ਸਿੱਖ ਪ੍ਰੰਪਰਾਵਾਂ ਨੂੰ ਬਚਾਉਣ ਲਈ ਨੌਜਵਾਨ ਅੱਗੇ ਆਉਣ: ਗਿਆਨੀ ਹਰਪ੍ਰੀਤ ਸਿੰਘ

ਮਸਤੂਆਣਾ ਸਾਹਿਬ: ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੌਮਾਂ ਹਮੇਸ਼ਾ ਸਿਧਾਂਤਾਂ ਅਤੇ ਅਸੂਲਾਂ ਨਾਲ ਚੱਲਿਆ ਕਰਦੀਆਂ ਹਨ। ਅਸੂਲਾਂ ਦੀ ਰਾਖੀ ਲਈ ਕੌਮਾਂ ਕੁਰਬਾਨ ਕੀਤੀਆਂ ਜਾ ਸਕਦੀਆਂ ਹਨ ਪਰ ਕੌਮਾਂ ਨੂੰ ਬਚਾਉਣ ਲਈ ਅਸੂਲ ਨਹੀਂ ਤਿਆਗੇ ਜਾ ਸਕਦੇ। ਉਹ ਇਥੇ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਦੇ 98ਵੀਂ ਬਰਸੀ ਸੰਬੰਧੀ ਜੋੜ ਮੇਲੇ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਭੁਪਿੰਦਰ ਸਿੰਘ ਗਰੇਵਾਲ ਵਲੋਂ ਕੀਤੇ ਮੰਚ ਸੰਚਾਲਨ ਦੌਰਾਨ ਉਨ੍ਹਾਂ ਕਿਹਾ ਕਿ ਅੱਜ ਸਿਧਾਤਾਂ ਨੂੰ ਖੋਰਾ ਲਾਇਆ ਜਾ ਰਿਹਾ ਹੈ ਅਤੇ ਅਸੀਂ ਲਾਚਾਰੀ ਨਾਲ ਸਭ ਕੁਝ ਦੇਖ ਕੇ ਚੁੱਪ ਹੋਏ ਬੈਠੇ ਹਾਂ ਜੋ ਗੁਲਾਮੀ ਦੀ ਨਿਸ਼ਾਨੀ ਹੈ।

ਇਸ ਮੰਚ ਤੋਂ ਉਨ੍ਹਾਂ ਨੂੰ ਅਕਾਲੀ ਫੂਲਾ ਸਿੰਘ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਇਸ ਸਨਮਾਨ ਪ੍ਰਤੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਨ੍ਹਾਂ ਨੂੰ ਅਕਾਲੀ ਫੂਲਾ ਸਿੰਘ ਐਵਾਰਡ ਮਿਲਿਆ ਹੈ ਅਤੇ ਇਸ ਗੱਲ ਦੀ ਤਸੱਲੀ ਵੀ ਹੈ ਕਿ ਉਨ੍ਹਾਂ ਨੂੰ ਅਕਾਲ ਪੁਰਖ ‘ ਨੇ ਗਲਤ ਐਵਾਰਡ (ਗੱਦਾਰ ਐਵਾਰਡ) ਮਿਲਣ ਤੋਂ ਬਚਾਅ ਲਿਆ। ਉਨ੍ਹਾਂ ਕਿਹਾ ਕਿ ਕੌਮਾਂ ਵਿਚ ਮਤਭੇਦ ਹੋ ਜਾਂਦੇ ਹਨ।
ਜੋ ਸੁਲਝਾ ਲਏ ਜਾਂਦੇ ਹਨ ਪਰ ਮਨਭੇਦ ਨਹੀਂ ਹੋਣੇ ਚਾਹੀਦੇ। ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਖਾਸ ਕਰਕੇ ਨੌਜਵਾਨ ਵਰਗ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ ਤਾਂ ਜੋ ਸਿੱਖ ਪ੍ਰੰਪਰਾਵਾਂ ਨੂੰ ਬਚਾਇਆ ਜਾ ਸਕੇ। ਮੰਚ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ (ਅ) ਦੇ ਆਗੂ ਇਮਾਨ ਸਿੰਘ ਮਾਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਜਦੋਂ ਤੋਂ ਹੋਂਦ ਵਿਚ ਆਈ ਹੈ ਉਦੋਂ ਤੋਂ ਹੁਣ ਤੱਕ ਕੇਵਲ 8 ਵਾਰ ਚੋਣ ਹੋਈ ਹੈ। ਪਿਛਲੀ ਚੋਣ 2011 ਵਿਚ ਹੋਈ ਸੀ ਅਤੇ ਹੁਣ 13 ਸਾਲ ਤੋਂ ਚੋਣਾਂ ਦੀ ਉਡੀਕ ਕੀਤੀ ਜਾ ਰਹੀ ਹੈ। ਏਨੀਂ ਦੇਰੀ ਲਈ ਕੇਂਦਰ ਅਤੇ ਰਾਜ ਸਰਕਾਰ ਜਿੰਮੇਵਾਰ ਹਨ। ਡਿਬਰੂਗੜ੍ਹ ਜੇਲ੍ਹ ਵਿਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਅੱਜ ਧਾਰਮਿਕ, ਸਿਆਸੀ, ਵਿੱਦਿਅਕ ਅਤੇ ਸਮਾਜਕ ਪੱਖੋਂ ਸਿੱਖ ਕੌਮ ਪਛੜ ਰਹੀ ਹੈ।
ਇਸ ਲਈ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈ। ਇਸ ਤੋਂ ਪਹਿਲਾਂ ਪ੍ਰਬੰਧਕਾਂ ਵਲੋਂ ਆਏ ਆਗੂਆਂ ਦਾ ਸਵਾਗਤ ਕਰਦਿਆਂ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸੰਤ ਅਤਰ ਸਿੰਘ ਨੇ ਮਹਿਸੂਸ ਕਰ ਲਿਆ ਸੀ ਕਿ ਸਿੱਖ ਕੌਮ ਨੂੰ ਵਿੱਦਿਅਕ ਪੱਖੋਂ ਉੱਠਣ ਦੀ ਲੋੜ ਹੈ ਇਸੇ ਲਈ ਉਨ੍ਹਾਂ ਨੇ ਸੰਤ ਤੇਜਾ ਸਿੰਘ ਸਮੇਤ 4 ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਹਾਸਲ ਕਰਨ ਲਈ ਇੰਗਲੈਂਡ ਭੇਜਿਆ। ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਸੰਤਾਂ ਦੇ ਜੀਵਨ ਉੱਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੀ ਆਗਿਆ ਨਾਲ ਮਸਤੂਆਣਾ ਸਾਹਿਬ ਵਿਚ ਲਾਅ ਕਾਲਜ ਅਤੇ ਖੇਤੀਬਾੜੀ ਕਾਲਜ ਦੀ ਵੀ ਸਥਾਪਨਾ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਇਥੋਂ ਦੇ ਮੌਜੂਦਾ ਵਿੱਦਿਅਕ ਢਾਂਚੇ ਦਾ ਪੱਧਰ ਉੱਚਾ ਚੁੱਕਣ ਦੇ ਮਨੋਰਥ ਨਾਲ ਇਥੇ ਯੂਨੀਵਰਸਿਟੀ ਦੀ ਸਥਾਪਨਾ ਬਾਰੇ ਵੀ ਫੈਂਸਲਾ ਕੀਤਾ ਗਿਆ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਜੋ ਲੋਕ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰਕੁਸ਼ੀ ਕਰ ਰਹੇ ਹਨ, ਸੰਗਤਾਂ ਨੂੰ ਉਨ੍ਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਅਕਾਲ ਕਾਲਜ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਸੰਤ ਕਾਕਾ ਸਿੰਘ ਦਮਦਮਾ ਸਾਹਿਬ, ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ, ਭਾਈ ਹਰਜਿੰਦਰ ਸਿੰਘ ਮਾਝੀ, ਦਲਜੀਤ ਸਿੰਘ ਬਿੱਟੂ, ਰਣਜੀਤ ਸਿੰਘ ਕੁੱਕੀ ਗਿੱਲ, ਸੁਰਜੀਤ ਸਿੰਘ ਰੱਖੜਾ, ਭਾਈ ਮਨਧੀਰ ਸਿੰਘ, ਬੜੂ ਸਾਹਿਬ ਸੰਸਥਾ ਵਲੋਂ ਡਾ.ਦਵਿੰਦਰ ਸਿੰਘ (ਕਾਕਾ ਵੀਰ), ਸੰਤ ਈਸ਼ਰ ਸਿੰਘ ਹੈਦਰਾਬਾਦ ਅਤੇ ਹੋਰਨਾਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ, ਤੇਜਿੰਦਰ ਸਿੰਘ ਸੰਧੂ, ਮਲਕੀਤ ਸਿੰਘ ਚੰਗਾਲ, ਰਣਧੀਰ ਸਿੰਘ ਰੱਖੜਾ, ਤੇਜਾ ਸਿੰਘ ਕਮਾਲਪੁਰ, ਗੁਰਬਚਨ ਸਿੰਘ ਬਚੀ, ਹਰਦੇਵ ਸਿੰਘ ਰੋਗਲਾ, ਸੁਖਵੰਤ ਸਿੰਘ ਸਰਾਓ, ਗੁਰਨੈਬ ਸਿੰਘ ਰਾਮਪੁਰਾ, ਸਤਿਗੁਰ ਸਿੰਘ ਨਮੋਲ, ਸੁਰਜੀਤ ਸਿੰਘ ਬੋਪਾਰਾਏ, ਮਨਜੀਤ ਸਿੰਘ ਵਾਲੀਆ, ਅਮਨਵੀਰ ਸਿੰਘ ਚੈਰੀ, ਹਰਪ੍ਰੀਤ ਸਿੰਘ ਢੀਂਡਸਾ, ਵਰਿੰਦਰਪਾਲ ਸਿੰਘ ਟੀਟੂ, ਹਰਜੋਤ ਸਿੰਘ, ਗੁਰਜੰਟ ਸਿੰਘ ਦੁੱਗਾਂ, ਬਲਦੇਵ ਸਿੰਘ ਭੰਮਾਬੱਦੀ, ਬਾਬਾ ਮੁਖਤਿਆਰ ਸਿੰਘ ਮੋਗੀ ਯੂ.ਐ.ਏ., ਬਾਬਾ ਇੰਦਰਜੀਤ ਸਿੰਘ ਰਤੀਆ, ਗੁਰਪ੍ਰੀਤ ਸਿੰਘ ਬਠਿੰਡਾ, ਸੁਰਿੰਦਰਪਾਲ ਸਿੰਘ ਸਿਦਕੀ, ਸਿਆਸਤ ਸਿੰਘ, ਸੰਤ ਈਸਰ ਸਿੰਘ, ਨਰਿੰਦਰ ਸਿੰਘ ਕਾਲਾਬੂਲਾ, ਗੁਰਸੇਵਕ ਸਿੰਘ ਜਵਾਹਰਕੇ ਅਤੇ ਹੋਰ ਸਖਸ਼ੀਅਤਾਂ ਵੀ ਮੌਜੂਦ ਸਨ।