ਪੰਜਾਬ ਦੇ ਨਾਜ਼ੁਕ ਹਾਲਾਤ ਤੇ ਪੰਥਕ ਸੰਕਟ

ਸਤਨਾਮ ਸਿੰਘ ਮਾਣਕ
ਸ੍ਰੀ ਹਰਿਮੰਦਰ ਸਾਹਿਬ ਸਮੂਹ ਦੇ ਮੁੱਖ ਦੁਆਰ ਦੇ ਨੇੜੇ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ (ਜਿਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੋਇਆ ਹੈ ਪਰ ਅਜੇ ਤੱਕ ਅਕਾਲੀ ਦਲ ਦੀ ਵਰਕਿੰਗ ਕਮੇਟੀ ਵਲੋਂ ਪ੍ਰਵਾਨ ਨਹੀਂ ਹੋਇਆ) ਅਤੇ ਪੰਜਾਬ ਦੇ ਸਾਬਕਾ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ‘ਤੇ ਹੋਏ ਜਾਨਲੇਵਾ ਹਮਲੇ ਦੀ ਰਾਜਨੀਤਕ ਅਤੇ ਪੱਤਰਕਾਰੀ ਹਲਕਿਆਂ ਵਿਚ ਵੱਡੀ ਚਰਚਾ ਹੋ ਰਹੀ ਹੈ।

ਪੰਜਾਬ ਦੀਆਂ ਲਗਭਗ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਇਸ ਘਟਨਾਕ੍ਰਮ ਦੀ ਸਖ਼ਤ ਆਲੋਚਨਾ ਕੀਤੀ ਹੈ ਅਤੇ ਇਸ ਗੱਲ ‘ਤੇ ਸੰਤੁਸ਼ਟੀ ਪ੍ਰਗਟ ਕੀਤੀ ਹੈ ਕਿ ਸੁਖਬੀਰ ਸਿੰਘ ਬਾਦਲ ਇਸ ਹਮਲੇ ਤੋਂ ਵਾਲ-ਵਾਲ ਬਚ ਗਏ ਹਨ। ਇਸ ਮੌਕੇ ‘ਤੇ ਪੰਜਾਬ ਪੁਲਿਸ ਦੇ ਸੁਰੱਖਿਆ ਕਰਮੀ ਜਸਬੀਰ ਸਿੰਘ ਵਲੋਂ ਤੁਰੰਤ ਹਰਕਤ ਵਿਚ ਆ ਕੇ ਕੀਤੇ ਗਏ ਬਚਾਅ ਕਾਰਜ ਦੀ ਵੀ ਭਾਰੀ ਪ੍ਰਸੰਸਾ ਹੋਈ ਹੈ। ਉਂਝ ਪੁਲਿਸ ‘ਤੇ ਇਸ ਗੱਲੋਂ ਸਵਾਲ ਵੀ ਉਠ ਰਹੇ ਹਨ ਕਿ ਹਮਲਾ ਕਰਨ ਵਾਲਾ ਵਿਅਕਤੀ ਨਰਾਇਣ ਸਿੰਘ ਚੌੜਾ ਜਿਸ ‘ਤੇ ਪਹਿਲਾਂ ਹੀ ਕਈ ਕੇਸ ਚੱਲ ਰਹੇ ਹਨ, ਦੀਆਂ ਹਰਿਮੰਦਰ ਸਾਹਿਬ ਸਮੂਹ ਅੰਦਰਲੀਆਂ ਪਿਛਲੇ ਕਈ ਦਿਨਾਂ ਦੀਆਂ ਸਰਗਰਮੀਆਂ ਤੋਂ ਉਹ ਅਵੇਸਲੀ ਕਿਉਂ ਰਹੀ?
ਬਿਨਾਂਸ਼ੱਕ ਇਸ ਘਟਨਾ ਨੇ ਪੰਜਾਬ ਦੀ ਨਾਜ਼ੁਕ ਸਥਿਤੀ ਵੱਲ ਇਕ ਵਾਰ ਫਿਰ ਸਭ ਦਾ ਧਿਆਨ ਖਿੱਚਿਆ ਹੈ। ਇਸ ਸਮੇਂ ਰਾਜ ਅਸਥਿਰਤਾ ਅਤੇ ਬੇਵਿਸ਼ਵਾਸੀ ਦੇ ਦੌਰ ‘ਚੋਂ ਗੁਜ਼ਰ ਰਿਹਾ ਹੈ। ਲੋਕਾਂ ਦੇ ਵੱਖ-ਵੱਖ ਵਰਗ ਅਨੇਕਾਂ ਪ੍ਰਕਾਰ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਆਪਣੀ ਸਮਰੱਥਾ ਮੁਤਾਬਕ ਆਪੋ-ਆਪਣੇ ਮੁੱਦਿਆਂ ਲਈ ਸੰਘਰਸ਼ ਦੇ ਰਾਹ ਵੀ ਪਏ ਹੋਏ ਹਨ। ਹਰਿਆਣੇ ਨਾਲ ਲੱਗਦੀ ਖਨੌਰੀ ਦੀ ਸਰਹੱਦ ‘ਤੇ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਸੰਘਰਸ਼ ਮੋਰਚੇ ਵਲੋਂ ਕਿਸਾਨੀ ਜਿਣਸਾਂ ਦੇ ਸਮਰਥਨ ਮੁੱਲ ਅਤੇ ਕਿਸਾਨਾਂ ਦੀਆਂ ਹੋਰ ਮੰਗਾਂ ਨੂੰ ਲੈ ਕੇ ਸਾਢੇ 9 ਮਹੀਨਿਆਂ ਤੋਂ ਸੰਘਰਸ਼ ਵਿੱਢਿਆ ਹੋਇਆ ਹੈ ਅਤੇ ਇਸ ਸਮੇਂ ਬਜ਼ੁਰਗ ਕਿਸਾਨ ਆਗੂ ਜਗਜੀਤ ਸਿੰਘ ਡੱਲਾ ਮਰਨ ਵਰਤ ‘ਤੇ ਬੈਠੇ ਹਨ ਅਤੇ ਉਨ੍ਹਾਂ ਦੇ ਵਰਤ ਨੂੰ 7 ਦਿਨ ਗੁਜ਼ਰ ਚੁੱਕੇ ਹਨ। ਇਸ ਦੇ ਨਾਲ ਹੀ ਉਪਰੋਕਤ ਕਿਸਾਨ ਸੰਗਠਨਾਂ ਨੇ 6 ਦਸੰਬਰ ਤੋਂ ਜਥਿਆਂ ਦੇ ਰੂਪ ਵਿਚ ਪੈਦਲ ਦਿੱਲੀ ਜਾਣ ਦਾ ਪ੍ਰੋਗਰਾਮ ਵੀ ਐਲਾਨਿਆ ਹੋਇਆ ਹੈ। ਦਿੱਲੀ ਜਾ ਕੇ ਉਹ ਜੰਤਰ-ਮੰਤਰ ਜਾਂ ਰਾਮ ਲੀਲ੍ਹਾ ਗਰਾਊਂਡ ਵਿਚ ਕਿਸਾਨੀ ਮੰਗਾਂ ਵਲ ਧਿਆਨ ਨਾ ਦੇਣ ਕਾਰਨ ਕੇਂਦਰ ਸਰਕਾਰ ਦੇ ਖ਼ਿਲਾਫ਼ ਧਰਨੇ ਦੇ ਰੂਪ ਵਿਚ ਆਪਣਾ ਰੋਸ ਪ੍ਰਗਟ ਕਰਨਾ ਚਾਹੁੰਦੇ ਸਨ। ਪਰ ਸ਼ੰਭੂ ਦੀ ਸਰਹੱਦ ‘ਤੇ ਹਰਿਆਣੇ ਵਾਲੇ ਪਾਸੇ ਤਾਇਨਾਤ ਸੁਰੱਖਿਆ ਦਲਾਂ ਨੇ ਕੇਂਦਰ ਦੀ ਸ਼ਹਿ ‘ਤੇ ਉਨ੍ਹਾਂ ਨੂੰ ਦਿੱਲੀ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਕਿਸਾਨ ਜੱਥਿਆਂ ਨੇ ਜਦੋਂ ਵੀ ਹਰਿਆਣਾ ਸਰਹੱਦ ਵਲ ਵਧਣ ਦਾ ਯਤਨ ਕੀਤਾ, ਅਥਰੂ ਗੈਸ ਦੇ ਗੋਲੇ ਛੱਡ ਕੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕਿਆ ਗਿਆ, ਜਿਸ ਵਿਚ ਅਨੇਕਾਂ ਕਿਸਾਨ ਜ਼ਖ਼ਮੀ ਵੀ ਹੋਏ। ਉਂਝ ਵੀ ਹਰਿਆਣਾ ਨੇ 12 ਫਰਵਰੀ ਤੋਂ ਪੰਜਾਬ ਦਾ ਦਿੱਲੀ ਜਾਣ ਦਾ ਰਸਤਾ ਪੱਕੇ ਤੌਰ ‘ਤੇ ਬੰਦ ਕੀਤਾ ਹੋਇਆ ਹੈ।
ਦੂਜੇ ਪਾਸੇ ਲੁਧਿਆਣੇ ਵਿਚ ਫਿਲਮ ਨਿਰਦੇਸ਼ਕ ਅਤੇ ਕਲਾਕਾਰ ਅਮਿਤੋਜ ਮਾਨ, ਲੱਖਾ ਸਿਧਾਣਾ ਅਤੇ ਹੋਰ ਵਾਤਾਵਰਨ ਪ੍ਰੇਮੀਆਂ ਵਲੋਂ ਕਾਲੇ ਪਾਣੀਆਂ ਦਾ ਮੋਰਚਾ ਆਰੰਭ ਕੀਤਾ ਹੋਇਆ ਹੈ। ਪਿਛਲੇ ਲੰਮੇ ਸਮੇਂ ਤੋਂ ਇਹ ਵਾਤਾਵਰਨ ਪ੍ਰੇਮੀ ਲੁਧਿਆਣੇ ਦੇ ਬੁੱਢੇ ਨਾਲੇ ਵਿਚ ਲੁਧਿਆਣੇ ਦੀਆਂ ਸਨਅਤਾਂ ਦੇ ਪੈ ਰਹੇ ਗੰਦੇ ਪਾਣੀ ਵਿਰੁੱਧ ਰੋਸ ਪ੍ਰਗਟ ਕਰਦੇ ਆ ਰਹੇ ਹਨ। ਪਰ ਪੰਜਾਬ ਦੀ ਕੋਈ ਵੀ ਸਰਕਾਰ ਇਸ ਮਸਲੇ ਦਾ ਹੱਲ ਨਹੀਂ ਕੱਢ ਸਕੀ। ਬੀਤੇ ਦਿਨ ਇਨ੍ਹਾਂ ਵਾਤਾਵਰਨ ਪ੍ਰੇਮੀਆਂ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਲੋਕ ਵੇਰਕਾ ਮਿਲਕ ਪਲਾਂਟ ਨੇੜੇ ਇਕੱਤਰ ਹੋਏ ਅਤੇ ਉਨ੍ਹਾਂ ਨੇ ਉਨ੍ਹਾਂ ਟ੍ਰੀਟਮੈਂਟ ਪਲਾਂਟਾਂ ਨੂੰ ਬੰਦ ਕਰਨ ਲਈ ਉਸ ਪਾਸੇ ਵੱਲ ਵਧਣ ਦੀ ਅਸਫ਼ਲ ਕੋਸ਼ਿਸ਼ ਕੀਤੀ, ਜਿਨ੍ਹਾਂ ਰਾਹੀਂ ਰੰਗਾਈ ਸਨਅਤਾਂ ਦਾ ਦੂਸ਼ਿਤ ਪਾਣੀ ਬੁੱਢੇ ਨਾਲੇ ਵਿਚ ਪੈ ਰਿਹਾ ਹੈ। ਇਨ੍ਹਾਂ ਵਾਤਾਵਰਨ ਪ੍ਰੇਮੀਆਂ ਦਾ ਦੋਸ਼ ਹੈ ਕਿ ਇਨ੍ਹਾਂ ਟ੍ਰੀਟਮੈਂਟ ਪਲਾਂਟਾਂ ਦੇ ਬਾਵਜੂਦ ਬੁੱਢੇ ਨਾਲੇ ਵਿਚ ਪਾਇਆ ਜਾ ਰਿਹਾ ਪਾਣੀ ਬੇਹੱਦ ਗੰਦਾ ਅਤੇ ਤੇਜ਼ਾਬੀ ਹੈ ਤੇ ਇਸ ਨੂੰ ਪੰਜਾਬ ਦੇ ਮਾਲਵੇ ਇਲਾਕੇ ਅਤੇ ਰਾਜਸਥਾਨ ਦੇ ਜੋ ਲੋਕ ਪੀਣ ਲਈ ਅਤੇ ਹੋਰ ਲੋੜਾਂ ਲਈ ਵਰਤਦੇ ਹਨ, ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਦਾ ਰੋਸ ਹੈ ਕਿ ਪੰਜਾਬ ਦੀਆਂ ਦੂਜੀਆਂ ਸਰਕਾਰਾਂ ਦੀ ਤਰ੍ਹਾਂ ਮੌਜੂਦਾ ਪੰਜਾਬ ਸਰਕਾਰ ਵੀ ਇਸ ਮਸਲੇ ਨੂੰ ਹੱਲ ਕਰਨ ਲਈ ਕੋਈ ਠੋਸ ਪਹਿਲਕਦਮੀ ਕਰਨ ਵਿਚ ਅਸਫਲ ਰਹੀ ਹੈ। ਦੂਜੇ ਪਾਸੇ ਰੰਗਾਈ ਸਨਅਤਾਂ ਚਲਾਉਣ ਵਾਲੇ ਕਾਰੋਬਾਰੀਆਂ ਵਲੋਂ ਵੱਡੀ ਗਿਣਤੀ ਵਿਚ ਉਨ੍ਹਾਂ ਦੀਆਂ ਫੈਕਟਰੀਆਂ ਵਿਚ ਕੰਮ ਕਰਦੇ ਪ੍ਰਵਾਸੀ ਮਜ਼ਦੂਰਾਂ ਨੂੰ ਲਾਮਬੰਦ ਕਰ ਕੇ ਇਨ੍ਹਾਂ ਵਾਤਾਵਰਨ ਪ੍ਰੇਮੀਆਂ ਦੇ ਵਿਰੋਧ ਵਿਚ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇਕਰ ਇਸ ਮਸਲੇ ਨੂੰ ਠੀਕ ਤਰ੍ਹਾਂ ਸੁਲਝਾਇਆ ਨਹੀਂ ਜਾਂਦਾ ਤਾਂ ਇਹ ਆਉਣ ਵਾਲੇ ਸਮੇਂ ਵਿਚ ਰਾਜ ‘ਚ ਵੱਡੇ ਟਕਰਾਅ ਨੂੰ ਜਨਮ ਦੇ ਸਕਦਾ ਹੈ।
ਇਸ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਮੁਲਾਜ਼ਮ ਵਰਗ ਆਪੋ-ਆਪਣੀਆਂ ਮੰਗਾਂ ਲਈ ਵੱਖ-ਵੱਖ ਥਾਵਾਂ ‘ਤੇ ਧਰਨੇ ਅਤੇ ਮੁਜ਼ਾਹਰੇ ਕਰ ਰਹੇ ਹਨ। ਇਨ੍ਹਾਂ ਵਿਚ ਨਿਯੁਕਤੀਆਂ ਦੀ ਉਡੀਕ ਕਰ ਰਹੇ ਕਾਲਜ ਅਧਿਆਪਕ, ਲਾਇਬ੍ਰੇਰੀਅਨ ਨਿਯੁਕਤੀਆਂ ਲਈ ਅਤੇ ਕੰਪਿਊਟਰ ਟੀਚਰ ਤੇ ਹੋਰ ਸ਼੍ਰੇਣੀਆਂ ਦੇ ਮੁਲਾਜ਼ਮ ਪੱਕੇ ਹੋਣ ਲਈ ਤਰਸ ਰਹੇ ਕਾਲਜ ਹਨ। ਸਰਕਾਰ ਇਨ੍ਹਾਂ ਮੁਲਾਜ਼ਮ ਵਰਗਾਂ ਨਾਲ ਗੱਲਬਾਤ ਕਰਕੇ ਕਦੋਂ ਤੱਕ ਉਨ੍ਹਾਂ ਦੇ ਮਸਲੇ ਹੱਲ ਕਰਨ ਵਿਚ ਸਫ਼ਲ ਹੋਵੇਗੀ, ਇਸ ਸੰਬੰਧੀ ਅਜੇ ਕੁਝ ਕਿਹਾ ਨਹੀਂ ਜਾ ਸਕਦਾ। ਰਾਜ ਦਾ ਨੌਜਵਾਨ ਵਰਗ ਪਿਛਲੇ ਕਈ ਦਹਾਕਿਆਂ ਤੋਂ ਇਥੇ ਆਪਣਾ ਕੋਈ ਵੀ ਭਵਿੱਖ ਨਾ ਦੇਖ ਕੇ ਸਿੱਖਿਆ ਹਾਸਲ ਕਰਨ ਦੇ ਨਾਂਅ ‘ਤੇ ਇਥੋਂ ਵਿਦੇਸ਼ਾਂ ਨੂੰ ਹਿਜਰਤ ਕਰੀ ਜਾ ਰਿਹਾ ਹੈ। ਪਰ ਹੁਣ ਕੈਨੇਡਾ, ਅਮਰੀਕਾ ਅਤੇ ਆਸਟ੍ਰੇਲੀਆ ਆਦਿ ਦੀਆਂ ਸਰਕਾਰਾਂ ਵਲੋਂ ਪ੍ਰਵਾਸ ਸੰਬੰਧੀ ਨਿਯਮ ਸਖ਼ਤ ਕੀਤੇ ਜਾਣ ਨਾਲ ਵਿਦੇਸ਼ਾਂ ਵਿਚ ਵੀ ਨੌਜਵਾਨਾਂ ਦੀਆਂ ਸੰਭਾਵਨਾਵਾਂ ਸੁੰਗੜਦੀਆਂ ਜਾ ਰਹੀਆਂ ਹਨ। ਇਹ ਵੀ ਚਿੰਤਾ ਵਾਲੀ ਗੱਲ ਹੈ ਕਿ ਪੰਜਾਬ ਦੇ ਨੌਜਵਾਨਾਂ ਦਾ ਇਕ ਵੱਡਾ ਵਰਗ ਅਪਰਾਧਾਂ ਦੀ ਦੁਨੀਆ ਵਿਚ ਦਾਖ਼ਲ ਹੋ ਚੁੱਕਾ ਹੈ, ਜਿਨ੍ਹਾਂ ਵਲੋਂ ਗੈਂਗਸਟਰਾਂ ਦੇ ਨਾਂਅ ‘ਤੇ ਆਪਣੇ ਵੱਖ-ਵੱਖ ਗਿਰੋਹ ਬਣਾਏ ਹੋਏ ਹਨ ਅਤੇ ਇਨ੍ਹਾਂ ਗਰੋਹਾਂ ਵਲੋਂ ਲੋਕਾਂ ਨੂੰ ਡਰਾ ਧਮਕਾ ਕੇ ਫਿਰੌਤੀਆਂ ਵਸੂਲੀਆਂ ਜਾ ਰਹੀਆਂ ਹਨ। ਅਜਿਹੇ ਅਪਰਾਧੀ ਗਰੋਹਾਂ ਵਲੋਂ ਨਸ਼ਿਆਂ ਦੀ ਤਸਕਰੀ, ਝਪਟਮਾਰੀ, ਪੈਟਰੋਲ ਪੰਪ ਲੁੱਟਣ ਅਤੇ ਬੈਂਕ ਲੁੱਟਣ ਵਰਗੇ ਅਪਰਾਧ ਵੀ ਕੀਤੇ ਜਾ ਰਹੇ ਹਨ। ਇਥੋਂ ਤੱਕ ਕਿ ਘਰਾਂ ਵਿਚ ਦਿਨ-ਦਿਹਾੜੇ ਦਾਖਲ ਹੋ ਕੇ ਵੀ ਅਜਿਹੇ ਲੋਟੂ ਟੋਲਿਆਂ ਵਲੋਂ ਲੋਕਾਂ ਨੂੰ ਹਿੰਸਾ ਦਾ ਨਿਸ਼ਾਨਾ ਵੀ ਬਣਾਇਆ ਜਾ ਰਿਹਾ ਹੈ। ਸਮੇਂ ਦੀ ਕੇਂਦਰੀ ਸਰਕਾਰ ਵਲੋਂ ਵੀ ਕਿਸਾਨੀ ਅਤੇ ਪੰਜਾਬ ਦੇ ਹੋਰ ਭਖਦੇ ਮਸਲਿਆਂ ਪ੍ਰਤੀ ਨਾਂਹਪੱਖੀ ਰੁਖ਼ ਅਖ਼ਤਿਆਰ ਕੀਤਾ ਹੋਇਆ ਹੈ।
ਅਜਿਹੀ ਬੇਵਿਸ਼ਵਾਸੀ ਵਾਲੀ ਸਥਿਤੀ ਵਿਚ ਰਾਜ ਦੇ ਬਹੁਤ ਸਾਰੇ ਲੋਕ ਮਹਿਸੂਸ ਕਰਦੇ ਹਨ ਕਿ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਦੇ ਪੰਜਾਬ ਦੇ ਹੱਕਾਂ-ਹਿਤਾਂ ਲਈ ਡੱਟ ਕੇ ਸੰਘਰਸ਼ ਕਰਦੀ ਸੀ, ਕਿਸਾਨਾਂ, ਮਜ਼ਦੂਰਾਂ ਅਤੇ ਲੋਕਾਂ ਦੇ ਹੋਰ ਵਰਗਾਂ ਦੇ ਹਿਤਾਂ ਦੀ ਰਾਖੀ ਕਰਦੀ ਸੀ, ਸਿੱਖ ਪੰਥ ਵਿਚ ਏਕਤਾ ਤੇ ਉਤਸ਼ਾਹ ਬਣਾਈ ਰੱਖਦੀ ਸੀ, ਉਹ ਮੁੜ ਮਜ਼ਬੂਤ ਹੋਵੇ ਅਤੇ ਦੁਬਾਰਾ ਤੋਂ ਆਪਣਾ ਪ੍ਰਭਾਵਸ਼ਾਲੀ ਰੋਲ ਅਦਾ ਕਰੇ। ਇਸ ਗੱਲ ਬਾਰੇ ਕੋਈ ਦੋ ਰਾਵਾਂ ਨਹੀਂ ਹਨ ਕਿ ਜੇਕਰ ਪੰਜਾਬ ਦੇ ਰਾਜਨੀਤਕ ਇਤਿਹਾਸ ਨੂੰ ਦੇਖੀਏ ਤਾਂ ਸ਼੍ਰੋਮਣੀ ਅਕਾਲੀ ਦਲ ਹੀ ਇਕ ਅਜਿਹੀ ਪਾਰਟੀ ਰਹੀ ਹੈ ਜਿਸ ਨੇ ਪੰਜਾਬ ਲਈ ਨਿਰੰਤਰ ਲੜਾਈਆਂ ਲੜੀਆਂ ਹਨ। ਪਰ ਅੱਜ ਸ਼੍ਰੋਮਣੀ ਅਕਾਲੀ ਦਲ ਜਿਸ ਤਰ੍ਹਾਂ ਦੀ ਸਥਿਤੀ ਵਿਚੋਂ ਗੁਜ਼ਰ ਰਿਹਾ ਹੈ, ਉਹ ਬੇਹੱਦ ਦੁਖਦਾਈ ਹੈ। 2007 ਤੋਂ ਲੈ ਕੇ 2017 ਦਰਮਿਆਨ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਜੋ 10 ਸਾਲਾਂ ਤੱਕ ਸਰਕਾਰ ਰਹੀ ਹੈ, ਉਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਕੁੱਝ ਅਜਿਹੀਆਂ ਗ਼ਲਤੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਕਾਰਨ ਲੋਕਾਂ ਵਿਚ ਰੋਹ ਤੇ ਰੋਸ ਪੈਦਾ ਹੋਇਆ ਅਤੇ ਅਕਾਲੀ ਦਲ ਆਪਣਾ ਜਨਤਕ ਆਧਾਰ ਗੁਆ ਬੈਠਾ ਹੈ। ਇਨ੍ਹਾਂ ਹੋਈਆਂ ਵੱਡੀਆਂ ਗ਼ਲਤੀਆਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦਿਆਂ ਨਾਲ ਠੀਕ ਤਰ੍ਹਾਂ ਨਾ ਨਿਪਟ ਸਕਣਾ, ਝੂਠੇ ਪੁਲਿਸ ਮੁਕਾਬਲੇ ਬਣਾਉਣ ਲਈ ਬਦਨਾਮ ਰਹੇ ਪੁਲਿਸ ਅਧਿਕਾਰੀ ਸੁਮੇਧ ਸੈਣੀ ਨੂੰ ਰਾਜ ਦਾ ਡਾਇਰੈਕਟਰ ਜਨਰਲ ਪੁਲਿਸ ਨਿਯੁਕਤ ਕਰਨਾ ਅਤੇ ਵੋਟਾਂ ਹਾਸਿਲ ਕਰਨ ਲਈ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਮੁਆਫ਼ੀ ਦੁਆਉਣਾ ਅਤੇ ਕੇਂਦਰ ਵਲੋਂ 2020 ਵਿਚ ਬਣਾਏ ਗਏ ਖੇਤੀ ਵਿਰੋਧੀ ਕਾਨੂੰਨਾਂ ਵਿਰੁੱਧ ਕਈ ਮਹੀਨਿਆਂ ਤੱਕ ਸਪੱਸ਼ਟ ਸਟੈਂਡ ਨਾ ਲੈਣਾ ਆਦਿ ਸ਼ਾਮਿਲ ਹਨ। ਇਸ ਦਾ ਹੀ ਇਹ ਸਿੱਟਾ ਨਿਕਲਿਆ ਕਿ 2017 ਤੋਂ ਬਾਅਦ ਹੋਈਆਂ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਸਾਰੀਆਂ ਚੋਣਾਂ ਵਿਚ ਪਾਰਟੀ ਨੂੰ ਨਿਰੰਤਰ ਹਾਰਾਂ ਦਾ ਸਾਹਮਣਾ ਕਰਨਾ ਪਿਆ। ਅੱਜ ਦੀ ਸਥਿਤੀ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ 2022 ਵਿਚ ਚੁਣੀ ਗਈ ਵਿਧਾਨ ਸਭਾ ਵਿਚ ਸਿਰਫ਼ 3 ਮੈਂਬਰ ਚੁਣੇ ਗਏ ਸਨ ਤੇ ਉਨ੍ਹਾਂ ਵਿਚੋਂ ਵੀ ਇਕ ਦਲ-ਬਦਲੀ ਕਰ ਗਿਆ ਹੈ। ਇਸ ਸਾਲ ਹੋਈਆਂ ਲੋਕ ਸਭਾ ਦੀਆਂ ਚੋਣਾਂ ਵਿਚ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ਼ 1 ਹੀ ਸੀਟ ਪ੍ਰਾਪਤ ਹੋਈ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਇਸ ਘਟਨਾਕ੍ਰਮ ਨੂੰ ਮੁੱਖ ਰੱਖਦਿਆਂ ਹੀ ਬਹੁਤ ਸਾਰੇ ਅਕਾਲੀ ਆਗੂ ਇਸ ਨੂੰ ਛੱਡ ਗਏ ਅਤੇ ਬਾਹਰ ਨਿਕਲ ਕੇ ਉਨ੍ਹਾਂ ਵਲੋਂ ‘ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ’ ਦੇ ਨਾਂਅ ਹੇਠ ਅਕਾਲੀ ਦਲ ਦੀ ਮੁੜ ਬਹਾਲੀ ਲਈ ਯਤਨ ਸ਼ੁਰੂ ਕੀਤੇ ਗਏ ਸਨ। ਇਨ੍ਹਾਂ ਲੀਡਰਾਂ ਨੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਸੁਖਬੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਆਗੂਆਂ ਦੀਆਂ ਪਿਛਲੀਆਂ ਗ਼ਲਤੀਆਂ ਦੇ ਸੰਦਰਭ ਵਿਚ ਉਨ੍ਹਾਂ ਦੀ ਜਵਾਬਦੇਹੀ ਕਰਨ ਲਈ ਲਿਖਤੀ ਰੂਪ ਵਿਚ ਪਹੁੰਚ ਕੀਤੀ ਸੀ। ਇਸ ਨੂੰ ਮੁੱਖ ਰੱਖਦਿਆਂ ਹੀ ਸਿੰਘ ਸਾਹਿਬਾਨ ਨੇ ਲੰਮੇ ਇੰਤਜ਼ਾਰ ਤੋਂ ਬਾਅਦ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਤਿਹਾਸਕ ਫ਼ੈਸਲਾ ਸੁਣਾਇਆ ਹੈ, ਜਿਸ ਵਿਚ 2007 ਤੋਂ ਲੈ ਕੇ 2017 ਤੱਕ ਸੱਤਾਧਾਰੀ ਹੁੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਕੀਤੀਆਂ ਗਈਆਂ ਗ਼ਲਤੀਆਂ ਲਈ ਉਨ੍ਹਾਂ ਦੀ ਜਵਾਬਦੇਹੀ ਕਰਦਿਆਂ ਉਨ੍ਹਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਧਾਰਮਿਕ ਸਜ਼ਾਵਾਂ (ਸੇਵਾਵਾਂ) ਲਾਈਆਂ ਗਈਆਂ ਹਨ। ਇਨ੍ਹਾਂ ਤੋਂ ਇਲਾਵਾ ਸਿਆਸੀ ਦਬਾਅ ਅਧੀਨ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਮੁਆਫ਼ੀ ਦੇਣ ਵਾਲੇ ਸਾਬਕ ਸਿੰਘ ਸਾਹਿਬਾਨ ਵਿਰੁੱਧ ਵੀ ਕਾਰਵਾਈ ਕੀਤੀ ਗਈ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਦੀ ਅਗਵਾਈ ਵਿਚ ਇਕ ਕਮੇਟੀ ਵੀ ਬਣਾਈ ਗਈ ਹੈ, ਜਿਸ ਨੂੰ 6 ਮਹੀਨਿਆਂ ਦੇ ਅੰਦਰ-ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਕਰਕੇ ਨਵੇਂ ਡੈਲੀਗੇਟਾਂ ਰਾਹੀਂ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਕਰਵਾਉਣ ਦੀ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮੌਜੂਦਾ ਸਿੰਘ ਸਾਹਿਬਾਨ ਗਿਆਨੀ ਰਘਬੀਰ ਸਿੰਘ, ਗਿਆਨੀ ਹਰਪ੍ਰੀਤ ਸਿੰਘ ਅਤੇ ਬਾਕੀ ਸਿੰਘ ਸਾਹਿਬਾਨ ਵਲੋਂ ਸਮੂਹਿਕ ਤੌਰ ‘ਤੇ ਜਿਸ ਤਰ੍ਹਾਂ ਹੌਂਸਲੇ, ਦ੍ਰਿੜ੍ਹਤਾ, ਸਪੱਸ਼ਟਤਾ ਅਤੇ ਪਾਰਦਰਸ਼ੀ ਢੰਗ ਨਾਲ ਇਸ ਵੱਡੇ ਪੰਥਕ ਸੰਕਟ ਨਾਲ ਨਜਿੱਠਣ ਦਾ ਉਪਰਾਲਾ ਕੀਤਾ ਗਿਆ ਹੈ, ਉਸ ਦੀ ਦੇਸ਼-ਵਿਦੇਸ਼ ਵਿਚ ਵੱਡੀ ਪ੍ਰਸੰਸਾ ਹੋਈ ਹੈ। ਹੁਣ ਇਹ ਦੇਖਣਾ ਬਣਦਾ ਹੈ ਹੈ ਕਿ ਅਕਾਲੀ ਨੇਤਾਵਾਂ ਨੂੰ 11 ਦਿਨਾਂ ਤੱਕ ਚੱਲਣ ਵਾਲੀ ਲਾਈ ਗਈ ਧਾਰਮਿਕ ਸੇਵਾ ਤੋਂ ਬਾਅਦ ਇਹ ਆਗੂ ਸੁਰਖਰੂ ਹੋ ਕੇ ਮੁੜ ਤੋਂ ਸਿੱਖ ਪੰਥ ਦੇ ਧਾਰਮਿਕ ਅਤੇ ਰਾਜਨੀਤਕ ਖੇਤਰਾਂ ਵਿਚ ਵਿਚਰਦੇ ਹੋਏ ਅਤੇ ਪਿਛਲੀਆਂ ਗ਼ਲਤੀਆਂ ਤੋਂ ਸਬਕ ਸਿਖਦੇ ਹੋਏ, ਕਿਸ ਤਰ੍ਹਾਂ ਦਾ ਰੋਲ ਅਦਾ ਕਰਦੇ ਹਨ, ਰਾਜ ਦੇ ਪੰਥਕ ਅਤੇ ਗੈਰ-ਪੰਥਕ ਹਲਕਿਆਂ ਨੂੰ ਇਸ ਗੱਲ ਦੀ ਵੀ ਵੱਡੀ ਉਡੀਕ ਰਹੇਗੀ ਕਿ ਰਾਜ ਦੀ ਇਕੋ-ਇਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਆਉਣ ਵਾਲੇ ਸਮੇਂ ਵਿਚ ਕਿਸ ਤਰ੍ਹਾਂ ਆਪਣੇ ਆਪ ਨੂੰ ਮੁੜ ਉਭਾਰਦੀ ਹੈ ਅਤੇ ਕਿਸ ਤਰ੍ਹਾਂ ਪੰਥ ਤੇ ਪੰਜਾਬ ਨੂੰ ਦਰਪੇਸ਼ ਵੱਡੀਆਂ ਚੁਣੌਤੀਆਂ ਨੂੰ ਹੱਲ ਕਰਨ ਲਈ ਆਪਣਾ ਬਣਦਾ ਇਤਿਹਾਸਕ ਰੋਲ ਅਦਾ ਕਰਨ ਵਿਚ ਕਾਮਯਾਬ ਹੁੰਦੀ ਹੈ। ਦੇਸ਼ ਦੀਆਂ ਅਜੋਕੀਆਂ ਰਾਜਨੀਤਕ ਸਥਿਤੀਆਂ, ਜਿਨ੍ਹਾਂ ਵਿਚ ਜਮਹੂਰੀਅਤ, ਧਰਮ ਨਿਰਪੱਖਤਾ ਤੇ ਸੰਘੀ ਸੰਵਿਧਾਨਿਕ ਵਿਵਸਥਾ ਖ਼ਤਰੇ ਵਿਚ ਪਈ ਹੋਈ ਹੈ, ਵੀ ਮੰਗ ਕਰਦੀਆਂ ਹਨ ਕਿ ਜਮਹੂਰੀਅਤ, ਮਨੁੱਖੀ ਅਧਿਕਾਰਾਂ ਤੇ ਸਰਬੱਤ ਦੇ ਭਲੇ ਆਦਿ ਮੁੱਲਾਂ ਲਈ ਕੰਮ ਕਰਦੀ ਰਹੀ ਅਕਾਲੀ ਪਾਰਟੀ ਮੁੜ ਮਜ਼ਬੂਤ ਹੋਵੇ। ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਸਿੱਖ ਭਾਈਚਾਰੇ ਨੂੰ ਦਿਸ਼ਾ ਤੇ ਅਗਵਾਈ ਦੇਣ ਉਨ੍ਹਾਂ ਦੇ ਸਰੋਕਾਰਾਂ ਲਈ ਆਵਾਜ਼ ਬੁਲੰਦ ਕਰਨ ਲਈ ਵੀ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਆਦਿ ਪੰਥਕ ਸੰਗਠਨਾਂ ਤੇ ਸੰਸਥਾਵਾਂ ਦਾ ਮਜ਼ਬੂਤ ਤੇ ਪ੍ਰਭਾਵੀ ਹੋਣਾ ਜ਼ਰੂਰੀ ਹੈ।
ਇਸ ਦੇ ਨਾਲ ਹੀ ਇਹ ਗੱਲ ਮੁੜ ਉੱਭਰ ਕੇ ਸਾਹਮਣੇ ਆਈ ਹੈ ਕਿ ਜੇਕਰ ਸਿੱਖ ਪੰਥ ਦੀ ਸਿਆਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਇਕਜੁਟ ਹੋ ਕੇ ਸਾਹਮਣੇ ਨਹੀਂ ਆਉਂਦੀ ਤਾਂ ਇਹ ਖਲਾਅ ਭਰਨ ਲਈ ਅਜਿਹੇ ਲੋਕ ਅੱਗੇ ਆ ਸਕਦੇ ਹਨ, ਜਿਨ੍ਹਾਂ ਨੇ ਪਿਛਲੇ ਸਮਿਆਂ ਵਿਚ ਵੀ ਪੰਥ ਅਤੇ ਪੰਜਾਬ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਸੁਖਬੀਰ ਸਿੰਘ ਬਾਦਲ ‘ਤੇ ਹੋਏ ਤਾਜ਼ਾ ਹਮਲੇ ਨੇ ਪੰਜਾਬ ਅਤੇ ਦੇਸ਼ ਦੀ ਰਾਜਨੀਤੀ ਵਿਚ ਅਕਾਲੀ ਦਲ ਦੇ ਮੁੜ ਉਭਾਰ ਅਤੇ ਇਸ ਦੀ ਮਜ਼ਬੂਤੀ ਦੀ ਲੋੜ ਨੂੰ ਹੋਰ ਵਧੇਰੇ ਸ਼ਿੱਦਤ ਨਾਲ ਸਾਹਮਣੇ ਲਿਆਂਦਾ ਹੈ ਅਤੇ ਇਕ ਵੱਡੇ ਖ਼ਤਰੇ ਦਾ ਅਭਾਸ ਵੀ ਕਰਵਾਇਆ ਹੈ।
-0-