ਬਲਜੀਤ ਬਾਸੀ
ਫੋਨ: 734-259-9353
ਭਾਰਤ ਵਾਸੀ ਅਨੰਤ ਕਾਲ ਤੋਂ ਹੀ ਮੱਛਰਾਂ ਦੇ ਕਹਿਰ ਤੋਂ ਪੀੜਤ ਰਹੇ ਹਨ। ਸਾਨੂੰ ਜਿੰਨਾ ਮਦੀਨ ਮੱਛਰ ਦੇ ਕੱਟਣ ਤੋਂ ਪੈਦਾ ਹੁੰਦੀਆਂ ਬੀਮਾਰੀਆਂ ਨੇ ਸਰੀਰਕ ਤੌਰ `ਤੇ ਦਿੱਕ ਕੀਤਾ ਹੈ ਸ਼ਾਇਦ ਹੀ ਕਿਸੇ ਹੋਰ ਬੀਮਾਰੀ ਨੇ ਕੀਤਾ ਹੋਵੇ।
ਕੋਈ ਹੀ ਹੋਵੇਗਾ ਜਿਸ ਨੇ ਮੱਛਰ ਤੋਂ ਪੈਦਾ ਹੁੰਦੀ ਕਾਂਬਾ ਛੇੜਨ ਵਾਲੀ ਬੀਮਾਰੀ ਮਲੇਰੀਏ ਨੂੰ ਜ਼ਿੰਦਗੀ ਵਿਚ ਘੱਟੋ-ਘੱਟ ਇੱਕ ਵਾਰ ਨਾ ਭੋਗਿਆ ਹੋਵੇ ਤੇ ਕੌੜੀ ਕੁਨੀਨ ਦੇ ਫੱਕੇ ਨਾ ਮਾਰੇ ਹੋਣ। ਮੱਛਰ ਗਰਮ ਅਤੇ ਸਿੱਲ੍ਹੇ ਵਾਤਾਵਰਣ ਵਿਚ ਪਲਰਨ ਵਾਲਾ ਉਡਣਾ ਕੀਟ ਹੈ। ਪਰਾਚੀਨ ਵਿਚ ਲੋਕ ਸਮਝਦੇ ਸਨ ਕਿ ਮਲੇਰੀਆ ਗੰਦੀ ਹਵਾ ਨਾਲ ਹੁੰਦਾ ਹੈ ਇਸ ਲਈ ਲਾਤੀਨ ਵਿਚ ਰਹਿੰਦੇ ਲੋਕਾਂ ਨੇ ਇਸ ਬੀਮਾਰੀ ਦਾ ਆਪਣੀ ਭਾਸ਼ਾ ਵਿਚ ਨਾਂ ਮਲੇਰੀਆ=ਮਅਲ (ਗੰਦਾ) +ਅਰiਅ (ਹਵਾ) ਤੋਂ ਬਣਾਇਆ ਜੋ ਅੱਗੇ ਅੰਗਰੇਜ਼ੀ ਵਿਚ ਤੇ ਫਿਰ ਸਾਡੀਆਂ ਭਾਸ਼ਾਵਾਂ ਵਿਚ ਆ ਗਿਆ। ਭਾਸ਼ਾਵਾਂ ਵਿਚ ਅਕਸਰ ਕਿਸੇ ਸੰਕਲਪ ਦੀ ਨਵੀਨ ਬਦਲਵੀਂ ਵਿਆਖਿਆ ਹੋਣ ਉਪਰੰਤ ਵੀ ਉਸ ਲਈ ਹੋਰ ਢੁਕਦੇ ਸ਼ਬਦ ਬਦਲੇ ਨਹੀਂ ਜਾਦੇ। ਸਾਡਾ ਤੇਈਆ ਇਹੋ ਮਲੇਰੀਆ ਹੈ ਕਿਉਂਕਿ ਇਸ ਨਾਲ ਹੁੰਦਾ ਤਾਪ ਇੱਕ ਦਿਨ ਛੱਡ ਕੇ ਚੜ੍ਹਦਾ ਹੈ। ਮਲੇਰੀਏ ਦੇ ਕੀਟਾਣੂ ਹਰ ਦੋ ਦਿਨ ਬਾਅਦ ਮਰ ਜਾਂਦੇ ਹਨ ਤੇ ਫਿਰ ਖੂਨ ਵਿਚ ਹੋਰ ਪੈਦਾ ਹੁੰਦੇ ਹਨ ਜੋ ਨਵੇਂ ਸਿਰਿਓਂ ਤਾਪ ਚੜ੍ਹਾਉਂਦੇ ਹਨ। ਕਾਫੀ ਸਮੇਂ ਤੋਂ ਇਸ ਗੱਲ ਦੀ ਵੀ ਪਛਾਣ ਹੋ ਗਈ ਹੈ ਕਿ ਡੈਂਗੂ/ਡੈਂਗੀ ਵੀ ਇੱਕ ਕਿਸਮ ਦੇ ਮੱਛਰ ਦੇ ਕੱਟਣ ਤੋਂ ਹੀ ਪੈਦਾ ਹੁੰਦਾ ਹੈ। ਮੱਛਰ ਤੋਂ ਪੈਦਾ ਹੋਣ ਵਾਲੀਆਂ ਹੋਰ ਭਿਆਨਕ ਬੀਮਾਰੀਆਂ ਹਨ ਯੈਲੋ ਫੀਵਰ ਤੇ ਐਲੀਫੈਂਟਾਇਟਿਸ। ਬੀਮਾਰੀਆਂ ਲਾਉਣ ਤੋਂ ਬਿਨਾਂ ਮੱਛਰ ਦੀ ਭੀਂ-ਭੀਂ ਮਨੁੱਖ ਨੂੰ ਘੱਟ ਪਰੇਸ਼ਾਨ ਨਹੀਂ ਕਰਦੀ।
ਕਈ ਇਸਲਾਮੀ ਰਵਾਇਤਾਂ ਅਨੁਸਾਰ ਹਜ਼ਾਰਾਂ ਸਾਲ ਪਹਿਲਾਂ ਇੱਕ ਨਮਰੂਦ ਨਾਮੀਂ ਬਾਦਸ਼ਾਹ ਹੋਇਆ ਹੈ ਜਿਸ ਦਾ ਹਵਾਲਾ ਕੁਰਾਨ ਦੀ ਇੱਕ ਆਇਤ ਵਿਚ ਵੀ ਹੈ। ਉਹ ਹਰਨਾਖਸ਼ ਵਾਂਗ ਬਹੁਤ ਹੰਕਾਰੀ ਸੀ ਤੇ ਤੌਹੀਦ (ਇੱਕ ਰੱਬ) ਵਿਚ ਯਕੀਨ ਨਹੀਂ ਸੀ ਕਰਦਾ। ਇਬਰਾਹੀਮ ਪੈਗੰਬਰ ਨੇ ਉਸ ਨਾਲ ਕਈ ਵਾਰੀ ਦਲੀਲਬਾਜ਼ੀ ਕਰਦਿਆਂ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਅੱਲ੍ਹਾ ਹੀ ਜ਼ਿੰਦਗੀ ਤੇ ਮੌਤ ਬਖਸ਼ਦਾ ਹੈ। ਨਮਰੂਦ ਨੇ ਜਵਾਬ ਵਿਚ ਆਪਣੇ ਦੋ ਕੈਦੀ ਲਿਆਂਦੇ, ਇੱਕ ਨੂੰ ਮਾਰ ਦਿੱਤਾ ਤੇ ਦੂਜੇ ਨੂੰ ਜਿਉਂਦਾ ਛੱਡ ਦਿੱਤਾ ਇਹ ਦਰਸਾਉਣ ਲਈ ਕਿ ਜ਼ਿੰਦਗੀ ਮੌਤ ਤਾਂ ਕਿਸੇ ਅਖੌਤੀ ਰੱਬ ਦੇ ਨਹੀਂ ਬਲਕਿ ਨਮਰੂਦ ਦੇ ਆਪਣੇ ਹੱਥ ਹੈ। ਫਿਰ ਉਸ ਨੇ ਫੌਜ ਇਕੱਠੀ ਕਰ ਕੇ ਇਬਰਾਹੀਮ ਨੂੰ ਵੀ ਮਾਰਨ ਲਈ ਲਲਕਾਰ ਦਿੱਤਾ। ਅੱਲ੍ਹਾ ਨੇ ਨਮਰੂਦ ਅਤੇ ਉਸ ਦੀ ਫੌਜ ਨੂੰ ਸਜ਼ਾ ਦੇਣ ਲਈ ਮੱਛਰਾਂ ਦਾ ਵੱਡਾ ਸਾਰਾ ਝੁੰਡ ਭੇਜ ਦਿੱਤਾ ਜਿਸ ਨਾਲ ਸਾਰਾ ਅਸਮਾਨ ਹਨੇਰਾ ਹੋ ਗਿਆ। ਮੱਛਰਾਂ ਨੇ ਸਾਰੇ ਸਿਪਾਹੀਆਂ ਦਾ ਖੂਨ ਚੂਸ ਲਿਆ, ਬੱਸ ਉਨ੍ਹਾਂ ਦੀਆਂ ਹੱਡੀਆਂ ਹੀ ਬਚੀਆਂ ਰਹਿ ਗਈਆਂ। ਇੱਕ ਅੱਖੜ ਜਿਹਾ ਮੱਛਰ ਨਮਰੂਦ ਦੀਆਂ ਨਾਸਾਂ ਵਿਚ ਵੜ ਗਿਆ ਤੇ ਅੱਗੇ ਵਧਦਾ ਵਧਦਾ ਉਸ ਦੇ ਦਿਮਾਗ ਵਿਚ ਹੀ ਘੁਸ ਗਿਆ। ਨਮਰੂਦ ਉਸ ਤੋਂ ਬਚਣ ਲਈ ਜ਼ੋਰ ਦੀ ਥੱਲੇ ਸਿਰ ਮਾਰਦਾ ਜਾਂ ਦੂਜਿਆਂ ਤੋਂ ਹਥੌੜੇ ਮਰਵਾਉਂਦਾ। ਇਸ ਨਾਲ ਕੁਝ ਚਿਰ ਲਈ ਤਾਂ ਮੱਛਰ ਹਮਲਾ ਰੋਕ ਲੈਂਦਾ ਤੇ ਉਸ ਨੂੰ ਰਾਹਤ ਮਿਲਦੀ ਪਰ ਮੱਛਰ ਫਿਰ ਉਸ ਨੂੰ ਤੰਗ ਕਰਨ ਲੱਗ ਜਾਂਦਾ। ਨਮਰੂਦ ਸਾਲਾਂ ਬੱਧੀ ਸਿਰ ਮਾਰ ਮਾਰ ਕੇ ਹਫ਼ ਗਿਆ ਪਰ ਮੱਛਰ ਆਪਣੀ ਆਈ `ਤੇ ਕਾਇਮ ਰਿਹਾ। ਆਖਿਰਕਾਰ ਡਾਢਾ ਦੁਖੀ ਹੋਇਆ ਨਮਰੂਦ ਨਿਢਾਲ ਹੋ ਕੇ ਮੌਤ ਦੇ ਮੂੰਹ ਪੈ ਗਿਆ। ਵਾਰਿਸ ਸ਼ਾਹ ਨੇ ਆਪਣੇ ਕਿੱਸੇ ਵਿਚ ਇਸ ਕਥਾ ਦਾ ਜ਼ਿਕਰ ਕੀਤਾ ਹੈ,‘ਸ਼ੱਦਾਦ ਬਹਿਸ਼ਤ ਥੀਂ ਰਿਹਾ ਬਾਹਰ, ਨਮਰੂਦ ਮੱਛਰ ਪਰੇਸ਼ਾਨ ਕੀਤਾ’। ਭਾਵੇਂ ਇਸ ਦੀ ਸਿੱਖਿਆ ਰੱਬ ਨੂੰ ਸਰਬ-ਸ਼ਕਤੀਮਾਨ ਦਰਸਾਉਣ ਦੀ ਹੈ ਜੋ ਇੱਕ ਛੋਟੇ ਜੀਵ ਤੋਂ ਵੀ ਕਿਸੇ ਦੀ ਹੱਤਿਆ ਕਰਵਾ ਸਕਦਾ ਹੈ ਪਰ ਆਪਾਂ ਇਸ ਵਿਚ ਮੱਛਰ ਦੇ ਮਨੁੱਖ ਪ੍ਰਤੀ ਕਹਿਰ ਵਰਤਾਉਣ ਦੀ ਹੱਦ ਦੇਖਦੇ ਹਾਂ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਕੀਪੀਡੀਆ ਅਨੁਸਾਰ, ‘ਮੱਛਰ ਮਨੁੱਖਾਂ ਅਤੇ ਪਸ਼ੂਆਂ ਨੂੰ ਡੰਗ ਕੇ ਲਹੂ ਚੂਸਣ ਵਾਲਾ ਛੋਟੇ ਆਕਾਰ ਦਾ ਉਡਣਾ ਕੀੜਾ’ ਹੈ। ਭਰਿੰਡ ਵਾਂਗ ਮੱਛਰ ਦੇ ਪਿੱਛੇ ਡੰਗ ਨਹੀਂ ਹੁੰਦਾ, ਬਲਕਿ ਉਸ ਦੇ ਮੂੰਹ ਵਿਚ ਸੂਈਨੁਮਾਂ ਦੰਦ ਹੁੰਦਾ ਹੈ ਜਿਸ ਨਾਲ ਉਹ ਮਨੁੱਖਾਂ ਜਾਂ ਪਸ਼ੂਆਂ ਨੂੰ ਕੱਟਦਾ ਹੈ। ਹਾਂ, ਅਸੀਂ ਇਸ ਤਰ੍ਹਾਂ ਕਿਸੇ ਜਾਨਵਰ ਦੇ ਕੱਟਣ ਨੂੰ ਵੀ ਡੰਗ ਮਾਰਨਾ ਜਾਂ ਡੱਸਣਾ ਕਹਿ ਦਿੰਦੇ ਹਾਂ। ਗੁਰੂ ਨਾਨਕ ਦੇਵ ਜੀ ਵੀ ਕੁਝ ਇਸ ਤਰ੍ਹਾਂ ਲਿਖਦੇ ਹਨ, ‘ਮਛਰ ਡੰਗ ਸਾਇਰ ਭਰ ਸੁਭਰ ਬਿਨੁ ਹਰਿ ਕਿਉ ਸੁਖ ਪਾਈਐ’। ਦੁਨੀਆ ਮੱਛਰਾਂ ਦੇ ਹੱਲਿਆਂ ਤੋਂ ਬਚਣ ਲਈ ਅਨੇਕਾਂ ਓਹੜ-ਪੋਹੜ ਕਰਦੀ ਰਹਿੰਦੀ ਹੈ। ਇਨ੍ਹਾਂ ਨੂੰ ਭਜਾਉਣ ਲਈ ਇੱਕ ਪ੍ਰਕਾਰ ਦੇ ਚੌਰ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਜਿਸ ਨੂੰ ਸੰਸਕ੍ਰਿਤ ਵਿਚ ਮਸ਼ਕਕੁਟਿ ਆਖਦੇ ਹਨ। ਕਈ ਲੋਕ ਤਾਂ ਸਾਰੀ ਰਾਤ ਇਸ ਨੂੰ ਹੱਥਾਂ ਵਿਚ ਮਸਲ ਮਸਲ ਕੇ ਮਾਰਦਿਆਂ ਹੀ ਰਾਤ-ਕਟੀ ਕਰਦੇ ਹਨ। ਸਾਡੇ ਗੁਆਂਢੀ ਨੇੜਿਓਂ ਚਾਚਾ ਜੀ ਸਿਰਹਾਣੇ ਫਲਿੱਟ ਦੀ ਪਿਚਕਾਰੀ ਰੱਖਦੇ ਤੇ ਦੇਰ ਰਾਤ ਇਸ ਦੀ ਵਰਤੋਂ ਕਰਦੇ ਰਹਿੰਦੇ। ਪਿਛਲੀ ਸਦੀ ਦੇ ਸੱਤਰਵਿਆਂ ਵਿਚ ਭਾਰਤ ਸਰਕਾਰ ਮਲੇਰੀਆ-ਕਾਰਕ ਮੱਛਰਾਂ ਦੇ ਪਿੱਛੇ ਹੱਥ ਧੋ ਕੇ ਪੈ ਗਈ ਸੀ। ਥਾਂ-ਥਾਂ ਤੇ ਕੰਧਾਂ `ਤੇ ਲਿਖਵਾਇਆ ਗਿਆ, ‘ਮੱਛਰ ਰਹੇਗਾ ਮਲੇਰੀਆ ਨਹੀਂ ਰਹੇਗਾ’, ਘਰਾਂ ਵਿਚ ਡੀ.ਡੀ.ਟੀ. ਦਾ ਛਿੜਕਾ ਹੋਣ ਲੱਗਾ।
ਪੰਜਾਬੀ ਦੇ ਇਕ ਗੀਤ ਦੇ ਬੋਲ ਹਨ ‘ਮੱਛਰਦਾਨੀ ਲੈ ਦੇ ਵੇ, ਮੱਛਰ ਨੇ ਖਾ ਲਈ ਤੋੜ ਕੇ’। ਮੱਛਰਾਂ ਤੋਂ ਬਚਾਅ ਲਈ ਮੱਛਰਦਾਨੀਆਂ ਵੀ ਸਦੀਆਂ ਤੋਂ ਹੀ ਤਾਣੀਆਂ ਜਾਂਦੀਆਂ ਰਹੀਆਂ ਹਨ। ਮੱਛਰਦਾਨੀ ਸ਼ਬਦ ਮੱਛਰ+ ਫਾਰਸੀ ਪਿਛੇਤਰ ਦਾਨੀ ਤੋਂ ਬਣਿਆ ਹੈ। ਦਾਨ, ਜਾਂ ਦਾਨੀ ਪਿਛੇਤਰ ਵਿਚ ਅੰਦਰ ਰੱਖਣ ਦੇ ਭਾਵ ਹਨ ਜਿਵੇਂ ਮਸਾਲੇਦਾਨੀ ਉਹ ਬਰਤਨ ਹੈ ਜਿਸ ਵਿਚ ਮਸਾਲਾ ਰੱਖਿਆ ਜਾਂਦਾ ਹੈ, ਸੁਰਮੇਦਾਨੀ ਉਹ ਪਾਤਰ ਹੈ ਜਿਸ ਵਿਚ ਸੁਰਮਾ ਰੱਖਿਆ ਜਾਂਦਾ ਹੈ ਅਤੇ ਚਾਹਦਾਨੀ ਉਹ ਭਾਂਡਾ ਹੈ ਜਿਸ ਵਿਚ ਚਾਹ ਰੱਖੀ ਜਾਂਦੀ ਹੈ। ਪਰ ਸਿਤਮ ਦੇਖੋ ਮੱਛਰਦਾਨੀ ਉਹ ਜੁਗਾੜ ਹੈ, ਮੱਛਰ ਜਿਸ ਦੇ ਅੰਦਰ ਨਹੀਂ ਬਲਕਿ ਬਾਹਰ ਰੱਖਿਆ ਜਾਂਦਾ ਹੈ। ਮੱਛਰਦਾਨੀ ਲਈ ਪੰਜਾਬੀ, ਹਿੰਦੀ, ਭੋਜਪੁਰੀ ਬੰਗਾਲੀ ਵਿਚ ਇਕ ਹੋਰ ਸ਼ਬਦ ਵਰਤਿਆ ਜਾਂਦਾ ਹੈ ਮਸਿਹਰੀ। ਇਸ ਸ਼ਬਦ ਦਾ ਅਸਲੀ ਮੁਢਲਾ ਰੂਪ ਹੈ, ਮਸ਼ਕਹਰੀ। ਅੱਗੇ ਜਾ ਕੇ ਦੱਸਾਂਗੇ ਕਿ ਮੱਛਰ ਲਈ ਕਈ ਭਾਸ਼ਾਵਾਂ ਵਿਚ ‘ਮਸ਼ਕ’ ਸ਼ਬਦ ਹੈ। ਮਸ਼ਕ ਦੇ ਪਿੱਛੇ ‘ਹਰ’ ਤੋਂ ਬਣਿਆ ‘ਹਰੀ’ ਪਿਛੇਤਰ ਲੱਗ ਕੇ ਮਸ਼ਕਹਰੀ ਸ਼ਬਦ ਬਣਿਆ। ‘ਹਰ’ ਸ਼ਬਦ ਵਿਚ ਹਟਾਉਣ, ਪਰੇ ਕਰਨ ਦੇ ਭਾਵ ਹਨ। ਸੋ ਇਸ ਸ਼ਬਦ ਦਾ ਸ਼ਾਬਦਿਕ ਅਰਥ ਬਣਿਆ, ਮੱਛਰ ਦੂਰ ਭਜਾਉਣ ਵਾਲਾ (ਤੰਬੂਨੁਮਾ ਕੱਪੜਾ ਆਦਿ)। ਕਿਸੇ ਸਮੇਂ ਭਾਰਤ ਵਿਚ ਮੱਛਰਦਾਨੀ ਰੱਖਣਾ ਇੱਕ ਵੱਡੀ ਐਸ਼ ਹੁੰਦੀ ਸੀ। ਬੋਧੀ ਭਿਕਸ਼ੂ ਮੱਛਰਦਾਨੀ ਵਰਤ ਸਕਦੇ ਸਨ। ਮੱਛਰਾਂ ਨੂੰ ਭਜਾਉਣ ਲਈ ਮਲ੍ਹਮ, ਕਛੂਆ ਛਾਪ ਅਤੇ ਬਿਜਲਈ ਜੰਤਰਾਂ ਦੀ ਵਰਤੋਂ ਵੀ ਖੂਬ ਹੁੰਦੀ ਹੈ। ਗਰੀਕ ਇਤਿਹਾਸਕਾਰ ਹੀਰੋਡੋਟਸ ਅਨੁਸਾਰ ਪਰਾਚੀਨ ਮਿਸਰ ਵਿਚ ਦਲਦਲੀ ਸਥਾਨਾਂ ਵਿਚ ਮੱਛਰਾਂ ਤੋਂ ਬਚਣ ਲਈ ਉਚੇ ਬੁਰਜਾਂ `ਤੇ ਸੁੱਤਾ ਜਾਂਦਾ ਸੀ ਜਾਂ ਅਜਿਹੀਆਂ ਮੱਛਰਦਾਨੀਆਂ ਤਾਣੀਆਂ ਜਾਂਦੀਆਂ ਸਨ ਜਿ੍ਹਨਾਂ ਵਿਚ ਮੱਛੀ ਦੀ ਦੁਰਗੰਧ ਚਿਪਕਾਈ ਹੁੰਦੀ ਸੀ। ਭਾਵੇਂ ਮੱਛਰ ਦੀਆਂ ਤਿੰਨ ਹਜ਼ਾਰ ਤੋਂ ਵੀ ਵੱਧ ਕਿਸਮਾਂ ਹਨ ਪਰ ਪੁਰਾਣੀਆਂ ਭਾਰਤੀ ਲਿਖਤਾਂ ਵਿਚ ਪੰਜ ਪ੍ਰਕਾਰ ਦੇ ਮੱਛਰਾਂ ਦਾ ਜ਼ਿਕਰ ਆਉਂਦਾ ਹੈ ਯਾਨੀ, ਸਮੁੰਦਰ (ਸਮੁੰਦਰੀ), ਪਰਿਮੰਡਲ (ਵਾਤਾਵਰਣੀ), ਹਸਤੀ (ਹਾਥੀਆਂ ਤੇ ਮੰਡਲਾਉਣ ਵਾਲੇ), ਕ੍ਰਿਸ਼ਨ (ਕਾਲੇ) ਅਤੇ ਪਰਵਤੀਯ (ਪਹਾੜੀ)। ਹੁਣ ਤਾਂ ਕਪਾਹ ਨੂੰ ਨੁਕਸਾਨ ਪਹੁੰਚਾਉਣ ਵਾਲੇ ਇਕ ਉਡਣੇ ਕੀਟ ਨੂੰ ਚਿੱਟਾ ਮੱਛਰ ਕਿਹਾ ਜਾਣ ਲੱਗਾ ਹੈ।
ਮੱਛਰ ਸੰਸਕ੍ਰਿਤ ਸ਼ਬਦ ਮਤਸਰ ਤੋਂ ਵਿਉਤਪਤ ਹੋਇਆ ਹੈ। ਜਿਸ ਦਾ ਅਰਥ ਵੀ ਮੱਛਰ ਹੀ ਹੈ। ‘ਮਹਾਨ ਕੋਸ਼’ ਨੇ ਵੀ ਇਸੇ ਤਰ੍ਹਾਂ ਵਿਆਖਿਆ ਕੀਤੀ ਹੈ। ਪ੍ਰਾਕ੍ਰਿਤ ਵਿਚ ਇਸ ਦਾ ਰੂਪ ਮੱਛਰ ਹੋ ਗਿਆ। ਕੁਝ ਹਿੰਦ-ਆਰਿਆਈ ਭਾਸ਼ਾਵਾਂ ਵਿਚ ਮੱਛਰ ਜਿਹੇ ਸ਼ਬਦ ਹੀ ਮਿਲਦੇ ਹਨ। ਜਿਵੇਂ ਸਿੰਧੀ ਵਿਚ ਮੱਛਰੁ, ਲਹਿੰਦਾ ਵਿਚ ਮਛੁਰ ਤੇ ਗੁਜਰਾਤੀ ਵਿਚ ਮਯਛਰ ਹੈ। ਇਸ ਦਾ ਇੱਕ ਅਰਥ ਜ਼ਹਿਰੀਲੀ ਮੱਖੀ ਵੀ ਹੈ। ਸਬੱਬ ਹੈ ਕਿ ਸੰਸਕ੍ਰਿਤ ਵਿਚ ਮਤਸਰ ਦਾ ਇੱਕ ਅਰਥ ਈਰਖਾ ਵੀ ਹੈ ਤੇ ਇਸ ਅਰਥ ਵਿਚ ਇਹ ਗੁਰਬਾਣੀ ਵਿਚ ਵੀ ਆਇਆ ਹੈ, ‘ਕਾਮ ਕ੍ਰੋਧ ਮਾਇਆ ਮਦ ਮਤਸਰ ਏ ਖੇਲਤ ਸਭਿ ਜੂਐ ਹਾਰੇ,’- ਗੁਰੂ ਅਰਜਨ। ਪਰ ਏਥੇ ਮਤਸਰ ਸ਼ਬਦ ਨੂੰ ਮਦ ਨਾਲ ਜੋੜਿਆ ਜਾਂਦਾ ਹੈ ਜਿਸ ਵਿਚ ਨਸ਼ੇ ਦਾ ਭਾਵ ਹੈ। ਸੰਸਕ੍ਰਿਤ ਵਿਚ ਇਸ ਦੇ ਅਰਥ ਇਸ ਪ੍ਰਕਾਰ ਹਨ: ਨਸ਼ਿਆਇਆ, ਮਦਮਸਤ; ਖੁਸ਼, ਖੇੜੇ ਵਿਚ; ਖੁਦਗਰਜ਼; ਲਾਲਚੀ; ਈਰਖਾਲੂ; ਦੋਖੀ। ਪੰਜਾਬੀ ਮੱਛਰਨਾ ਸੰਭਵ ਤੌਰ `ਤੇ ਇਸੇ ਤੋਂ ਵਿਉਤਪਤ ਹੋਇਆ।
ਦਿਲਚਸਪ ਗੱਲ ਹੈ ਕਿ ਸੰਸਕ੍ਰਿਤ ਵਿਚ ਮੱਛਰ ਲਈ ਹੋਰ ਸ਼ਬਦ ਮਸ਼ ਤੇ ਮਸ਼ਕ ਵੀ ਹਨ ਤੇ ਦੋਵਾਂ ਦਾ ਅਰਥ ਕੋਈ ਵੀ ਐਸਾ ਕੀਟ ਹੈ ਜੋ ਡੰਗਦਾ ਜਾਂ ਕੱਟਦਾ ਹੋਵੇ। ਗੁਰੂ ਅਰਜਨ ਦੇਵ ਨੇ ਇਹ ਸ਼ਬਦ ਸਲੋਕ ਸਹਸਕ੍ਰਿਤੀ ਵਿਚ ਵਰਤਿਆ ਹੈ, ‘ਮਸਕੰ ਭਗਨੰਤ, ਸੈਲੰ ਕਰਦਮੰ ਤਰੰਤ ਪਪੀਲਕਹ’ ਅਰਥਾਤ ਮੱਛਰ ਪੱਥਰਾਂ ਨੂੰ ਤੋੜ ਦਿੰਦਾ ਹੈ, ਕੀੜੀ ਦਲਦਲ ਪਾਰ ਕਰ ਲੈਂਦੀ ਹੈ। ਪਾਲੀ, ਬੰਗਾਲੀ, ਅਸਾਮੀ, ਉੜੀਆ ਏਥੋਂ ਤੱਕ ਕਿ ਕੁਝ ਦਰਾਵੜੀ ਭਾਸ਼ਾਵਾਂ ਜਿਵੇਂ ਕੰਨੜ, ਮਲਿਆਲਮ, ਤਾਮਿਲ ਵਿਚ ਵੀ ਮੱਛਰ ਦੇ ਅਰਥਾਂ ਵਿਚ ਮਸ਼ਕ/ਮਚਕ/ਮਸਕਮ ਸ਼ਬਦ ਚਲੇ ਗਿਆ ਹੈ। ਉੜੀਆ ਵਿਚ ਮੱਛਰ ਲਈ ਮਸ਼ ਤੋਂ ਹੀ ਵਿਗੜਿਆ ਮਹ ਸ਼ਬਦ ਵੀ ਹੈ। ਇਨ੍ਹਾਂ ਸਾਰਿਆਂ ਦੀ ਜੜ੍ਹ ਵਿਚ ਮਸ਼ ਹੀ ਹੈ ਜਿਸ ਵਿਚ ਮੂਲ ਭਾਵ ਭਿੰਨਭਿਨਾਉਣ, ਭੀਂ ਭੀਂ ਕਰਨ ਦਾ ਹੈ ਜੋ ਧੁਨੀ-ਅਨੁਕਰਮਣਕ ਹੈ। ਸੰਸi੍ਰਕਤ ਵਿਚ ਮਸ਼ਤਿ ਸ਼ਬਦ ਦਾ ਅਰਥ ਭੀਂ ਭੀਂ ਕਰਨਾ ਹੈ। ਮਸ਼ ਦੇ ਪਿੱਛੇ ਕਰਨ ਦੇ ਅਰਥਾਂ ਵਾਲਾ ‘ਕ’ ਪਿਛੇਤਰ ਲੱਗ ਕੇ ਮਸ਼ਕ ਬਣ ਗਿਆ ਅਰਥਾਤ ਮਸ਼-ਮਸ਼ ਦੀ ਧੁਨੀ ਉਤਪੰਨ ਕਰਨ ਵਾਲਾ। ਇਸ ਕਰਕੇ ਇਸ ਸ਼ਬਦ ਵਿਚ ਮੱਛਰ ਤੋਂ ਬਿਨਾਂ ਹਰ ਉਹ ਕੀਟ ਪਤੰਗਾ ਹੈ ਜੋ ਉਡਦਾ ਹੈ, ਖਾਸ ਤੌਰ `ਤੇ ਡੰਗ ਮਾਰਨ, ਲੜਨ ਜਾਂ ਕੱਟਣ ਵਾਲਾ। ਅਸੀਂ ਪੰਜਾਬੀ ਵਿਚ ਕਹਿੰਦੇ ਹਾਂ ਮੱਖ ਲੜਦੀ ਹੈ। ਪਸ਼ੂਆਂ ਨੂੰ ਲੜਨ ਵਾਲੀ ਮੱਖ ਇਸ ਵਿਚ ਸ਼ਾਮਿਲ ਹੈ। ਅਸਲ ਵਿਚ ਤਾਂ ਦੂਰ ਜਾ ਕੇ ਮੱਖੀ ਸ਼ਬਦ ਦਾ ਨਿਕਾਸ ਵੀ ਇਸੇ ਤੋਂ ਹੋਇਆ ਲਗਦਾ ਹੈ। ਇਸ ਬਾਰੇ ਹੋਰ ਚਰਚਾ ਮੱਖੀ ਸ਼ਬਦ `ਤੇ ਲਿਖ ਕੇ ਕੀਤੀ ਜਾਵੇਗੀ।
ਵਾਸਤਵ ਵਿਚ ਤਾਂ ਕਈ ਧੁਨੀ-ਅਨੁਕਰਮਣਕ ਸ਼ਬਦ ਕਈ ਸਾਂਝੇ ਪਰਿਵਾਰ ਜਾਂ ਗੈਰ-ਸਾਂਝੇ ਪਰਿਵਾਰ ਵਾਲੀਆਂ ਭਾਸ਼ਾਵਾਂ ਵਿਚ ਅਕਸਰ ਮਿਲਦੇ-ਜੁਲਦੇ ਹੁੰਦੇ ਹਨ। ਚਰਚਿਤ ਸ਼ਬਦ ਦੇ ਸਜਾਤੀ ਸ਼ਬਦ ਹੋਰ ਭਾਰੋਪੀ ਭਾਸ਼ਾਵਾਂ ਵਿਚ ਵੀ ਮੌਜੂਦ ਹਨ ਕਿਉਂਕਿ ਉਨ੍ਹਾਂ ਭਾਸ਼ਾਵਾਂ ਦੇ ਬੋਲਣਹਾਰਿਆਂ ਨੂੰ ਵੀ ਉਡਣੇ ਕੀਟਾਂ ਦੇ ਉਡਣ ਨਾਲ ਪੈਦਾ ਹੁੰਦੀ ਤੀਬਰ ਕੰਨਪਾੜਵੀਂ ਭੀਂ-ਭੀਂ ਜਿਹੀ ਆਵਾਜ਼ ਸੁਣਾਈ ਦਿੰਦੀ ਹੈ। ਭਾਸ਼ਾ-ਵਿਗਿਆਨੀਆਂ ਨੇ ਇਸ ਧੁਨੀ ਤੋਂ ਭਾਰੋਪੀ ਮੂਲ *ਮੂ ਦੀ ਕਲਪਨਾ ਕੀਤੀ ਹੈ। ਇਸ ਤਰ੍ਹਾਂ ਹੈਰਾਨੀ ਵਾਲੀ ਗੱਲ ਨਹੀਂ ਕਿ ਮੱਛਰ ਦੇ ਅਰਥਾਂ ਵਾਲਾ ਅੰਗਰੇਜ਼ੀ ਸ਼ਬਦ mosquito ਵੀ ਇਸ ਕੜੀ ਵਿਚ ਆ ਜਾਂਦਾ ਹੈ। ਠੰਡੇ ਦੇਸ਼ ਬਰਤਾਨੀਆ ਦੇ ਲੋਕਾਂ ਨੂੰ ਮੱਛਰ ਦਾ ਬਹੁਤਾ ਅਨੁਭਵ ਨਹੀਂ ਸੀ ਸੋ ਅੰਗਰੇਜ਼ੀ ਵਿਚ ਇਹ ਸ਼ਬਦ ਸਪੈਨਿਸ਼ ਭਾਸ਼ਾ ਤੋਂ ਉਧਾਰਾ ਲਿਆ ਗਿਆ ਹੈ ਜੋ ਅੱਗੋਂ ਲਾਤੀਨੀ ਦੇ ਮੱਖੀ ਦੇ ਅਰਥਾਂ ਵਾਲੇ musca ਤੋਂ ਬਣਿਆ। ਗਰੀਕ myia, ਪੁਰਾਣੀ ਅੰਗਰੇਜ਼ੀ mycg, ਆਧੁਨਿਕ ਅੰਗਰੇਜ਼ੀ midge ਇਸੇ ਭੀਂ ਭੀਂ ਨਾਲ ਜਾ ਜੁੜਦੇ ਹਨ ਤੇ ਜਿਨ੍ਹਾਂ ਵਿਚ ਮੱਛਰ ਜਿਹੇ ਕੀਟ ਦੇ ਅਰਥ ਹਨ। ਹੋਰ ਜਰਮੈਨਿਕ ਭਾਸ਼ਾਵਾਂ ਜਿਵੇਂ ਪੁਰਾਣੀ ਸੈਕਸਨ, ਡੱਚ, ਜਰਮਨ ਤੇ ਸਵੀਡਿਸ਼ ਆਦਿ ਵਿਚ ਰਲਦੇ ਮਿਲਦੇ ਸ਼ਬਦ ਮਿਲਦੇ ਹਨ ਜਿ੍ਹਨਾਂ ਵਿਚ ਉਡਣੇ ਕੀਟ ਦੇ ਭਾਵ ਹਨ। ਪੰਜਾਬੀ ਭ੍ਰਿੰਡ, ਬੀਂਡਾ ਤੇ ਸ਼ਾਇਦ ਮਢਿਆਲੀ ਵਿਚ ਵੀ ਇਹੋ ਭੀਂ ਭੀਂ ਜਾਂ ਭਿਣਕ ਸੁਣਾਈ ਦਿੰਦੀ ਹੈ।
