ਰਮਜ਼ਾਨ ਤੇ ਰੋਜ਼ੇ

ਬਲਜੀਤ ਬਾਸੀ
ਫੋਨ: 734-259-9353
ਆਮ ਅਨੁਭਵ ਦੀ ਗੱਲ ਹੈ ਕਿ ਅਸੀਂ ਜਿੰਨਾ ਮਰਜ਼ੀ ਦੂਜੇ ਧਰਮ ਵਾਲਿਆਂ ਦੇ ਨੇੜੇ ਰਹੀਏ, ਸਾਨੂੰ ਉਨ੍ਹਾਂ ਦੇ ਧਰਮ ਜਾਂ ਇਸ ਨਾਲ ਸਬੰਧਤ ਰੀਤੀ ਰਿਵਾਜਾਂ ਬਾਰੇ ਜਾਨਣ ਦੀ ਬਹੁਤ ਘੱਟ ਉਤਸੁਕਤਾ ਹੁੰਦੀ ਹੈ। ਇਸ ਅਰੁਚੀ ਦਾ ਵੱਡਾ ਕਾਰਨ ਤਾਂ ਏਹੀ ਹੈ ਕਿ ਅਸੀਂ ਆਪਣੇ ਧਰਮ ਨੂੰ ਸਭ ਤੋਂ ਉਤਮ ਤੇ ਆਪਣੇ ਧਾਰਮਕ ਗ੍ਰੰਥ ਨੂੰ ਸੌ ਫੀ ਸਦੀ ਸੱਚਾ ਖਿਆਲ ਕਰਦੇ ਹਾਂ। ਇਸ ਲਈ ਕਈ ਵਾਰੀ ਸਾਨੂੰ ਦੂਜੇ ਦੇ ਧਰਮ ਦੀਆਂ ਰੀਤੀਆਂ ਹਾਸੋ-ਹੀਣੀਆਂ ਤੇ ਦੰਭੀ ਜਿਹੀਆਂ ਲਗਦੀਆਂ ਹਨ।

ਹਾਲ ਹੀ ਵਿਚ ਮੁਸਲਮਾਨਾਂ ਦਾ ਤਿਉਹਾਰ ਰਮਜ਼ਾਨ ਮਨਾਇਆ ਗਿਆ। ਆਓ ਇਸ ਬਾਰੇ ਕੁਝ ਜਾਣਕਾਰੀ ਇਸ ਨਾਲ ਸਬੰਧਿਤ ਕੁਝ ਸ਼ਬਦਾਵਲੀ ਸਹਿਤ ਹਾਸਲ ਕਰਨ ਦੀ ਕੋਸ਼ਿਸ਼ ਕਰੀਏ। ਰਮਜ਼ਾਨ ਮੁਸਲਮਾਨਾਂ ਦੇ ਹਿਜਰੀ ਸਾਲ ਦਾ ਨੌਵਾਂ ਚੰਦਰਮਾਸ ਹੈ। ਸਾਰਾ ਮਹੀਨਾ ਮਨਾਏ ਜਾਂਦੇ ਤਿਉਹਾਰ ਨੂੰ ਵੀ ਰਮਜ਼ਾਨ ਹੀ ਆਖਦੇ ਹਨ। ਪੂਰਾ ਮਹੀਨਾ ਮੁਸਲਮਾਨ ਲੋਕ ਫ਼ਜਰ (ਤੜਕੇ) ਤੋਂ ਮਗ਼ਰਬ (ਆਥਣ) ਤੱਕ ਵਰਤ ਰੱਖਦੇ ਹਨ। ਵਰਤ ਦੌਰਾਨ ਉਹ ਪਾਣੀ ਤੱਕ ਵੀ ਨਹੀਂ ਪੀਂਦੇ। ਸਿਰਫ਼ ਖਾਣ ਪੀਣ ਹੀ ਨਹੀਂ ਬਲਕਿ ਭੋਗ-ਵਿਲਾਸ ਤੇ ਬੁਰਾਈਆਂ ਤੋਂ ਪਰਹੇਜ਼ ਕਰਨ ਦੀ ਵੀ ਹਦਾਇਤ ਹੈ। ਲੜਨਾ, ਝਗੜਨਾ, ਨਿੰਦਿਆ, ਚੁਗਲੀ ਆਦਿ ਕਰਮ ਵੀ ਵਿਵਰਜਿਤ ਹਨ। ਇਹ ਇਕ ਕਰੜਾ ਧਾਰਮਿਕ ਇਮਤਿਹਾਨ ਹੈ। ਮੁਸਲਮਾਨ ਧਰਮ ਕਰਮ ਦੇ ਬਹੁਤ ਪੱਕੇ ਹੁੰਦੇ ਹਨ। ਉਹ ਪੂਰੀ ਨਿਸ਼ਠਾ ਨਾਲ ਰਮਜ਼ਾਨ ਦੇ ਨੇਮ ਪਾਲਦੇ ਹਨ। ਭਾਵੇਂ ਬਹੁਤ ਸਾਰੇ ਇਸ ਬਹਾਨੇ ਵਰਤ ਸੁLਰੂ ਕਰਨ ਤੇ ਤੋੜਨ ਸਮੇਂ ਲੇਹ ਕੇ ਸਵਾਦਿਸ਼ਟ ਭੋਜਨ ਖਾਂਦੇ ਹਨ। ਰਮਜ਼ਾਨ ਦੇ ਮਹੀਨੇ ਮੁਸਲਮਾਨੀ ਵਸੋਂ ਵਾਲੇ ਇਲਾਕਿਆਂ ਵਿਚ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਮਹਿੰਗਾਈ ਹੋ ਜਾਂਦੀ ਹੈ।
ਰਮਜ਼ਾਨ ਸ਼ਬਦ ਅਸਲ ਵਿਚ ਅਰਬੀ ਸ਼ਬਦ ‘ਰਮਦਾਨ’ ਦਾ ਹੀ ਫਾਰਸੀ ਰੂਪ ਹੈ। ਗੁਰੂ ਅਰਜਨ ਦੇਵ ਜੀ ਨੇ ਇਹ ਸ਼ਬਦ ਵਰਤਿਆ ਹੈ,”ਵਰਤ ਨ ਰਹਉ ਨ ਮਹ ਰਮਦਾਨਾ” ਅਰਥਾਤ ਨਾ ਮੈਂ ਹਿੰਦੂਆਂ ਦਾ ਵਰਤ ਰਖਦਾ ਹਾਂ ਤੇ ਨਾ ਮੁਸਲਮਾਨਾਂ ਦਾ ਰਮਜ਼ਾਨ। ਅਰਬੀ ਸ਼ਬਦ ‘ਰਮਦਾਨ’ ਦਾ ਧਾਤੂ ਹੈ ‘ਰ-ਮ-ਦ’ ਜਿਸਦਾ ਅਰਥ ਅਜੇਹੀ ਲੂਸਵੀਂ ਗਰਮੀ ਹੈ ਜਿਸ ਨਾਲ ਧਰਤੀ ਸੁੱਕ ਜਾਏ। ਅਰਬੀ ਸ਼ਬਦ ਰਮਦ ਦਾ ਅਰਥ ਖੁਸ਼ਕੀ, ਸੋLਕਾ ਹੁੰਦਾ ਹੈ। ਇਸ ਤੋਂ ਬਣੇ ‘ਰਮਦਾ’ ਦਾ ਅਰਥ ਧੁੱਪ ਨਾਲ ਪੱਕੀ ਰੇਤ ਜਾਂ ਕਹਿ ਲਵੋ ਭੁਬਲ ਹੁੰਦਾ ਹੈ। ਅਰਬੀ ਮੁਹਾਵਰਾ ਹੈ, ‘ਕਲ ਮੁਸਤਜੀਰ ਮਿਨਾਰ ਰਮਦਾ ਬਿਨਾਰ’ ਅਰਥਾਤ ਭੁਜਦੇ ਪਤੀਲੇ `ਚੋਂ ਅੱਗ ਵਿਚ ਡਿਗਿਆ। ਤਪਦੀ ਗਰਮੀ ਨਾਲ ਚੀਜ਼ਾਂ ਸਲੇਟੀ ਰੰਗ ਦੀਆਂ ਹੋ ਜਾਂਦੀਆਂ ਹਨ, ਇਸ ਲਈ ਅਰਬੀ ਵਿਚ ਰਮਾਦੀ ਦਾ ਮਤਲਬ ਸਲੇਟੀ ਹੁੰਦਾ ਹੈ। ਇਰਾਕ ਦੇ ਇਕ ਸ਼ਹਿਰ ਦਾ ਨਾਂ ‘ਅਲ ਰਮਾਦੀ’ ਹੈ, ਸ਼ਬਦਾਰਥ ਖੁਸ਼ਕ ਜਾਂ ਰੱਕੜ ਥਾਂ। ਮੱਧ ਪੂਰਬੀ ਮਾਰੂਥਲ ਵਿਚ ਇਹ ਮਹੀਨਾ ਕਹਿਰ ਦੀ ਗਰਮੀ ਦਾ ਹੁੰਦਾ ਹੈ। ਅਜੇਹੀ ਭੁਜਦੀ ਗਰਮੀ ਵਿਚ ਊਠਾਂ ਵਾਲਿਆਂ ਅਤੇ ਧਰਤੀ ਦਾ ਕੀ ਹਾਲ ਹੁੰਦਾ ਹੋਵੇਗਾ, ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਕੁਰਾਨ ਅਨੁਸਾਰ ਇਸ ਕੜਕ ਦੇ ਮਹੀਨੇ ਹੀ ਵਰਤ ਆਦਿ ਰੱਖਣ ਨਾਲ ਅੱਲ੍ਹਾ ਮਨੁੱਖ ਦੀ ਰੂਹ `ਚੋਂ ਅਸ਼ੁੱਧੀਆਂ ਸਾੜ ਕੇ ਉਸਨੂੰ ਪਾਕ ਕਰ ਦਿੰਦਾ ਹੈ। ਆਮ ਬੋਲ ਚਾਲ ਵਿਚ ਅਸੀਂ ਰਮਜ਼ਾਨ ਨੂੰ ‘ਰੋਜ਼ੇ’ ਹੀ ਕਹਿ ਦਿੰਦੇ ਹਾਂ ਤੇ ਇਸ ਦੌਰਾਨ ਜੇ ਕੁਝ ਖਾ ਪੀ ਹੋ ਜਾਵੇ ਤਾਂ ਇਸ ਨੂੰ ਰੋਜ਼ਾ ਟੁਟਣਾ ਕਹਿੰਦੇ ਹਨ। “ਰੋਜਾ ਧਰੈ ਨਿਵਾਜ ਗੁਜਾਰੈ ਕਲਮਾ ਭਿਸਤਿ ਨ ਹੋਈ”-ਕਬੀਰ, ਅਰਥਾਤ ਰੋਜ਼ੇ ਰੱਖਣ, ਨਮਾਜ਼ ਗੁਜ਼ਾਰਨ ਜਾਂ ਕਲਮਾ ਪੜ੍ਹਨ ਨਾਲ ਬਹਿਸ਼ਤ ਨਹੀਂ ਮਿਲ ਸਕਦਾ। ਰੋਜ਼ਾ ਰੱਖਣ ਵਾਲੇ ਨੂੰ ਰੋਜ਼ੇਦਾਰ ਕਿਹਾ ਜਾਂਦਾ ਹੈ। ਪੰਜਾਬੀ ਵਿਚ ਕਹਾਵਤ ਹੈ, ‘ਗਰੀਬਾਂ ਨੇ ਰੋਜ਼ੇ ਰਖੇ ਤਾਂ ਦਿਨ ਵੱਡੇ ਹੋ ਗਏ’। ਉਂਜ ਕੁਰਾਨ ਵਿਚ ਭੁੱਖੇ ਗਰੀਬਾਂ ਲਈ ਰੋਜ਼ਿਆਂ ਤੋਂ ਛੋਟ ਦਿੱਤੀ ਗਈ ਹੈ, ਉਨ੍ਹਾਂ ਦਾ ਤਾਂ ਜ਼ਿੰਦਗੀ ਭਰ ਰੋਜ਼ ਰੋਜ਼ਾ ਹੈ। ਅਰਬੀ ਵਿਚ ਵਰਤ ਨੂੰ ਸੌਮ ਕਿਹਾ ਜਾਂਦਾ ਹੈ। ਸੋਮ ਦਾ ਅਰਥ ਹੈ ਰੋਕਣਾ ਅਰਥਾਤ ਤਮਾਮ ਬੁਰਾਈਆਂ ਨੂੰ ਰੋਕਣਾ। ਰਮਜ਼ਾਨ ਸਾਮੀ ਅਸਲੇ ਦਾ ਸ਼ਬਦ ਹੈ ਜਦ ਕਿ ਰੋਜ਼ਾ ਹਿੰਦ-ਆਰਿਆਈ। ਰੋਜ਼ਾ ਸ਼ਬਦ ਦਿਨ ਦੇ ਅਰਥਾਂ ਵਾਲੇ ਰੋਜ਼ ਤੋਂ ਹੀ ਬਣਿਆ ਹੈ, ਏਥੇ ਭਾਵ ਅਰਥ ਹੈ, ਵਰਤ ਵਾਲਾ ਦਿਨ। ਇਸੇ ਤੋਂ ਰੋਜ਼ੀ, ਰੋਜ਼ਮੱਰਾ, ਰੋਜ਼ਗਾਰ, ਰੋਜ਼ਾਨਾ, ਰੋਜ਼ੀਨਾ (ਰੋਜ਼ ਦਾ ਭਤਾ) ਲਫ਼ਜ਼ ਬਣੇ ਹਨ। ਇਸਦਾ ਭਾਰੋਪੀ ਮੂਲ ਲਿਉਕ leuk ਹੈ ਜਿਸਦਾ ਅਰਥ ਰੋਸ਼ਨੀ, ਚਮਕ ਹੈ। ਸੰਸਕ੍ਰਿਤ ਲੁਚ ਤੇ ਰੁਚ ਇਸਦੇ ਸਕੇ ਹਨ। ਇਸ ਤੋਂ ਢੇਰ ਸਾਰੇ ਸ਼ਬਦ ਬਣੇ ਹਨ ਜਿਨ੍ਹਾਂ ਵਿਚੋਂ ਲੋਚਾ, ਲੋਕ, ਲੋਅ ਆਮ ਜਾਣੇ ਜਾਂਦੇ ਹਨ। ਅੰਗਰੇਜ਼ੀ ਦਾ light ,illumination, illustrationਆਦਿ ਗਿਣਾਉਣਯੋਗ ਹਨ। ਫਾਰਸੀ ਦਾ ‘ਰੌਸ਼ਨੀ’ ਅਤੇ ਇਕ ਸਾਬਣ ਦਾ ਨਾਂ ‘ਲਕਸ’ ਵੀ ਇਸਦੇ ਸਕੇ ਹਨ। ਮਲੇਸ਼ੀਅਨ, ਇੰਡੋਨੇਸ਼ੀਅਨ ਫਿਲਪਾਈਨ ਆਦਿ ਭਾਸ਼ਾਵਾਂ ਵਿਚ ਭਾਰਤੀ ਬੋਲੀਆਂ ਦਾ ਬਹੁਤ ਦਖਲ ਹੈ। ਦਿਲਚਸਪ ਗੱਲ ਹੈ ਕਿ ਉਥੇ ਦੇ ਮੁਸਲਮਾਨ ਰੋਜ਼ੇ ਲਈ ‘ਉਪਾਸ’ ਸ਼ਬਦ ਵਰਤਦੇ ਹਨ ਜੋ ਸੰਸਕ੍ਰਿਤ ਉਪਵਾਸ (ਵਰਤ) ਤੋਂ ਬਣਿਆ ਹੈ।
ਰਮਜ਼ਾਨ ਦੇ ਦਿਨਾਂ ਵਿਚ ਹੀ ਲੈਲਤ-ਅਲ ਕਦਰ (ਫਾਰਸੀ ਵਿਚ ਸ਼ਬ-ਏ-ਕਦਰ) ਦੀ ਵਰੇ੍ਹ ਗੰਢ ਵੀ ਹੁੰਦੀ ਹੈ। ਮੁਸਲਮਾਨਾਂ ਦਾ ਵਿਚਾਰ ਹੈ ਕਿ ਲੈਲਤ-ਅਲ ਕਦਰ ਦੇ ਦਿਨ ਹੀ ਕੁਰਾਨ ਦੀ ਪਹਿਲੀ ਆਇਤ ਰੱਬੋਂ ਉਤਾਰੀ ਗਈ ਸੀ। ਅਸਲੀ ਰਾਤ ਦਾ ਤਾਂ ਸਿਰਫ਼ ਅੱਲਾ ਜਾਂ ਮੁਹੰਮਦ ਨੂੰ ਹੀ ਪਤਾ ਹੈ। ਮੁਸਲਮਾਨਾਂ ਨੂੰ ਇਸਦਾ ਗਿਆਨ ਇਸ ਡਰੋਂ ਨਹੀਂ ਦਿੱਤਾ ਗਿਆ ਕਿ ਉਹ ਫਿਰ ਸਿਰਫ ਇਸੇ ਦਿਨ ਹੀ ਨਮਾਜ਼ ਅਦਾ ਕਰਨਗੇ। ਮੁਹੰਮਦ ਸਾਹਿਬ ਨੇ ਇਸ਼ਾਰਾ ਕੀਤਾ ਹੈ ਕਿ ਇਹ ਰਮਜ਼ਾਨ ਦੀਆਂ ਆਖਰੀ ਦਸ ਰਾਤਾਂ ਵਿਚੋਂ ਇਕ ਹੈ। ਅਰਬੀ ਵਿਚ ਲੈਲਾ ਦਾ ਮਤਲਬ ਰਾਤ ਹੁੰਦਾ ਹੈ। ਅਲਫ਼ ਲੈਲਾ ਦੀਆਂ ਕਹਾਣੀਆਂ ਕਿਸ ਨੇ ਨਹੀਂ ਸੁਣੀਆਂ। ਲੈਲਾ ਔਰਤਾਂ ਦਾ ਨਾਂ ਵੀ ਹੁੰਦਾ ਹੈ, ਸ਼ਾਇਦ ਉਹ ਰਾਤ ਨੂੰ ਜੰਮੀਆਂ ਹੁੰਦੀਆਂ ਹਨ ਜਾਂ ਉਨ੍ਹਾਂ ਦਾ ਰੰਗ ਸਾਂਵਲਾ ਹੁੰਦਾ ਹੈ। ਪਰ ਜਿਸਨੇ ਮਾਰੂਥਲ ਦੀ ਰਾਤ ਦੇਖੀ ਹੋਵੇ ਉਸੇ ਨੂੰ ਇਸਦੀ ਸੁੰਦਰਤਾ ਦਾ ਕਿਆਸ ਹੋ ਸਕਦਾ ਹੈ। ਯਾਦ ਕਰੋ, ਮਜਨੂੰ ਦੀ ਲੈਲਾ। ਸ਼ਾਮੋ ਲੈਲਾ ਦੀ ਪੰਜਾਬੀ ਭੈਣ ਹੋ ਸਕਦੀ ਹੈ।
ਮਿਸ਼ਕਾਤ ਵਿਚ ਲਿਖਿਆ ਹੈ ਕਿ ਹਜ਼ਰਤ ਮਹੰਮਦ ਦਾ ਬਚਨ ਹੈ, “ਰਮਜ਼ਾਨ ਵਿਚ ਸਵਰਗ ਦੇ ਦਰਵਾਜ਼ੇ ਖੁਲ੍ਹੇ ਅਤੇ ਨਰਕ ਦੇ ਬੰਦ ਰਹਿੰਦੇ ਹਨ ਅਤੇ ਇਸ ਮਹੀਨੇ ਸ਼ੈਤਾਨ ਦੇ ਪੈਰਾਂ ਵਿਚ ਬੰਧਨ ਪਾ ਕੇ ਕੈਦ ਰਖਿਆ ਜਾਂਦਾ ਹੈ। ਰਮਜ਼ਾਨ ਵਿਚ ਰੋਜ਼ਾ ਰੱਖਣ ਵਾਲੇ ਦੇ ਪਾਪ ਬਖਸ਼ੇ ਜਾਂਦੇ ਹਨ।’ ਰਮਜ਼ਾਨ ਦੇ ਰੋਜ਼ੇ ਰੱਖਣ ਨਾਲ ਮਨੁਖ ਅੱਲ੍ਹਾ ਦੇ ਨੇੜੇ ਹੋ ਜਾਂਦਾ ਹੈ ਕਿਉਂਕਿ ਉਸਨੇ ਬੁਰਾਈਆਂ ਦਾ ਤਿਆਗ ਕੀਤਾ ਹੁੰਦਾ ਹੈ। ਵਰਤ ਰੱਖਣ ਨਾਲ ਰੋਜ਼ੇਦਾਰ ਜਹੱਨਮ ਤੋਂ ਬਚ ਜਾਂਦਾ ਹੈ। ਇਸ ਨਾਲ ਸਬਰ ਸਬੂਰ ਦਾ ਅਭਿਆਸ ਵੀ ਹੁੰਦਾ ਹੈ। ਕੁਰਾਨ ਅਨੁਸਾਰ ਰੋਜ਼ੇ ਤਾਂ ਇਸਾਈ ਜਾਂ ਯਹੂਦੀ ਵੀ ਰਖਦੇ ਹਨ ਪਰ ਮੁਸਲਮਾਨ ਰੋਜ਼ੇ ਰੱਖਣ ਨਾਲ ‘ਤਕਵਾ’ (ਰੱਬੀ ਚੇਤਨਾ) ਗi੍ਰਹਣ ਕਰ ਲੈਂਦਾ ਹੈ। ਤਕਵਾ ਦਾ ਅਰਬੀ ਧਾਤੂ ਵਾ-ਕLਾਫ਼-ਯੇ ਹੈ ਜਿਸਦਾ ਅਰਥ ਡਿਗਣਾ ਹੈ। ਇਸੇ ਤੋਂ ਆਸ ਦੇ ਅਰਥਾਂ ਵਾਲਾ ‘ਤਵੱਕੋ’ ਅਤੇ ਵਿਸ਼ਵਾਸ ਦੇ ਅਰਥਾਂ ਵਾਲਾ ‘ਤਵੱਕਲੀ’ ਸ਼ਬਦ ਵੀ ਬਣੇ ਹਨ।
ਰਮਜ਼ਾਨ ਦੌਰਾਨ ਗਰੀਬਾਂ ਨੂੰ ਦਾਨ ਦੇਣ ਦਾ ਵਿਧਾਨ ਵੀ ਹੈ। ਰਮਜ਼ਾਨ ਦੇ ਮਹੀਨੇ ਮੁਸਲਮਾਨ ਦੇ ਹਰੇਕ ਨੇਕ ਕੰਮ ਦਾ ‘ਸਵਾਬ’ ਸੱਤਰ ਗੁਣਾ ਵਧ ਜਾਂਦਾ ਹੈ। ਅਸਲ ਵਿਚ ਸੱਤਰ ਗੁਣਾ ਅਰਬੀ ਦਾ ਮੁਹਾਵਰਾ ਹੈ ਜਿਸ ਦਾ ਮਤਲਬ ਹੈ ਬੇਸ਼ੁਮਾਰ। ਸਵਾਬ ਦਾ ਅਰਥ ਸੇਵਾਫਲ ਹੈ। ‘ਸਵਾਬ ਕਮਾਉਣਾ’ ਮੁਹਾਵਰੇ ਦਾ ਅਰਥ ਪੁੰਨ ਖੱਟਣਾ ਹੁੰਦਾ ਹੈ। ਇਸ ਮਹੀਨੇ ਜ਼ਕਾਤ (ਦਾਨ) ਅਦਾ ਕੀਤੀ ਜਾਂਦੀ ਹੈ। ਇਸ ਮਹੀਨੇ ਇਕ ਰੁਪਏ ਦੀ ਜ਼ਕਾਤ ਸੱਤਰ ਰੁਪਏ ਦੇ ਬਰਾਬਰ ਹੈ। ਕੁਰਾਨ ਅਨੁਸਾਰ ਅੱਲ੍ਹਾ ਨੇ ਫਰਮਾਇਆ ਕਿ ਰੋਜ਼ਾ ਤੁਹਾਡੇ ਉਪਰ ਇਸ ਲਈ ‘ਫ਼ਰਜ਼’ ਕੀਤਾ ਗਿਆ ਹੈ ਕਿ ਤੁਸੀਂ ਖੁਦਾ ਤੋਂ ਡਰਨ ਵਾਲੇ ਬਣੋ।
ਰਮਜ਼ਾਨ ਦੇ ਮਹੀਨੇ ਨੂੰ ਦਸ-ਦਸ ਦਿਨਾਂ ਦੇ ਤਿੰਨ ਹਿੱਸਿਆਂ ਵਿਚ ਵੰਡਿਆ ਜਾਂਦਾ ਹੈ ਜਿਨ੍ਹਾਂ ਨੂੰ ਅਸ਼ਰਾ ਕਿਹਾ ਜਾਂਦਾ ਹੈ। ਅਰਬੀ ਵਿਚ ਅਸ਼ਰਾ ਦਾ ਮਤਲਬ ਦਸ ਹੁੰਦਾ ਹੈ। ਰੋਜ਼ਾ ਫਜਰ ਵੇਲੇ ਸਹਰੀ (ਸਰਘੀ) ਖਾ ਕੇ ਰੱਖਿਆ ਜਾਂਦਾ ਹੈ ਤੇ ‘ਮਗ਼ਰਿਬ’ ਵੇਲੇ ਸਮੂਹਕ ਰੂਪ ਵਿਚ ਇਫ਼ਤਾਰ ਦੇ ਭੋਜਨ ਨਾਲ ਖਤਮ ਕੀਤਾ ਜਾਂਦਾ ਹੈ। ਸਰਘੀ ਸ਼ਬਦ ਅਰਬੀ ਸਹਰ (ਸਵੇਰਾ)+ਗਹ ਤੋਂ ਬਣਿਆ ਹੈ। ਮਗ਼ਰਿਬ ਦਾ ਮਤਲਬ ਪੱਛਮ ਹੈ, ਪਰ ਏਥੇ ਸ਼ਾਮ ਦੀ ਨਮਾਜ਼ ਹੈ। ਪੰਜਾਬੀ ‘ਮਗਰੋਂ’ (ਪਿਛੋਂ) ਇਸੇ ਤੋਂ ਬਣਿਆ ਹੈ। ‘ਇਫ਼ਤਾਰ’ ਅਰਬੀ ਸ਼ਬਦ ਹੈ ਜੋ ‘ਫ਼ਤਰ’ ਤੋਂ ਬਣਿਆ। ਫ਼ਤਰ ਦਾ ਮਤਲਬ ਤੋੜਨਾ ਹੁੰਦਾ ਹੈ, ਏਥੇ ਵਰਤ ਤੋੜਨ ਤੋਂ ਭਾਵ ਹੈ। ਫ਼ਤਰ ਤੋਂ ਫ਼ਿਤਰਤ ਅਤੇ ਫ਼ਤੂਰ ਸ਼ਬਦ ਵੀ ਬਣੇ ਹਨ। ਰਮਜ਼ਾਨ ਦੋ ਤਿੰਨ ਦਿਨ ਚਲਣ ਵਾਲੇ (ਈਦ-ਉਲ-ਫ਼ਿਤਰ) ਦੇ ਤਿਉਹਾਰ ਨਾਲ ਖਤਮ ਕੀਤੀ ਜਾਂਦੀ ਹੈ। ਈਦ ਅਰਬੀ ਸ਼ਬਦ ਹੈ ਜਿਸਦਾ ਮਤਲਬ ਹੈ ਜਸ਼ਨ। ਈਦ ਮੁਢਲੇ ਅਰਬੀ ਸ਼ਬਦ ‘ਔਦ’ ਤੋਂ ਬਣਿਆ ਹੈ ਜਿਸ ਵਿਚ ‘ਮੁੜਨਾ, ਵਾਪਸੀ’ ਦੇ ਭਾਵ ਹਨ। ਤਿਉਹਾਰ ਮੁੜ ਮੁੜ ਆਉਂਦੇ ਹਨ, ਏਹੀ ਭਾਵ ਕੰਮ ਕਰ ਰਿਹਾ ਲਗਦਾ ਹੈ। ਪੰਜਾਬੀ ਵਿਚ ਦਾਖਲ ਹੋ ਗਿਆ ਸ਼ਬਦ ‘ਆਦਤ’ ਵੀ ਇਸੇ ਤੋਂ ਬਣਿਆ, ਭਾਵ ਮੁੜ ਮੁੜ ਕਰਨ ਦੀ ਰੁਚੀ। ਇਕ ਹੋਰ ਸ਼ਬਦ ਜੋ ਅਸੀਂ ਅਕਸਰ ਹੀ ਸੁਣਦੇ ਹਾਂ, ਉਹ ਹੈ ‘ਆਇਦ’ ਜਿਵੇਂ ਦੋਸ਼ ਆਇਦ ਕਰਨਾ। ਆਇਦ ਦਾ ਭਾਵ ਲਾਗੂ ਕਰਨਾ ਹੈ। ਈਦ-ਉਲ-ਫ਼ਿਤਰ ਦੇ ਸ਼ਾਬਦਿਕ ਅਰਥ ਬਣੇ, ‘(ਵਰਤ) ਤੋੜਨ ਦੇ ਜਸ਼ਨ’। ਰੋਜ਼ੇ ਏਕਮ ਦਾ ਚੰਦ ਦੇਖ ਕੇ ਖਤਮ ਕੀਤੇ ਜਾਂਦੇ ਹਨ। ਇਸ ਦਿਨ ਨਵਾਂ ਮਹੀਨਾ ‘ਸ਼ਵਾਲ’ ਚੜ੍ਹ ਜਾਂਦਾ ਹੈ। ਇਸ ਦਿਨ ਮੁਸਲਮਾਨ ਇਕ ਦੂਜੇ ਨੂੰ ‘ਈਦ ਮੁਬਾਰਕ’ ਕਹਿੰਦੇ ਹਨ। ਮੁਬਾਰਕ ਸ਼ਬਦ ਦਾ ਅਰਬੀ ਧਾਤੂ ਹੈ ‘ਬ-ਰ-ਕ’ ਜਿਸ ਦੇ ਅਰਥ ਹਨ ਵਰਦਾਨ ਦੇਣਾ। ਬਰਕਤ ਵੀ ਇਸੇ ਤੋਂ ਬਣਿਆ। ਰਮਜ਼ਾਨ ਨੂੰ ਬਰਕਤਾਂ ਦਾ ਮਹੀਨਾ ਵੀ ਕਿਹਾ ਜਾਂਦਾ ਹੈ। ਬਰਾਕ ਉਬਾਮਾ ਵਿਚਲਾ ਬਰਾਕ ਵੀ ਇਸੇ ਧਾਤੂ ਤੋਂ ਬਣਿਆ ਹੈ। ਮੁਬਾਰਕ ਸ਼ਬਦ ਤਾਂ ਕਈ ਖਾਸ ਨਾਮਾਂ ਵਿਚ ਵੀ ਆਉਂਦਾ ਹੈ ਜਿਵੇਂ ਹੁਸਨੇ ਮੁਬਾਰਕ। ਪੰਜਾਬੀ ਦਾ ਇਕ ਲੇਖਕ ਮੁਬਾਰਕ ਸਿੰਘ ਹੋਇਆ ਹੈ।
ਬਹੁਤ ਸਾਰੇ ਧਰਮ ਨਾਲ ਜੁੜੇ ਤਿਉਹਾਰ ਅਸਲ ਵਿਚ ਦੁਨਿਆਵੀ ਜਿੰLਦਗੀ ਵਿਚ ਪਹਿਲਾਂ ਹੀ ਮੌਜੂਦ ਰਹੇ ਹੁੰਦੇ ਹਨ ਤੇ ਉਨ੍ਹਾਂ ਦਾ ਸਬੰਧ ਸਥਾਨ ਵਿਸ਼ੇਸ਼ ਦੀਆਂ ਭੂਗੋਲਿਕ ਸਥਿਤੀਆਂ ਨਾਲ ਹੁੰਦਾ ਹੈ। ਧਰਮ ਉਨ੍ਹਾਂ ਨੂੰ ਬਾਅਦ ਵਿਚ ਅਪਣਾ ਲੈਂਦਾ ਹੈ। ਵਿਦਵਾਨਾਂ ਦਾ ਖਿਆਲ ਹੈ ਕਿ ਰਮਜ਼ਾਨ ਅਸਲ ਵਿਚ ਅਰਬੀ ਮਾਰੂਥਲ ਦੀ ਕੜਾਕੇ ਦੀ ਗਰਮੀ ਨੂੰ ਝਲਣਯੋਗ ਬਣਾਉਣ ਦਾ ਇਕ ਅਭਿਆਸ ਹੈ।