ਹੁਕਮਨਾਮਾ ਲਾਗੂ ਕਰਵਾਉਣ ਲਈ ਸ਼ਹਾਦਤ ਦੇਣ ਤੋਂ ਗੁਰੇਜ਼ ਨਹੀਂ ਕਰਾਂਗਾ: ਗਿਆਨੀ ਹਰਪ੍ਰੀਤ ਸਿੰਘ

ਫਰੀਦਕੋਟ: ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਉਹ 2 ਦਸੰਬਰ 2024 ਦੇ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਨੂੰ ਲਾਗੂ ਕਰਵਾਉਣ ਲਈ ਸੰਘਰਸ਼ ਜਾਰੀ ਰੱਖਣਗੇ। ਗੁਰਦੁਆਰਾ ਗਰੀਨ ਐਵੀਨਿਊ ਫਰੀਦਕੋਟ ‘ਚ ਸਮਾਗਮ ਮੌਕੇ ਉਨ੍ਹਾਂ ਦਾਅਵਾ ਕੀਤਾ ਕਿ ਉਹ ਉਕਤ ਹੁਕਮਨਾਮਾ ਲਾਗੂ

ਕਰਵਾਉਣ ਲਈ ਸ਼ਹਾਦਤ ਦੇਣ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਉਹਨਾਂ ਕਿਹਾ ਕਿ ਰਾਜਨੀਤਕ ਅਤੇ ਧਾਰਮਿਕ ਖੇਤਰ ਵਿੱਚ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ, ਕਿਉਂਕਿ ਕਿਸੇ ਵੀ ਸਿੱਖ ਸੰਸਥਾ, ਸਿੱਖ ਜਥੇਬੰਦੀ ਜਾਂ ਕੌਮ ਨੂੰ ਮਜ਼ਬੂਤ ਕਰਨ ਲਈ ਸਿਰਫ ਨੌਜਵਾਨ ਹੀ ਅਹਿਮ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਨੂੰ ਲੈ ਕੇ ਉਨ੍ਹਾਂ ਵੱਲੋ ਕੋਈ ਬਿਆਨ ਨਹੀਂ ਦਿੱਤਾ ਗਿਆ, ਜਿਸ ਦਾ ਵੀਡੀਉ ਕਲਿਪ ਦੇਖ ਕੇ ਪਤਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਲਈ ਅਕਾਲ ਤਖ਼ਤ ਸਾਹਿਬ ਵਿੱਚ ਮਰਿਆਦਾ ਹੈ ਕਿ ਕਿਸੇ ਦਾੜ੍ਹੀ ਕੱਟਣ ਜਾਂ ਰੰਗਣ ਵਾਲੇ ਨੂੰ ਅਕਾਲ ਤਖਤ ਸਾਹਿਬ ਸਾਹਮਣੇ ਪੇਸ਼ ਨਹੀਂ ਕੀਤਾ ਜਾ ਸਕਦਾ,ਇਹ ਸ਼ਬਦ ਜਥੇਦਾਰ ਸੁਲਤਾਨ ਸਿੰਘ ਨੇ ਬੋਲੇ ਸਨ।
7 ਮੈਂਬਰੀ ਕਮੇਟੀ ਵਿੱਚ ਕੁਝ ਪਤਿਤ ਲੋਕ ਸ਼ਾਮਲ ਹੋਣ ਦੇ ਸਵਾਲ ਦੇ ਜਵਾਬ ‘ਚ ਉਹਨਾਂ ਕਿਹਾ ਕਿ ਉਨ੍ਹਾਂ ਕਿਸੇ ਵੀ ਪਤਿਤ ਨੂੰ ਮੈਂਬਰ ਨਹੀਂ ਬਣਾਇਆ। ਸਭ ਸ੍ਰੋਮਣੀ ਅਕਾਲੀ ਦਲ ਦੇ ਰਹਿ ਚੁੱਕੇ ਪ੍ਰਧਾਨ, ਮੈਂਬਰ ਪਾਰਲੀਮੈਂਟ, ਵਿਧਾਇਕ, ਆਗੂ, ਮੈਂਬਰ ਆਦਿ ਹਨ, ਜਿਨ੍ਹਾਂ ਨੂੰ ਸੱਤ ਮੈਂਬਰੀ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਜਥੇਦਾਰ ਨੇ ਧਾਮੀ ਨੂੰ ਅਸਤੀਫ਼ਾ ਵਾਪਸ ਲੈਣ ਲਈ ਕਿਹਾ
ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣਾ ਦੁੱਖਦਾਈ ਹੈ। ਉਨ੍ਹਾਂ ਕਿਹਾ ਕਿ ਐਡਵੋਕੇਟ ਧਾਮੀ ਨੇ ਇਹ ਅਸਤੀਫ਼ਾ ਉਨ੍ਹਾਂ ਦੀ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿਚ ਪਾਈ ਗਈ ਪੋਸਟ ਤੋਂ ਬਾਅਦ ਨੈਤਿਕਤਾ ਦੇ ਆਧਾਰ ‘ਤੇ ਦਿੱਤਾ ਹੈ। ਜਥੇਦਾਰ ਨੇ ਕਿਹਾ ਕਿ ਮੈਂ ਵੀ ਉਨ੍ਹਾਂ ਨੂੰ ਨੈਤਿਕਤਾ ਦੇ ਆਧਾਰ ‘ਤੇ ਅਪੀਲ ਕਰਦਾ ਹਾਂ ਕਿ ਉਹ ਆਪਣਾ ਅਸਤੀਫ਼ਾ ਵਾਪਸ ਲੈਣ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀਆਂ ਸੇਵਾਵਾਂ ਨੂੰ ਜਾਰੀ ਰੱਖਣ। ਇਸ ਨਾਲ ਹੀ ਐਡਵੋਕੇਟ ਧਾਮੀ ਨੂੰ ਬੇਨਤੀ ਹੈ ਕਿ ਦੋ ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਗਾਈ ਗਈ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਸੱਤ ਮੈਂਬਰੀ ਕਮੇਟੀ ਦੀ ਅਗਵਾਈ ਕਰਨ ਅਤੇ ਜੋ ਜ਼ਿੰਮੇਵਾਰੀਆਂ ਉਸ ਕਮੇਟੀ ਨੂੰ ਸੌਂਪੀਆਂ ਗਈਆਂ ਹਨ, ਉਸ ਨੂੰ ਪੂਰੀਆਂ ਕਰਨ। ਜਥੇਦਾਰ ਨੇ ਕਿਹਾ ਕਿ ਕੱਲ੍ਹ ਉਨ੍ਹਾਂ ਨੂੰ ਅੰਗ ਕਮੇਟੀ ਮੈਂਬਰ ਮਿਲਣ ਲਈ ਪਹੁੰਚੇ ਸਨ। ਕਮੇਟੀ ਮੈਂਬਰਾਂ ਨੇ 1925 ਐਕਟ ਦੇ ਮੁਤਾਬਕ ਸਿੰਘ ਸਾਹਿਬਾਨ, ਜਥੇਦਾਰ ਤੇ ਹਰੇਕ ਮੁਲਾਜ਼ਮ ਸੰਬੰਧੀ ਫ਼ੈਸਲਾ ਲੈਣ ਦਾ ਅਧਿਕਾਰ ਅੰਤ੍ਰਿੰਗ ਕਮੇਟੀ ਪਾਸ ਦੱਸਿਆ ਹੈ, ਜੋ ਠੀਕ ਹੈ। ਉਨ੍ਹਾਂ ਕਿਹਾ ਕਿ ਮੈਂ ਸਮਝਦਾ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਰਗਾ ਇਮਾਨਦਾਰ, ਸਮਰਪਿਤ ਤੇ ਚੰਗੀ ਸ਼ਖ਼ਸੀਅਤ ਵਾਲਾ ਪ੍ਰਧਾਨ ਮਿਲਣਾ ਮੁਸ਼ਕਿਲ ਹੈ। ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ‘ਚ ਉਨ੍ਹਾਂ ਕਿਹਾ ਕਿ ਇਹ ਸਭਨਹੀਂ ਸੀ ਹੋਣਾ ਚਾਹੀਦਾ।