਤੇ ਮੈਂ ਵੀ ਬਣਗੀ ਫ਼ੇਰ ਜੰਗ ਕੁਰ…! ਮੈਂ ਚੱਕਿਆ ਫ਼ੌਹੜਾ, ਤੇ ਪੁੜਪੜੀ ‘ਚ ਪਾਅਤਾ ਚਿੱਬ…! ਪੂਰਤਾ ਸੰਖ…! ਬੋਲਤੀ ਸੋ ਨਿਹਾਲ..! ਤੇ ਚੱਕ ਮੇਰੇ ਭਾਈ, ਉਹ ਤਾਂ ਮਾੜੇ ਬੋਤੇ ਮਾਂਗੂੰ ‘ਦਾਅੜ’ ਦੇਣੇ ਡਿੱਗਿਆ, ਤੇ ਮੁੜ ਨ੍ਹੀ ਉਠਿਆ…! ਪ੍ਰਲੋਕ ਸਿਧਾਰ ਗਿਆ…।’
-‘ਤੀਮੀਂ ਮੈਨੂੰ ਇਹ ਵੀ ਖੜੱਪਾ ਸੱਪ ਈ ਲੱਗਦੀ ਐ, ਪਾੜ੍ਹਿਆ…! ਸ਼ਿਵ ਜੀ ਮਹਾਰਾਜ ਆਲ਼ੇ ਵਰੰਟ ਨਾਲ਼ ਈ ਚੱਕੀ ਫ਼ਿਰਦੀ ਐ..! ਧਿਆਨ ਨਾਲ਼ ਮੇਰਾ ਬੀਰ…! ਮੇਰਾ ਸਤੰਬਰ ਬਣਾਉਂਦੇ ਬਣਾਉਂਦੇ ਕਿਤੇ ਮੇਰਾ ‘ਖੰਡ ਪਾਠ ਨਾ ਖੋਲ੍ਹਣਾਂ ਪਵੇ…? ਕਰਦੇ ਫ਼ਿਰੋਂਗੇ ਲੱਕੜਾਂ ਦਾ ਪ੍ਰਬੰਧ…!’ ਅਮਲੀ ਵਿਚ ਦੀ ਫ਼ਿਰ ਵਾਰੀ ਲੈ ਗਿਆ। ਉਹ ਸਹਿਮ ਨਾਲ਼ ਠੱਕੇ ਦੀ ਮਾਰੀ ਬੱਕਰੀ ਵਾਂਗ ‘ਕੱਠਾ ਜਿਹਾ ਹੋਇਆ, ਕੰਬੀ ਜਾ ਰਿਹਾ ਸੀ।
-‘ਤੂੰ ਚੁੱਪ ਵੀ ਕਰ ਚਾਚਾ..!’ ਪਾੜ੍ਹਾ ਅਮਲੀ ਨੂੰ ਖਿਝ ਕੇ ਪਿਆ।
-‘ਤੁਹਾਨੂੰ ਘਰਵਾਲ਼ੇ ਦੀ ਮੌਤ ਦਾ ਕੋਈ ਅਫ਼ਸੋਸ..?’ ਉਸ ਨੇ ਅਗਲਾ ਸੁਆਲ ਕੀਤਾ।
-‘ਵੇ ਤੁਰ ਗਿਆਂ ਦਾ ਕਾਹਦਾ ਮਸੋਸ ਭਾਈ…? ਜਦੋਂ ਥੇਹ ਹੋਣੇ ਨੇ ਉਹਨੇ ਨ੍ਹੀ ਪਿੱਛੇ ਮੁੜ ਕੇ ਦੇਖਿਆ, ਮੈਂ ਕਾਹਨੂੰ ਆਬਦੀ ਜਾਨ ਨੂੰ ਤੋੜਾਖੋਹੀ ਲਾਵਾਂ…? ਮੈਂ ਤਾਂ ਓਸ ਗੱਲ ਦੇ ਆਖਣ ਮਾਂਗੂੰ ਚੰਗਾ ਖਾਨੀ ਐਂ, ਤੇ ਟੀਟਣੇ ਕੱਢਦੀ ਐਂ..! ਜੇ ਉਹ ਮਰ ਗਿਆ, ਇੱਕ ਅੱਧਾ ਕਿਤੋਂ ਹੋਰ ਮਿਲਜੂ..! ਛੈਂਕਲ ਦਾ ਟੈਰ ਤੇ ਘਰਆਲ਼ਾ ਬਾਹਲਾ ਚਿਰ ਨੀ ਰੱਖਣੇ ਚਾਹੀਦੇ, ਦੁੱਖ ਈ ਦਿੰਦੇ ਐ ਗੜ੍ਹੀ ਦੇ ਜਾਣੇ..!’ ਉਸ ਨੇ ਬੜੇ ਮਜਾਜ ਨਾਲ ਕਿਹਾ ਅਤੇ ਫ਼ੇਰ ਉਚੀ-ਉਚੀ ਹੱਸੀ।
-‘ਚਲੋ ਠੀਕ ਐ ਜੰਗ ਕੌਰ ਜੀ..! ਸਾਡੇ ਕੋਲ਼ੇ ਅਜੇ ਹੋਰ ਵੀ ਉਮੀਦਵਾਰ ਹੈਗੀ ਐਂ..! ਅਸੀਂ ਤੁਹਾਨੂੰ ਚਿੱਠੀ ਪੱਤਰ ਪਾਵਾਂਗੇ..!’
-‘ਵੇ ਭਾਈ ਇੱਕ ਗੱਲ ਦੱਸ…?’
-‘ਪੁੱਛੋ…!’ ਪਾੜ੍ਹੇ ਨੇ ਕਾਪੀ ਬੰਦ ਕਰ ਲਈ।
-‘ਮੈਨੂੰ ਵਿਆਹ ਕਰਨ ਆਲਾ ਮੇਰਾ ਲਾੜਾ ਤਾਂ ਦਿਖਾਇਆ ਨ੍ਹੀ..! …ਕਿ ਬਿਆਹ ਕਰਵਾਉਣ ਆਲਾ ਤੂੰ ਈ ਐਂ…?’ ਜੰਗ ਕੌਰ ਪਾੜ੍ਹੇ ਦੇ ਸੁਨੱਖੇ ਮੂੰਹ ਵੱਲ ਕਿਸੇ ਅਰਮਾਨ ਨਾਲ ਝਾਕਦੀ ਬੋਲੀ। ਉਸ ਅੰਦਰ ਖ਼ੁਸ਼ੀ ਦੀਆਂ ਘੰਟੀਆਂ ਖੜਕੀ ਜਾ ਰਹੀਆਂ ਸਨ।
ਪਾੜ੍ਹਾ ਉੱਚੀ-ਉੱਚੀ ਹੱਸ ਪਿਆ।
-‘ਨਹੀਂ ਜੀ…! ਵਿਆਹ ਮੈਂ ਨਹੀਂ, ਐਹਨਾਂ ਨੇ ਕਰਵਾਉਣੈ..!’ ਉਸ ਨੇ ਭਿੱਜੇ ਪਠੋਰੇ ਵਾਂਗ ਮੁਰਕੜੀ ਜਿਹੀ ਮਾਰੀ ਬੈਠੇ ਅਮਲੀ ਵੱਲ ਹੱਥ ਕਰਕੇ ਦੱਸਿਆ। ਹੱਥ ਕਰਨ ‘ਤੇ ਅਮਲੀ ਨੇ ਠੂੰਹੇਂ ਵਰਗੀ ਮੁੱਛ ਨੂੰ ‘ਠੋਲ੍ਹਾ’ ਮਾਰਿਆ।
-‘ਐਹਨੇ..?’ ਉਸ ਨੇ ਅਮਲੀ ਵੱਲ ਦੇਖ ਕੇ ਨੱਕ ਚਾੜ੍ਹਿਆ।
-‘ਹਾਂ ਜੀ..!’ ਪਾੜ੍ਹਾ ਬੋਲਿਆ।
-‘ਵੇ ਇਹਦੇ ਮੂੰਹ ‘ਤੇ ਤਾਂ ਮੈਂ ਧੌੜੀ ਦੀ ਜੁੱਤੀ ਨੀ ਮਾਰਦੀ..!’ ਉਸ ਨੇ ਅਮਲੀ ਵੱਲ ਦੇਖ ਕੇ ਬੁੱਲ੍ਹ ਟੇਰੇ, ‘ਇਹ ਤਾਂ ਹੋਰ ਈ ਖੱਖਰ ਖਾਧਾ, ਜੁੱਬੜ ਜਿਐ..! ਵੇ ਮੇਰਾ ਤਾਂ ਕੋਈ ਮੂਤ ਨੀ ਉਲੰਘਦਾ, ਮੈਂ ਐਸ ਬਿੱਜੂ ਨਾਲ਼ ਬਿਆਹ ਕਰਵਾਊਂ..? ਇਹਦੇ ਨਾਲ ਬਿਆਹ ਕਰਵਾਉਂਦੀ ਐ ਮੇਰੀ ਜੁੱਤੀ..! ਖ਼ਸਮਾਂ ਨੂੰ ਖਾਣਾਂ ਕਿਵੇਂ ਝਾਕਦੈ, ਬੋਕ..!’ ਤੇ ਉਹ ‘ਦੰਮ-ਦੰਮ’ ਕਰਦੀ ਬਾਹਰ ਨਿਕਲ਼ ਗਈ।
ਪਾੜ੍ਹਾ ਠੱਗਿਆਂ ਵਾਂਗ ਝਾਕ ਰਿਹਾ ਸੀ।
ਅਮਲੀ ਦੇ ਜ਼ਿਹਨ ਵਿਚ ਭੰਬੂਤਾਰੇ ਨੱਚ ਰਹੇ ਸਨ।
-‘ਲੈ ਕਰਵਾ ਲਓ ਸਤੰਬਰ ਭੈਣ ਦੇ…ਮੇਰੇ ਮੂੰਹੋਂ ਹੋਰ ਕੁਛ ਨਿਕਲ ਚੱਲਿਆ ਸੀ…! ਅੱਗੇ ਪਿੰਡ ਦੀਆਂ ਭਰਜਾਈਆਂ ‘ਤੋਂ ਤੇਈਕਤ ਹੁੰਦੀ ਸੀ, ਹੁਣ ਸਾਲਿLਆਂ ਨੇ ਬਾਹਰਲੀਆਂ ਤੀਮੀਆਂ ਤੋਂ ਵੀ ਜੱਖਣਾਂ ਪਟਵਾਉਣੀ ਸ਼ੁਰੂ ਕਰ’ਤੀ, ਸਾਲ਼ੇ ਸਤੰਬਰ ਦੇ..! ਮੈਂ ਨੀ ਕਰਾਉਣਾ ਸਤੰਬਰ ਸਤੁੰਬਰ..!’
ਘੋਰ ਨਿਰਾਸ਼ ਹੋਇਆ ਅਮਲੀ ਸੱਥ ਵੱਲ ਨੂੰ ਤੁਰ ਪਿਆ।
ਨਹਾਤਾ ਹੋਣ ਕਾਰਨ ਉਸ ਦੀ ਠੰਢ ਅਜੇ ਤੱਕ ਨਹੀਂ ਉਤਰੀ ਸੀ।

ਜਅਗਗਕਿੁਸਸਅ@ੇਅਹੋੋ।ਦੲ