ਵਣਜਾਰਾ ਬੇਦੀ
ਸੋਹਿੰਦਰ ਸਿੰਘ ਵਣਜਾਰਾ ਬੇਦੀ (1924-2001) ਦਾ ਲੋਕ ਧਾਰਾ ਦੇ ਖੇਤਰ ਵਿਚ ਵੱਡਾ ਨਾਂ ਹੈ। ਇਸ ਖੇਤਰ ਵਿਚ ਉਨ੍ਹਾਂ ਇਕੱਲਿਆਂ ਸੰਸਥਾ ਜਿੰਨਾ ਕੰਮ ਕੀਤਾ। 2024 ਉਨ੍ਹਾਂ ਦਾ ਜਨਮ ਸ਼ਤਾਬਦੀ ਵਰ੍ਹਾ ਹੈ। ਇਸ ਮੌਕੇ ਅਸੀਂ ਆਪਣੇ ਪਾਠਕਾਂ ਲਈ ਉਨ੍ਹਾਂ ਦੀ ਰਚਨਾ ‘ਅਗਲਾ ਜਹਾਨ’ ਪੇਸ਼ ਕਰ ਰਹੇ ਹਾਂ ਜਿਸ ਵਿਚ ਲੋਕ ਧਾਰਾ ਦਾ ਵਗਦਾ ਦਰਿਆ ਮਹਿਸੂਸ ਕੀਤਾ ਜਾ ਸਕਦਾ ਹੈ।
ਇਸ ਰਚਨਾ ਵਿਚ ਉਨ੍ਹਾਂ ਦੇ ਆਪਣੇ ਇਲਾਕੇ ਪੋਠੋਹਾਰ ਦਾ ਰੰਗ ਵੀ ਸਾਫ ਦਿਖਾਈ ਦਿੰਦਾ ਹੈ।
ਮੇਰੇ ਨਾਨਕੇ ਪਿੰਡ ਦੇ ਸਾਰੇ ਲੋਕੀਂ, ਭਾਵੇਂ ਉਹ ਕਿਸੇ ਵੀ ਦੀਨ ਧਰਮ ਦੇ ਨੇ, ਅਗਲੇ ਜਹਾਨ ਵਿਚ ਪੂਰਾ ਵਿਸ਼ਵਾਸ ਰਖਦੇ ਨੇ। ਬੇਸ਼ਕ ਹਿੰਦੂਆਂ ਸਿੱਖਾਂ ਦੀਆਂ ਮਾਨਤਾਵਾਂ ਵੱਖਰੇ ਸਾਂਸਕ੍ਰਿਤਕ ਪਾਸਾਰ ਵਿਚੋਂ ਉਪਜੀਆਂ ਹੋਣ ਕਰ ਕੇ ਮੁਸਲਮਾਨਾਂ ਨਾਲੋਂ ਅੱਡਰੀਆਂ ਨੇ ਪਰ ਪਿੰਡ ਵਿਚ ਕੋਈ ਵੀ ਬੰਦਾ ਐਸਾ ਨਹੀਂ ਜਿਹੜਾ ਮਰਨ ਉਪਰੰਤ ਰੂਹ ਦੀ ਰਹੱਸਮਈ ਜ਼ਿੰਦਗੀ ਵਿਚ ਵਿਸ਼ਵਾਸ ਨਾ ਰੱਖਦਾ ਹੋਵੇ। ਇਸ ਵਾਸਤੇ ਜਦੋਂ ਕੋਈ ਸ਼ਖ਼ਸ ਕਿਸੇ ਨਾਲ ਜ਼ਿਆਦਤੀ ਕਰਦਾ ਤਾਂ ਪਿੰਡ ਦਾ ਮੁਸਲਮਾਨ ਕਹਿੰਦਾ, “ਅਗਲੇ ਜਹਾਨ ਅਲਾਹ ਕੀ ਕੇ ਜੁਆਬ ਦੇਸੈਂ?” ਪਿੰਡ ਦਾ ਜ਼ਿਮੀਂਦਾਰ ਜਦੋਂ ਕਿਸੇ ਕੰਮੀਂ ਕਮੀਣ ਦਾ, ਜੋਕ ਵਾਂਗ ਲਹੂ ਚੂਸਦਾ ਤਾਂ ਉਹਨੂੰ ਹਿੰਦੂ ਸਮਝਾਂਦਾ, “ਇਨ੍ਹਾਂ ਕੁਕਰਮਾਂ ਨੇ ਫਲ ਅਗੇ ਜਾ ਕੇ ਭੋਗਣੇ ਪੈਸਣ।” ਜਿਵੇਂ ਇਹ ਦੁਨੀਆ ਕਰਮਾਂ ਸੰਦੜਾ ਖੇਤ ਹੋਵੇ ਜਿਸ ਵਿਚ ਹਰ ਚੰਗੀ ਮੰਦੀ ਕਰਨੀ ਦਾ ਫਲ ਆਨੰਦ ਜਾਂ ਤਸੀਹਿਆਂ ਦੇ ਰੂਪ ਵਿਚ ਅੱਗੇ ਕਿਸੇ ਹੋਰ ਦੁਨੀਆ ਵਿਚ ਵੱਢਣਾ ਹੋਵੇ। ਪਿੰਡ ਦੇ ਲੋਕੀਂ ਇਸ ਸੰਸਾਰ ਨੂੰ ਪਰਛਾਵੇਂ ਵਾਂਗ ਮੰਨਦੇ ਹਨ- ਨਕਲੀ, ਝੂਠਾ, ਨਿਰਾ ਮਾਇਆ ਦਾ ਪਾਸਾਰ। ਕੋਈ ਇਸ ਨੂੰ ਛਿੰਨ-ਭੰਗਰੀ ਕਹਿ ਲੈਂਦੇ, ਕੋਈ ਫ਼ਾਨੀ ਤੇ ਕੋਈ ਛਲਾਵਾ। ਇਤਨਾ ਕੁਝ ਹੋਣ ਦੇ ਬਾਵਜੂਦ ਲਗਪਗ ਹਰ ਸ਼ਖ਼ਸ ਭਾਵੇਂ ਉਹ ਕਿਸੇ ਵੀ ਦੀਨ ਧਰਮ ਦਾ ਪੈਰੋਕਾਰ ਹੈ, ਇਸ ਦੁਨੀਆ ਦੇ ਸੁਖ ਭੋਗਾਂ ਦੇ ਸਾਮਾਨ ਇਕੱਠਾ ਕਰਨ ਵਿਚ ਦਿਨ ਰਾਤ ਜੁਟਿਆ ਰਹਿੰਦੈ।
ਲੋਕੀਂ ਉਠਦੇ ਬੈਠਦੇ ਅਗਲੇ ਜਹਾਨ ਦੀਆਂ ਗੱਲਾਂ ਇਉਂ ਕਰਦੇ ਨੇ, ਜਿਵੇਂ ਕੋਈ ਕਿਸੇ ਨਦੀ ਤੋਂ ਪਾਰਲੇ ਪਿੰਡ ਦੀ ਗੱਲ ਕਰ ਰਿਹਾ ਹੋਵੇ। ਇੱਕੇ ਚੁੱਕੇ ਬੰਦੇ ਅਜਿਹੇ ਵੀ ਮਿਲ ਜਾਂਦੇ ਨੇ ਜਿਨ੍ਹਾਂ ਦਾ ਦਾਅਵਾ ਹੈ ਕਿ ਉਹ ਜਿਉਂਦਿਆਂ ਹੀ ਅਗਲੇ ਜਹਾਨ ਤੋਂ ਹੋ ਆਏ ਹਨ। ਉਹ ਅਗਲੇ ਜਹਾਨ ਦੀਆਂ ਗੱਲਾਂ ਇਉਂ ਪਚਾਕੇ ਮਾਰ-ਮਾਰ ਕੇ ਸੁਣਾਉਂਦੇ ਨੇ ਜਿਵੇਂ ਨਾਨਕੇ ਘਰ ਗਏ ਹੋਣ।
ਪਿੰਡ ਵਿਚ ਇਕ ਤੀਵੀਂ ਲਭੋ ਏ ਜਿਹੜੀ ਕਹਿੰਦੀ ਏ ਕਿ ਉਹ ਅਗਲੇ ਜਹਾਨ ਨੂੰ ਅੱਖੀਂ ਵੇਖ ਆਈ ਹੈ। ਉਹ ਆਪਣੇ ਦੈਵੀ ਸਫ਼ਰ ਦੀਆਂ ਗੱਲਾਂ ਮਿਰਚ ਮਸਾਲਾ ਧੂੜ ਕੇ ਬੜੇ ਸਵਾਦ ਨਾਲ ਸੁਣਾਉਂਦੀ ਹੈ। ਉਹ ਮਾਣ ਨਾਲ ਕਿਹਾ ਕਰਦੀ ਏ, “ਅਗਲਾ ਜਹਾਨ ਤਾਂ ਮਹਿੰਡਾ ਡਿਠਾ ਭਾਖਿਆ ਹੋਇਐ। ਮੈਂ ਅਠਾਰਾਂ ਕੁ ਵਰਿ੍ਹਆਂ ਨੀ ਸਾਂ ਤਾਂ ਹਿਕ ਦਿਹਾੜੇ ਮੈਂ ਰੋਟੀ ਟੁੱਕਰ ਖਾ ਕੇ ਚੰਗੀ ਭਲੀ ਸੁਤੀ। ਅੱਧੀ ਰਾਤੀ ਮਹਿੰਡੇ ਪੇਟੇ `ਚ ਜ਼ੋਰਾਂ ਨਾ ਸੂਲ ਉਠਿਆ। ਸਾਰੇ ਦਾਰੂ-ਦਰਮਲ ਕੀਤੇ ਪਰ ਬੇਫੈਦਾ। ਮੈਂ ਪ੍ਰਾਣ ਤਿਆਗ ਦਿਤੇ। ਮੈਨੂੰ ਦੋ ਜਮਦੂਤ ਲੈਣ ਆਸਤੇ ਆ ਧਮਕੇ। ਉਨ੍ਹਾਂ ਨੇ ਸਿਰਾਂ `ਤੇ ਲੰਮੇ ਲੰਮੇ ਡਿੰਗ ਫੜਿੰਗੇ ਸਿੰਗ ਉਗੇ ਅਹੇ। ਨਾ ਉਹ ਪਸ਼ੂ ਲਗਣੇ ਅਹੇ ਨਾ ਮਨੁਖ। ਬਸ ਕੋਈ ਰਲਵੀਂ ਜਿਹੀ ਜਾਤੀ ਅਹੀ। ਉਨ੍ਹਾਂ ਮਹਿੰਡੇ ਜਿਸਮ ਵਿਚੋਂ ਇਉਂ ਪ੍ਰਾਣ ਖਿਚ ਲਏ ਜਿਵੇਂ ਕੋਈ ਪੈਰਾਂ ਵਿਚ ਪੁੜਿਆ ਕੰਡਾ ਕਢਨੈਂ।”
“ਹਾਇ ਹਾ ਨੀ ਚਾਚੀ ਦਰਦ ਨਹੀਂ ਹੋਇਆ ਤੁਘੀ?” ਕੋਈ ਬੱਚਾ ਪੁੱਛ ਲੈਂਦਾ। “ਮਿੰਘੀ ਤਾਂ ਇਉਂ ਲਗਾ ਜਿਵੇਂ ਕਿਸੇ ਮਹਿੰਡੇ ਜਿਸਮੇ ਆਂ ਨਪੀੜ ਕੇ ਵਿਚੋਂ ਸਤ `ਚੋ ਗਿੱਧਾ ਹੋਵੇ।” ਲਭੋ ਨੂੰ ਆਪਣੀ ਮੌਤ ਦੇ ਅਨੁਭਵ ਸੁਣਾਉਣ ਵਿਚ ਬੜਾ ਆਨੰਦ ਮਿਲਦਾ, “ਫਿਰ ਸਿੰਘੀ ਜਮਦੂਤ ਅਪਣੇ ਖੰਭਾਂ `ਤੇ ਉਡਾ ਕੇ ਦੂਰ ਦੁਰਾਡੇ ਕਿਸੇ ਹੋਰ ਜਹਾਨ ਵਲ ਤੁਰ ਪਏ। ਰਾਹ ਵਿਚ ਕਈ ਨਦੀਆਂ ਆਈਆਂ। ਲਹੂ ਦੇ ਭਰੇ ਦਰਿਆ ਆਏ, ਝੱਖੜ ਹਨੇਰੀ ਤੇ ਵਲੂਣੇ ਪਰ ਉਹ ਮੈਨੂੰ ਲੰਘਾ ਕੇ ਲਿਜਾਨੇ ਰਹੇ। ਜਦੋਂ ਮੈਥੋਂ ਤੁਰਿਆ ਨਾ ਜਾਨਾ, ਉਹ ਮੈਨੂੰ ਧਰੂਕਣ ਲਗਨੇ। ਕਿਧਰੇ ਤਪਨੇ ਲੂੰਹਨੇ ਬਲ, ਮਹਿੰਡੀ ਰੂਹ ਝੁਲਸ ਝੁਲਸ ਜਾਨੀ। ਕਿਧਰੇ ਬਰਫੀਲੀ ਠੰਢ, ਰੂਹ ਮਹਿੰਡੀ ਜਿਵੇਂ ਕੱਕਰ ਹੋ ਗਈ ਹੋਵੇ। ਅਖੀਰ ਮੈਂ ਅਗਲੇ ਜਹਾਨ ਪੁਜੀ। ਉਥੇ ਹਿਕ ਚਿੱਟ-ਦਾਹੜੀਆ ਬਜੁਰਗ ਵਹੀਆਂ ਖਾਤੇ ਖੋਲ੍ਹੀ ਬੈਠਾ ਅਹਿਆ। ਚਿਹਰਾ ਸ਼ਾਂਤ ਤੇ ਗੰਭੀਰ ਮੁਸਕਰਾਂਦਾ। ਉਹ ਧਰਮਰਾਜ ਇਹਾ। ਜਦੋਂ ਸਿੰਘੀ ਉਹਦੇ ਹਜ਼ੂਰ ਪੇਸ਼ ਕੀਤਾ ਗਿਆ ਤਾਂ ਮਹਿੰਡਾ ਖਾਤਾ ਤਕੀ ਕੇ ਉਹ ਘਬਰਾ ਗਿਆ। ਮਹਿੰਡਾ ਨਾਂ ਅਤੇ ਪਿੰਡ ਤਾਂ ਠੀਕ ਅਹੇ, ਪਰ ਉਮਰ ਤੇ ਹੋਰ ਹਵਾਲੇ ਨਹੀਂ ਸੀ ਮੇਲ ਖਾਨੇ। ਇਸ `ਤੇ ਧਰਮਰਾਜ ਜਮਦੂਤਾਂ ਕੀ ਆਖਣ ਲਗਾ- ‘ਹਿਹ ਕੇ ਹਨੇਰ ਕਰੀ ਛੋੜਿਆ ਜੇ, ਇਸ ਜਾਤਕੜੀ ਆਂ ਹੁਣੇ ਵਾਪਸ ਛੋੜ ਆਓ, ਕਿਧਰੈ ਇਹਦੀ ਦੇਹ ਦਾ ਸਸਕਾਰ ਨਾ ਹੋ ਵੰਝੇ, ਜੇ ਹੋਈ ਗਿਆ ਤਾਂ ਅਨਰਥ ਹੋ ਵੰਝਸੀ।` ਫਿਰ ਧਰਮਰਾਜ ਨੇ ਜਮਾਂ ਨੂੰ ਸਮਝਾਇਆ, “ਇਸ ਆਂ ਵਾਪਿਸ ਛੋੜ ਕੇ ਪਿੰਡ ਦੇ ਦੂਜੇ ਸਿਰੇ ਤੇ ਵਸਨੀ ਲੁਹਾਰਾਂ ਨੀ ਲਭੋ ਕੀ ਘਿਨ ਆਓ”, ਉਸੇ ਵੇਲੇ ਜਮਦੂਤ ਸਿੰਘੀ ਵਾਪਿਸ ਪਿੰਡ ਛੋੜ ਗਏ। ਉਦੋਂ ਤਕ ਮਹਿੰਡੀ ਦੇਹ ਨੂੰ ਨੁਆ ਧੁਆ ਕੇ ਅਰਥੀ `ਤੇ ਪਾਈ ਸ਼ਮਸ਼ਾਨ ਵਲ ਲਿਜਾ ਰਹੇ ਅਹੇ। ਮਹਿੰਡੀ ਮੁਰਦਾ ਦੇਹੀ ਮੁੜ ਸੁਰਜੀਤ ਹੋ ਗਈ। ਮੈਂ ਅੱਖਾਂ ਮਲਦੀ ਇਉਂ ਉਠ ਬੈਠੀ ਜਿਵੇਂ ਸੁਪਨੇ ਵਿਚੋਂ ਜਾਗੀ ਹੋਵਾਂ। ਲੋਕੀਂ ਅਰਥੀ ਉਥੇ ਹੀ ਛੋੜ ਜਿਧਰ ਮੂੰਹ ਆਇਆ, ਨਠ ਪਏ। ਉਹਨਾਂ ਮੈਨੂੰ ਲਭੋ ਦਾ ਪ੍ਰੇਤ ਸਮਝਿਆ। ਮੈਂ ਲੋਕਾਂ ਕੀ ਵਾਜਾਂ ਮਾਰੀਆਂ ਤੇ ਗੱਲ ਸਮਝਾਈ। ਮਹਿੰਡੀਆਂ ਗੱਲਾਂ ਨੀ ਤਸਦੀਕਾਂ ਆਸਤੇ ਕੁਝ ਲੋਕ ਉਸੇ ਵੇਲੇ ਲੁਹਾਰਾਂ ਨੀਆਂ ਠੱਠੀਆਂ ਵਲ ਦੌੜੇ। ਉਥੇ ਇਕ ਬੁਢੀ ਲਭੋ ਨੀ ਸਚਮੁਚ ਮੌਤ ਹੋ ਗਈ ਅਹੀ।”
ਉਦੋਂ ਤੋਂ ਲੋਕੀਂ ਲਭੋ ਤੋਂ ਪ੍ਰਲੋਕ ਬਾਰੇ ਗੱਲਾਂ ਪੁਛਦੇ ਰਹਿੰਦੇ, ਜਿਨ੍ਹਾਂ ਦਾ ਉਤਰ ਲਭੋ ਆਪਣੀ ਸਿਮਰਤੀ ਤੋਂ ਇਲਾਵਾ ਆਪਣੀ ਸੋਚ ਅਤੇ ਕਲਪਨਾ ਦੇ ਆਸਰੇ ਵੀ ਦਿੰਦੀ ਸੀ। ਜੋ ਗੱਲ ਮੂੰਹ ਵਿਚ ਆਉਂਦੀ, ਕਹਿ ਦਿੰਦੀ। ਕਈ ਗੱਲਾਂ ਜੋ ਉਸ ਮਨੋਂ ਜੋੜ ਕੇ ਕਹੀਆਂ ਸਨ, ਬਾਰ ਬਾਰ ਦੁਹਰਾਣ ਕਰਕੇ ਹੁਣ ਉਹਨੂੰ ਸੱਚੀਆਂ ਜਾਪਣ ਲਗੀਆਂ। ਲਭੋ ਦੀਆਂ ਗੱਲਾਂ ਨਾਲ ਇਕ ਨਵਾਂ ਪਰਲੋਕ ਸਿਰਜਿਆ ਜਾ ਰਿਹਾ ਸੀ।
ਕੋਈ ਤੀਵੀਂ ਉਸ ਤੋਂ ਪੁਛਦੀ, “ਨੀ ਭੈਣੇ ! ਤੂੰ ਸਵਰਗ ਵੀ ਡਿੱਠਾ ਅਹਿਆ।”
ਤਾਂ ਲਭੋ ਮਨੋਂ ਹੀ ਜੋੜ ਕੇ ਕਹਿ ਦੇਂਦੀ, “ਇਕ ਬਹੁੰ ਸੋਹਣੀ ਜਾ ਡਿਠੀ ਅਹੀ। ਬੜੇ ਪਿਆਰੇ ਪਿਆਰੇ ਦਰਖਤਾਂ, ਨਾਲ ਸੁਚੇ ਮੋਤੀ ਤੇ ਹੀਰੇ ਲਟਕ ਰਹੇ ਅਹੇ। ਪੰਛੀ ਐਡੇ ਸੋਹਣੇ ਜਿਵੇਂ ਰੰਗ ਬਰੰਗੀ ਮਖਮਲਾਂ ਨੇ ਬਣਥੇ ਹੋਣ, ਚੁੰਝਾਂ ਹੀਰੇ ਜੜੀਆਂ। ਇਕ ਦਰਖਤ ਨਾਲ ਅੰਬ ਲਗੇ ਡਿਠੇ-ਘੜੇ ਜੇਡੇ ਵਡੇ, ਰਸ ਨਾਲ ਲਸੂ ਲਸੂ ਕਰਦੇ। ਇਕ ਦਰਿਆ ਵਗਦਾ ਡਿਠਾ, ਚਿੱਟਾ ਸਫ਼ੈਦ ਜਿਵੇਂ ਦੁਧਾਂ ਨਾ ਭਰਿਆ ਹੋਵੈ ਪਰੇਡੇ ਇਕ ਨਦੀ ਮਾਖਿਉਂ ਨੀ ਵਗਨੀ ਅਹੀ।” ਲਭੋ ਨੂੰ ਜੋ ਜੋ ਚੀਜ਼ਾਂ ਵਸਤਾਂ ਤੋਂ ਨਜ਼ਾਰੇ ਖੁਦ ਪਸੰਦ ਸਨ, ਉਨ੍ਹਾਂ ਸਭਨਾਂ ਨੂੰ ਉਹ ਸਵਰਗ ਵਿਚ ਗਿਣਾ ਦੇਂਦੀ। ਉਸ ਦੇ ਆਪਣੇ ਸਵਾਦ, ਆਪਣੇ ਸੁਪਨੇ, ਉਸ ਦੀਆਂ ਆਪਣੀਆਂ ਭਾਵਨਾਵਾਂ ਤੇ ਸੋਚਾਂ ਉਸ ਦੇ ਦਸੇ ਸਵਰਗ ਵਿਚ ਸਾਕਾਰ ਹੋ ਜਾਂਦੀਆਂ। ਜ਼ਿੰਦਗੀ ਵਿਚ ਅਸੀਂ ਜ਼ਰੀ ਬਾਦਲੇ, ਰੇਸ਼ਮ ਅਤੇ ਮਖਮਲ ਤੋਂ ਸੁੰਦਰ ਤੇ ਮੁਲੈਮ ਪੁਸ਼ਾਕ ਕਲਪੀ ਹੀ ਨਹੀਂ; ਹੀਰੇ ਮੋਤੀ ਤੋਂ ਵਡਮੁਲੀ ਚੀਜ਼ ਸਾਡੀ ਸੋਚ ਤੋਂ ਬਾਹਰੀ ਹੈ; ਸ਼ਹਿਦ, ਦੁਧ ਤੇ ਮੱਖਣ ਤੋਂ ਜ਼ਿਆਦਾ ਸੁਆਦਲੀ ਚੀਜ਼ ਵਸਤ ਕਦੇ ਖਾਧੀ ਨਹੀਂ। ਇਸ ਲਈ ਜੇ ਸਵਰਗ ਵਿਚ ਇਹ ਚੀਜ਼ਾਂ ਬਹੁਤਾਤ ਵਿਚ ਨਹੀਂ ਮਿਲਦੀਆਂ, ਤਾਂ ਉਹ ਸਵਰਗ ਕਾਹਦਾ ਹੋਇਆ?
ਕਦੇ ਨਰਕਾਂ ਦੀ ਗੱਲ ਛੁਹ ਬੈਠਦੀ। ਕੋਈ ਬੱਚਾ ਪੁਛਦਾ, “ਤਾਈ, ਤੁਸੀਂ ਤਾਂ ਅਗਲੇ ਜਹਾਨੀ ਹੋਈ ਆਏ ਹੋ, ਤੁਸਾਂ ਨਰਕ ਡਿਠਾ ਹੋਸੀ। ਮਤ੍ਰੇਈ ਮਾਂ ਸਿੰਘੀ ਹਮੇਸ਼ਾਂ ‘ਨਰਕਾਂ ਜੋਗਿਆ ਨੀ ਗਾਲ੍ਹ ਕਢਨੀ ਏ। ਨਰਕ ਹੈ ਕਿਹੋ ਜਿਹਾ।”
ਤਾਂ ਲਭੋ ਦਾ ਸਿਰ ਮਾਣ ਨਾਲ ਉੱਚਾ ਉਠ ਜਾਂਦਾ। ਪਿੰਡ ਵਿਚ ਇਕੋ ਉਹਾ ਤਾਂ ਸੀ, ਜਿਸ ਤੋਂ ਲੋਕੀਂ ਅਗਮ ਨਿਗਮ ਦੀਆਂ ਗੱਲਾਂ ਪੁਛਦੇ ਸਨ। ਉਹ ਖੰਘੂਰਾ ਮਾਰ ਕੇ ਗਲਾ ਸਾਫ਼ ਕਰਦੀ ਤੇ ਦਿਮਾਗ ਤੇ ਭਾਰ ਪਾਉਂਦੀ ਹੋਈ ਕਹਿੰਦੀ, “ਹੁਣ ਤਾਂ ਕੁਝ ਵੀ ਚੇਤੇ ਨਹੀਂ ਰਿਹਾ, ਬੱਚਿਆ! ਬਸ ਧੁੰਦਲੀ ਜਿਹੀ ਤਸਵੀਰ ਅੱਖਾਂ ਅਗੇ ਰਹਿ ਗਈ ਏ। ਜਦੋਂ ਮਿੰਘੀ ਜਮ ਧਰਮ ਰਾਜੇ ਦੇ ਦਰਬਾਰ ਵਲ ਲਿਜਾ ਰਹੇ ਅਹੇ ਤਾਂ ਲੰਘਦਿਆਂ ਰਸਤੇ `ਚ ਇਕ ਪਾਸੇ ਅੱਗ ਨੀਆਂ ਲਾਟਾਂ ਵਿਖਾਈ ਦਿਤੀਆਂ, ਬੜਾ ਚੀਕ-ਚਹਾੜਾ ਮਚਿਆ ਅਹਿਆ। ਰੂਹਾਂ ਕੁਰਲਾ ਰਹੀਆਂ ਅਹੀਆਂ”, ਤੇ ਜੋ ਕੁਝ ਦੁਖਦਾਈ ਲਗਦਾ, ਉਹ ਕਹਿ ਦਿੰਦੀ।
ਲਭੋ ਦੀ ਪਰਲੋਕ ਯਾਤ੍ਰਾ ਇਕ ਪਖੰਡ ਬਣ ਗਈ ਸੀ। ਇਸ ਲਈ ਕਈ ਤਾਂ ਇਸ ਪਖੰਡ ਨੂੰ ਸਮਝਦੇ ਹੋਏ ਮਖੌਲ ਉਡਾਣ ਲਗ ਪਏ ਸਨ।
ਇਕ ਵਾਰ ਲੱਭੋ ਅਗਮ ਨਿਗਮ ਦੀਆਂ ਗੱਲਾਂ ਸੁਣਾ ਰਹੀ ਸੀ ਤਾਂ ਪਿੰਡ ਦੀ ਨਾਇਣ ਗੁਲਾਬੋ ਵੀ, ਉਥੇ ਹੀ ਬੈਠੀ ਸੀ । ਲਭੋ ਆਪਣੀ ਗੱਲ ਮੁਕਾ ਚੁਕੀ ਤਾਂ ਗੁਲਾਬੋ ਖਿੜ-ਖਿੜ ਕਰ ਕੇ ਹੱਸਣ ਲਗ ਪਈ ਤੇ ਹਸਦੀ ਹੀ ਗਈ। ਫਿਰ ਕਹਿਣ ਲੱਗੀ, “ਤਾਈ, ਇਕ ਗੱਲ ਪੁਛਾਂ ਜੇ ਬੁਰਾ ਨਾ ਜਾਣੇ ਤਾਂ। ਜਿਸ`ਲੈ ਤੂੰ ਮਰ ਕੇ ਅਗਲੇ ਜਹਾਨੇ `ਚ ਗਈ ਸੈਂ ਤਾਂ ਉਥੈ ਤਹਿੰਡਾ ਜੀਅ ਗਿਆ ਅਹਿਆ ਕਿ ਤਠਿੰਡਾ ਸਰੀਰ?”
“ਨਹੀਂ, ਜੀਅ ਹੀ ਗਿਆ ਅਹਿਆ। ਸਰੀਰ ਤਾਂ ਸੜਨੇ ਜੋਗਾ ਇਥੈ ਹੀ ਪਿਆ ਅਹਿਆ।” ਲੱਭੋ ਨੇ ਰਤਾ ਖਿੱਝ ਕੇ ਕਿਹਾ।
“ਅੱਖਾਂ ਤਾਂ ਤੁਹਿੰਡੀਆਂ ਇਥੇ ਹੀ ਅਹੀਆਂ, ਤੂੰ ਵੇਖਦੀ ਕਿਵੈਂ ਸੈਂ? ਕੰਨ ਤਾਂ ਤਹਿੰਡੇ ਧਰਤੀ ਤੇ ਪਏ ਅਹੇ, ਤੂੰ ਧਰਮ ਰਾਜੇ ਨੀਆਂ ਗੱਲਾਂ ਸੁਣ ਕਿਵੇਂ ਲਈਆਂ?”
“ਹਾਂ, ਹੁਣ ਬੋਲ ਤਾਈ, ਗੁਲਾਬੋ ਨੇ ਠੁਕ ਦੀ ਗੱਲ ਆਖੀ ਏ।” ਸਭਨਾਂ ਨੇ ਗੁਲਾਬੋ ਦਾ ਹੁੰਗਾਰਾ ਭਰਿਆ।
ਲੱਭੋ ਕੋਲ ਇਹਦਾ ਕੋਈ ਜਵਾਬ ਨਹੀਂ ਸੀ। ਉਹਦੇ ਬੋਲ ਥਿੜਕਣ ਲਗੇ, “ਨੀ ਪ੍ਰਾਣਾਂ ਨੂੰ ਤਾਂ ਸਭ ਕੁਝ ਦਿਸਦਾ ਤੇ ਸੁਣਦਾ ਏ।”
“ਅੱਛਾ, ਤਹਿੰਡੀ ਇਹ ਗੱਲ ਵੀ ਮੰਨ ਘਿਧੀ। ਭਲਾ, ਤੂੰ ਇਹ ਦਸ ਕਿ ਧਰਮ ਰਾਜੇ ਨੀਆਂ ਗੱਲਾਂ ਤਹਿੰਡੇ ਮਗਜ ਵਿਚ ਕਿਵੇਂ ਪਈਆਂ? ਉਹ ਕਿਹੜੀ ਬੋਲੀ `ਚ ਗੱਲਾਂ ਕਰਨਾ ਇਹਾ?” ਕਿਸੇ ਹੋਰ ਤੀਵੀਂ ਨੂੰ ਗੱਲ ਸੁਝ ਜਾਂਦੀ।
“ਨੀ ਅਸਾਂ ਤਾਂ ਇਕੋ ਭਾਖਾ ਸੁਣੀ ਡਿੱਠੀ ਏ। ਉਸ ਹੋਰ ਕਿਹੜੀ ਭਾਖਾ ਬੋਲਣੀ ਅਹੀ?” ਲੱਭੋ ਹਲੀਮੀ ਨਾਲ ਉਤਰ ਦਿੰਦੀ।
“ਫ਼ਾਰਸੀ ਬੋਲਨਾ ਇਹਾ ਕਿ ਪੰਜਾਬੀ?” ਗੁਲਾਬੋ ਲੱਭੋ ਦਾ ਸਾਰਾ ਹੀਜ ਪਿਆਜ਼ ਨੰਗਾ ਕਰਨ ਤੇ ਤੁਲੀ ਹੋਈ ਸੀ।
“ਨੀ ਉਹਨੇ ਫ਼ਾਰਸੀਆਂ ਪੜ੍ਹ ਕੇ ਕੀ ਲੈਣੇਂ, ਮਗਜ਼ ਖਪਾਣ ਨੀ ਉਹਨੂੰ ਕੇ ਲੋੜ ਏ। ਆਪਣੀ ਬੋਲੀ ਕੋਈ ਮਾੜੀ ਏ।” ਲੱਭੋ ਕਹਿੰਦੀ।
ਇਸ ਤਰ੍ਹਾਂ ਲਭੋ ਦੇ ਪਖੰਡ ਦਾ ਭਰਿਆ ਭਾਂਡਾ ਚੁਰਾਹੇ ਵਿਚ ਭੱਜ ਜਾਂਦਾ। ਅਸਲ ਵਿਚ ਲਭੋ ਅਗਲੇ ਜਹਾਨ ਬਾਰੇ ਜੋ ਕੁਝ ਵੀ ਦਸਦੀ, ਉਹ ਜਾਂ ਤਾਂ ਲੋਕ-ਸੱਚ ਸੀ ਜਾਂ ਫਿਰ ਉਹਦੀ ਆਪਣੀ ਸੋਚ ਤੇ ਕਲਪਨਾ ਦਾ ਫਲ। ਪਿੰਡ ਦੇ ਸਾਰੇ ਲੋਕ ਅਗਲੇ ਜਹਾਨ ਬਾਰੇ ਇਹੋ ਜਿਹੀਆਂ ਹੀ ਗੱਲਾਂ ਸੋਚਦੇ ਤੇ ਮੰਨਦੇ ਸਨ, ਪਰ ਲਭੋ ਦੇ ਮੂੰਹੋਂ ਸੁਣ ਕੇ ਜ਼ਰਾ ਜ਼ਿਆਦਾ ਤਸੱਲੀ ਹੋ ਜਾਂਦੀ। ਇਕ ਤਰ੍ਹਾਂ ਨਾਲ ਉਨ੍ਹਾਂ ਦੇ ਆਪਣੇ ਵਿਚਾਰਾਂ ਨੂੰ ਹੀ ਪ੍ਰੌੜ੍ਹਤਾ ਮਿਲ ਜਾਂਦੀ।
ਗੁਲਾਬੋ ਨੈਣ ਤਾਂ ਮੁਸਲਮਾਣੀ ਸੀ। ਉਹਦੀ ਸੋਚ ਤੇ ਧਾਰਨਾਵਾਂ ਲਭੋ ਨਾਲ ਮੇਲ ਨਹੀਂ ਸਨ ਖਾਂਦੀਆਂ। ਉਹਦਾ ਪੈਗੰਬਰ ਤਾਂ ਕਹਿ ਗਿਆ ਸੀ ਕਿ ਬੰਦਾ ਮਰਨ ਮਗਰੋਂ ਕਬਰਾਂ ਵਿਚ ਪਿਆ ਰਹਿੰਦੇ। ਕਿਆਮਤ ਵਾਲੇ ਦਿਨ ਜਦੋਂ ਸ੍ਰਿਸ਼ਟੀ ਨਸ਼ਟ ਹੋ ਜਾਂਦੀ ਏ ਤਾਂ ਮੁਰਦੇ ਕਬਰਾਂ ਵਿਚੋਂ ਉਠ ਕੇ ਆਪਣੇ ਕਰਮਾਂ ਦਾ ਹਿਸਾਬ ਦੇਂਦੇ ਨੇ। ਅੱਜ ਤਕ ਕਿਸੇ ਬੰਦੇ ਨੇ ਅੱਲ੍ਹਾ ਦਾ ਦੀਦਾਰ ਨਹੀਂ ਕੀਤਾ। ਮਿਅਰਾਜ ਦੀ ਰਾਤ ਹਜ਼ਰਤ ਮੁਹੰਮਦ ਸਾਹਿਬ ਅਗਲੀ ਦੁਨੀਆਂ ਵਿਚ ਜਾ ਕੇ ਅੱਲ੍ਹਾ ਨੂੰ ਮਿਲੇ ਸਨ। ਤੇ ਇਹ ਲਭੋ ਹਜ਼ਰਤ ਮੁਹੰਮਦ ਸਾਹਿਬ ਨਾਲ ਬਰ ਮੇਚ ਰਹੀ ਏ। ਅਖੇ ਮੈਂ ਅੱਲ੍ਹਾ ਦੇ ਦਰਬਾਰ ਹੋ ਆਈ ਹਾਂ। ਕਿਆਮਤ ਤੋਂ ਪਹਿਲਾਂ ਤਾਂ ਉਥੇ ਕੋਈ ਬੰਦਾ ਫੜਿਕ ਨਹੀਂ ਸਕਦਾ। ਇਹ ਕਾਫ਼ਰ ਉਥੇ ਕਿਵੇਂ ਜਾ ਪੁਜੀ। ਆਖਰ ਮਰ ਕੇ ਪਹੁੰਚਣਾ ਤਾਂ ਸਭਨਾ ਨੇ ਅੱਲ੍ਹਾ ਦੇ ਕੋਲ ਹੀ ਹੁੰਦਾ ਏ ਨਾ।
ਤੇ ਗੁਲਾਬੋ ਇਕ ਹੋਰ ਸ਼ੋਸ਼ਾ ਛੱਡ ਦਿੰਦੀ- “ਤਾਈ, ਤੂੰ ਸਾਡੇ ਹਜ਼ਰਤ ਸਾਹਿਬ ਵੀ ਉਥੇ ਕਿਧਰੇ ਡਿਠੇ ਅਹੇ?”
“ਨੀ ਮੈਂ ਕੀ ਜਾਣਾ ਤਹਿੰਡਾ ਹਜ਼ਰਤ ਕੌਣ ਏ? ਮੈਂ ਕਿਉਂ ਕਿਸੇ ਮੁਸਲਕੇ ਨੇ ਮੂੰਹ ਲਗਣਾ ਅਹਿਆ, ਮਹਿੰਡੀ ਰੂਹ ਭਿੱਟ ਨਾ ਜਾਨੀ।” ਲਭੋ ਤਲਖੀ ਵਿਚ ਆ ਗਈ ਸੀ।
ਪਰ ਤੀਵੀਆਂ ਵਿਚ ਬੈਠੀ ਲਾਜੋ ਜਿਹੜੀ ਸਵੇਰੇ ਨੇਮ ਨਾਲ ਗੁਰਦਵਾਰੇ ਜਾਂਦੀ ਸੀ, ਦਿਹਾੜੀ ਰੋਜ਼ ਇਕ ਵਾਰ ਆਪਣੀ ਨੂੰਹ ਨਾਲ ਜਾਂ ਫਿਰ ਕਿਸੇ ਗੁਆਂਢੀ ਨਾਲ ਜੁਤੀ ਖੋਸੜਾ ਹੁੰਦੀ ਸੀ, ਜਾਂ ਤਾਂ ਉਹ ਖਾਂਦੀ ਰਹਿੰਦੀ ਜਾਂ ਫਿਰ ਤੀਵੀਆਂ ਵਿਚ ਬੈਠੀ ਗੱਪਾਂ ਚਖਦੀ, ਲਾਂਦੀ ਚਾਂਦੀ ਰਹਿੰਦੀ, ਉਹ ਚੁਪ ਨਾ ਰਹੀ, “ਨੀ ਤਾਈ ! ਤੂੰ ਬਾਬੇ ਨਾਨਕ ਨੂੰ ਤਾਂ ਉਥੇ ਵੇਖਿਆ ਹੋਣੈ? ਕਿਹੋ ਜਿਹੇ ਲਗਦੇ ਅਹੇ? ਕੀ ਬਾਲਾ ਮਰਦਾਨਾ ਵੀ ਨਾਲ ਅਹੇ?” ਤੇ ਲਾਜੋ ਕਿਤਨੇ ਸਾਰੇ ਸੁਆਲ ਇਕੋ ਸਾਹੇ ਪੁੱਛ ਗਈ।
ਲੱਭੋ ਆਪਣੇ ਹੀ ਬੁਣੇ ਜਾਲ ਵਿਚ ਖੁਦ ਹੀ ਬੁਰੀ ਤਰ੍ਹਾਂ ਨਾਲ ਉਲਝ ਗਈ ਸੀ। ਜਾਨ ਛੁਡਾਣ ਵਾਸਤੇ ਲਭੋ ਚਰਖੇ ਨੂੰ ਕੱਤਣ ਜੁਟ ਜਾਂਦੀ। ਚਰਖੇ ਦੀ ਘੂਕਰ ਵਿਚ ਸਭ ਗਲਾਂ ਮੱਧਮ ਪੈ ਕੇ ਗਵਾਚ ਜਾਂਦੀਆਂ। ਆਵਾਜ਼ਾਂ ਇਕ ਦੂਜੇ ਵਿਚ ਖਹਿਬੜ ਕੇ ਸਾਹ ਸਤ ਹੀਣ ਹੋ ਜਾਂਦੀਆਂ।
ਪਿੰਡ ਦੀਆਂ ਬੁੱਢੀਆਂ ਸਰਦੀਆਂ ਦੇ ਦਿਨੀਂ ਧੁੱਪੇ ਬੈਠ ਕੇ ਚਰਖਾ ਕਤਦੀਆਂ ਤਾਂ ਧੀਆਂ ਨੂੰਹਾਂ ਦੀਆਂ ਗੱਲਾਂ ਛੁਹ ਬਹਿੰਦੀਆਂ। ਪਰ ਕਦੇ ਕਦੇ ਇਹ ਗੱਲਾਂ ਵੀ ਉਨ੍ਹਾਂ ਨੂੰ ਸਹਿਜ-ਸੁਭਾ ਪਰਲੋਕ ਵਲ ਲੈ ਤੁਰਦੀਆਂ। ਰਾਮ ਜਵਾਈ ਚਾਚੀ ਲਾਜਵੰਤੀ ਦੀ ਗੱਲ ਛੇੜ ਬੈਠਦੀ, ਜਿਹੜੀ ਧੀ ਦੇ ਘਰੋਂ ਲੁਟ ਪੁਟ ਕੇ ਆਪਣਾ ਘਰ ਭਰ ਰਹੀ ਸੀ, ਉਹ ਗੱਲ ਇਉਂ ਮੁਕਾਂਦੀ, “ਮੈਂ ਤਾਂ ਧੀਊ ਨੇ ਘਰੈ ਨਾ ਪਾਣੀ ਤਕ ਨਾ ਮੂੰਹ ਲਾਵਾਂ। ਧੀਊ ਨੇ ਘਰੈ ਨਾ ਖਾਧਾ ਅਗੇ ਬੱਤੀ ਗੁਣਾਂ ਦੇਣਾ ਪੈਨੈ।”
“ਬੱਤੀ ਗੁਣਾਂ ਕਿਉਂ? ਹਿਸਾਬ ਤਾਂ ਹਿਸਾਬ ਏ, ਮਾਉ ਧੀਊ ਨਾ ਲੇਖਾ ਵੀ ਬਰਾਬਰ ਹੋਣਾ ਚਾਹੀਨੇਂ।” ਵਿਚੋਂ ਹੀ ਕੋਈ ਹੋਰ ਬੋਲ ਪੈਂਦੀ ।
“ਬੱਤੀਆਂ ਦੰਦਾਂ ਨਾਲ ਜੇ ਖਾਧਾ ਵੈਨੈਂ। ਹਰੇਕ ਦੰਦ ਨੇ ਆਪਣਾ ਖਾਧਾ ਆਪ ਭੁਗਤਾਣੇਂ।”
“ਤੇ ਜਿਹੜੀ ਮਾਂ ਵਿਚਾਰੀ ਮੋੜ ਕੇ ਨਾ ਮਰ੍ਹੈ?”
“ਕਹਿੰਦੇ ਨੇ, ਉਹਦੀ ਧੀ ਅਗਲੇ ਜਹਾਨ `ਚ ਮਾਊ ਕੀ ਪੁੱਠਾ ਲਟਕਾਈ ਕੇ, ਉਸ ਨੇ ਮਾਸੇ ਨੀਆਂ ਬੋਟੀਆਂ ਤੇਲ ਨੇ ਕੜਾਹੇ `ਚ ਤਲ ਕੇ ਖਾਨੀ ਏ।”
“ਪਰ ਬੰਦੇ ਨੀ ਰੂਹ ਨਾਲ ਤਾਂ ਕੁਝ ਵੀ ਨਹੀਂ ਜਾਨਾ। ਅਗੇ ਜਾ ਕੇ ਬੰਦਾ ਧੀ ਨਾ ਖਾਧਾ ਕਿਵੇਂ ਤੇ ਕਿਥੋਂ ਮੋੜੇ?”
“ਪਰ ਕਰਮ ਤਾਂ ਨਾਲ ਹੀ ਜਾਨੇ ਨੇ, ਉਹਦਾ ਫਲ ਤਾਂ ਭੋਗਣਾ ਹੀ ਪੈਨੈਂ।” ਅਤੇ ਗੱਲ ਕਰਮਾਂ ਤੇ ਆ ਮੁਕਦੀ। ਰਾਮ ਜਵਾਈ ਕੋਲ ਬੈਠੀ ਫਾਤਮਾ ਦਾ ਵੀ ਹੁੰਗਾਰਾ ਚਾਹੁੰਦੀ ਸੀ, “ਨੀ ਫਾਤਮਾ, ਤੂੰ ਚਾ ਦਸ, ਤਹਿੰਡਾ ਮਜ੍ਹਬ ਕੀ ਆਖਦੇ?”
“ਨੀ ਤੁਸਾਂ ਤਾਂ ਮੁੜ ਮੁੜ ਜੰਮਣਾ ਤੇ ਮਰਨਾ ਏ, ਅਸਾਂ ਤਾਂ ਇਕੋ ਵਾਰ ਦੁਨੀਆਂ ਭੋਗਣੀ ਹੋਨੀ ਏ। ਪਰਲੋ ਤਕ ਬੰਦਾ ਕਬਰਾਂ `ਚ ਮਿੱਟੀ ਹੋਇਆ ਪਿਆ ਰਹਿਨੈਂ।” ਫਾਤਮਾ ਸਮਝਾਂਦੀ, “ਮੌਲਵੀ ਕਹਿੰਦਾ ਹੁੰਦੈ ਕਿ ਮਰਨ ਮਗਰੋਂ ਮੁਨਕਰ ਅਤੇ ਨਕੀਰ ਕਬਰ ਵਿਚ ਬੰਦੇ ਨੇ ਕਰਮਾਂ ਨਾ ਲੇਖਾ ਜੋਖਾ ਕਰਨੇ ਆਸਤੇ ਆਉਣੇ ਨੁ, ਜੇ ਬੰਦੇ ਨੇ ਚੰਗੇ ਕਰਮ ਕੀਤੇ ਹੋਣ ਤਾਂ ਉਹ ਗੈਬੀ ਸ਼ਕਤੀ ਨਾਲ ਕਬਰ ਲੰਮੀ, ਚੋੜੀ ਤੇ ਗੈਲੀ ਕਰ ਵੰਝਦੇ ਨੇ, ਤਾਂ ਜੋ ਬੰਦਾ `ਰਾਮ ਨਾਲ ਪਿਆ ਰਹੇ। ਪਰ ਜੇ ਮੰਦੇ ਕਰਮ ਬਹੁਤੇ ਹੋਣ ਤਾਂ ਉਹ ਬੰਦੇ ਆ ਬੜੇ ਤਸੀਹੇ ਦਿੰਦੇ ਨੂੰ। ਉਨ੍ਹਾਂ ਦਾ ਚੀਖ ਚਹਾੜਾ ਪੰਛੀਆਂ ਨੂੰ ਸੁਣਾਈ ਦੇਂਦੈ, ਬੰਦਿਆਂ ਕੀ ਨਹੀਂ।”
ਤੇ ਇਹ ਗੱਲ ਸੁਣ ਕੇ ਸਭ ਤੀਵੀਆਂ ਘਬਰਾ ਜਾਂਦੀਆਂ। ਬੁੱਢੀ ਕੌਮਾਂ ਦੀ ਤਾਂ ਜਿਵੇਂ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਜਾਂਦੀ। ਉਹ ਥਿੜਕਦੀ ਆਵਾਜ਼ ਵਿਚ ਮੂੰਹ ਪਪੋਲਦੀ ਹੋਈ ਪੁਛਦੀ, “ਨੀ ਸਵਰਗਾਂ `ਚ ਵੰਝਣੈ ਨਾ ਕੋਈ ਸੌਖਾ ਰਾਹ ਚਾ ਦਸੋ, ਮੈਂ ਤਾਂ ਹੁਣ ਥੋਹੜੇ ਚਿਰੇ ਨੀ ਮਹਿਮਾਨ ਆਂ। ਹਰ ਵੇਲੇ ਜਾਨ ਡਿਗੂੰ ਡਿਗੂੰ ਕਰਨੀ ਰਹਿਨੀ ਏ।”
ਤਾਂ ਰਾਮ ਜਵਾਈ ਮੁਸਕਰਾਂਦੀ ਹੋਈ ਕਹਿੰਦੀ, “ਨੀ ਉਹ ਕਥਾ ਕਰਨ ਵਾਲਾ ਸਾਧ ਜੋ ਦਸ ਗਿਐ, ਅਖੇ ਮਰਨ ਵੇਲੇ ਪ੍ਰਮਾਤਮਾ ਦਾ ਨਾਮ ਜਪੋ।” ਫਿਰ ਉਹ ਝਟ ਕੁ ਰੁਕ ਕੇ ਬੋਲੀ, “ਉਸ ਅਜਾਮਲ ਨੀ ਸਾਖੀ ਵੀ ਤਾਂ ਸੁਣਾਈ ਅਹੀ।”
ਫਿਰ ਉਹ ਅਜਾਮਲ ਦੀ ਸਾਖੀ ਸੁਣਾਉਂਦੀ ਹੋਈ ਕਹਿਣ ਲਗੀ, “ਨਰੈਣ ਛੋਟਾ ਹੋਣ ਕਰ ਕੇ, ਅਜਾਮਲ ਕੀ ਸਭਨਾ ਨਾਲੋਂ ਵਧ ਪਿਆਰਾ ਇਹਾ। ਮਰਨ ਵੇਲੇ ਅਜਾਮਲ ਨੇ ਨਰੈਣ ਕੀ ਆਵਾਜ਼ ਮਾਰੀ। ਅੰਤ ਵੇਲੇ ਨਰੈਣ ਨਾ ਨਾਂਅ ਉਚਾਰਨ ਕਰਕੇ ਅਜਾਮਲ ਕੀ ਵਿਸ਼ਨੂੰ ਨੇ ਦੂਤ ਕਿੰਨਣ ਆਸਤੇ ਆਏ ਅਤੇ ਜਮਦੂਤਾਂ ਕੀ ਕਹਿਣ ਲਗੇ: ਇਸ ਪ੍ਰਾਣੀ ਨੇ ਅਖੀਰ ਵੇਲੇ ਨਰੈਣ ਆਂ ਯਾਦ ਕੀਤੇ, ਇਸ `ਤੇ ਸਾਡਾ ਹੱਕ ਏ, ਇਹ ਬੈਕੁੰਠਾਂ `ਚ ਜਾਸੀ।”
ਫਾਤਮਾ ਹਸ ਪਈ ਤੇ ਕਹਿਣ ਲਗੀ, “ਨੀ ਤੁਹਾਡਾ ਵਿਸ਼ਨੂੰ ਤਾਂ ਬੜਾ ਭੋਲਾ ਏ, ਜੋ ਇਹ ਵੀ ਨਹੀਂ ਜਾਣ ਸਕਿਆ ਕਿ ਪੁਤਰੇ ਆਂ ਅਵਾਜ਼ ਮਾਰ ਰਿਹੈ ਕਿ ਉਹਦਾ ਜਾਪ ਕਰ ਰਿਹੈ। ਸਾਡੇ ਅੱਲ੍ਹਾ ਨੇ ਤਾਂ ਇਉਂ ਮਾਫ ਨਹੀਂ ਕਰਨਾ।”
ਤੇ ਸਭ ਤੀਵੀਆਂ ਦੰਦ ਕੱਢ ਕੇ ਹੱਸਣ ਲਗਦੀਆਂ।
ਮਾਸੀ ਸੁਲਖੱਣੀ ਕਾਫੀ ਬਿਰਧ ਸੀ। ਉਹਦੇ ਹੱਥ ਬੁਢੇਪੇ ਕਾਰਨ ਹਮੇਸ਼ਾ ਕੰਬਦੇ ਰਹਿੰਦੇ, ਸਿਰ ਝੂਲਦਾ ਰਹਿੰਦਾ। ਉਹ ਆਪਣੇ ਬੋੜੇ ਮੂੰਹ ਵਿਚ ਗਲ ਚਗਲਦੀ ਹੋਈ ਕਹਿਣ ਲਗੀ- “ਭੈਣੇ, ਕੇ ਪਤਾ, ਕਿਸ ਵੇਲੇ ਪ੍ਰਾਣ ਨਿਕਲ ਵੰਝਣ। ਉਦੋਂ ਧਿਆਨ ਖਸਮਾ ਖਾਣਾ ਪਤਾ ਨਹੀਂ ਕਿਥੇ ਹੋਵੇ।”
ਉਹਦੇ ਨਾਲ ਬੈਠੀ ਗੁਰਾਂ ਦਈ ਝਟ ਬੋਲ ਪਈ, “ਨੀ ਮੈਂ ਤੁੱਘੀ ਦਸਨੀ ਆਂ। ਮਹਿੰਡੀ ਸੱਸ ਸੁਮਿਤਰਾਂ ਦੇ ਜਿਸ `ਲੇ ਪ੍ਰਾਣ ਨਿਕਲਣ ਲਗੇ ਉਹਦੇ ਦਿਲੇ `ਚ ਪਤਾ ਨਹੀਂ ਕੀ ਆਈ। ਆਖਣ ਲਗੀ- “ਧੀਏ ਇਕ ਚਿੱਟਾ ਰੁਪਿਆ ਹੈ ਈ। ਜ਼ਰਾ ਲੈ ਆਵੀਂ।” ਪਤਾ ਨਹੀਂ ਉਹ ਰੁਪਏ ਆਂ ਕੀ ਕਰਨਾ ਚਾਹੁੰਨੀ ਅਹੀ, ਸ਼ਾਇਦ ਮਣਸਣਾ ਹੋਵੇ। ਮੈਂ ਜਿਸ `ਲੇ ਸੰਦੂਕ ਵਿਚੋਂ ਰੁਪਿਆ ਕੱਢ ਕੇ ਲਿਆਂਦਾ, ਉਹਦੀ ਫੂਕ ਨਿਕਲ ਚੁਕੀ ਅਹੀ।”
“ਕਹਿੰਦੇ ਆ, ਅੰਤ ਵੇਲੇ ਜੋ ਲਛਮੀ ਵਲ ਧਿਆਨ ਧਰੇ, ਉਹ ਸੱਪ ਨੀ ਜੂਨੇ ਪੈਂਦੈ।” ਵਿਚੋਂ ਕੋਈ ਬੋਲ ਪਈ।
“ਹਾਂ, ਸੁਮਿੱਤਰਾ ਸੱਪਣੀ ਨੀ ਜੂਨੀ `ਚ ਹੀ ਪਈ ਅਹੀ।” ਗੁਰਦਈ ਨੇ ਅੱਗੋਂ ਹੁੰਗਾਰਾ ਭਰਿਆ, “ਕੁਝ ਦਿਨ ਮਗਰੋਂ ਅਸਾਂ ਕੀ ਰੁਪਿਆਂ ਨੀ ਲੋੜ ਪਈ ਅਹੀ। ਅਸਾਂ ਚੂਲ੍ਹੇ ਵਾਲੀ ਦੇਗ ਪੁਟੀ ਤਾਂ ਉਥੋਂ ਇਕ ਸੱਪਣੀ ਸ਼ੂਕਦੀ ਹੋਈ ਨਿਕਲੀ। ਇਹ ਸੱਪਣੀ ਕੀ ਮਾਰਨ ਲਗੇ, ਪਰ ਸਹੁਰੇ ਨੇ ਰੋਕ ਦਿਤਾ- “ਨਾ ਮਾਰੋ ਇਸ ਸ਼ੋਹਦੀ ਆਂ। ਮਤਾਂ ਇਹ ਸੁਮਿਤ੍ਰਾ ਹੀ ਹੋਵੇ। ਮਰਨ ਵੇਲੇ ਉਸ ਵਿਚਾਰੀ ਨਾ ਧਿਆਨ ਰੁਪਿਆਂ ਵਲ ਚਲਾ ਗਿਆ ਇਹਾ। ਤੇ ਇਤਨੀ ਦੇਰ ਵਿਚ ਸੱਪਣੀ ਕਿਧਰ ਨੀ ਕਿਧਰ ਨਿਕਲ ਗਈ।”
“ਤੇ ਜਿਹੜਾ ਸੂਮ ਹੋਵੇ?”
ਉਹ ਕੀੜੀ ਨੀ ਜੂਨੇ ਪੈਨੇਂ।”
“ਜਿਹੜਾ ਸ਼ਾਹ ਵਾਂਗ ਰਤ ਚੂਸਨਾ ਰਹੇ?”
“ਉਹ ਅਗਲੇ ਜਨਮ ਜੋਕ ਬਣਨੈਂ ਜੋਕ।”
“ਤੇ ਜੇ ਕੋਈ ਤੀਵੀਂ ਸਾਰਾ ਦਿਨ ਕੰਘੀ ਪਟੀ `ਚ ਰੁਝੀ ਰਹੇ, ਬਿੰਦੀਆਂ ਕਜਲੇ ਨਾਲ ਮੂੰਹ ਸੰਵਾਰਦੀ ਰਹੇ, ਉਹ?”
“ਨੀ ਅਜਿਹੀ ਬਲਖੀ ਰੰਨ ਤਾਂ ਵੇਸਵਾ ਨੀ ਜੂਨੀ `ਚ ਪੈਨੀਂ ਏ।”
“ਤੇ ਜਿਹੜਾ ਮਰਦ ਕਾਮੀ ਹੋਵੇ, ਭੁੱਖਾ ਤੇ ਹਾਬੜਿਆ, ਨਾ ਧੀ ਭੈਣ ਵੇਖੋ, ਨਾ ਗਲੀ ਗੁਆਂਢ।” ਸਤਿਆ ਨੇ ਸਾਹਮਣੇ ਬੈਠੀ ਪ੍ਰੇਮੀ ਵਲ ਇਸ਼ਾਰਾ ਕਰਦੇ ਹੋਏ ਪੁੱਛਿਆ। ਪ੍ਰੇਮੀ ਦਾ ਘਰ ਵਾਲਾ ਬੁੱਢੇ ਵਾਰੇ ਵੀ ਹੱਟੀ ਉਤੇ ਸੌਦਾ ਲੈਣ ਆਈਆਂ ਜੱਟੀਆਂ ਨਾਲ ਮਸਖਰੀਆਂ ਕਰਨੋ ਨਹੀਂ ਸੀ ਟਲਦਾ।
“ਉਹ ਤਾਂ ਕੁਤੇ ਨੀ ਜੂਨੇ ਪੈਂਦੈ।”
“ਤੈਨੂੰ ਕਿਸ ਦਸਿਐ?”
“ਉਸੇ ਸਾਧ ਨੇ ਜਿਹੜਾ ਬਸੰਤੀ ਨੇ ਘਰ ਕਥਾ ਕਰਨ ਆਇਆ ਅਹਿਆ।”
“ਆਪ ਤਾਂ ਉਹ ਸਾਧ ਸਾਰੀ ਦਿਹਾੜੀ ਤੀਵੀਆਂ ਨੀ ਕੁਛੋਂ ਉਠਨਾ ਨਹੀਂ ਅਹਿਆ। ਮੈਂ ਤਾਂ ਸੁਣਿਐ ਬਸੰਤੀ ਰਾਤੀਂ ਉਹਦੀਆਂ ਲੱਤਾਂ ਦਬਿਆ ਕਰਨੀ ਅਹੀ।”
ਤੇ ਸਭ ਤੀਵੀਆਂ ਖਿਲ੍ਹੀ ਮਾਰ ਕੇ ਹੱਸਣ ਲਗਦੀਆਂ।
“ਪਰ ਇਨ੍ਹਾਂ ਸਾਧਾਂ ਨੀਆਂ ਕੇ ਬਾਤਾਂ ਨੇ, ਇਹ ਤਾਂ ਰੱਬ ਨਾਲ ਰਲੇ ਹੋਨੇ ਨੂ, ਖੋਟੇ ਕਰਮ ਕਰ ਕੇ ਵੀ ਸਵਰਗਾਂ `ਚ ਪੁਜਣ ਨੀ ਤਰਕੀਬ ਕਢ ਲੈਨੇ ਨੂ, ਤੂੰ ਉਸ ਮੁਸ਼ਟੰਡੇ ਸਾਧ ਨੀ ਸਾਖੀ ਨਹੀਂ ਸੁਣੀ, ਜਿਹੜਾ ਸਾਰੀ ਉਮਰਾਂ ਚੇਲੀਆਂ ਭੋਗਦਾ ਰਿਹਾ, ਪਰ ਮਰਨ ਮਗਰੋਂ ਸਵਰਗਾਂ ਵਿਚ ਆਨੰਦ ਲੈਣ ਲਗਾ।”
ਤੇ ਫਿਰ ਉਹ ਮਸ਼ਟੰਡੇ ਸਾਧੂ ਦੀ ਗੱਲ ਛੁਹ ਬੈਠੀ: ਇਕ ਭੇਖੀ ਸਾਧੂ ਸਾਰੀ ਉਮਰ ਠਗੀ ਠੋਰੀ ਕਰਦਾ ਰਿਹਾ। ਚੋਰੀ, ਯਾਰੀ, ਜੂਆ ਗਾਂਜਾ, ਕਿਹੜਾ ਕਸਬ ਸੀ ਜਿਹੜਾ ਉਸ ਨਹੀਂ ਸੀ ਕੀਤਾ। ਜ਼ਿੰਦਗੀ ਵਿਚ ਉਹਨੇ ਇਕੋ ਨੇਕ ਕੰਮ ਕੀਤਾ ਸੀ। ਇਕ ਜਵਾਨ ਵਿਧਵਾ ਨੇ ਘਰੋਂ ਦੁਖੀ ਹੋ ਕੇ ਨਦੀ ਵਿਚ ਛਾਲ ਮਾਰ ਦਿਤੀ। ਸਾਧ ਨੇ ਤੀਵੀਂ ਨੂੰ ਰੁੜ੍ਹਦਿਆਂ ਵੇਖ ਕੇ ਨਦੀ ਵਿਚੋਂ ਬਾਹਰ ਕਢਿਆ ਤੇ ਆਪਣੀ ਕੁਟੀਆ ਵਿਚ ਲਿਆ ਕੇ ਉਹਦਾ ਦਵਾ ਦਾਰੂ ਕੀਤਾ। ਜਦੋਂ ਉਹ ਨਵੀਂ-ਨਰੋਈ ਹੋ ਗਈ ਤਾਂ ਉਸ ਨਾਲ ਸਾਧ ਨੇ ਖੁਦ ਚਾਦਰਾਂ ਪਾ ਲਈਆਂ। ਵਿਧਵਾ ਛੋਟੀ ਉਮਰ ਦੀ ਸੀ ਤੇ ਸਾਧ ਉਹਦੇ ਪਿਉ ਦਾ ਹਾਣੀ। ਵਿਧਵਾ ਨੇ ਬਥੇਰੀ ਨਾਂਹ ਨੁਕਰ ਕੀਤੀ, ਪਰ ਉਹਦੀ ਕੋਈ ਪੇਸ਼ ਨਾ ਗਈ। ਅਖੀਰ ਉਹ ਉਸ ਬੁੱਢੇ ਰਿੱਛ ਦੀਆਂ ਚਿਕਨੀਆਂ ਚੋਪੜੀਆਂ ਗੱਲਾਂ ਵਿਚ ਆ ਗਈ।
ਕਹਿੰਦੇ ਨੇ, ਜਦੋਂ ਸਾਧ ਮਰ ਕੇ ਧਰਮਰਾਜ ਦੇ ਦਰਬਾਰ ਵਿਚ ਪੁਜਾ ਤਾਂ ਉਸ ਦੀ ਜ਼ਿੰਦਗੀ ਵਿਚ ਇਕੋ ਨੇਕ ਕਰਮ ਸੀ- ਵਿਧਵਾ ਤੀਵੀਂ ਨੂੰ ਨਦੀ ਵਿਚੋਂ ਕਢ ਕੇ ਉਹਦਾ ਦਵਾ-ਦਾਰੂ ਕਰਨਾ। ਬਾਕੀ ਸਾਰੀ ਜ਼ਿੰਦਗੀ ਕਾਲੇ ਕਰਮਾਂ ਨਾਲ ਓਤ ਪੋਤ ਸੀ, ਜਿਵੇਂ ਕਿਸੇ ਤਖਤੀ ਉਤੇ ਕਾਲੀ ਸਿਆਹੀ ਡੋਲ ਦਿੱਤੀ ਹੋਵੇ।
ਧਰਮਰਾਜ ਨੇ ਹਿਸਾਬ ਵੇਖ ਕੇ ਕਿਹਾ- “ਤੇਰੇ ਲੇਖੇ `ਚ ਇਕ ਘੜੀ ਪਲ ਦਾ ਸਵਰਗ ਏ, ਬਾਕੀ ਸਾਰੀ ਮੁਦਤ ਤੂੰ ਨਰਕ ਭੋਗਣੈ। ਬੋਲ, ਪਹਿਲਾਂ ਸਵਰਗ ਭੋਗਣਾ ਚਾਹੁੰਦੈਂ ਕਿ ਨਰਕ?”
“ਮੈਂ ਤਾਂ ਪਹਿਲਾਂ ਸਵਰਗ ਭੋਗਣੇਂ।” ਪਖੰਡੀ ਸਾਧੂ ਨੇ ਸੋਚ ਕੇ ਕਿਹਾ। ਸੋ ਜਮਦੂਤ ਉਹਨੂੰ ਸਵਰਗ ਦੇ ਦਰਵਾਜ਼ੇ ਤਕ ਲੈ ਗਏ ਤੇ ਕਹਿਣ ਲਗੇ, “ਅਸੀਂ ਸਵਰਗਾਂ ਅੰਦਰ ਪੈਰ ਨਹੀਂ ਰੱਖ ਸਕਦੇ। ਤੂੰ ਅੰਦਰ ਲੰਘ ਜਾ ਅਤੇ ਇਕ ਘੜੀ ਸਵਰਗ ਦਾ ਆਨੰਦ ਭੋਗ ਕੇ ਫਿਰ ਆਪਣੇ ਆਪ ਬਾਹਰ ਆ ਜਾਵੀਂ। ਅਸੀਂ ਤੈਨੂੰ ਇਥੇ ਹੀ ਖੜ੍ਹੇ ਉਡੀਕਦੇ ਹਾਂ।”
ਕਹਿੰਦੇ ਨੇ, ਸਾਧ ਅੰਦਰ ਜਾ ਕੇ ਸਵਰਗ ਦੇ ਆਨੰਦ ਮਾਣਨ ਲਗਾ। ਜਮਦੂਤ ਬਾਹਰ ਖੜੇ ਉਡੀਕਦੇ ਰਹੇ ਪਰ ਉਹ ਸਾਧੂ ਬਾਹਰ ਨਿਕਲਿਆ ਹੀ ਨਾ। ਜਮਦੂਤ ਉਡੀਕ ਉਡੀਕ ਕੇ ਹਾਰ ਗਏ। ਇਉਂ ਉਹ ਪਖੰਡੀ ਜਮਦੂਤਾਂ ਨੂੰ ਵੀ ਚਕਮਾ ਦੇ ਗਿਆ।
“ਫਿਰ ਤਾਂ ਅਗੇ ਵੀ ਠਗੀ ਠਓਰੀ ਚਲਨੀ ਏ। ਚਲਾਕ ਲੋਕੀ ਅਗੇ ਵੀ ਲਾਹਾ ਖਟ ਲੈਨੇਂ ਨੁ।” ਸੁਲਖਣੀ ਗੰਭੀਰ ਜਿਹੀ ਹੋ ਕੇ ਬੋਲੀ, “ਸਾਡੇ ਜਿਹੇ ਲਲ੍ਹੇ ਤਾਂ ਅਗੋਂ ਵੀ ਖਵਾਰ ਹੋਨੇ ਫਿਰਸਨ।”
ਤੇ ਇਉਂ ਗੱਲਾਂ ਦਾ ਕਾਫਲਾ ਤੁਰਦਾ ਰਹਿੰਦਾ।