ਸ਼ਕਤੀਕਾਂਤ ਦਾਸ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਨਿਯੁਕਤ

ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਸਾਬਕਾ ਗਵਰਨਰ ਸ਼ਕਤੀਕਾਂਤ ਦਾਸ ਨੂੰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੂਜਾ ਪ੍ਰਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ। ਗੁਜਰਾਤ ਕਾਡਰ ਦੇ ਸੇਵਾਮੁਕਤ ਆਈ.ਏ.ਐੱਸ ਅਫਸਰ ਪੀ.ਕੇ. ਮਿਸ਼ਰਾ ਇਸ ਸਮੇਂ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਵਜੋਂ ਕੰਮ ਕਰ ਰਹੇ ਹਨ। ਇੱਕ ਅਧਿਕਾਰਤ ਹੁਕਮ ਅਨੁਸਾਰ, ਤਾਮਿਲਨਾਡੂ ਕਾਡਰ ਦੇ ਸੇਵਾਮੁਕਤ ਆਈ.ਏ.ਐੱਸ. ਅਧਿਕਾਰੀ ਸ਼ਕਤੀਕਾਂਤ ਦਾਸ ਦਾ ਕਾਰਜਕਾਲ ਪ੍ਰਧਾਨ ਮੰਤਰੀ ਦੇ ਕਾਰਜਕਾਲ ਤੱਕ ਜਾਂ ਅਗਲੇ ਹੁਕਮਾਂ ਤੱਕ ਹੋਵੇਗਾ। ਇਹ ਪਹਿਲੀ ਵਾਰ ਹੈ ਜਦੋਂ ਦੋ ਵਿਅਕਤੀ ਇੱਕੋ ਸਮੇਂ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਹੋਣਗੇ।

ਮਿਸ਼ਰਾ ਤੇ ਦਾਸ ਦੋਵੇਂ ਹੀ ਉੜੀਸਾ ਨਾਲ ਸੰਬੰਧਤ ਹਨ। ਹੁਕਮਾਂ ‘ਚ ਕਿਹਾ ਗਿਆ, ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ ਸ਼ਕਤੀਕਾਂਤ ਦਾਸ, ਆਈ.ਏ.ਐੱਸ (ਸੇਵਾਮੁਕਤ) ਨੂੰ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ-2 ਵਜੋਂ ਨਿਯੁਕਤ ਕਰਨ ਨੂੰ ਮਨਜ਼ੂਰੀ ਦਿੱਤੀ ਹੈ। ਉਨ੍ਹਾਂ ਦੀ ਨਿਯੁਕਤੀ ਕਾਰਜਭਾਰ ਸੰਭਾਲਣ ਦੀ ਤਰੀਕ ਤੋਂ ਅਮਲ ਵਿੱਚ ਹੋਵੇਗੀ।’
ਦਾਸ ਨੇ ਇੱਕ ਸਿਵਲ ਸੇਵਕ ਵਜੋਂ ਮੁੱਖ ਤੌਰ ‘ਤੇ ਵਿੱਤ, ਟੈਕਸੇਸ਼ਨ, ਨਿਵੇਸ਼ ਤੇ ਬੁਨਿਆਦੀ ਢਾਂਚਾ ਖੇਤਰਾਂ ‘ਚ ਕੰਮ ਕੀਤਾ ਹੈ। ਉਹ ਭਾਰਤੀ ਰਿਜ਼ਰਵ ਬੈਂਚ ਦੇ 25ਵੇਂ ਗਵਰਨਰ ਬਣੇ ਅਤੇ ਉਨ੍ਹਾਂ ਭਾਰਤ ਦੇ ਜੀ20 ਸ਼ੇਰਪਾ ਤੇ 15ਵੇਂ ਵਿੱਤ ਕਮਿਸ਼ਨ ਦੇ ਮੈਂਬਰ ਵਜੋਂ ਵੀ ਕੰਮ ਕੀਤਾ।2016 ‘ਚ ਆਰਥਿਕ ਮਾਮਲਿਆਂ ਦੇ ਸਕੱਤਰ ਵਜੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਮੋਦੀ ਸਰਕਾਰ ਨੇ ਨੋਟਬੰਦੀ ਦਾ ਐਲਾਨ ਕੀਤਾ ਸੀ। ਦਾਸ ਨੇ ਉਸ ਸਮੇਂ ਅਹਿਮ ਭੂਮਿਕਾ ਨਿਭਾਈ ਜਦੋਂ ਕਈ ਅਸਿੱਧੇ ਟੈਕਸਾਂ ਨੂੰ ਇੱਕ ਜੀਐੱਸਟੀ ‘ਚ ਮਿਲਾ ਦਿੱਤਾ ਗਿਆ ਸੀ। ਉਰਜਿਤ ਪਟੇਲ ਦੇ ਅਸਤੀਫਾ ਦੇਣ ਮਗਰੋਂ ਦਾਸ ਨੇ 2018 ‘ਚ ਆਰਬੀਆਈ ਦੇ 25ਵੇਂ ਗਵਰਨਰ ਵਜੋਂ ਅਹੁਦਾ ਸੰਭਾਲਿਆ। ਸ਼ੁਰੂਆਤ ‘ਚ ਉਨ੍ਹਾਂ ਨੂੰ ਤਿੰਨ ਸਾਲ ਲਈ ਨਿਯੁਕਤ ਕੀਤਾ ਗਿਆ।