ਤਾਲ ਹੋਈ ਬੇਤਾਲ: ਵਾਹ ਉਸਤਾਦ
ਜ਼ਾਕਿਰ ਹੁਸੈਨ ਦੇ ਵਿਛੋੜੇ ਨਾਲ ਦੇਸ਼ ਨੇ ਸੰਗੀਤ ਦਾ ਅਜਿਹਾ ਅਨਮੋਲ ਜਾਦੂਗਰ ਗੁਆ ਲਿਆ ਹੈ ਜਿਹੜਾ ਤਬਲੇ ‘ਤੇ ਆਪਣੀ ਥਾਪ ਨਾਲ ਜਾਦੂ ਕਰ ਕੇ ਲੋਕਾਂ ਨੂੰ “ਵਾਹ ਉਸਤਾਦ“ ਕਹਿਣ ‘ਤੇ ਮਜਬੂਰ ਕਰ ਦਿੰਦਾ ਸੀ। ਜ਼ਾਕਿਰ ਹੁਸੈਨ ਭਾਰਤ ਦੀ ਖੁਸ਼ਹਾਲ ਸੰਗੀਤ ਵਿਰਾਸਤ ਦਾ ਗਵਾਹ ਸੀ। ਸੰਗੀਤ ਉਸ ਦੀਆਂ ਰਗਾਂ `ਚ ਖੂਨ ਵਾਂਗ ਦੌੜਦਾ ਸੀ।
ਉਨ੍ਹਾਂ ਦੇ ਪਿਤਾ ਉਸਤਾਦ ਅੱਲਾ ਰੱਖਾ ਖਾਨ ਵੀ ਮਸ਼ਹੂਰ ਤਬਲਾਵਾਦਕ ਸਨ। ਇਸ ਤੋਂ ਪਹਿਲਾਂ ਕਿ ਅਜ਼ਾਨ (ਪ੍ਰਾਰਥਨਾ ਦੀ ਪਹਿਲੀ ਪੁਕਾਰ) ਨਵਜੰਮੇ ਬੱਚੇ ਦੇ ਕੰਨਾਂ `ਚ ਪਹੁੰਚਦੀ, ਅੱਲਾ ਰੱਖਾ ਨੇ ਉਨ੍ਹਾਂ ਨੂੰ ਤਬਲੇ ਦੀ ਥਾਪ ਤੋਂ ਜਾਣੂ ਕਰਾ ਦਿੱਤਾ ਸੀ।
ਜ਼ਾਕਿਰ ਹੁਸੈਨ ਦਾ ਬਚਪਨ ਮੁੰਬਈ `ਚ ਬੀਤਿਆ। ਸਿਰਫ਼ 11ਸਾਲਾਂ ਦੀ ਉਮਰ ‘ਚ ਉਸ ਨੇ ਆਪਣੇ ਖਾਸ ਤਬਲਾ ਹੁਨਰ ਨਾਲ ਸੰਗੀਤ ਦੀ ਦੁਨੀਆ `ਚ ਆਪਣਾ ਜਾਦੂ ਚਲਾਉਣਾ ਸ਼ੁਰੂ ਕਰ ਦਿੱਤਾ। ਸਮੇਂ ਦੇ ਨਾਲ ਉਨ੍ਹਾਂ ਦੀ ਕਲਾ ਵੀ ਨਿਖਰਦੀ ਗਈ ਤੇ ਕੁਝ ਹੀ ਦਿਨਾਂ ‘ਚ ਉਹ ਦੁਨੀਆ ਦੀ ਮਸ਼ਹੂਰ ਹਸਤੀ ਬਣ ਗਿਆ। ਉਸ ਦੀ ਪਹਿਲੀ ਐਲਬਮ, ਲਿਵਿੰਗ ਇਨ ਦ ਮਟੀਰੀਅਲ ਵਰਲਡ, 1973`ਚ ਰਿਲੀਜ਼ ਹੋਈ।
1979 ਤੋਂ 2007 ਤੱਕ ਉਨ੍ਹਾਂ ਨੇ ਕਈ ਕੌਮਾਂਤਰੀ ਸਮਾਗਮਾਂ `ਚ ਆਪਣੇ ਤਬਲੇ ਦੀ ਥਾਪ ਦਾ ਜਾਦੂ ਵਿਖੇਰਿਆ। ਜ਼ਾਕਿਰ “ਸ਼ਕਤੀ“ ਨਾਂ ਦੇ ਬੈਂਡ ਦਾ ਹਿੱਸਾ ਸੀ, ਜਿਸਨੇ ਇਸ ਸਾਲ ਦੇ ਸ਼ੁਰੂ ‘ਚ ਗਰੈਮੀ ਐਵਾਰਡ ਜਿੱਤਿਆ ਸੀ। ਇਸ ਬੈਂਡ ਨੇ ਪੂਰਬੀ ਤੇ ਪੱਛਮੀ ਦੁਨੀਆ ਦੇ ਸੰਗੀਤਕਾਰਾਂ ਦੀ ਜੁਗਲਬੰਦੀ ਨਾਲ ਸਾਬਿਤ ਕੀਤਾ ਕਿ ਸੰਗੀਤ ਨੂੰ ਹੱਦਾਂ `ਚ ਨਹੀਂ ਬੰਨਿ੍ਹਆ ਜਾ ਸਕਦਾ।
ਪਿਛਲੀ ਸਦੀ ਦੇ ਆਖਰੀ ਦਹਾਕੇ ਦੇ ਇਕ ਇਸ਼ਤਿਹਾਰ ਦੀਆਂ ਯਾਦਾਂ ਲੋਕਾਂ ਦੇ ਮਨਾਂ ਵਿੱਚ ਤਾਜ਼ਾ ਹਨ, ਜਿਸ ਨੇ “ਵਾਹ ਉਸਤਾਦ“ ਨੂੰ ਉਸ ਦੇ ਨਾਮ ਨਾਲ ਪੱਕਾ ਹੀ ਜੋੜ ਦਿੱਤਾ।
