‘ਖੇਡਾਂ ਵਤਨ ਪੰਜਾਬ ਦੀਆਂ` ਦਾ ਸ਼ਾਨਦਾਰ ਆਗਾਜ਼, ਪੰਜ ਲੱਖ ਖਿਡਾਰੀ ਲੈਣਗੇ ਹਿੱਸਾ

ਸੰਗਰੂਰ: ਇੱਥੋਂ ਦੇ ਵਾਰ ਹੀਰੋਜ਼ ਸਟੇਡੀਅਮ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੇਸ਼ ਭਰ ਵਿਚੋਂ ਆਪਣੀ ਤਰ੍ਹਾਂ ਦੇ ਸਭ ਤੋਂ ਵੱਡੇ ਖੇਡ ਮੁਕਾਬਲਿਆਂ ਵਿਚੋਂ ਇਕ ‘ਖੇਡਾਂ ਵਤਨ ਪੰਜਾਬ ਦੀਆਂ` ਦੇ ਤੀਜੇ ਐਡੀਸ਼ਨ ਦੀ ਸ਼ਾਨਦਾਰ ਸ਼ੁਰੂਆਤ ਕੀਤੀ।

ਮੁੱਖ ਮੰਤਰੀ ਨੇ ਵੱਖ-ਵੱਖ ਜ਼ਿਲਿ੍ਹਆਂ ਤੋਂ ਭਾਗ ਲੈਣ ਵਾਲੇ ਖੇਡ ਦਲਾਂ ਦੇ ਮਾਰਚ ਪਾਸਟ ਤੋਂ ਸਲਾਮੀ ਲਈ। ਖੇਡ ਮੇਲੇ ਦੇ ਉਦਘਾਟਨ ਦਾ ਰਸਮੀ ਐਲਾਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਹ ਬਹੁਤ ਹੀ ਮਾਣ ਅਤੇ ਸੰਤੁਸ਼ਟੀ ਵਾਲੀ ਗੱਲ ਹੈ ਕਿ ਅੱਜ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਵਸ ਦੀ ਯਾਦ ਵਿਚ ਮਨਾਏ ਜਾਂਦੇ ਕੌਮੀ ਖੇਡ ਦਿਵਸ ਮੌਕੇ ਇਸ ਵੱਕਾਰੀ ਖੇਡ ਮੁਕਾਬਲੇ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ 37 ਖੇਡਾਂ ਦੇ ਨੌਂ ਉਮਰ ਵਰਗਾਂ ਵਿਚ ਪੰਜ ਲੱਖ ਦੇ ਕਰੀਬ ਖਿਡਾਰੀ ਤਗ਼ਮਿਆਂ ਦੀ ਦੌੜ ਵਿਚ ਹਿੱਸਾ ਲੈਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਜੇਤੂਆਂ ਨੂੰ ਨੌਂ ਕਰੋੜ ਰੁਪਏ ਤੋਂ ਵੱਧ ਦੇ ਨਕਦ ਇਨਾਮ ਵੰਡੇ ਜਾਣਗੇ। ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ‘ਖੇਡਾਂ ਵਤਨ ਪੰਜਾਬ ਦੀਆਂ` ਵਿਚ ਪੈਰਾ ਵਰਗ ਵਿਚ ਅਥਲੈਟਿਕਸ, ਬੈਡਮਿੰਟਨ ਅਤੇ ਪਾਵਰਲਿਫਟਿੰਗ ਵਰਗੀਆਂ ਖੇਡਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਖੇਡਾਂ ਲਈ 30 ਕਰੋੜ ਰੁਪਏ
ਦਾ ਬਜਟ ਰੱਖਿਆ: ਮਾਨ
ਸੰਗਰੂਰ: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੇਤੂਆਂ ਨੂੰ ਨੌਂ ਕਰੋੜ ਰੁਪਏ ਤੋਂ ਵੱਧ ਦੇ ਨਕਦ ਇਨਾਮ ਮਿਲਣਗੇ। ਪੰਜਾਬ ਵਿਚ ਖੇਡਾਂ ਨੂੰ ਹੁਲਾਰਾ ਦੇਣ ਲਈ ਸੂਬਾ ਸਰਕਾਰ ਨੇ ਇਸ ਵਿੱਤੀ ਵਰ੍ਹੇ ਦੌਰਾਨ ਖੇਡਾਂ ਵਤਨ ਪੰਜਾਬ ਦੀਆਂ ਲਈ 30 ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਇਸ ਮੌਕੇ ਉੱਘੇ ਪੰਜਾਬੀ ਗਾਇਕਾਂ ਗੁਰਦਾਸ ਮਾਨ, ਹਰਭਜਨ ਸ਼ੇਰਾ, ਅਸਮੀਤ ਸਹਿਰਾ, ਪਰੀ ਪੰਧੇਰ, ਬਸੰਤ ਕੌਰ, ਅਰਮਾਨ ਢਿੱਲੋਂ ਤੇ ਹੋਰ ਗਾਇਕਾਂ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ।