ਅਕਾਲੀ ਸਿਆਸਤ ਅਤੇ ਪੰਜਾਬ

ਪੰਜ ਸਿੰਘ ਸਾਹਿਬਾਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੁਣਾਇਆ ਫੈਸਲਾ ਵਾਕਈ ਇਤਿਹਾਸਕ ਅਤੇ ਫੈਸਲਾਕੁਨ ਹੈ। ਸਿਆਸੀ ਮਾਹਿਰ ਠੋਕ-ਵਜਾ ਕੇ ਇਹ ਗੱਲਾਂ ਆਖ ਰਹੇ ਹਨ ਕਿ ਇਸ ਫੈਸਲੇ ਦਾ ਆਉਣ ਵਾਲੀ ਅਕਾਲੀ ਸਿਆਸਤ ਉਤੇ ਵੱਡਾ ਅਸਰ ਪਵੇਗਾ। ਚੇਤੇ ਰਹੇ ਕਿ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ 2007 ਤੋਂ 2017 ਤੱਕ ਚੱਲੀ ਅਕਾਲੀ-ਭਾਜਪਾ ਸਰਕਾਰ ਤੋਂ ਬਾਅਦ ਅਕਾਲੀ ਦਲ ਦਾ ਗਰਾਫ ਲਗਾਤਾਰ ਹੇਠਾਂ ਗਿਆ ਹੈ।

ਬਾਦਲ ਸਰਕਾਰ ਨੇ ਬੇਅਦਬੀ ਦੀਆਂ ਘਟਨਾਵਾਂ ਨਾਲ ਜਿਸ ਤਰ੍ਹਾਂ ਨਾਲ ਨਜਿੱਠਣ ਦਾ ਯਤਨ ਕੀਤਾ, ਇਹ ਉਸੇ ਦਾ ਹੀ ਨਤੀਜਾ ਹੈ ਕਿ ਅੱਜ ਸਮੁੱਚੀ ਅਕਾਲੀ ਲੀਡਰਸ਼ਿਪ ਪੰਜਾਬ ਦੀ ਸਿਆਸਤ ਵਿਚ ਬੁਰੀ ਤਰ੍ਹਾਂ ਰੁਲ ਕੇ ਰਹਿ ਗਈ ਹੈ। ਕੁਝ ਲੋਕ ਇਸ ਨੂੰ ਅਕਾਲੀ ਦਲ ਵੱਲੋਂ ਪੰਥ ਦੀ ਪਹਿਰੇਦਾਰੀ ਛੱਡ ਕੇ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾਉਣ ਨਾਲ ਜੋੜ ਕੇ ਵੀ ਦੇਖਿਆ ਜਾਂਦਾ ਹੈ ਪਰ ਇਥੇ ਵੱਡਾ ਸਵਾਲ ਇਹ ਹੈ: ਕੀ ਅਕਾਲੀ ਦਲ ਨੂੰ ਸਮੁੱਚੇ ਪੰਜਾਬੀਆਂ ਦੀ ਪਾਰਟੀ ਨਹੀਂ ਸੀ ਬਣਨਾ ਚਾਹੀਦਾ? ਅਸਲ ਵਿਚ, ਮਸਲਾ ਤਾਂ ਅਕਾਲੀ ਦਲ ਉਤੇ ਪਹਿਲਾਂ ਇਕ ਪਰਿਵਾਰ ਦੇ ਕਬਜ਼ੇ ਅਤੇ ਫਿਰ ਸਾਰੀਆਂ ਸਿੱਖ ਸੰਸਥਾਵਾਂ ਉਤੇ ਕਬਜ਼ੇ ਦਾ ਹੈ। ਇਸ ਕਬਜ਼ੇ ਕਾਰਨ ਅਕਾਲੀ ਦਲ ਅਤੇ ਸਿੱਖ ਸੰਸਥਾਵਾਂ ਦਾ ਬਹੁਤ ਘਾਣ ਹੋਇਆ। ਇਸ ਤੋਂ ਵੱਡਾ ਨਿਘਾਰ ਹੋਰ ਕੀ ਹੋਵੇਗਾ ਕਿ ਐਤਕੀਂ ਪੰਜਾਬ ਵਿਚ ਚਾਰ ਵਿਧਾਨ ਸਭਾ ਹਲਕਿਆਂ ਲਈ ਹੋਈਆਂ ਉਪ ਚੋਣਾਂ ਵਿਚ ਅਕਾਲੀ ਦਲ ਨੇ ਆਪਣੇ ਉਮੀਦਵਾਰ ਵੀ ਖੜ੍ਹੇ ਨਹੀਂ ਕੀਤੇ।
ਇਸੇ ਕਰ ਕੇ ਹੀ ਹੁਣ ਸਭ ਦੀਆਂ ਨਜ਼ਰਾਂ ਪੰਜ ਸਿੰਘ ਸਾਹਿਬਾਨ ਉਤੇ ਲੱਗੀਆਂ ਹੋਈਆਂ ਸਨ। ਇਸ ਮਾਮਲੇ ਵਿਚ ਵੀ ਪਿਛਲੇ ਕੁਝ ਮਹੀਨਿਆਂ ਤੋਂ ਵਾਹਵਾ ਸਿਆਸਤ ਹੋਈ। ਉਂਝ, ਪੰਜ ਸਿੰਘ ਸਾਹਿਬਾਨ ਦੇ ਰਵੱਈਏ ਨੇ ਸਪਸ਼ਟ ਕਰ ਦਿੱਤਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਐਤਕੀਂ ਸੁਣਾਇਆ ਜਾਣ ਵਾਲਾ ਫੈਸਲਾ ਵੱਖਰਾ ਹੋਵੇਗਾ ਅਤੇ 2 ਦਸੰਬਰ ਨੂੰ ਜਿਹੜਾ ਫੈਸਲਾ ਆਇਆ, ਉਹ ਕੁਝ ਹਲਕਿਆਂ ਲਈ ਹੈਰਾਨ ਕਰਨ ਵਾਲਾ ਵੀ ਸੀ। ਇਸ ਦੇ ਨਾਲ ਹੀ ਸਿੰਘ ਸਾਹਿਬਾਨ ਨੇ ਜਿਸ ਢੰਗ ਨਾਲ ਫੈਸਲਾ ਸੁਣਾਇਆ, ਉਸ ਨਾਲ ਵੀ ਕੁਝ ਹਲਕੇ ਅਸ਼-ਅਸ਼ ਕਰ ਉਠੇ। ਉਨ੍ਹਾਂ ਸਪਸ਼ਟ ਐਲਾਨ ਕੀਤਾ ਕਿ ਇਸ ਫੈਸਲੇ ਨਾਲ ਸਿੱਖੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਪਹਿਲਾਂ ਵਾਲਾ ਜਲੌਅ ਬਰਕਰਾਰ ਹੋਇਆ ਹੈ ਜਿਸ ਨੂੰ ਪਿਛਲੇ ਕੁਝ ਸਮੇਂ ਤੋਂ ਢਾਹ ਲੱਗਦੀ ਰਹੀ ਸੀ। ਇਹ ਉਹੀ ਸਮਾਂ ਸੀ ਜਦੋਂ ਸਿੱਖ ਸੰਸਥਾਵਾਂ ਬਾਰੇ ਵੱਡੇ ਫੈਸਲੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਹੀ ਕੀਤੇ ਜਾਂਦੇ ਸਨ।
ਇਹ ਇਸੇ ਦਾ ਹੀ ਨਤੀਜਾ ਸੀ ਕਿ ਅਕਾਲੀ ਦਲ ਦੀ ਅਗਵਾਈ ਹੇਠ ਰਹੀਆਂ ਸਰਕਾਰਾਂ ਦੌਰਾਨ ਪੰਥ ਅਤੇ ਪੰਜਾਬ ਦੇ ਹਿੱਤਾਂ ਖਿਲਾਫ ਕੀਤੇ ਬੱਜਰ ਗੁਨਾਹਾਂ ਬਦਲੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਉਸ ਅਰਸੇ ਦੌਰਾਨ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਰਹੇ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਨੂੰ ਸੁਣਾਈ ਸਜ਼ਾ ਨੂੰ ਇਤਿਹਾਸਕ ਫ਼ੈਸਲਾ ਆਖਿਆ ਗਿਆ ਹੈ। ਸੁਖਬੀਰ ਸਿੰਘ ਬਾਦਲ ਨੂੰ ਇਨ੍ਹਾਂ ਗੁਨਾਹਾਂ ਬਦਲੇ ਕਰੀਬ ਤਿੰਨ ਮਹੀਨੇ ਪਹਿਲਾਂ ਹੀ ਤਨਖ਼ਾਹੀਆ ਕਰਾਰ ਦੇ ਦਿੱਤਾ ਗਿਆ ਸੀ ਪਰ ਪੰਜ ਸਿੰਘ ਸਾਹਿਬਾਨ ਸਾਹਮਣੇ ਆਇਆ ਇਹ ਮਸਲਾ ਕੇਵਲ ਇੱਕ ਕਿਸੇ ਵਿਅਕਤੀ ਜਾਂ ਆਗੂ ਤੱਕ ਸੀਮਤ ਨਹੀਂ ਸੀ ਸਗੋਂ ਜਿਸ ਪੰਥਕ ਸੰਕਟ ਦਾ ਜ਼ਿਕਰ ਕਈ ਸਾਲਾਂ ਤੋਂ ਕੀਤਾ ਜਾ ਰਿਹਾ ਸੀ, ਉਸ ਦਾ ਅਸਰ ਨਾ ਕੇਵਲ ਸ਼੍ਰੋਮਣੀ ਅਕਾਲੀ ਦਲ ਸਗੋਂ ਕਈ ਸਿੱਖ ਸੰਸਥਾਵਾਂ ਤੱਕ ਫੈਲ ਗਿਆ ਸੀ। ਇਸ ਲਈ ਸਿੰਘ ਸਾਹਿਬਾਨ ਦਾ ਇਸ ਸੱਜਰੇ ਹੁਕਮਨਾਮੇ ਦੀ ਵਿਆਖਿਆ ਅਤੇ ਇਸ ਦੀ ਨਿਰਖ-ਪਰਖ ਇਸ ਜ਼ਾਵੀਏ ਤੋਂ ਕੀਤੀ ਜਾ ਰਹੀ ਹੈ ਕਿ ਇਹ ਪੰਥਕ ਸੰਕਟ ਨੂੰ ਮੁਖ਼ਾਤਿਬ ਹੋਣ ਲਈ ਕਿਵੇਂ ਅਤੇ ਕਿੰਨਾ ਸਾਜ਼ਗਾਰ ਹੋ ਸਕੇਗਾ।
ਕੁਝ ਹਲਕਿਆਂ ਵੱਲੋਂ ਤਵੱਕੋ ਤਾਂ ਇਹ ਵੀ ਕੀਤੀ ਜਾ ਰਹੀ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਪੰਥ `ਚੋਂ ਛੇਕਿਆ ਜਾ ਸਕਦਾ ਹੈ ਪਰ ਕਨਸੋਆਂ ਹਨ ਕਿ ਅਕਾਲੀ ਲੀਡਰਸ਼ਿਪ ਸਿੰਘ ਸਾਹਿਬਾਨ ਨੂੰ ਨਰਮੀ ਵਰਤਣ ਲਈ ਮਨਾਉਣ ਵਿਚ ਸਫਲ ਹੋ ਗਈ। ਉਂਝ, ਇਹ ਗੱਲ ਸਹੀ ਹੈ ਕਿ ਸਿੰਘ ਸਾਹਿਬਾਨ ਨੇ ਅਕਾਲੀ ਦਲ ਅੰਦਰ ਪਿਛਲੇ ਸਾਲਾਂ ਦੌਰਾਨ ਆਏ ਨਿਘਾਰ ਦੀ ਨਿਸ਼ਾਨਦੇਹੀ ਕੀਤੀ ਅਤੇ ਇਹ ਵੀ ਆਖਿਆ ਕਿ ਦਲ ਦੀ ਸਮੁੱਚੀ ਲੀਡਰਸ਼ਿਪ ਇਸ ਬਾਬਤ ਦਰੁਸਤ ਕਦਮ ਚੁੱਕਣ ਵਿਚ ਅਸਫਲ ਰਹੀ ਹੈ ਜਿਸ ਕਰ ਕੇ ਹੁਣ ਸ੍ਰੀ ਅਕਾਲ ਤਖਤ ਤੋਂ ਇਹ ਸੇਧ ਜਾਰੀ ਕਰਨ ਦੀ ਲੋੜ ਪਈ ਹੈ; ਆਖਿਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ, ਪੰਥ ਦਾ ਮੁਹਰੈਲ ਦਸਤਾ ਹੈ ਅਤੇ ਇਸ ਨੇ ਨਾ ਕੇਵਲ ਸਿੱਖ ਪੰਥ ਅਤੇ ਪੰਜਾਬ ਸਗੋਂ ਦੇਸ਼ ਲਈ ਵੱਡੀਆਂ ਲੜਾਈਆਂ ਲੜੀਆਂ ਹਨ, ਇਸ ਲਈ ਮਜ਼ਬੂਤ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਅਤੇ ਸਿੱਖ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਕਰ ਸਕਦਾ ਹੈ। ਹੁਣ ਸਵਾਲਾਂ ਦਾ ਸਵਾਲ ਇਹ ਹੈ ਕਿ ਸਿੰਘ ਸਾਹਿਬਾਨ ਦੇ ਇਸ ਫੈਸਲੇ ਦੇ ਮੱਦੇਨਜ਼ਰ ਮੌਜੂਦਾ ਲੀਡਰਸ਼ਿਪ ਇਸ ਤੋਂ ਸਬਕ ਸਿੱਖੇਗੀ ਅਤੇ ਪਾਰਟੀ ਨੂੰ ਦੁਬਾਰਾ ਪੈਰਾਂ ‘ਤੇ ਲਿਆਉਣ ਲਈ ਜੋ ਕੁਰਬਾਨੀ ਅਤੇ ਤਿਆਗ ਚਾਹੀਦਾ ਹੈ, ਉਸ ਮੁਤਾਬਿਕ ਚੱਲ ਸਕੇਗੀ ਜਾਂ ਫਿਰ ਸਮੇਂ ਮੁਤਾਬਿਕ, ਅਕਾਲੀ ਦਲ ਦੀ ਅਗਵਾਈ ਲਈ ਕੋਈ ਨਵੀਂ ਲੀਡਰਸ਼ਿਪ ਅੱਗੇ ਆਵੇਗੀ? ਇਹ ਸਾਰਾ ਕੁਝ ਤਾਂ ਭਵਿੱਖ ਵਿਚ ਹੀ ਪਤਾ ਲੱਗਣਾ ਹੈ ਪਰ ਸਿੰਘ ਸਾਹਿਬਾਨ ਨੇ ਫੈਸਲਾ ਸੁਣਾਉਣ ਲੱਗਿਆਂ ਜੋ ਜੁਰਅਤ ਦਿਖਾਈ ਹੈ, ਜੇ ਅਕਾਲੀ ਲੀਡਰਸ਼ਿਪ ਉਸ ਦਾ ਅੰਸ਼ ਮਾਤਰ ਵੀ ਹਾਸਲ ਕਰ ਲਵੇ ਤਾਂ ਅਕਾਲੀ ਦਲ ਪਹਿਲਾਂ ਵਾਲਾ ਰੁਤਬਾ ਹਾਸਲ ਕਰ ਸਕਦਾ ਹੈ।