28 ਜੁਲਾਈ, 1986 ਨੂੰ ਦਿੱਲੀ ਵਿਚ ਪੈਦਾ ਹੋਈ ਹੁਮੈ ਕੁਰੈਸ਼ੀ ਨੇ ਸਾਲ 2012 ਵਿਚ ਆਈ ਫ਼ਿਲਮ ‘ਗੈਂਗਸ ਆਫ ਵਾਸੇਪੁਰ-1’ ਤੋਂ ਬਾਲੀਵੁੱਡ ਵਿਚ ਦਾਖ਼ਲਾ ਲਿਆ ਸੀ। ਇਸ ਤੋਂ ਬਾਅਦ ਉਸੇ ਸਾਲ ਇਸ ਫ਼ਿਲਮ ਦੇ ਅਗਲੇ ਹਿੱਸੇ ‘ਗੈਂਗਸ ਆਫ ਵਾਸੇਪੁਰ-2’ ਵਿਚ ਵੀ ਉਹ ਨਜ਼ਰ ਆਈ ਸੀ।
ਉਸ ਨੇ ‘ਏਕ ਥੀ ਡਾਇਨ’, ‘ਡੇਢ ਇਸ਼ਕੀਆ’, ‘ਬਦਲਾਪੁਰ’, ‘ਜਾਲੀ ਐਲ.ਐਲ.ਬੀ.-2’, ‘ਕਾਲਾ, ‘ਡਬਲ ਐਕਸਲ’, ‘ਮੌਨਿਕਾ ਓ ਮਾਈ ਡਾਰਲਿੰਗ’ ਅਤੇ ‘ਤਰਲਾ’ ਵਰਗੀਆਂ ਅਨੇਕ ਫ਼ਿਲਮਾਂ ਵਿਚ ਕੰਮ ਕਰਦੇ ਹੋਏ ਆਪਣੇ ਹੁਨਰ ਅਤੇ ਅਦਾਵਾਂ ਨਾਲ ਦਰਸ਼ਕਾਂ ਨੂੰ ਦੀਵਾਨਾ ਬਣਾਇਆ ਹੈ। ਹੁਮਾ ਕੁਰੈਸ਼ੀ ਨੇ ਗੁਰਿੰਦਰ ਚੱਢਾ ਦੀ ਭਾਰਤ ਤੇ ਪਾਕਿਸਤਾਨ ਵੰਡ ‘ਤੇ ਆਧਾਰਿਤ ਫ਼ਿਲਮ ‘ਵਾਇਸਰਾਏ ਹਾਊਸ’ (2017) ਹਾਲੀਵੁੱਡ ਵਿਚ ਡੈਬਿਊ ਕੀਤਾ ਸੀ। ਇਸ ਵਿਚ ਉਸ ਨੇ ਇਕ ਬੇਹੱਦ ਮਜ਼ਬੂਤ ਇਰਾਦਿਆਂ ਵਾਲੀ ਕੁੜੀ ਆਲੀਆ ਦਾ ਕਿਰਦਾਰ ਨਿਭਾਇਆ ਸੀ। ਹੁਮਾ ਕੁਰੈਸ਼ੀ ਨੇ ਟੀ.ਵੀ. ‘ਤੇ ਆਪਣੀ ਸ਼ੁਰੂਆਤ 2012 ਵਿਚ ‘ਉਪਨਿਸ਼ਦ ਗੰਗਾ’ ਤੋਂ ਕੀਤੀ ਸੀ।’ਮਹਾਰਾਣੀ’ ਸੀਰੀਜ਼ ਉਸ ਦੇ ਕਰੀਅਰ ਲਈ ਟਰਨਿੰਗ ਪੁਆਇੰਟ ਬਣੀ। ਇਸ ਸੀਰੀਜ਼ ਤੋਂ ਬਾਅਦ ਨਾ ਸਿਰਫ਼ ਉਸ ਪ੍ਰਤੀ ਪ੍ਰਸੰਸਕਾਂ ਦੀ ਚਾਹਤ ਕਾਫ਼ੀ ਵਧ ਚੁੱਕੀ ਹੈ ਸਗੋਂ ਫ਼ਿਲਮ ਨਿਰਮਾਤਾ ਵੀ ਉਸ ‘ਤੇ ਹੁਣ ਬੇਹੱਦ ਭਰੋਸਾ ਕਰਨ ਲੱਗੇ ਹਨ। ਇਸ ਤਰ੍ਹਾਂ ਇਹ ਹੁਮਾ ਦੇ ਕਰੀਅਰ ਦਾ ਵਧੀਆ ਸਮਾਂ ਚਲ ਰਿਹਾ ਹੈ। ਉਹ ਅਕਸ਼ੈ ਕੁਮਾਰ ਨਾਲ ‘ਜੌਲੀ ਐਲ.ਐਲ.ਬੀ.-3’ ਅਤੇ ਯਸ਼ ਦੇ ਨਾਲ ‘ਟਾਕਸਿਕ : ਏ ਫੇਅਰ ਟੇਲ ਫਾਰ ਗੋਨ ਅੱਪਸ’ ਕਰ ਰਹੀ ਹੈ। ਇਹ ਦੋਵੇਂ ਫ਼ਿਲਮਾਂ ਇਸ ਸਾਲ ਰਿਲੀਜ਼ ਹੋਣਗੀਆਂ। ਹੁਮਾ ਕੁਰੈਸ਼ੀ ‘ਜੌਲੀ ਐਲ.ਐਲ.ਬੀ-2’ ਵਿਚ ਅਕਸ਼ੈ ਕੁਮਾਰ ਨਾਲ ਪੁਸ਼ਪਾ ਪਾਂਡੇ ਦੀ ਮੁੱਖ ਭੂਮਿਕਾ ਵਿਚ ਨਜ਼ਰ ਆਈ ਸੀ। ਦੋਵਾਂ ਨੇ ਫ਼ਿਲਮ ਵਿਚ ਪਤੀ-ਪਤਨੀ ਦਾ ਕਿਰਦਾਰ ਨਿਭਾਇਆ ਸੀ। ਫ਼ਿਲਮ ‘ਚ ਅਦਾਲਤ ਦਾ ਡਰਾਮਾ ਦਰਸ਼ਕਾਂ ਨੂੰ ਬਹੁਤ ਪਸੰਦ ਆਇਆ ਸੀ। ਹੁਣ ‘ਜਾਲੀ ਐਲ.ਐਲ.ਬੀ.-3’ ਵਿਚ ਵੀ ਉਹ ਇਸੇ ਭੂਮਿਕਾ ਵਿਚ ਇਕੱਠੇ ਵਾਪਸੀ ਕਰ ਰਹੇ ਹਨ। ਇਸ ਤੋਂ ਇਲਾਵਾ ਹੁਮਾ ਫ਼ਿਲਮ ‘ਪੂਜਾ ਮੇਰੀ ਜਾਨ’ ਅਤੇ ‘ਗੁਲਾਬੀ’ ਦੀ ਸ਼ੂਟਿੰਗ ਪੂਰੀ ਕਰ ਚੁੱਕੀ ਹੈ।ਉਸ ਕੋਲ ਇਕ ਹੋਰ ਫ਼ਿਲਮ ‘ਬਿਆਨ’ ਵੀ ਹੈ।
