ਕਾਲੀਆ ਦੇ ਘਰ ਤੇ ਹਮਲਾ ਕਰਨ ਵਾਲੇ ਦੋ ਕਾਬੂ

ਜਲੰਧਰ:ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਬੀਤੇ ਸੋਮਵਾਰ 7 ਅਪ੍ਰੈਲ ਦੀ ਰਾਤ ਗਨੇਡ ਸੁੱਟਣ ਵਾਲੇ ਮੁਲਜ਼ਮ ਨੂੰ ਜਲੰਧਰ ਪੁਲਿਸ ਨੇ ਸ਼ਨਿਚਰਵਾਰ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ। ਇਹ ਅੱਤਵਾਦੀ ਵਾਰਦਾਤ ਦੇ 5 ਦਿਨਾਂ ਬਾਅਦ ਪੁਲਿਸ ਦੇ ਹੱਥ ਆਇਆ ਹੈ।

ਉਸ ਦੀ ਪਛਾਣ ਉੱਤਰ ਪ੍ਰਦੇਸ਼ ਦੇ ਅਮਰੋਹਾ ਦੇ ਮੁਹੱਲਾ ਕੱਟੜਾ ਬਖ਼ਤਾਵਰ ਦੇ ਰਹਿਣ ਵਾਲੇ ਸਈਦੁਲ ਅਮੀਨ ਦੇ ਰੂਪ ‘ਚ ਹੋਈ ਹੈ। ਪਤਾ ਲੱਗਾ ਹੈ ਕਿ ਜੇ ਅਮੀਨ ਨੂੰ ਕੁੱਝ ਦੇਰ ਹੋਰ ਗ੍ਰਿਫ਼ਤਾਰ ਨਾ ਕੀਤਾ ਜਾਂਦਾ ਤਾਂ ਉਹ ਸਿਰ ਮੁੰਡਵਾ ਕੇ ਅੰਡਰ ਗਰਾਊਂਡ ਹੋ ਜਾਂਦਾ ਤੇ ਅਤੇ ਅਗਲੀ ਅੱਤਵਾਦੀ ਵਾਰਦਾਤ ਲਈ ਤਿਆਰੀ ਕਰਦਾ।
ਭਾਜਪਾ ਨੇਤਾ ਦੇ ਘਰ ‘ਤੇ ਗ੍ਰਨੇਡ ਹਮਲਾ ਕਰਨ ਦੀ ਸਾਜ਼ਿਸ਼ ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐੱਸਆਈ ਨੇ ਰਚੀ ਸੀ। ਜੇਲ ‘ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਪਾਕਿਸਤਾਨ ‘ਚ ਬੈਠੇ ਅੱਤਵਾਦੀ ਸ਼ਹਿਜ਼ਾਦ ਭੱਟੀ ਤੇ ਉਸ ਦਾ ਸਾਥੀ ਜੀਸ਼ਾਨ ਅਖ਼ਤਰ ਇਸ ਸਾਜ਼ਿਸ਼ ਦਾ ਹਿੱਸਾ ਸਨ। ਜਲੰਧਰ ‘ਚ ਪੱਤਰਕਾਰਾਂ ਨਾਲ ਗੱਲਬਾਤ ‘ਚ ਡਾਇਰੈਕਟਰ ਜਨਰਲ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਦੱਸਿਆ ਕਿ ਜਲੰਧਰ ਦੀ ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ ਤੇ ਉਨ੍ਹਾਂ ਦੀ ਟੀਮ ਨੇ ਦਿੱਲੀ ਪੁਲਿਸ ਦੇ ਨਾਲ ਸਾਂਝੀ ਮੁਹਿੰਮ ਚਲਾ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ।
ਸੂਤਰਾਂ ਅਨੁਸਾਰ ਗ੍ਰਨੇਡ ਸੁੱਟਣ ਵਾਲੇ ਮੁੱਖ ਮੁਲਜ਼ਮ ਸਈਦੁਲ ਅਮੀਨ ਦੇ ਤਾਰ ਚੰਡੀਗੜ੍ਹ ਦੇ ਸੈਕਟਰ-10 ‘ਚ ਪਿਛਲੇ ਸਾਲ ਹੋਏ ਗ੍ਰਨੇਡ ਹਮਲੇ ਦੇ ਮੁੱਖ ਸਾਜ਼ਿਸ਼ਕਰਤਾ ਅਭਿਜੋਤ ਸਿੰਘ ਨਾਲ ਵੀ ਜੁੜੇ ਹਨ। ਅਭਿਜੋਤ ਸਿੰਘ ਗੁਰਦਾਸਪੁਰ ਦਾ ਰਹਿਣ ਵਾਲਾ ਹੈ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ) ਨੇ ਸਭ ਤੋਂ ਪਹਿਲਾਂ 9 ਅਪ੍ਰੈਲ ਨੂੰ ਅਭਿਜੋਤ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ। ਏਜੰਸੀ ਨੂੰ ਪਤਾ ਲੱਗਾ ਕਿ ਜਲੰਧਰ ਗ੍ਰਨੇਡ ਹਮਲੇ ਦਾ ਮੁੱਖ ਮੁਲਜ਼ਮ ਅਮੀਨ ਵੈਲਡਿੰਗ ਦਾ ਕੰਮ ਕਰਦਾ ਹੈ। ਉਹ ਹਮਲੇ ਤੋਂ ਬਾਅਦ ਦਿੱਲੀ ਤੋਂ ਜਸੋਲਾ ਸਥਿਤ ਇਕ ਹੋਟਲ ‘ਚ ਲੁਕਿਆ ਸੀ।
ਐੱਨਆਈਏ ਦੀ ਸੂਚਨਾ ਤੋਂ ਬਾਅਦ ਸਈਦੁਲ ਨੂੰ ਗ੍ਰਿਫਤਾਰ ਕਰ ਲਿਆ। ਸਈਦੁਲ ਕੋਲ ਮੋਬਾਈਲ ਸਮੇਤ ਕੁਝ ਹੋਰ ਉਪਕਰਣ ਮਿਲੇ ਹਨ। ਮੋਬਾਈਲ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਨੇਡ ਸੁੱਟਣ ਤੋਂ ਬਾਅਦ ਭੱਜਣ ਤੇ ਲੁਕਣ ਤੱਕ ਦੇ ਸਾਰੇ ਨਿਰਦੇਸ਼ ਉਹ ਇੰਸਟਾਗ੍ਰਾਮ ਅਕਾਊਂਟ ਤੋਂ ਲੈ ਰਿਹਾ ਸੀ। ਇਹ ਵੀ ਪਤਾ ਲੱਗਾ ਹੈ ਕਿ ਜਿਸ ਅਕਾਊਂਟ ਤੋਂ ਉਸ ਨੂੰ ਨਿਰਦੇਸ਼ ਮਿਲ ਰਹੇ ਸਨ, ਉਸ ਨੂੰ ਯੂਰਪ ‘ਚ ਲੁਕਿਆ ਮੁੰਬਈ ਦੇ ਬਾਬਾ ਸਿੱਦੀਕੀ ਹੱਤਿਆਕਾਂਡ ਦਾ ਦੋਸ਼ੀ ਜੀਸ਼ਾਨ ਅਖਤਰ ਚਲਾ ਰਿਹਾ ਸੀ। ਸਈਦੁਲ ਦੇ ਮੋਬਾਈਲ ਫੋਨ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਸ ਨੂੰ ਭਾਜਪਾ ਨੇਤਾ ਦੇ ਘਰ ਬੰਬ ਸੁੱਟਣ ਲਈ 50 ਹਜ਼ਾਰ ਰੁਪਏ ਮਿਲੇ ਸਨ।