ਕਤਰ ਮਾਮਲਾ: ਧਾਮੀ ਵੱਲੋਂ ਦੋ ਪਾਵਨ ਸਰੂਪ ਪੁਲਿਸ ਕੋਲ ਹੋਣ ਦਾ ਦਾਅਵਾ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਾਅਵਾ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦੇ ਦੋਵੇਂ ਪਾਵਨ ਸਰੂਪ ਅਜੇ ਵੀ ਕਤਰ ਦੇ ਦੋਹਾ ਦੀ ਪੁਲਿਸ ਕੋਲ ਹੀ ਮੌਜੂਦ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਇਸ ਬਾਰੇ ਪੁਖ਼ਤਾ ਜਾਣਕਾਰੀ ਹਾਸਲ ਹੋਈ।

ਉਨ੍ਹਾਂ ਸਪੱਸ਼ਟ ਤੌਰ ‘ਤੇ ਕਿਹਾ ਕਿ ਦੋਹਾ ਵਿਚ ਦੋ ਧਿਰਾਂ ਪਾਸੋਂ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਪਾਵਨ ਸਰੂਪ ਪੁਲਿਸ ਨੇ ਆਪਣੇ ਕੋਲ ਰੱਖੇ ਸਨ, ਜਿਨ੍ਹਾਂ ਵਿਚੋਂ ਦੋ ਪਾਵਨ ਸਰੂਪ ਅਜੇ ਵੀ ਪੁਲਿਸ ਦੇ ਕੋਲ ਹੀ ਮੌਜੂਦ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਦਾ ਨੁਮਾਇੰਦਾ ਜਿਸ ਪਾਵਨ ਸਰੂਪ ਦੇ ਵਾਪਸ ਹੋਣ ਦੀ ਗੱਲ ਕਰ ਰਿਹਾ ਹੈ, ਉਹ ਤਾਂ ਕਈ ਮਹੀਨੇ ਪਹਿਲਾਂ ਹੀ ਉੱਥੋਂ ਦੇ ਸਬੰਧਤ ਸਿੱਖਾਂ ਨੇ ਪ੍ਰਾਪਤ ਕਰ ਲਿਆ ਸੀ ਜਦਕਿ ਦੋ ਹੋਰ ਪਾਵਨ ਸਰੂਪ ਅਜੇ ਵੀ ਦੋਹਾ ਪੁਲਿਸ ਕੋਲ ਹੀ ਮੌਜੂਦ ਹਨ। ਉਨ੍ਹਾਂ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਕਤਰ ਵਿਚ ਭਾਰਤ ਦੇ ਰਾਜਦੂਤ ਨੂੰ ਅਪੀਲ ਕੀਤੀ ਹੈ ਕਿ ਪਾਵਨ ਸਰੂਪਾਂ ਬਾਰੇ ਸਿੱਖ ਜਗਤ ਨੂੰ ਅਸਲ ਸਥਿਤੀ ਸਪਸ਼ਟ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਵੱਲੋਂ ਇਕ ਬਿਆਨ ਰਾਹੀਂ ਦੱਸਿਆ ਸੀ ਕਿ ਦੋਹਾ ਪੁਲਿਸ ਕੋਲੋਂ ਮੌਜੂਦ ਇਕ ਪਾਵਨ ਸਰੂਪ ਵਾਪਸ ਪ੍ਰਾਪਤ ਕਰ ਲਿਆ ਗਿਆ ਹੈ ਜਦਕਿ ਦੂਸਰੇ ਬਾਰੇ ਕਾਰਵਾਈ ਜਾਰੀ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਸਿੱਖ ਭਾਵਨਾਵਾਂ ਨਾਲ ਮਾਮਲੇ ਬਾਰੇ ਅਸਪਸ਼ਟ ਬਿਆਨਬਾਜ਼ੀ ਨਾ ਕਰੇ ਸਗੋਂ ਸੰਜੀਦਾ ਯਤਨ ਕਰਕੇ ਪਾਵਨ ਸਰੂਪ ਸਤਿਕਾਰ ਸਹਿਤ ਵਾਪਸ ਕਰਵਾਏ।