ਡਾ ਗੁਰਬਖ਼ਸ਼ ਸਿੰਘ ਭੰਡਾਲ
2008 ਦੇ ਸਤੰਬਰ ਦਾ ਆਰੰਭ। ਮੈਂ ਦੋ ਸਾਲ ਦੀ ਛੁੱਟੀ ਲੈ ਕੇ ਕੈਨੇਡਾ ਗਿਆ ਸਾਂ ਅਤੇ ਸਤੰਬਰ ਦੇ ਅਖੀਰ ਵਿਚ ਮੈਂ ਵਾਪਸ ਆ ਕੇ ਡਿਊਟੀ ‘ਤੇ ਹਾਜ਼ਰ ਹੋਣਾ ਸੀ। ਇਸ ਤੋਂ ਪਹਿਲਾਂ ਹੀ ਰਣਧੀਰ ਕਾਲਜ ਤੋਂ ਰਜਿਸਟਰਡ ਚਿੱਠੀ ਆਈ ਕਿ ਤੁਹਾਡੀ ਬਦਲੀ ਸਰਕਾਰੀ ਕਾਲਜ ਮੁਕਤਸਰ ਦੀ ਹੋ ਗਈ ਹੈ।
ਤੁਹਾਨੂੰ ਕਾਲਜ ਤੋਂ ਰਿਲੀਵ ਕਰ ਦਿੱਤਾ ਗਿਆ ਅਤੇ ਹਫ਼ਤੇ ਦੇ ਅੰਦਰ-ਅੰਦਰ ਨਵੀਂ ਪੋਸਟਿੰਗ ਤੇ ਹਾਜ਼ਰ ਹੋਵੋ ਵਰਨਾ ਤੁਹਾਡੇ ‘ਤੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਇਹ ਤਾਂ ਪਤਾ ਸੀ ਕਿ ਰਣਧੀਰ ਕਾਲਜ ਵਿਚ ਫਿਜ਼ਿਕਸ ਦੀ ਇਕ ਪੋਸਟ ਖ਼ਤਮ ਹੋਣ ਨਾਲ, ਮੇਰੀ ਬਦਲੀ ਹੋ ਸਕਦੀ ਹੈ। ਮੈਨੂੰ ਆਸ ਸੀ ਕਿ ਸਤੰਬਰ ਦੇ ਅਖੀਰ ਵਿਚ ਪੰਜਾਬ ਜਾ ਕੇ ਬਦਲੀ ਬਾਰੇ ਕੋਈ ਚਾਰਾਜੋਈ ਤਾਂ ਕੀਤੀ ਜਾ ਸਕਦੀ ਹੈ, ਪਰ ਉਹ ਸਮਾਂ ਆਉਣ ਤੋਂ ਪਹਿਲਾਂ ਹੀ ਬਦਲੀ ਕਰਕੇ ਰਿਲੀਵ ਕਰ ਦੇਣ ਪਿੱਛੇ ਕੀ ਰਾਜ਼ ਹੋ ਸਕਦੈ, ਇਸ ਦਾ ਭੇਤ ਵੀ ਕੁਝ ਸਮੇਂ ਬਾਅਦ ਹੀ ਖੁੱਲ੍ਹ ਗਿਆ। ਦਰਅਸਲ ਉਸ ਸਮੇਂ ਸਿੱਖਿਆ ਮੰਤਰੀ ਬੀਬੀ ਕਪੂਰਥਲੇ ਦੀ ਸੀ ਅਤੇ ਕਾਲਜ ਵਿਚ ਦੋ ਕੁ ਪ੍ਰੋਫੈਸਰ ਅਜੇਹੇ ਸਨ, ਜਿਨ੍ਹਾਂ ਨੂੰ ਕਾਲਜ ਵਿਚ ਮੇਰੀ ਹੋਂਦ ਖਟਕਦੀ ਸੀ। ਉਹ ਦੋਵੇਂ ਬੀਬੀ ਦੇ ਬਹੁਤ ਨੇੜਲੇ ਸਨ ਅਤੇ ਉਨ੍ਹਾਂ ਨੇ ਬੀਬੀ ਮੰਤਰੀ ਰਾਹੀਂ ਮੇਰੇ ਪੰਜਾਬ ਵਾਪਸ ਪਰਤਣ ‘ਤੋਂ ਪਹਿਲਾਂ ਹੀ ਮੈਨੂੰ ਰਿਲੀਵ ਕਰਵਾ ਦਿੱਤਾ ਤਾਂ ਕਿ ਮੇਰੇ ਰਣਧੀਰ ਕਾਲਜ ਵਿਖੇ ਰਹਿ ਜਾਣ ਦੀ ਕੋਈ ਸੰਭਾਵਨਾ ਨਾ ਰਹੇ। ਇਸ ਤਿਕੜਮਬਾਜ਼ੀ ਵਿਚ ਉਸ ਸਮੇਂ ਦੇ ਕਾਲਜਾਂ ਦੇ ਡੀ.ਪੀ.ਆਈ. ਜੋ ਰਣਧੀਰ ਕਾਲਜ ਤੋਂ ਹੀ ਪ੍ਰਮੋਟ ਹੋ ਕੇ ਡੀ.ਪੀ.ਆਈ. ਬਣੇ ਸਨ, ਵੀ ਸ਼ਾਮਲ ਸੀ।
ਕੁਝ ਲੋਕਾਂ ਦੀ ਫ਼ਿਤਰਤ ਹੁੰਦੀ ਕਿ ਉਹ ਆਪ ਉੱਚਾ ਉੱਠਣ ਦੀ ਬਜਾਏ ਕਿਸੇ ਨੂੰ ਨੀਵਾਂ ਦਿਖਾ ਕੇ ਆਪ ਉੱਚਾ ਹੋਣ ਦਾ ਭਰਮ ਪਾਲਦੇ। ਇਹ ਨਿਰਾ ਉਨ੍ਹਾਂ ਦਾ ਭਰਮ ਹੀ ਰਹਿ ਜਾਂਦਾ ਕਿਉਂਕਿ ਉੱਪਰ ਉੱਠਣ ਵਾਲੇ ਕਿਸੇ ਨੂੰ ਨੀਵਾਂ ਦਿਖਾ ਕੇ ਉੱਪਰ ਨਹੀਂ ਉੱਠਦੇ। ਇਹ ਉਨ੍ਹਾਂ ਦੀ ਨਿਸ਼ਠਾ, ਲਗਨ, ਸਿਰੜ ਅਤੇ ਮਿਹਨਤ ਦਾ ਇਵਜ਼ਾਨਾ ਹੁੰਦਾ ਜੋ ਉਨ੍ਹਾਂ ਦਾ ਹਾਸਲ ਹੁੰਦਾ। ਅਜੇਹੀ ਜ਼ਹਿਨੀਅਤ ਵਾਲੇ ਅਕਸਰ ਹੀ ਹਰੇਕ ਅਦਾਰੇ ਵਿਚ ਕੰਮ ਕਰਦਿਆਂ, ਆਪਣੇ ਕਿਰਦਾਰ ਰਾਹੀਂ ਜੱਗ-ਜਾਹਰ ਹੋ ਜਾਂਦੇ। ਵਕਤ ਜ਼ਰੂਰ ਲੱਗਦਾ ਹੈ। ਫਿਰ ਅਜੇਹੀ ਬਿਮਾਰ ਮਾਨਸਿਕਤਾ ਵਾਲੇ ਵਿਅਕਤੀ ਸਿਰਫ਼ ਨਮੋਸ਼ੀ ਹੰਢਾਉਣ ਜੋਗੇ ਹੀ ਰਹਿ ਜਾਂਦੇ।
ਮੈਂ ਸਤੰਬਰ ਦੇ ਅਖੀਰ ਵਿਚ ਪੰਜਾਬ ਜਾ ਕੇ ਸਰਕਾਰੀ ਕਾਲਜ ਮੁਕਤਸਰ ਵਿਖੇ ਆਪਣੀ ਡਿਊਟੀ ‘ਤੇ ਹਾਜ਼ਰ ਹੋ ਗਿਆ। ਮੁਕਤਸਰ ਵਿਖੇ ਕਾਰਜਕਾਰੀ ਪ੍ਰਿੰਸੀਪਲ ਨੂੰ ਵੀ ਪਤਾ ਸੀ ਕਿ ਇਹ ਬਦਲੀ ਮੈਨੂੰ ਸਜ਼ਾ ਦੇਣ ਲਈ ਕੀਤੀ ਗਈ। ਸਵੇਰੇ ਪੰਜ ਵਜੇ ਘਰੋਂ ਤੁਰ ਕੇ ਰੇਲਵੇ ਸਟੇਸ਼ਨ ‘ਤੇ ਜਾਣਾ, ਕਪੂਰਥਲੇ ਤੋਂ ਟਰੇਨ ਲੈ ਕੇ ਫ਼ਿਰੋਜ਼ਪੁਰ ਛਾਉਣੀ ਪਹੁੰਚਣਾ, ਆਟੋ ਰਿਕਸ਼ਾ ਲੈ ਕੇ ਬੱਸ ਅੱਡੇ ‘ਤੇ ਜਾਣਾ ਅਤੇ ਫਿਰ ਬੱਸ ਲੈ ਕੇ ਦਸ ਕੁ ਵਜੇ ਮੁਕਤਸਰ ਕਾਲਜ ਵਿਖੇ ਪਹੁੰਚਣਾ। ਪਰ ਕਪੂਰਥਲੇ ਤੋਂ ਫ਼ਿਰੋਜ਼ਪੁਰ ਦੇ ਟਰੇਨ ਸਫ਼ਰ ਦੌਰਾਨ ਸਾਹਿਤ ਪੜ੍ਹਨ ਅਤੇ ਲਿਖਣ ਕਾਰਨ ਸਫ਼ਰ ਦਾ ਪਤਾ ਹੀ ਨਾ ਲੱਗਦਾ। ਰੇਲਗੱਡੀ ਦੇ ਸਫ਼ਰ ਦੌਰਾਨ ਆਲੇ-ਦੁਆਲੇ ਦੀਆਂ ਸਵਾਰੀਆਂ ਦੀ ਮਾਨਸਿਕਤਾ ਨੂੰ ਪੜ੍ਹਦਿਆਂ ਅਤੇ ਉਨ੍ਹਾਂ ਦੇ ਹਾਵਾਂ-ਭਾਵਾਂ ਵਿਚੋਂ ਜੀਵਨ ਦੇ ਵੱਖਰੇ ਨਕਸ਼ ਚਿੱਤਵਦਿਆਂ, ਬਹੁਤ ਕੁਝ ਸਿੱਖਣ ਤੇ ਸਮਝਣ ਦਾ ਯਤਨ ਕਰਦਾ। ਦਰਅਸਲ ਇਹ ਸਫ਼ਰ ਵੀ ਮੇਰੇ ਨਜ਼ਰੀਏ ਨੂੰ ਵਿਸ਼ਾਲਣ ਵਿਚ ਸਹਾਈ ਹੋਇਆ। ਮੈਂ ਜ਼ਿੰਦਗੀ ਦੇ ਕੁਝ ਸੱਚ ਨੂੰ ਬਹੁਤ ਨੇੜਿਓਂ ਜਾਣ ਸਕਿਆ ਅਤੇ ਇਸ ਨਵੇਂ ਪੜਾਅ ਵਿਚ ਵੀ ਜ਼ਿੰਦਗੀ ਦੇ ਹਰ ਪਲ ਨੂੰ ਮਾਣਨ ਲੱਗਾ।
ਇਸ ਦੌਰਾਨ ਮੇਰੇ ਬਹੁਤ ਹੀ ਕਰੀਬੀ ਟਰਾਂਸਪੋਰਟ ਮੰਤਰੀ ਜੀ ਨੇ ਬੀਬੀ ਮੰਤਰੀ ਨੂੰ ਮਿਲ ਕੇ ਮੇਰੀ ਬਦਲੀ ਕਪੂਰਥਲਾ ਕਰ ਦੇਣ ਲਈ ਕਿਹਾ ਤਾਂ ਉਸ ਨੇ ਬਹੁਤ ਹੀ ਬੇਹੂਦਗੀ ਨਾਲ ਕੋਰਾ ਜਵਾਬ ਦੇ ਦਿੱਤਾ ਕਿਉਂਕਿ ਕੰਨਾਂ ਦੇ ਕੱਚਿਆਂ ਲਈ ਚੁੱਕ ਬਹੁਤ ਹੀ ਮਾੜੀ ਹੁੰਦੀ ਆ। ਵੈਸੇ ਬੀਬੀ ਮੈਨੂੰ ਵੀ ਚੰਗੀ ਤਰ੍ਹਾਂ ਜਾਣਦੀ ਸੀ, ਕਿਉਂਕਿ ਬੀਬੀ ਦੇ ਚਾਚਾ ਪਰਿਵਾਰ ਨਾਲ ਮੇਰੇ ਨੇੜਲੇ ਸਬੰਧ ਸਨ। ਮੇਰੇ ਮਾਮਾ ਜੀ ਜੋ ਆਪਣੇ ਆਪ ਨੂੰ ਬੀਬੀ ਦੇ ਨੇੜੇ ਸਮਝਦੇ ਸਨ, ਜਦ ਉਨ੍ਹਾਂ ਨੇ ਬੀਬੀ ਨੂੰ ਮਿਲ ਕੇ ਮੇਰੀ ਬਦਲੀ ਨੂੰ ਰੱਦ ਕਰਨ ਲਈ ਕਿਹਾ ਤਾਂ ਉਨ੍ਹਾਂ ‘ਤੋਂ ਵੀ ਬੜੀ ਬੇਰੁਖ਼ੀ ਨਾਲ ਕੋਰਾ ਜਵਾਬ ਮਿਲਿਆ। ਦਰਅਸਲ ਕਈ ਵਾਰ ਹਮਦਰਦਾਂ ਨਾਲੋਂ ਆਪਣੇ ਕਬੀਲੇ ਵਾਲਿਆਂ ਦੇ ਇਕ ਦੋ ਬੰਦਿਆਂ ਦੇ ਢਹੇ ਚੜ੍ਹ ਕੇ ਕਿੜ ਕੱਢਣਾ, ਮਹਿੰਗਾ ਤਾਂ ਪੈਂਦਾ ਪਰ ਸਮਾਂ ਲੱਗ ਜਾਂਦਾ ਹੈ।
ਮੈਂ ਸੋਚਿਆ ਹਰ ਰੋਜ਼ ਪੰਜ ਘੰਟੇ ਸਫ਼ਰ ਦੀ ਖੱਜਲਖੁਆਰੀ ਦੀ ਨੌਕਰੀ ਕਰਨ ਨਾਲੋਂ ਬਿਹਤਰ ਹੈ ਕਿ ਰਿਟਾਇਰਮੈਂਟ ਲੈ ਕੇ ਕੈਨੇਡਾ ਵਾਪਸ ਚਲੇ ਜਾਵਾਂ। ਮੈਂ ਨੌਕਰੀ ਤੋਂ ਪੂਰਵ ਰਿਟਾਇਰਮੈਂਟ ਲਈ ਤਿੰਨ ਮਹੀਨੇ ਦਾ ਨੋਟਿਸ ਵਿਭਾਗ ਨੂੰ ਭੇਜ ਦਿੱਤਾ। ਜਦ ਬੀਬੀ ਮੰਤਰੀ ਨੂੰ ਇਸ ਨੋਟਿਸ ਦਾ ਪਤਾ ਲੱਗਾ ਤਾਂ ਉਸ ਨੇ ਟਰਾਂਸਪੋਰਟ ਮੰਤਰੀ ਜੀ ਨੂੰ ਸੁਨੇਹਾ ਭੇਜਿਆ ਕਿ ਪ੍ਰੋ ਭੰਡਾਲ ਨੂੰ ਕਹੋ ਕਿ ਉਹ ਆਪਣਾ ਨੋਟਿਸ ਵਾਪਸ ਲੈ ਲਵੇ। ਹੁਣ ਮੈਂ ਉਸ ਦੀ ਬਦਲੀ ਸਰਕਾਰੀ ਕਾਲਜ ਲੁਧਿਆਣਾ ਦੀ ਕਰ ਦਿੰਦੀ ਹਾਂ ਅਤੇ ਜੂਨ-ਜੁਲਾਈ ਵਿਚ ਆਮ ਬਦਲੀਆਂ ਦੌਰਾਨ ਉਹ ਰਣਧੀਰ ਕਪੂਰਥਲੇ ਕਾਲਜ ਆ ਜਾਵੇਗਾ। ਟਰਾਂਸਪੋਰਟ ਮੰਤਰੀ ਨੇ ਦਾਈਏ ਨਾਲ ਮੈਨੂੰ ਇਹ ਸਲਾਹ ਮੰਨਣ ਲਈ ਕਿਹਾ ਤਾਂ ਮੈਂ ਨਾਂਹ ਨਾ ਕਰ ਸਕਿਆ। ਮੈਂ ਟਰਾਂਸਪੋਰਟ ਮੰਤਰੀ ਜੀ ਨੂੰ ਆਪਣਾ ਨੋਟਿਸ ਵਾਪਸ ਲੈਣ ਦਾ ਲਿਖ ਕੇ ਦੇ ਦਿੱਤਾ ਅਤੇ ਤੀਸਰੇ ਦਿਨ ਉਹ ਆਪ ਹੀ ਮੇਰੀ ਬਦਲੀ ਦੇ ਆਰਡਰ ਲੈ ਕੇ ਆ ਗਏ। ਇਹ ਜਨਵਰੀ 2009 ਦਾ ਆਖ਼ਰੀ ਹਫ਼ਤਾ ਸੀ। ਮੈਂ ਅਗਲੇ ਦਿਨ ਮੁਕਤਸਰ ਕਾਲਜ ਗਿਆ। ਪਹਿਲਾਂ ਸਾਰੀਆਂ ਕਲਾਸਾਂ ਨੂੰ ਪੜ੍ਹਾਇਆ ਅਤੇ ਫਿਰ ਮੈਂ ਰਿਲੀਵ ਹੋ ਕੇ ਅਗਲੇ ਦਿਨ ਸਰਕਾਰੀ ਕਾਲਜ ਲੁਧਿਆਣਾ ਵਿਖੇ ਡਿਊਟੀ ‘ਤੇ ਹਾਜ਼ਰ ਹੋ ਗਿਆ।
ਦਰਅਸਲ ਮੈਂ ਅਤੇ ਟਰਾਂਸਪੋਰਟ ਮੰਤਰੀ ਜੀ ਬੀਬੀ ਮੰਤਰੀ ਦੀ ਇਸ ਚਾਲ ਪਿੱਛੇ ਕੰਮ ਕਰਦੇ ਉਨ੍ਹਾਂ ਪ੍ਰੋਫੈਸਰਾਂ ਦੀ ਮਨਸ਼ਾ ਨਾ ਸਮਝ ਸਕੇ, ਕਿ ਉਹ ਕਿਸੇ ਵੀ ਕੀਮਤ ਤੇ ਮੇਰਾ ਰਣਧੀਰ ਕਾਲਜ ਕਪੂਰਥਲੇ ਆ ਜਾਣਾ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਸਨ। ਉਹ ਹਰ ਤਰੀਕੇ ਬੀਬੀ ਮੰਤਰੀ ਰਾਹੀਂ ਆਪਣੀ ਹਰ ਮਾੜੀ ਭਾਵਨਾ ਨੂੰ ਸਿਰੇ ਚਾੜ੍ਹਨ ਲਈ ਯਤਨਸ਼ੀਲ ਸਨ। ਹੋਇਆ ਵੀ ਇੰਝ ਹੀ ਕਿ ਆਮ ਬਦਲੀਆਂ ਵਿਚ ਮੇਰੀ ਬਦਲੀ ਨਾ ਹੋਈ ਅਤੇ ਮੇਰੇ ‘ਤੋਂ ਬੇਮਤਲਬ ਖ਼ਾਰ ਖਾਣ ਵਾਲੇ ਪ੍ਰੋਫੈਸਰ ਆਪਣੇ ਮਕਸਦ ਵਿਚ ਫਿਰ ਕਾਮਯਾਬ ਹੋ ਗਏ। ਇਹ ਸੱਚ ਬੀਬੀ ਮੰਤਰੀ ਦੇ ਖ਼ਾਸਮ-ਖ਼ਾਸ ਵਿਅਕਤੀਆਂ ਨੇ ਮੈਨੂੰ ਵੀ ਦੱਸ ਦਿੱਤਾ ਸੀ ਜਿਨ੍ਹਾਂ ਨੇ ਬੀਬੀ ਦੀ ਹਾਜ਼ਰੀ ਵਿਚ ਇਹ ਸੱਚ ਸੁਣਿਆ ਸੀ।
ਪਰ ਇਹੀ ਤਾਂ ਸਮਾਂ ਹੁੰਦਾ ਜਦੋਂ ਤੁਹਾਨੂੰ ਥਿੜਕਾਉਣ ਲਈ ਬਿਮਾਰ ਮਾਨਸਿਕਤਾ ਵਾਲੇ ਲੋਕ ਹਰ ਤਿਕੜਮਬਾਜ਼ੀ ਵਰਤਦੇ। ਉਨ੍ਹਾਂ ਦਾ ਅਤੇ ਬੀਬੀ ਮੰਤਰੀ ਦਾ ਸੋਚਣਾ ਸੀ ਕਿ ਸ਼ਾਇਦ ਮੈਂ ਬੀਬੀ ਸਾਹਵੇਂ ਆਪਣੀ ਬਦਲੀ ਲਈ ਗਿੜਗਿੜਵਾਂਗਾ। ਪਰ ਜਿਊਂਦੀ ਜ਼ਮੀਰ ਵਾਲੇ ਹਰ ਮੁਸ਼ਕਲ ਵਿਚੋਂ ਵੀ ਆਪਣੇ ਹਿੱਸੇ ਦੀ ਖ਼ੁਸ਼ੀਆਂ ਨੂੰ ਲੱਭ ਲੈਂਦੇ ਹਨ। ਜੀਵਨ ਦੇ ਹਰ ਰੰਗ ਵਿਚ ਆਪਣੀ ਸੰਵੇਦਨਾ, ਸੋਚ ਅਤੇ ਸਿਰਜਣਾਤਮਿਕਤਾ ਅਤੇ ਸਮਰਪਿੱਤਾ ਨੂੰ ਕਾਇਮ ਰੱਖਦੇ ਨੇ। ਜਲੰਧਰ ਤੋਂ ਲੁਧਿਆਣਾ ਰੇਲਗੱਡੀ ਦਾ ਸਫ਼ਰ ਮੇਰੇ ਲਈ ਸਭ ਤੋਂ ਵਧੀਆ ਹੁੰਦਾ, ਜਦੋਂ ਮੈਂ ਆਪਣੇ-ਆਪ ਨਾਲ ਕੀਤੀ ਗੁਫ਼ਤਗੂ ਨੂੰ ਲੈਪਟਾਪ ਤੇ ਲਿਖਦਾ, ਸਮਾਜਿਕ ਸਰੋਕਾਰਾਂ ਅਤੇ ਮਨੁੱਖੀ ਭਾਵਨਾਵਾਂ ਨੂੰ ਚਿਤਰਨ ਵਿਚ ਮਸਰੂਫ਼ ਹੁੰਦਾ। ਮੇਰੇ ਬਹੁਤ ਸਾਰੇ ਲੇਖ ਅਤੇ ਕਵਿਤਾਵਾਂ ਰੇਲ ਦੇ ਸਫ਼ਰ ਵਿਚੋਂ ਪੈਦਾ ਹੋਈਆਂ। ਵੈਸੇ ਵੀ ਲੁਧਿਆਣਾ ਕਾਲਜ ਵਿਚ ਜਮਾਤੀ ਪ੍ਰੋਫੈਸਰਾਂ ਜੈਪਾਲ ਸਿੰਘ, ਸੁਰਜੀਤ ਸਿੰਘ ਰਾਂਸੀ ਆਦਿ ਮਿੱਤਰਾਂ ਹੁਰਾਂ ਦੀ ਸੁਹਬਤ ਵਿਚ ਮੈਂ ਬਹੁਤ ਹੀ ਖ਼ੁਸ਼ ਸਾਂ।
ਅਗਸਤ 2009 ਦੇ ਅੱਧ ਵਿਚ ਖਡੂਰ ਸਾਹਿਬ ਵਿਖੇ ਆਯੋਜਿਤ ਧਾਰਮਿਕ ਸਮਾਗਮ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਆਦਿ ਲੀਡਰ ਆਏ ਸਨ। ਮੈਂ ਬਾਬਾ ਸੇਵਾ ਸਿੰਘ ਜੀ ਵੱਲੋਂ ਵਿਦਿਆਰਥੀਆਂ ਨੂੰ ਪੀ.ਐਮ.ਟੀ. ਅਤੇ ਸੀ.ਈ.ਟੀ. ਦੀ ਤਿਆਰੀ ਕਰਵਾਉਣ ਵਾਲੀ ਸੰਸਥਾ ਨਾਲ ਸ. ਰਘਬੀਰ ਸਿੰਘ ਬੈਂਸ ਹੁਰਾਂ ਦੀ ਪ੍ਰੇਰਨਾ ਨਾਲ ਜੁੜਿਆ ਹੋਇਆ ਸਾਂ। ਬਾਬਾ ਜੀ ਦੀ ਇੱਛਾ ਸੀ ਕਿ ਮੇਰੀ ਬਦਲੀ ਕਪੂਰਥਲਾ ਕਾਲਜ ਦੀ ਹੋ ਜਾਵੇ ਤਾਂ ਮੈਂ ਕਿ ਕਾਲਜ ਤੋਂ ਬਾਅਦ ਇਸ ਸੰਸਥਾ ਦੀ ਜ਼ਿਆਦਾ ਸੇਵਾ ਕਰ ਸਕਦਾ ਹਾਂ। ਉਸ ਸਮਾਗਮ ਵਿਚ ਮੈਂ ਵੀ ਹਾਜ਼ਰ ਸਾਂ। ਸਮਾਗਮ ਤੋਂ ਬਾਅਦ ਬਾਬਾ ਜੀ ਨੇ ਮੈਨੂੰ ਆਪਣੇ ਕਮਰੇ ਵਿਚ ਬੁਲਾਇਆ ਜਿੱਥੇ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਬੈਠੇ ਸਨ। ਜਦ ਬਾਬਾ ਜੀ ਨੇ ਮੇਰੀ ਬਦਲੀ ਬਾਰੇ ਬਾਦਲ ਸਾਹਿਬ ਨਾਲ ਆਪਣੀ ਇੱਛਾ ਜ਼ਾਹਿਰ ਕੀਤੀ ਤਾਂ ਉਨ੍ਹਾਂ ਨੇ ਮੇਰੀ ਬਦਲੀ ਕਰਵਾਉਣ ਦੀ ਜ਼ਿੰਮੇਵਾਰੀ ਜਥੇਦਾਰ ਬ੍ਰਹਮਪੁਰਾ ਜੀ ਦੀ ਲਾ ਦਿੱਤੀ। ਬਾਬਾ ਜੀ ਨੂੰ ਭਰੋਸਾ ਦਿਵਾਇਆ ਕਿ ਇਹ ਬਦਲੀ ਬਹੁਤ ਜਲਦ ਹੋ ਜਾਵੇਗੀ। ਪਰ ਬਦਲੀ ਤਾਂ ਹੋਣੀ ਹੀ ਨਹੀਂ ਸੀ। ਬਾਅਦ ਵਿਚ ਜਥੇਦਾਰ ਬ੍ਰਹਮਪੁਰਾ ਹੁਰਾਂ ਦਾ ਮੈਨੂੰ ਕਈ ਵਾਰ ਫ਼ੋਨ ਆਇਆ ਕਿ ਬਦਲੀ ਹੋਈ ਕਿ ਨਹੀਂ? ਇਕ ਵਾਰ ਤਾਂ ਬਾਬਾ ਜੀ ਨੇ ਆਪਣੇ ਕਾਲਜ ਦੇ ਪ੍ਰਿੰਸੀਪਲ ਨੂੰ ਬੀਬੀ ਮੰਤਰੀ ਕੋਲ ਭੇਜਿਆ ਕਿ ਪ੍ਰੋ ਭੰਡਾਲ ਦੀ ਬਦਲੀ ਦਾ ਕੀ ਬਣਿਆ? ਤਾਂ ਬੀਬੀ ਮੰਤਰੀ ਨੇ ਬਾਬਾ ਜੀ ਬਾਰੇ ਵੀ ਬਹੁਤ ਅਵਾ-ਤਵਾ ਬੋਲਿਆ। ਜਦ ਮੈਨੂੰ ਬੀਬੀ ਮੰਤਰੀ ਦੇ ਹੰਕਾਰੀ ਅਤੇ ਬਾਬਾ ਜੀ ਪ੍ਰਤੀ ਬੇਹੁਰਮਤੀ ਭਰੇ ਬੋਲਾਂ ਦਾ ਪਤਾ ਲੱਗਾ ਤਾਂ ਮੈਂ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਮੇਰੀ ਬਦਲੀ ਬਾਰੇ ਕਿਸੇ ਨੂੰ ਨਹੀਂ ਕਹਿਣਾ। ਮੈਂ ਆਪਣੇ ਵਿੱਤ ਮੁਤਾਬਿਕ ਤੁਹਾਡੀ ਸੰਸਥਾ ਦੀ ਸੇਵਾ ਜ਼ਰੂਰ ਕਰਦਾ ਰਹਾਂਗਾ। ਮੈਂ ਨਹੀਂ ਸੀ ਚਾਹੁੰਦਾ ਕਿ ਮੇਰੇ ਬਦਲੀ ਕਾਰਨ ਕਿਸੇ ਮਾਣਮੱਤੀ ਸ਼ਖ਼ਸੀਅਤ ਦਾ ਨਿਰਾਦਰ ਹੋਵੇ। ਜਥੇਦਾਰ ਬ੍ਰਹਮਪੁਰਾ ਜੀ ਵੀ ਬਹੁਤ ਹਤਾਸ਼ ਹੋਏ। ਆਖ਼ਰ ਨੂੰ ਜਥੇਦਾਰ ਬ੍ਰਹਮਪੁਰਾ ਵੀ ਬੇਬਸ ਹੋ ਗਏ ਤੇ ਬਦਲੀ ਦੀ ਗੱਲ ਹੀ ਠੱਪ ਹੋ ਗਈ
ਮੈਂ ਮਈ 2010 ਦੇ ਸ਼ੁਰੂ ਵਿਚ ਹੀ 8 ਅਗਸਤ 2010 ਨੂੰ ਅਗਾਊਂ ਰਿਟਾਇਰਮੈਂਟ ਲੈਣ ਵਾਸਤੇ ਅਰਜ਼ੀ ਭੇਜ ਦਿੱਤੀ ਕਿਉਂਕਿ ਮੈਂ ਹੋਰ ਨੌਕਰੀ ਨਹੀਂ ਸੀ ਕਰਨਾ ਚਾਹੁੰਦਾ ਅਤੇ ਕੈਨੇਡਾ ਵਾਪਸ ਪਰਤ ਜਾਣ ਦਾ ਪੱਕਾ ਮਨ ਬਣਾ ਲਿਆ। ਜੂਨ 2010 ਦੇ ਅੱਧ ਵਿਚ ਇਕ ਦਿਨ ਮੈਂ ਪਿੰਡੋਂ ਹੋ ਕੇ ਘਰ ਆਇਆ ਤਾਂ ਪਤਾ ਲੱਗਾ ਕਿ ਟਰਾਂਸਪੋਰਟ ਮੰਤਰੀ ਸਾਹਿਬ ਮੇਰੇ ਘਰ ਆਏ ਸਨ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਉਨ੍ਹਾਂ ਨੂੰ ਜਲਦੀ ਫ਼ੋਨ ਕਰਾਂ। ਕੋਈ ਜ਼ਰੂਰੀ ਕੰਮ ਹੈ। ਮੈਂ ਮੰਤਰੀ ਸਾਹਿਬ ਨੂੰ ਫ਼ੋਨ ਕੀਤਾ ਤਾਂ ਉਨ੍ਹਾਂ ਨੇ ਦੱਸਿਆ ਕਿ ਬੀਬੀ ਮੰਤਰੀ ਦਾ ਫ਼ੋਨ ਆਇਆ ਹੈ ਕਿ ਪ੍ਰੋ ਭੰਡਾਲ ਨੂੰ ਕਹੋ ਕਿ ਉਹ ਆਪਣੀ ਬਦਲੀ ਦੀ ਅਰਜ਼ੀ ਦੇਣ। ਮੈਂ ਉਨ੍ਹਾਂ ਦੀ ਬਦਲੀ ਕਪੂਰਥਲੇ ਕਰ ਦੇਵਾਂਗੀ। ਮੈਂ ਟਰਾਂਸਪੋਰਟ ਮੰਤਰੀ ਨੂੰ ਸਾਫ਼ ਨਾਂਹ ਕਰਦਿਆਂ ਕਹਿ ਦਿੱਤਾ ਕਿ ਬੀਬੀ ਮੰਤਰੀ ਨੂੰ ਮੇਰਾ ਇਹ ਸੁਨੇਹਾ ਜ਼ਰੂਰ ਦੇ ਦੇਣਾ ਕਿ ਮੈਨੂੰ ਹੁਣ ਕਪੂਰਥਲੇ ਬਦਲੀ ਦੀ ਕੋਈ ਲੋੜ ਨਹੀਂ। ਮੈਂ ਲੁਧਿਆਣੇ ਕਾਲਜ ਵਿਚ ਬਹੁਤ ਖ਼ੁਸ਼ ਹਾਂ।
ਤੇ ਫਿਰ ਜੁਲਾਈ 2010 ਦੇ ਪਹਿਲੇ ਹਫ਼ਤੇ ਲੁਧਿਆਣਾ ਕਾਲਜ ਵਿਚ ਹੀ ਮੈਨੂੰ ਕਪੂਰਥਲਾ ਕਾਲਜ ਦੇ ਉਸ ਪ੍ਰੋਫੈਸਰ ਦਾ ਫ਼ੋਨ ਆਇਆ ਜੋ ਬੀਬੀ ਮੰਤਰੀ ਦਾ ਬਹੁਤ ਕਰੀਬੀ ਸੀ। ਉਸ ਨੇ ਦੱਸਿਆ ਕਿ ਤੇਰੀ ਬਦਲੀ ਕਪੂਰਥਲੇ ਕਾਲਜ ਦੀ ਹੋ ਗਈ ਹੈ ਜਦ ਕਿ ਉਸ ਸਮੇਂ ਤੱਕ ਕਿਸੇ ਨੂੰ ਬਦਲੀਆਂ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਤੇ ਨਾ ਹੀ ਕਿਸੇ ਕਾਲਜ ਵਿਚ ਬਦਲੀਆਂ ਦੀ ਲਿਸਟ ਆਈ ਸੀ। ਉਸ ਦਾ ਫ਼ੋਨ ਆਉਣਾ ਹੀ ਇਹ ਸਪਸ਼ਟ ਕਰਨ ਲਈ ਕਾਫ਼ੀ ਸੀ ਕਿ ਕੌਣ ਸਨ ਉਹ ਲੋਕ ਜਿਨ੍ਹਾਂ ਦਾ ਪੂਰਾ ਜ਼ੋਰ ਲੱਗਾ ਹੋਇਆ ਸੀ ਕਿ ਪ੍ਰੋ ਭੰਡਾਲ ਨੂੰ ਰਣਧੀਰ ਕਾਲਜ ਵਿਚ ਵਾਪਸ ਨਹੀਂ ਆਉਣ ਦੇਣਾ। ਬੀਬੀ ਮੰਤਰੀ ਨੂੰ ਲੱਗਦਾ ਸੀ ਕਿ ਉਹ ਮੇਰੀ ਬਦਲੀ ਕਪੂਰਥਲਾ ਕਾਲਜ ਦੀ ਕਰਕੇ ਮੇਰੇ ਉੱਪਰ ਬਹੁਤ ਵੱਡਾ ਅਹਿਸਾਨ ਕਰ ਰਹੀ ਹੈ। ਇਹ ਸਿਰਫ਼ ਉਸ ਦਾ ਭਰਮ ਸੀ। ਹੁਣ ਤੱਕ ਮੈਂ ਬੀਬੀ ਮੰਤਰੀ ਨੂੰ ਕਦੇ ਨਹੀਂ ਮਿਲਿਆ। ਜਦੋਂ ਤੁਸੀਂ ਕਿਸੇ ਨੂੰ ਜ਼ਲੀਲ ਕਰਕੇ ਆਪਣੀ ਹਉਮੈਂ ਨੂੰ ਪੱਠੇ ਪਾਉਂਦੇ, ਕਿਸੇ ਸੱਚੇ ਵਿਅਕਤੀ ਨੂੰ ਤੁੱਛ ਸਮਝਦੇ ਹੋ ਤਾਂ ਸਮਾਂ ਸਾਰਾ ਕੁਝ ਦੇਖ ਰਿਹਾ ਹੁੰਦਾ ਹੈ। ਸਮਾਂ ਆਉਣ ‘ਤੇ ਵਕਤ ਹੀ ਦੱਸ ਦਿੰਦਾ ਕਿ ਤੁਸੀਂ ਕਿਸੇ ਨਾਲ ਕੀ ਕਰਦੇ ਰਹੇ ਹੋ ਅਤੇ ਇਸ ਦਾ ਇਵਜ਼ਾਨਾ ਕਿਹੜੇ ਰੂਪ ਵਿਚ ਜੀਵਨ ਦੇ ਕਿਸ ਪੜਾਅ ‘ਤੇ ਤਾਰਨਾ ਪੈਣਾ। ਰਾਜਸੀ ਲੋਕ ਆਪਣੇ ਚਾਪਲੂਸਾਂ ਦੀਆਂ ਸਾਜਸ਼ੀ ਚਾਲਾਂ ਰਾਹੀਂ ਆਪ ਬਦਨਾਮ ਹੁੰਦੇ ਨੇ ਅਤੇ ਲੋਕ ਮਨਾਂ ਵਿਚੋਂ ਵੀ ਬੜੀ ਜਲਦੀ ਲੱਥ ਜਾਂਦੇ ਹਨ। ਇਸ ਦਾ ਸਬੂਤ ਸੀ ਕਿ ਅਗਲੀਆਂ ਚੋਣਾਂ ਵਿਚ ਬੀਬੀ ਨੂੰ ਜ਼ਬਰਦਸਤ ਹਾਰ ਦਾ ਮੂੰਹ ਦੇਖਣਾ ਪਿਆ ਅਤੇ ਆਖ਼ਰ ਉਹ ਰਾਜਸੀ ਪਿੜ ਵਿਚੋਂ ਹੀ ਸਦਾ ਲਈ ਲਾਂਭੇ ਹੋ ਗਈ।
ਕਮੀਨਗੀਆਂ, ਕੋਝੀਆਂ ਅਤੇ ਧੱਕੇਸ਼ਾਹੀ ਵਾਲੀਆਂ ਹਰਕਤਾਂ ਇਕ ਕਮਜ਼ੋਰ ਵਿਅਕਤੀ ਨੂੰ ਤਾਂ ਡੁੱਲ੍ਹਾ ਸਕਦੀਆਂ ਨੇ। ਪਰ ਜਿਸ ਨੇ ਜ਼ਿੰਦਗੀ ਦੀਆਂ ਤਲਖ਼ੀਆਂ ਵਿਚੋਂ ਜੀਵਨ ਦਾ ਸੁਖਨ ਹਾਸਲ ਕੀਤਾ ਹੋਵੇ ਉਸ ਲਈ ਇਹ ਤਲਖ਼ੀਆਂ ਸੁਹੰਢਣੇ ਜੀਵਨ ਲਈ ਇਕ ਮਾਰਗ ਦਰਸ਼ਕ ਹੁੰਦੀਆਂ। ਇਨ੍ਹਾਂ ਵਿਚੋਂ ਨਿਕਲ ਕੇ ਹੀ ਬੰਦੇ ਦੀ ਪਛਾਣ ਹੁੰਦੀ ਕਿ ਬੰਦਾ ਮਰੀ ਜ਼ਮੀਰ ਵਾਲੀ ਜਿਊਂਦੀ ਲਾਸ਼ ਹੈ ਜਾਂ ਉਹ ਜਿਊਂਦੀ ਜ਼ਮੀਰ ਵਾਲਾ ਧੜਕਦੇ ਸਾਹਾਂ ਦਾ ਸ਼ਾਹ-ਅਸਵਾਰ ਹੈ। ਸਿਰ ਉੱਚਾ ਰੱਖ ਕੇ ਜਿਊਣ ਦਾ ਲੁਤਫ਼ ਹੀ ਵੱਖਰਾ ਹੁੰਦਾ।
ਮੈਂ ਅਗਸਤ 2010 ਵਿਚ ਨੌਕਰੀ ਤੋਂ ਫਾਰਗ ਹੋ ਕੇ ਕੈਨੇਡਾ ਵਿਚ ਨਵੀਂ ਜਿæੰਦਗੀ ਦੀ ਸ਼ੁਰੂਆਤ ਕਰ ਲਈ।
ਤੇ ਪੰਜਾਬ ਦੀ ਸਿੱਖਿਆ ਮੰਤਰੀ ਵਲੋਂ ਬਦਲੀਆਂ ਰਾਹੀਂ ਖੱਜਲ-ਖੁਆਰ ਕਰਕੇ ਪੂਰਵ ਸੇਵਾ-ਮੁੱਕਤੀ ਲੈਣ ਲਈ ਮਜ਼ਬੂਰ ਕੀਤਾ ਸਖਸ਼ ਪਿੱਛਲੇ ਦਸ ਸਾਲਾਂ ਤੋਂ ਅਮਰੀਕਾ ਦੀ ਯੂਨੀਵਰਸਿਟੀ ਵਿਚ ਫਿਜਿਕਸ ਪੜ੍ਹਾ ਰਿਹਾ ਹੈ।
