ਅੰਮ੍ਰਿਤਸਰ: ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਰਾਜਸਥਾਨ ਦੇ ਸਿੱਖ ਆਗੂ ਤੇਜਿੰਦਰ ਪਾਲ ਸਿੰਘ ਟਿਮਾ ਖ਼ਿਲਾਫ਼ ਪੁਲਿਸ ਵੱਲੋਂ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਕਰ ਕੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨ ਦੀ ਨਿਖੇਧੀ ਕੀਤੀ ਹੈ। ਉਧਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਇਸ ਨੂੰ ਸਿੱਖਾਂ ਨਾਲ ਧੱਕਾ ਕਰਾਰ ਦਿੱਤਾ ਹੈ।
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਭਾਈ ਟਿਮਾ ਨੇ ਦੇਸ਼ਧ੍ਰੋਹ ਵਾਲਾ ਕੋਈ ਕੰਮ ਨਹੀਂ ਕੀਤਾ, ਪਰ ਰਾਜਸਥਾਨ ਸਰਕਾਰ ਨੇ ਵਿਚਾਰਾਂ ਦੇ ਪ੍ਰਗਟਾਵੇ ਦੀ ਸੰਵਿਧਾਨਕ ਆਜ਼ਾਦੀ ਦਾ ਗਲਾ ਘੁੱਟਦਿਆਂ ਉਸ ਖ਼ਿਲਾਫ਼ ਪਹਿਲਾਂ ਤਾਂ ਦੇਸ਼ਧ੍ਰੋਹ ਦਾ ਝੂਠਾ ਮੁਕੱਦਮਾ ਦਰਜ ਕਰ ਕੇ ਘੱਟ-ਗਿਣਤੀਆਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਕੀਤੀ, ਮਗਰੋਂ ਉੱਚ ਅਦਾਲਤ ਵੱਲੋਂ ਅਗਾਊਂ ਜ਼ਮਾਨਤ ਮਿਲੀ ਹੋਣ ਦੇ ਬਾਵਜੂਦ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਕਿਸ ਵੀ ਥਾਂ ‘ਤੇ ਕਿਸੇ ਵੀ ਸਿੱਖ ਨਾਲ ਧੱਕੇਸ਼ਾਹੀ ਦਾ ਸਿੱਖ ਕੌਮ ਇਕਜੁੱਟ ਹੋ ਕੇ ਵਿਰੋਧ ਕਰਦੀ ਰਹੇਗੀ। ਉਨ੍ਹਾਂ ਸਰਕਾਰ ਨੂੰ ਘੱਟ-ਗਿਣਤੀਆਂ ਪ੍ਰਤੀ ਨਿਆਂਪੂਰਨ ਰਵੱਈਆ ਅਪਣਾਉਣ ਦੀ ਵੀ ਨਸੀਹਤ ਦਿੱਤੀ। ਉਨ੍ਹਾਂ ਨਾਲ ਹੀ ਸ਼੍ਰੋਮਣੀ ਕਮੇਟੀ ਨੂੰ ਵੀ ਆਦੇਸ਼ ਕੀਤਾ ਹੈ ਕਿ ਉਹ ਭਾਈ ਟਿਮਾ ਨਾਲ ਰਾਜਸਥਾਨ ਸਰਕਾਰ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਖ਼ਿਲਾਫ਼ ਬਣਦੀ ਕਾਨੂੰਨੀ ਚਾਰਾਜੋਈ ਕਰੇ।
ਸਿੱਖ ਫ਼ੌਜੀ ਅਫਸਰ ਦੀ ਧੀ ਨਾਲ ਬਦਸਲੂਕੀ ਕਰਨ ਵਾਲਿਆਂ ਖਿਲਾਫ ਕਾਰਵਾਈ ਮੰਗੀ
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉੜੀਸਾ ‘ਚ ਭੁਵਨੇਸ਼ਵਰ ਦੇ ਥਾਣੇ ਵਿਚ ਸਿੱਖ ਫ਼ੌਜੀ ਅਫ਼ਸਰ ਦੀ ਲੜਕੀ ਨਾਲ ਬਦਸਲੂਕੀ ਦੀ ਨਿੰਦਾ ਕਰਦਿਆਂ ਸਰਕਾਰ ਕੋਲੋਂ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ‘ਚ ਸਿੱਖ ਅਫ਼ਸਰ ਦੀ ਵਕੀਲ ਧੀ ਆਪਣਾ ਪਿੱਛਾ ਕਰ ਰਹੇ ਸ਼ਰਾਰਤੀ ਅਨਸਰਾਂ ਤੋਂ ਬਚਣ ਲਈ ਥਾਣੇ ਵਿਚ ਜਾਂਦੀ ਹੈ ਪਰ ਉਥੇ ਪੁਲਿਸ ਮੁਲਾਜ਼ਮ ਹੀ ਉਸ ਨਾਲ ਕਥਿਤ ਬਦਸਲੂਕੀ ਕਰਦੇ ਹਨ। ਉਨ੍ਹਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਮਾਮਲੇ ‘ਚ ਦਖ਼ਲ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਅਜਿਹੇ ਮੰਦਭਾਗੇ ਵਰਤਾਰੇ ਨੂੰ ਰੋਕਣ ਲਈ ਠੋਸ ਕਦਮ ਚੁੱਕੇ ਜਾਣ। ਐਡਵੋਕੇਟ ਧਾਮੀ ਨੇ ਉੜੀਸਾ ਸਰਕਾਰ ਨੂੰ ਸਬੰਧਤ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਤੁਰਤ ਕਾਰਵਾਈ ਦੀ ਅਪੀਲ ਕੀਤੀ ਹੈ।