ਬ੍ਰਿਟਿਸ਼ ਕੋਲੰਬੀਆ ਮੰਤਰੀ ਮੰਡਲ `ਚ ਪੰਜਾਬੀਆਂ ਦੀ ਝੰਡੀ

ਵੈਨਕੂਵਰ: ਪਿਛਲੇ ਮਹੀਨੇ ਬ੍ਰਿਟਿਸ਼ ਕੋਲੰਬੀਆ ਦੀਆਂ ਵਿਧਾਨ ਸਭਾ ਚੋਣਾਂ ‘ਚ ਕੁਝ ਹਲਕਿਆਂ ਵਿਚ ਜਿੱਤ ਦਾ ਫ਼ਰਕ 100 ਵੋਟਾਂ ਤੋਂ ਘੱਟ ਹੋਣ ਕਰ ਕੇ ਦੁਬਾਰਾ ਹੋਈ ਗਿਣਤੀ ਤੋਂ ਬਾਅਦ ਐਲਾਨੇ ਗਏ ਅੰਤਿਮ ਨਤੀਜਿਆਂ ਵਿਚ ਫਿਰ ਤੋਂ ਸੱਤਾ ਵਿਚ ਆਈ ਨਿਊ ਡੈਮੋਕਰੈਟਿਕ ਪਾਰਟੀ ਦੇ ਆਗੂ ਡੇਵਿਡ ਈਬੀ ਨੇ ਆਪਣੇ ਮੰਤਰੀ ਮੰਡਲ ਦਾ ਐਲਾਨ ਕਰਦੇ ਹੋਏ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਵੀ ਕਰ ਦਿੱਤੀ ਹੈ।

ਪਹਿਲੀ ਵਾਰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹੀ ਨਿੱਕੀ ਸ਼ਰਮਾ ਨੂੰ ਉਪ ਮੁੱਖ ਮੰਤਰੀ ਅਤੇ ਅਟਾਰਨੀ ਜਨਰਲ ਬਣਾਇਆ ਗਿਆ ਹੈ। ਸੱਤਵੀਂ ਵਾਰ ਜੇਤੂ ਰਹੇ ਜਗਰੂਪ ਬਰਾੜ ਨੂੰ ਪਹਿਲੀ ਵਾਰ ਮੰਤਰੀ ਬਣਾ ਕੇ ਖਾਣਾਂ ਅਤੇ ਖਣਿਜ ਦੇ ਵਿਭਾਗ ਸੌਂਪੇ ਗਏ ਹਨ। ਰਵੀ ਪਰਮਾਰ ਜੰਗਲਾਤ ਮੰਤਰੀ ਹੋਣਗੇ। ਰਵੀ ਕਾਹਲੋਂ ਨੂੰ ਪਹਿਲੇ ਵਿਭਾਗ ਹਾਊਸਿੰਗ ਦੇ ਨਾਲ ਹੁਣ ਮਿਊਂਸਿਪਲ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ। ਕੁੱਲ 24 ਮੰਤਰੀਆਂ ਅਤੇ 4 ਰਾਜ ਮੰਤਰੀਆਂ ਦੇ ਨਾਲ ਨਾਲ ਕੁਝ ਪਾਰਲੀਮਾਨੀ ਸਕੱਤਰ ਬਣਾਏ ਗਏ ਹਨ, ਜਿਨ੍ਹਾਂ ਵਿਚ ਜੈਸੀ ਸੁੰਨੜ, ਹਰਵਿੰਦਰ ਸੰਧੂ, ਆਮਨਾ ਸ਼ਾਹ, ਸੁਨੀਤਾ ਧੀਰ ਦੇ ਨਾਮ ਸ਼ਾਮਲ ਹਨ।
ਡੇਵਿਡ ਈਬੀ ਵੱਲੋਂ ਸਾਰੇ ਭਾਈਚਾਰਿਆਂ ਨੂੰ ਉਨ੍ਹਾਂ ਦੀ ਵਿਧਾਨ ਸਭਾ ਵਿਚ ਹੋਂਦ ਨੂੰ ਧਿਆਨ ਵਿਚ ਰੱਖ ਕੇ ਬਣਦਾ ਹਿੱਸਾ ਦਿੱਤਾ ਗਿਆ ਹੈ। ਲਿੰਗਕ ਭੇਦਭਾਵ ਦੀ ਉਂਗਲ ਉੱਠਣ ਦੇ ਮੌਕਿਆਂ ਨੂੰ ਧਿਆਨ ਵਿਚ ਰੱਖਦਿਆਂ ਔਰਤਾਂ ਨੂੰ ਵੀ ਬਰਾਬਰੀ ਨਾਲ ਨਿਵਾਜਿਆ ਹੈ। ਪਿਛਲੇ ਮੰਤਰੀ ਮੰਡਲ ਵਿਚ ਜ਼ਿੰਮੇਵਾਰੀਆਂ ਨਿਭਾਉਂਦੇ ਰਹੇ ਕੁਝ ਆਗੂਆਂ ਦੇ ਵਿਭਾਗ ਇਸ ਵਾਰ ਬਦਲ ਦਿੱਤੇ ਗਏ ਹਨ, ਪਰ ਰਵੀ ਕਾਹਲੋਂ ਵਲੋਂ ਹਾਊਸਿੰਗ ਸਮੱਸਿਆਵਾਂ ਪ੍ਰਤੀ ਨਿਭਾਈ ਚੰਗੀ ਜ਼ਿੰਮੇਵਾਰੀ ਕਾਰਨ ਉਨ੍ਹਾਂ ਨੂੰ ਫਿਰ ਤੋਂ ਉਸੇ ਵਿਭਾਗ ਦੇ ਨਾਲ ਮਿਊਸਪਲ ਸੇਵਾਵਾਂ ਵੀ ਜੋੜ ਦਿੱਤੀਆਂ ਗਈਆਂ ਹਨ। 6 ਵਾਰ ਚੁਣੇ ਜਾਣ ਤੇ ਵਿਧਾਇਕ ਰਹਿੰਦੇ ਆਏ ਜਗਰੂਪ ਬਰਾੜ ਨੂੰ ਖਾਣਾਂ ਤੇ ਖਣਿਜ ਵਾਲਾ ਅਹਿਮ ਵਿਭਾਗ ਦੇ ਕੇ ਉਸਦੇ ਪਿਛਲੇ ਉਲਾਂਭੇ ਲਾਹ ਦਿੱਤੇ ਹਨ। ਨਿੱਕੀ ਸ਼ਰਮਾ ਨੂੰ ਉਸ ਦੀ ਕਾਬਲੀਅਤ ਦੇ ਲਿਹਾਜ਼ ਨਾਲ ਡਿਪਟੀ ਪ੍ਰੀਮੀਅਰ ਬਣਾਇਆ ਗਿਆ ਹੈ, ਜੋ ਕਿਸੇ ਕਾਰਨ ਪ੍ਰੀਮੀਅਰ ਦੀ ਗੈਰਮੌਜੂਦਗੀ ਵਿਚ ਉਸ ਕੁਰਸੀ ‘ਤੇ ਬੈਠ ਸਕੇਗੀ। ਸੱਤ ਸਾਲ ਸਿਹਤ ਮੰਤਰੀ ਵਜੋਂ ਸੇਵਾਵਾਂ ਨਿਭਾ ਰਹੇ ਐਂਡਰੀਅਨ ਡਿਕਸ ਨੂੰ ਊਰਜਾ ਵਿਭਾਗ ਦਿੱਤਾ ਗਿਆ ਹੈ।