ਓਟਵਾ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਲਿਬਰਲ ਪਾਰਟੀ ਦੀ ਪ੍ਰਧਾਨਗੀ ਵੀ ਛੱਡ ਦਿੱਤੀ ਹੈ। ਹਾਲਾਂਕਿ ਨਿਯਮਾਂ ਮੁਤਾਬਕ ਉਹ ਉਦੋਂ ਤੱਕ ਪ੍ਰਧਾਨ ਮੰਤਰੀ ਵਜੋਂ ਕੰਮ ਕਰਦੇ ਰਹਿਣਗੇ ਜਦੋਂ ਤੱਕ ਲਿਬਰਲ ਪਾਰਟੀ ਦੇ ਨਵੇਂ ਲੀਡਰ ਦੀ ਚੋਣ ਨਹੀਂ ਹੋ ਜਾਂਦੀ।
ਟਰੂਡੋ ਨੇ ਕੈਨੇਡਾ ਦੀ ਗਵਰਨਰ ਜਨਰਲ ਤੋਂ ਪ੍ਰਵਾਗੀ ਲੈ ਲਈ ਸੀ ਕਿ ਪਾਰਲੀਮੈਂਟ ਦਾ ਕੰਮ 24 ਮਾਰਚ ਤੱਕ ਠੱਪ ਰਹੇਗਾ ਤੇ ਇਸ ਦੌਰਾਨ ਪਾਰਲੀਮੈਂਟ ਦਾ ਕੋਈ ਸੈਸ਼ਨ ਨਹੀਂ ਹੋਵੇਗਾ। ਦੂਜੇ ਪਾਸੇ ਕੈਨੇਡਾ ਦੇ ਗਵਰਨਰ ਜਨਰਲ ਨੇ ਵੀ ਟਰੂਡੋ ਨੂੰ ਪਾਰਲੀਮੈਂਟ ਸੈਸ਼ਨ ਰੱਦ ਕਰਨ ਦੀ 24 ਮਾਰਚ ਤੱਕ ਮਨਜ਼ੂਰੀ ਦੇ ਦਿੱਤੀ ਹ ਭਾਵ 24 ਮਾਰਚ ਤੱਕ ਪਾਰਲੀਮੈਂਟ ਦਾ ਕੋਈ ਸੈਸ਼ਨ ਨਹੀਂ ਹੋਵੇਗਾ ਤੇ ਟਰੂਡੋ ਦੀ ਲਿਬਰਲ ਸਰਕਾਰ ਬਣੀ ਰਹੇਗੀ।ਜiLਕਰ ਯੋਗ ਹੈ ਕਿ ਲਿਬਰਲਾਂ ਦੀ ਘੱਟ ਰਹੀ ਹਰਮਨ ਪਿਆਰਤਾ ਨੂੰ ਲੈ ਕੇ ਟਰੂਡੋ ਤੇ ਲਗਾਤਾਰ ਅਸਤੀਫ਼ਾ ਦੇਣ ਦਾ ਦਬਾਅ ਵਧ ਰਿਹਾ ਸੀ। ਇਸ ਕਾਰਨ ਟਰੂਡੋ ਨੂੰ ਪਾਰਟੀ ਦੀ ਲੀਡਰਸ਼ਿਪ ਦਾ ਅਹੁਦਾ ਛੱਡਣ ਦਾ ਐਲਾਨ ਕਰਨਾ ਪਿਆ।
ਸੋਮਵਾਰ ਸਵੇਰੇ (ਸਥਾਨਕ ਸਮੇਂ ਮੁਤਾਬਕ) ਪ੍ਰੈੱਸ ਕਾਨਫਰੰਸ ਦੌਰਾਨ ਜਸਟਿਨ ਟਰੁਡੋ ਨੇ ਆਪਣੇ ਅਸਤੀਫ਼ੇ ਦਾ ਐਲਾਨ ਕਰਦਿਆਂ ਕਿਹਾ ਕਿ ਉਨ੍ਹਾਂ ਲਈ ਪ੍ਰਧਾਨ ਮੰਤਰੀ ਦੇ ਰੂਪ ‘ਚ ਹਰੇਕ ਦਿਨ ਸੇਵਾ ਕਰਨਾ ਮਾਣ ਵਾਲੀ ਗੱਲ ਰਹੀ। ਉਨ੍ਹਾਂ ਮਹਾਮਾਰੀ ਦੌਰਾਨ ਸੇਵਾ ਕੀਤੀ, ਮਜ਼ਬੂਤ ਲੋਕਤੰਤਰ ਤੇ ਦੇਸ਼ ਦੇ ਬਿਹਤਰ ਕਾਰੋਬਾਰ ਲਈ ਕੰਮ ਕੀਤਾ। ਕਾਰਜਕਾਲ ਦੌਰਾਨ ਸਾਰਿਆਂ ਦਾ ਭਰਪੂਰ ਸਹਿਯੋਗ ਮਿਲਿਆ। ਉਨ੍ਹਾਂ ਆਪਣੇ ਆਪ ਨੂੰ ਫਾਈਟਰ ਦੱਸਦਿਆਂ ਆਪਣੇ ਕੰਮਾਂ ਦਾ ਵੇਰਵਾ ਵੀ ਦਿੱਤਾ। ਟਰੂਡੋ ਨੇ ਕਿਹਾ ਕਿ ਉਹ 2015 ‘ਚ ਜਦੋਂ ਪ੍ਰਧਾਨ ਮੰਤਰੀ ਬਣੇ ਉਦੋਂ ਤੋਂ ਕੈਨੇਡਾ ਤੇ ਇਸ ਦੇ ਹਿੱਤਾਂ ਦੀ ਰਾਖੀ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਗਲੀਆਂ ਚੋਣਾਂ ‘ਚ ਦੇਸ਼ ਕੋਲ ਇਕ ਬਿਹਤਰ ਪਸੰਦ ਹੋਣੀ ਚਾਹੀਦੀ ਹੈ। ਜੇਕਰ ਅਸੀਂ ਅੰਦਰੂਨੀ ਲੜਾਈ ਲੜਦੇ ਰਹਾਂਗੇ ਤਾਂ ਕੈਨੇਡਾ ‘ਚ ਬੈਲੇਟ ਪੇਪਰਾਂ ‘ਤੇ ਲੋਕਾਂ ਲਈ ਵਧੀਆ ਬਦਲ ਨਹੀਂ ਬਣ ਸਕਾਂਗੇ। ਜ਼ਿਕਰਯੋਗ ਹੈ ਕਿ ਸਾਲ 2013 ‘ਚ ਟਰੂਡੋ ਪਹਿਲੀ ਵਾਰ ਲਿਬਰਲ ਲੀਡਰ ਚੁਣੇ ਗਏ ਤੇ 2015 ‘ਚ ਪ੍ਰਧਾਨ ਮੰਤਰੀ ਬਣੇ। ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦੇ ਖੁੱਲ੍ਹਦਿਲੇ ਸੁਭਾਅ ਦੀ ਬਹੁਤ ਸ਼ਲਾਘਾ ਕੀਤੀ ਗਈ ਪਰ ਇਸ ਤੋਂ ਬਾਅਦ ਦੇਸ਼ ‘ਚ ਮਹਿੰਗਾਈ ਦੇ ਲਗਾਤਾਰ ਵਧਣ ਤੇ ਕੁਝ ਹੋਰ ਕਾਰਨਾਂ ਕਰ ਕੇ ਉਨ੍ਹਾਂ ਦਾ ਵਿਰੋਧ ਹੋਣ ਲੱਗਾ।