ਪੱਛਮੀ ਬੰਗਾਲ ਵਲੋਂ ਬਲਾਤਕਾਰ ਰੋਕੂ ਪਹਿਲਕਦਮੀ

ਗੁਲਜ਼ਾਰ ਸਿੰਘ ਸੰਧੂ
ਫੋਨ: 91-98157-78469
ਪੱਛਮੀ ਬੰਗਾਲ ਅਸੈਂਬਲੀ ਵੱਲੋਂ ਪਾਸ ਕੀਤੇ ਜਬਰ-ਜਨਾਹ ਵਿਰੋਧੀ ਬਿੱਲ ਦਾ ਸਵਾਗਤ ਕਰਨਾ ਬਣਦਾ ਹੈ| ਬਿੱਲ ਦੇ ਖਰੜੇ ਅਨੁਸਾਰ ਜਬਰ-ਜਨਾਹ ਪੀੜਤਾ ਦੀ ਮੌਤ ਹੋਣ ਜਾਂ ਸਦੀਵੀ ਬੇਹੋਸ਼ੀ ਦੀ ਹਾਲਤ ਵਿਚ ਚਲੇ ਜਾਣ ਦੀ ਸੂਰਤ ਵਿਚ ਦੋਸ਼ੀ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ| ਬਿੱਲ ਵਿਚ ਅਜਿਹੇ ਦੋਸ਼ੀਆਂ ਨੂੰ ਬਿਨਾ ਪੈਰੋਲ ਉਮਰ ਕੈਦ ਦਾ ਵੀ ਸੁਝਾਅ ਹੈ|

ਉਨ੍ਹਾਂ ਦੀ ਉਮਰ ਘੱਟ ਹੋਣ ’ਤੇ ਵੀ ਨਰਮੀ ਨਹੀਂ ਹੋਣੀ ਚਾਹੀਦੀ| ਮੂਲ ਮੰਤਵ ਮਹਿਲਾਵਾਂ ਤੇ ਬੱਚਿਆਂ ਦੀ ਸੁਰੱਖਿਆ ਦਾ ਘੇਰਾ ਵਧਾਉਣਾ ਹੈ| ਇਸ ਬਿੱਲ ਦਾ ਟੀਚਾ ਫੌਰੀ ਜਾਂਚ ਸ਼ੁਰੂ ਕਰ ਕੇ ਦੋਸ਼ੀਆਂ ਨੂੰ ਬਣਦੀ ਸਜ਼ਾ ਯਕੀਨੀ ਬਣਾਉਣਾ ਹੈ| ਇਹ ਬਿੱਲ ਦੋ ਗੱਲਾਂ ਉਤੇ ਮੋਹਰ ਲਾਉਂਦਾ ਹੈ| ਪਹਿਲੀ ਇਹ ਕਿ ਅਜਿਹੀ ਪਹਿਲ ਕਦਮੀ ਉਹੀਓ ਸਰਕਾਰ ਕਰ ਸਕਦੀ ਹੈ ਜਿਸਦੀ ਮੁਖੀ ਮਹਿਲਾ ਹੋਵੇ| ਦੂਜੀ ਇਹ ਕਿ ਇਸ ਬਿੱਲ ਦੇ ਪਾਸ ਹੋਣ ਨਾਲ ਦੂਜੀਆਂ ਰਾਜ ਸਰਕਾਰਾਂ ਜਾਗ ਪੈਣਗੀਆਂ ਤੇ ਕੇਂਦਰ ਸਰਕਾਰ ਵੀ| ਮਮਤਾ ਬੈਨਰਜੀ ਤੇ ਬੰਗਾਲੀ ਸਰਬਸੰਮਤੀ ਜ਼ਿੰਦਾਬਾਦ|
ਗ਼ਦਰੀ ਬਾਬੇ ਤੇ ਬੀਬੀ ਗੁਲਾਬ ਕੌਰ
ਸਤੰਬਰ ਦੇ ਆਰੰਭ ਵਿਚ ਲੱਗੇ ਰੂੜੀਵਾਲਾ (ਤਰਨਤਾਰਨ) ਪਿੰਡ ਦੇ ਗ਼ਦਰੀ ਮੇਲੇ ਨੇ ਗ਼ਦਰੀ ਬਾਬਿਆਂ ਦੀ ਦੂਰ ਦ੍ਰਿਸ਼ਟੀ ਤੇ ਬੀਬੀ ਗੁਲਾਬ ਕੌਰ ਦੀ ਦ੍ਰਿੜ੍ਹਤਾ ਚੇਤੇ ਕਰਵਾ ਦਿੱਤੀ ਹੈ| ਅੱਜ ਤੋਂ 110 ਵਰ੍ਹੇ ਪਹਿਲਾਂ 3 ਸਤੰਬਰ 1915 ਨੂੰ ਗੋਰੀ ਸਰਕਾਰ ਨੇ ਅੰਬਾਲਾ ਜੇਲ੍ਹ ਵਿਚ 12 ਪੰਜਾਬੀ ਦੇਸ਼ ਭਗਤਾਂ ਨੂੰ ਫਾਹੇ ਲਾ ਕੇ ਸੁਤੰਤਰਤਾ ਸੰਗਰਾਮ ਦੀ ਚੰਗਿਆੜੀ ਨੂੰ ਲਾਂਬੂ ਬਣਾ ਦਿੱਤਾ ਸੀ ਪਰ ਇਸਦੀ ਨੀਂਹ 1913 ਵਿਚ ਗ਼ਦਰ ਪਾਰਟੀ ਦੀ ਸਥਾਪਨਾ ਸਮੇਂ ਹੀ ਰੱਖੀ ਗਈ ਸੀ| ਨਿਸ਼ਚੇ ਹੀ ਗ਼ਦਰੀਆਂ ਦੇ ਮਨਾਂ ਵਿਚ ਇਹ ਭਿਣਕ ਪੈ ਚੁੱਕੀ ਸੀ ਕਿ ਅਜਿਹਾ ਕਾਰਾ ਕਦੇ ਵੀ ਵਰਤ ਸਕਦਾ ਹੈ| ਪਾਰਟੀ ਦੇ ਮੋਢੀ ਸੋਹਣ ਸਿੰਘ ਭਕਨਾ ਦੇ ਬੋਲ ਸਨ, ‘ਦੂਜੇ ਵਿਸ਼ਵ ਯੁੱਧ ਨੇ ਅੰਗਰੇਜ਼ਾਂ ਨੂੰ ਸ਼ਿਕੰਜੇ ਵਿਚ ਜਕੜ ਲਿਆ ਹੈ| ਵਿਦੇਸ਼ਾਂ ਦੇ ਹਿੰਦੁਸਤਾਨੀ ਵਸਨੀਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਵਤਨ ਪਰਤਣ ਤੇ ਜਥੇਬੰਦ ਫ਼ੌਜੀ ਬਗ਼ਾਵਤਾਂ ਕਰਵਾ ਕੇ ਬਰਤਾਨਵੀ ਹਾਕਮਾਂ ਦੇ ਪੈਰਾਂ ਥੱਲੇ ਅਜਿਹੇ ਅੰਗਿਆਰੇ ਰੱਖਣ ਕਿ ਉਨ੍ਹਾਂ ਲਈ ਪੂਛ ਦਬਾ ਕੇ ਭੱਜਣ ਦੀ ਨੌਬਤ ਆ ਜਾਵੇ|’
ਭਕਨਾਂ ਦੀਆਂ ਭਾਵਨਾਵਾਂ ਨੂੰ ਅਮਲੀ ਰੂਪ ਦੇਣ ਲਈ ਮੀਆਂ ਮੀਰ (ਲਾਹੌਰ) ਦੀ ਛਾਉਣੀ ਚੁਣੀ ਗਈ| ਇਹ ਛਾਉਣੀ ਹਿੰਦੁਸਤਾਨ ਦੀਆਂ ਨੌਂ ਡਿਵੀਜਨਾਂ ਵਿਚੋਂ ਇੱਕ ਦਾ ਮੁਖ ਦਫਤਰ ਸੀ ਤੇ ਪੰਜਾਬ ਦੀਆਂ ਬਾਕੀ ਛਾਉਣੀਆਂ ਇਸਦੇ ਅਧੀਨ ਸਨ| ਨਿਸ਼ਚੇ ਹੀ ਮੀਆਂ ਮੀਰ ਤੋਂ ਪੂਰੇ ਪੰਜਾਬ ਦਾ ਸੁਤੰਤਰਤਾ ਸੰਗਰਾਮ ਸ਼ੁਰੂ ਕੀਤਾ ਜਾ ਸਕਦਾ ਸੀ| ਲਗਾਤਾਰ ਸਲਾਹ ਮਸ਼ਵਰੇ ਲਈ ਗੁਰਦਵਾਰਾ ਝਾੜ ਸਾਹਿਬ ਵੀ ਨੇੜੇ ਹੀ ਸੀ| ਪ੍ਰਥਮ ਮੀਟਿੰਗ ਛਾਉਣੀ ਦੇ ਸ਼ਮਸ਼ਾਨ ਘਾਟ ਵਿਚ ਹੋਈ ਜਿਸਦੇ ਫੈਸਲੇ ਅਨੁਸਾਰ 26 ਨਵੰਬਰ 1914 ਨੂੰ ਏਥੇ ਵਾਲੇ ਰਸਾਲੇ ਦੇ ਸਿਪਾਹੀਆਂ ਨੇ ਹਥਿਆਰਾਂ ਤੇ ਘੋੜਿਆਂ ਸਮੇਤ ਬਾਗੀ ਹੋ ਕੇ ਝਾੜ ਸਾਹਬ ਗੁਰਦੁਆਰੇ ਵਿਚ ਅਹਿਦ ਲਿਆ ਕਿ ਅੰਗਰੇਜ਼ ਗਵਰਨਰ ਦੇ ਦਫ਼ਤਰ ਉਤੇ ਕੌਮੀ ਝੰਡਾ ਚੜ੍ਹਾ ਕੇ ਸੁਤੰਤਰਤਾ ਦਾ ਐਲਾਨ ਕਰਨਾ ਹੈ| ਇਹ ਸੰਦੇਸ਼ ਮਿਲਦੇ ਸਾਰ ਕਰਤਾਰ ਸਿੰਘ ਸਰਾਭਾ ਦੀ ਅਗਵਾਈ ਹੇਠ ਫਿਰੋਜ਼ਪੁਰ ਛਾਉਣੀ ਵਿਚ ਪਹਿਲੀ ਬਗਾਵਤ ਹੋਈ ਤੇ ਤੈਅ ਹੋਇਆ ਕਿ ਹਿੰਦੁਸਤਾਨ ਦੇ ਹੋਰ ਗ਼ਦਰੀ ਟਿਕਾਣਿਆਂ ਤੋਂ ਹਮਖਿਆਲੀਆਂ ਨੂੰ ਨਾਲ ਲੈ ਕੇ ਅੱਗੇ ਵਧਣਾ ਹੈ| ਪਰ ਸਰਕਾਰ ਦੇ ਇੱਕ ਪਿੱਠੂ ਗ੍ਰੰਥੀ ਨੇ ਉਨ੍ਹਾਂ ਨੂੰ ਅਜਿਹਾ ਉਲਝਾਇਆ ਕਿ ਬਹੁਤ ਸਾਰੇ ਉਰੇ ਪਰੇ ਹੋ ਗਏ| ਜਿਹੜੇ ਚਾਰ ਮੈਦਾਨ ਵਿਚ ਰਹਿ ਗਏ ਉਨ੍ਹਾਂ ਦਾ ਸਾਮਾਨ ਲੱਕੜ ਦੇ ਗੱਡਿਆਂ ਵਿਚ ਲੱਦੇ ਜਾਣ ਸਮੇਂ ਹੋਰ ਹੀ ਭਾਣਾ ਵਰਤ ਗਿਆ| ਦਫ਼ੇਦਾਰ ਵਸਾਵਾ ਸਿੰਘ ਦਾ ਟਰੰਕ ਥੱਲੇ ਗਿਰਨ ਨਾਲ ਉਸ ਵਿਚਲਾ ਬੰਬ ਫਟ ਗਿਆ| ਤੇ ਪੰਜ ਸਿਪਾਹੀ ਜ਼ਖ਼ਮੀ ਹੋ ਗਏ| ਬਾਕੀ ਸਿਪਾਹੀਆਂ ਨੇ ਵਸਾਵਾ ਸਿੰਘ ਤੇ ਪੂਰਨ ਸਿੰਘ ਨੂੰ ਤਸੀਹੇ ਦੇ ਕੇ ਬਾਕੀ ਗ਼ਦਰੀਆਂ ਦਾ ਵੀ ਅਤਾ-ਪਤਾ ਲੈ ਲਿਆ| 3 ਸਤੰਬਰ ਨੂੰ ਫਾਂਸੀ ਲੱਗਣ ਵਾਲਿਆਂ ਵਿਚੋਂ 12 ਪੰਜਾਬੀ ਸਨ| ਰੂੜੀਵਾਲਾ ਦਾ ਮੇਲਾ ਉਨ੍ਹਾਂ ਵਿਚੋਂ ਇਕ ਦੀ ਯਾਦ ਵਿਚ ਲੱਗਦਾ ਹੈ|
ਤਸੀਹੇ ਤਾਂ ਗੁਲਾਬ ਕੌਰ ਨੂੰ ਘੱਟ ਨਹੀਂ ਦਿੱਤੇ ਪਰ ਉਸਦੀ ਦ੍ਰਿੜ੍ਹਤਾ ਮਰਦਾਂ ਨੂੰ ਮਾਤ ਪਾਉਣ ਵਾਲੀ ਸੀ| ਉਹ ਤੇ ਉਸਦਾ ਪਤੀ ਮਾਨ ਸਿੰਘ ਆਪਣੇ ਘਰੋਂ ਅਮਰੀਕਾ ਦੀਆਂ ਹਰੀਆਂ ਚਰਾਂਦਾ ਲਈ ਜਹਾਜ਼ ਚੜ੍ਹੇ ਸਨ| ਜਦੋਂ ਉਹ ਫਿਲਪੀਨ ਪਹੁੰਚੇ ਤਾਂ ਉਥੋਂ ਦੇ ਗ਼ਦਰੀ ਪ੍ਰਧਾਨ ਹਫੀਜ਼ ਅਬਦੁੱਲਾ ਨੂੰ ਗ਼ਦਰੀਆਂ ਦੀ ਧਾਰਨਾ ਤੋਂ ਜਾਣੂ ਕਰਵਾਇਆ| ਗੁਲਾਬ ਕੌਰ ਨੂੰ ਤਾਂ ਇਸ ਭਾਵਨਾ ਨੇ ਸਿਰ ਤੋਂ ਪੈਰਾਂ ਤੱਕ ਝੰਜੋੜ ਦਿੱਤਾ ਪਰ ਮਾਨ ਸਿੰਘ ਠੰਢਾ ਹੀ ਰਿਹਾ| ਉਹ ਆਪ ਤਾਂ ਐਸ ਐਸ ਕੋਰੀਆ ਨਾਮੀ ਜਹਾਜ਼ ਚੜ੍ਹ ਗਈ ਤੇ ਪਤੀ ਨੂੰ ਉਥੇ ਹੀ ਪੈਰ ਮਲਦਾ ਛੱਡ ਦਿੱਤਾ|
ਇਸ ਜਹਾਜ਼ ਨੇ ਕਈ ਥਾਵਾਂ ’ਤੇ ਰੁਕਣਾ ਸੀ ਜਿਸਦਾ ਲਾਭ ਲੈ ਕੇ ਹਰ ਥਾਂ ਗ਼ਦਰੀਆਂ ਨੇ ਆਪਣੀ ਧਾਰਨਾ ਦਾ ਪ੍ਰਚਾਰ ਕਰਨਾ ਸੀ| ਇੱਕ ਟਿਕਾਣੇ ਉੱਤੇ ਅਜਿਹੀ ਮੀਟਿੰਗ ਗੁਰਦੁਆਰੇ ਦੀ ਨਿੰਮ ਦੇ ਬਿਰਖ ਥੱਲੇ ਜੁੜੀ। ਗੁਲਾਬ ਕੌਰ ਨੇ ਆਪਣੇ ਖੱਬੇ ਹੱਥ ਦੀਆਂ ਚੂੜੀਆਂ ਲਾਹ ਕੇ ਸਭਨਾਂ ਨੂੰ ਵੰਗਾਰਿਆ, ‘ਜਿਨ੍ਹਾਂ ਨੂੰ ਇਹ ਮਾਰਗ ਪਸੰਦ ਨਹੀਂ ਉਨ੍ਹਾਂ ਲਈ ਚੂੜੀਆਂ ਹਾਜ਼ਰ ਹਨ ਤੇ ਆਪੋ ਆਪਣੇ ਘਰ ਚਲੇ ਜਾਣ|’ ਉਸਦੇ ਇਨ੍ਹਾਂ ਬੋਲਾ ਤੋਂ ਬਰਤਾਨਵੀ ਸਿਪਾਹੀ ਵੀ ਪ੍ਰਭਾਵਤ ਹੋ ਕੇ ਇਹ ਪੁੱਛਦੇ ਸੁਣੇ ਗਏ ਕਿ ਏਨੀ ਦਲੇਰ ਬੀਬੀ ਕੌਣ ਸੀ| ਏਸ ਮਾਰਗ ਉੱਤੇ ਤੁਰਦਿਆਂ ਉਸਨੇ ਆਪਣਾ ਨਾਂ ਵੀ ਬਦਲਿਆ ਤੇ ਸੂਹ ਲੈਣ ਵਾਲਿਆਂ ਨੂੰ ਝਕਾਨੀ ਦੇਣ ਵਾਸਤੇ ਫਰਜ਼ੀ ਪਤੀ ਵੀ ਬਣਾਏ| ਪਹਿਲਾਂ ਤਾਂ ਉਹ ਆਪਣੇ ਆਪ ਨੂੰ ਜੀਵਨ ਸਿੰਘ ਦੀ ਪਤਨੀ ਦੱਸਦੀ ਰਹੀ ਪਰ ਲਾਹੌਰ ਦੀ ਮੂਲ ਚੰਦ ਸਰਾਂ ਵਿਚ ਇੰਦਰ ਸਿੰਘ ਭਸੀਨ ਦੀ ਘਰ ਵਾਲੀ ਕਹਿ ਕੇ ਠਹਿਰੀ|
ਉਹ ਖੁLਦ ਵੀ ਕਿਧਰੇ ਗੁਲਾਬ ਦੇਵੀ ਬਣੀ, ਕਿਧਰੇ ਬਸੰਤ ਕੌਰ ਤੇ ਕਿਧਰੇ ਕਿਰਪੋ| ਉਸਦੀ ਅਸਲ ਜ਼ਿੰਮੇਵਾਰੀ ‘ਗ਼ਦਰ ਸੰਦੇਸ਼’ ਤੇ ‘ਐਲਾਨ ਏ ਜੰਗ’ ਪਰਚੇ ਵੰਡਣਾ ਸੀ| ਇਹ ਪਰਦੇ ਤਹਿਖਾਨੇ ਵਿਚ ਲੱਗੀ ਸਾਈਕਲੋਸਟਾਈਨ ਮਸ਼ੀਨ ਉੱਤੇ ਛਪਦੇ ਸਨ ਤੇ ਛਪਾਈ ਦਾ ਕੰਮ ਕਰਤਾਰ ਸਿੰਘ ਸਰਾਭਾ ਦੇਖਦਾ ਸੀ| ਗੁਲਾਬ ਕੌਰ ਨੇ ਪਰਚੇ ਵੰਡਣ ਲਈ ਵਰਤੀ ਜਾਂਦੀ ਟੋਕਰੀ ਵਿਚ ਪਰਚੇ ਥੱਲੇ ਰੱਖੇ ਹੁੰਦੇ ਤੇ ਉਨ੍ਹਾਂ ਦੇ ਉੱਤੇ ਲੋਕਾਂ ਦੀ ਪਸੰਦ ਦੀਆਂ ਅਜਿਹੀਆਂ ਵਸਤਾਂ ਜਿਹੜੀਆਂ ਉਹ ਖਰੀਦਦੇ ਸਨ|
ਉਸਦੀ ਦ੍ਰਿੜ੍ਹਤਾ ਕਮਾਲ ਸੀ| 1915 ਵਿਚ ਫੜੀ ਜਾਣ ਪਿੱਛੋਂ ਉਸਨੂੰ ਵੀ ਪੂਰਨ ਸਿੰਘ ਤੇ ਵਸਾਵਾ ਸਿੰਘ ਵਾਂਗ ਤਸੀਹੇ ਦਿੱਤੇ ਗਏ ਪਰ ਉਸਨੇ ਕਿਸੇ ਗ਼ਦਰੀ ਜਾਂ ਉਸਦੇ ਟਿਕਾਣੇ ਦਾ ਭੇਤ ਨਹੀਂ ਦਿੱਤਾ| ਦੋ ਸਾਲ ਪਿੱਛੋਂ ਕੈਦ ਤੋਂ ਬਾਹਰ ਆਈ ਤਾਂ ਕੋਟਲਾ ਨੌਧ ਸਿੰਘ (ਹੁਸ਼ਿਆਰਪੁਰ) ਵਿਖੇ ਅਮਰ ਸਿੰਘ ਦੀ ਪਨਾਹ ਥੱਲੇ ਚਲੀ ਗਈ ਜਿੱਥੇ ਉਸਨੂੰ ਛਾਤੀ ਦਾ ਕੈਂਸਰ ਹੋ ਗਿਆ| ਸਥਾਨਕ ਹਕੀਮ ਤੇ ਡਾਕਟਰ ਪੁਲੀਸ ਤੋਂ ਏਨੇ ਡਰਦੇ ਸਨ ਕਿ ਕੋਈ ਵੀ ਉਸਦੀ ਸਾਰ ਲੈਣ ਲਈ ਤਿਆਰ ਨਾ ਹੋਇਆ| ਉਦੋਂ ਕੈਂਸਰ ਦਾ ਇਲਾਜ ਉਂਝ ਵੀ ਸੌਖਾ ਨਹੀਂ ਸੀ| ਪਰਲੋਕ ਸਿਧਾਰ ਗਈ| ਉਹ ਗੁਲਾਬ ਕੌਰ ਨਹੀਂ ਗ਼ਦਰੀਆਂ ਦਾ ਗੁਲਾਬ ਸੀ ਤੇ ਗੁਲਾਬ ਹੀ ਰਹੇਗੀ|
ਅੰਤਿਕਾ
-ਫਿਰੋਜ਼ਦੀਨ ਸ਼ਰਫ-
ਬੰਦੀਜਨ ਦੇ ਹਲਵੇ ਨਾਲੋਂ, ਟੁਕੜੇ ਭਲੇ ਫਕੀਰਾਂ ਦੇ|
ਕਰ ਗੁਜਰਾਨ ਸੁਤੰਤ੍ਰਤਾ ਵਿਚ, ਪਹਿਨ ਗੋਦੜੇ ਲੀਰਾਂ ਦੇ|