ਸਿਆਟਲ ਗੋਸ਼ਟੀ ‘ਚ ਮੂਲ ਨਾਨਕਸ਼ਾਹੀ ਕੈਲੰਡਰ ‘ਤੇ ਪਹਿਰਾ ਦੇਣ ਦਾ ਅਹਿਦ

ਸਿਆਟਲ (ਬਿਊਰੋ): ਮੂਲ ਨਾਨਕਸ਼ਾਹੀ ਕੈਲੰਡਰ ਦੀ ਮਹੱਤਤਾ ਅਤੇ ਮੁੜ ਬਹਾਲੀ ਸਬੰਧੀ ਅਮਰੀਕਾ-ਕੈਨੇਡਾ ਦੀਆਂ ਨਾਮੀ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਵਰਲਡ ਸਿੱਖ ਫੈਡਰੇਸ਼ਨ ਵੱਲੋਂ ਲੰਘੀ 26 ਅਕਤੂਬਰ ਨੂੰ ਇਥੇ ਗੁਰਦੁਆਰਾ ਸੱਚਾ ਮਾਰਗ ਵਿਚ ਕਰਵਾਏ ਗਏ ਸੈਮੀਨਾਰ ਵਿਚ ਮੂਲ ਨਾਨਕਸ਼ਾਹੀ ਕੈਲੰਡਰ ‘ਤੇ ਪਹਿਰਾ ਦੇਣ ਦਾ ਅਹਿਦ ਲਿਆ ਗਿਆ। 
ਜ਼ਬਤ ਅਤੇ ਸੰਜੀਦਗੀ ਦੇ ਮਾਹੌਲ ਵਿਚ ਨੇਪਰੇ ਚੜ੍ਹੇ ਇਸ ਪੰਥਕ ਸਮਾਗਮ ਨੇ ਮੂਲ ਨਾਨਕਸ਼ਾਹੀ ਕੈਲੰਡਰ ‘ਤੇ ਪੱਕੀ ਮੋਹਰ ਹੀ ਨਹੀਂ ਲਗਾਈ, ਸਗੋਂ ਇਹ ਆਸ ਵੀ ਬੰਨ੍ਹਾਈ ਕਿ ਇਸ ਦੀ ਮੁੜ ਬਹਾਲੀ ਨੂੰ ਹੁਣ ਹੋਰ ਟਾਲਿਆ ਨਹੀਂ ਜਾ ਸਕੇਗਾ। ਦੇਸ਼-ਵਿਦੇਸ਼ ਤੋਂ ਪਹੁੰਚੇ ਵੱਖ ਵੱਖ ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਇੱਕ ਜ਼ੁਬਾਨ ਹੋ ਕੇ ਸੰਨ 2003 ਵਿਚ ਲਾਗੂ ਹੋਏ ਅਸਲ ਕੈਲੰਡਰ ‘ਤੇ ਹੀ ਡਟ ਕੇ ਪਹਿਰਾ ਦੇਣ ਦਾ ਅਹਿਦ ਲਿਆ।
ਇਲਾਹੀ ਬਾਣੀ ਦੇ ਕੀਰਤਨ ਦੀ ਸਮਾਪਤੀ ਉਪਰੰਤ ਦੁਪਹਿਰ ਗਿਆਰਾਂ ਵਜੇ ਸ਼ੁਰੂ ਹੋਏ ਸੈਮੀਨਾਰ  ਦਾ ਕੂੰਜੀਵਤ ਭਾਸ਼ਣ ਅਮੈਰੀਕਨ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਜਸਵੰਤ ਸਿੰਘ ਹੋਠੀ ਨੇ ਦਿੱਤਾ। 2003 ਵਿਚ ਪੰਥਕ-ਜੁਗਤਿ ਨਾਲ ਲਾਗੂ ਹੋਏ ਮੂਲ ਨਾਨਕਸ਼ਾਹੀ ਕੈਲੰਡਰ ਦਾ ਸੱਤਾਂ ਸਾਲਾਂ ਬਾਅਦ ‘ਭਗਵਾਂ ਕਰਨ’ ਕਿਉਂ ਅਤੇ ਕਿਨ੍ਹਾਂ ਦੇ ਇਸ਼ਾਰਿਆਂ ‘ਤੇ ਕੀਤਾ ਗਿਆ, ਵਰਗੇ ਸੁਆਲਾਂ ਦੇ ਜੁਆਬ ਦਿੰਦਿਆਂ ਬੁਲਾਰਿਆਂ ਨੇ ਵਿਦਵਤਾ ਭਰਪੂਰ ਜਾਣਕਾਰੀ ਪ੍ਰਦਾਨ ਕੀਤੀ। ਖਗੋਲ ਅਤੇ ਭੂਗੋਲ ਵਿੱਦਿਆ ਦੇ ਮਾਹਿਰ ਭਾਈ ਸਰਬਜੀਤ ਸਿੰਘ ਸੈਕਰਾਮੈਂਟੋ ਨੇ ਸੂਰਜੀ ਅਤੇ ਚੰਦਰਮਾ ਸਾਲਾਂ ਬਾਰੇ ਖੋਜ ਭਰਪੂਰ ਤੱਥ ਪੇਸ਼ ਕਰਕੇ ਸੰਗਤ ਨੂੰ ਹਕੀਕਤਾਂ ਤੋਂ ਜਾਣੂੰ ਕਰਾਇਆ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਅਕਾਲੀ ਦਲ (ਪੰਚ ਪ੍ਰਧਾਨੀ), ਸਿੱਖ ਯੂਥ ਆਫ ਅਮਰੀਕਾ, ਡਾæ ਅੰਬੇਦਕਰ ਸਿੱਖ ਫਾਊਂਡੇਸ਼ਨ, ਸਿੱਖ ਸਟੱਡੀਜ਼ ਸੈਂਟਰ ਕੈਨੇਡਾ ਅਤੇ ਦੇਸ਼-ਵਿਦੇਸ਼ ਦੀਆਂ ਹੋਰ ਅਨੇਕਾਂ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਖਾਲਸਾ ਪੰਥ ਦੇ ਕੇਂਦਰੀ ਅਸਥਾਨਾਂ ਉਤੇ ਵਧਦੀ ਜਾ ਰਹੀ ਸਿਆਸਤ ਦੀ ਜਕੜ ਬਾਰੇ ਡੂੰਘੀ ਚਿੰਤਾ ਜ਼ਾਹਿਰ ਕਰਦਿਆਂ ਹਰੇਕ ਸਿੱਖ ਨੂੰ ਜਾਗਰੂਕ ਅਤੇ ਚੇਤੰਨ ਹੋਣ ਦੀ ਅਪੀਲ ਕੀਤੀ ਅਤੇ ਸਿੱਖ ਫਲਸਫੇ ਦੀ ਵਿਲੱਖਣਤਾ ਨੂੰ ਨੇਸਤੋ-ਨਾਬੂਦ ਕਰਨ ‘ਤੇ ਤੁਲੀਆਂ ਬਿਪਰਵਾਦੀ ਤਾਕਤਾਂ ਦਾ ਮੂੰਹ ਤੋੜ ਜਵਾਬ ਦੇਣ ਲਈ ਆਪਸੀ ਵਖਰੇਵਿਆਂ ਨੂੰ ਘਟਾਉਣ ਉਤੇ ਜ਼ੋਰ ਦਿੱਤਾ ਗਿਆ।
ਸੈਮੀਨਾਰ ਦੇ ਪ੍ਰਮੁਖ ਬੁਲਾਰੇ ਭਾਈ ਪੰਥਪ੍ਰੀਤ ਸਿੰਘ ਨੇ ਪੰਜਾਬ ਦੇ ਸਿੱਖ ਸਿਆਸਤਦਾਨਾਂ ਵਲੋਂ ਅਸਲ ਕੈਲੰਡਰ ਕਤਲ ਕੀਤੇ ਜਾਣ ਤੋਂ ਇਲਾਵਾ ਪੰਥਕ ਰਹੁ-ਰੀਤਾਂ ਅਤੇ ਸਿੱਖ ਵਿਰਸੇ ਦੇ ਕੀਤੇ ਜਾ ਰਹੇ ਘਾਣ ਬਾਰੇ ਦਿਲ-ਟੁੰਬਵੀਂ ਤਕਰੀਰ ਕੀਤੀ। ਇਸ ਮੌਕੇ ਉਨ੍ਹਾਂ ਨੇ ਪ੍ਰਬੰਧਕਾਂ ਵਲੋਂ ਵੱਡੀ ਗਿਣਤੀ ਵਿਚ ਛਪਵਾਇਆ ਸੰਨ 2014 ਦਾ ਨਵਾਂ ਨਾਨਕਸ਼ਾਹੀ ਕੈਲੰਡਰ ਵੀ ਰਿਲੀਜ਼ ਕੀਤਾ। ਸੈਮੀਨਾਰ ਦੀ ਵਿਸ਼ੇਸ਼ ਗੱਲ ਇਹ ਰਹੀ ਕਿ ਹਰ ਸਿੱਖ ਸਰੋਤੇ ਨੇ ਅਸਲ ਨਾਨਕਸ਼ਾਹੀ ਕੈਲੰਡਰ ਨੂੰ ਹੀ ਅਪਨਾਉਣ ਦੇ ਪ੍ਰਣ-ਪੱਤਰ ਭਰ ਕੇ ਪ੍ਰਬੰਧਕਾਂ ਨੂੰ ਸੌਂਪੇ।
ਸਮਾਪਤੀ ਮੌਕੇ ਜੈਕਾਰਿਆਂ ਦੀ ਗੂੰਜ ਵਿਚ ਕੁੱਝ ਅਹਿਮ ਮਤੇ ਪਾਸ ਕੀਤੇ ਗਏ ਜਿਨ੍ਹਾਂ ਵਿਚ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੁਰਜ਼ੋਰ ਅਪੀਲ ਕੀਤੀ ਗਈ ਕਿ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਮੁੜ ਬਹਾਲ ਕੀਤਾ ਜਾਵੇ। ਦੇਸ਼-ਵਿਦੇਸ਼ ਦੀਆਂ ਚਾਰ ਕੁ ਦਰਜਨ ਸਿੱਖ ਸੰਸਥਾਂਵਾਂ ਵੱਲੋਂ ਭੇਜੇ ਗਏ ਉਨ੍ਹਾਂ ਮਤਿਆਂ ਦੀ ਭਰਪੂਰ ਸ਼ਲਾਘਾ ਕੀਤੀ ਗਈ ਜਿਨ੍ਹਾਂ ਵਿਚ ਅਸਲ ਕੈਲੰਡਰ ‘ਤੇ ਹੀ ਪਹਿਰਾ ਦਿੰਦੇ ਰਹਿਣ ਦਾ ਅਹਿਦ ਲਿਆ ਹੋਇਆ ਸੀ।
ਇਕੱਠ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਹੋਰਨਾਂ ਤੋਂ ਇਲਾਵਾ ਜਗਪਾਲ ਸਿੰਘ ਸਰੀ, ਤਨਵੀਰ ਸਿੰਘ, ਅਜੀਤ ਸਿੰਘ ਰਾਹੀ (ਆਸਟ੍ਰੇਲੀਆ), ਦਲਜੀਤ ਸਿੰਘ ਇੰਡੀਆਨਾ, ਡਾæ ਗੁਰਮੀਤ ਸਿੰਘ ਬਰਸਾਲ, ਹਰਚਰਨ ਸਿੰਘ ਕੈਲਗਰੀ, ਡਾæ ਪੂਰਨ ਸਿੰਘ ਸਰੀ, ਰੇਸ਼ਮ ਸਿੰਘ ਬੇਕਰਜ਼ਫੀਲਡ, ਮਨਜੀਤ ਸਿੰਘ (ਗੁਰਦੁਅਰਾ ਦਸਮੇਸ਼ ਦਰਬਾਰ ਸਰੀ), ਸੰਤੋਖ ਸਿੰਘ ਡੈਲਸ, ਇੰਦਰਜੀਤ ਸਿੰਘ ਮੈਰਿਸਵਿਲ, ਅਜੀਤ ਸਿੰਘ ਵਾਹਦ, ਕੁਲਦੀਪ ਸਿੰਘ ਕੈਨੇਡਾ (ਰੇਡੀਓ ਹੋਸਟ), ਮਨਜੀਤ ਸਿੰਘ ਧਾਲੀਵਾਲ, ਗੁਰਦੇਵ ਸਿੰਘ ਸੰਧਾਵਾਲੀਆ, ਮੋਤਾ ਸਿੰਘ ਝੀਤਾ (ਐਬਟਸਫੋਰਡ), ਜਸਪਿੰਦਰ ਸਿੰਘ, ਈਸਰ ਸਿੰਘ ਗਰਚਾ, ਸ਼ਰਨਜੀਤ ਸਿੰਘ ਰੈਂਟਨ, ਚਰਨ ਸਿੰਘ ਵੈਨਕੂਵਰ, ਗਿਆਨੀ ਸਵਰਨ ਸਿੰਘ, ਗੁਰਨੇਕ ਸਿੰਘ ਫਰਿਜ਼ਨੋ, ਹਰਦਿਆਲ ਸਿੰਘ ਕੈਂਟ, ਮਨਜੀਤ ਸਿੰਘ ਪਿਆਸਾ, ਤਰਲੋਚਨ ਸਿੰਘ ਦੁਪਾਲਪੁਰ (ਸਾਬਕਾ ਮੈਂਬਰ ਐਸ਼ ਜੀæ ਪੀæ ਸੀæ) ਅਤੇ ਕਰਨੈਲ ਸਿੰਘ ਦੇ ਨਾਂ ਸ਼ਾਮਲ ਹਨ।
ਸੈਮੀਨਾਰ ਦੇ ਅਖੀਰ ਵਿਚ ਬੁਲਾਰਿਆਂ ਅਤੇ ਸੇਵਾਦਾਰਾਂ ਦਾ ਸਨਮਾਨ ਕੀਤਾ ਗਿਆ। ਭਾਈ ਅਜਾਇਬ ਸਿੰਘ ਸਿਆਟਲ ਨੇ ਗੁਰਦੁਆਰਾ ਸੱਚਾ ਮਾਰਗ ਦੇ ਪ੍ਰਬੰਧਕਾਂ ਅਤੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ।

Be the first to comment

Leave a Reply

Your email address will not be published.