ਭਗਵੰਤ ਮਾਨ ਨੂੰ ਪੈਰਿਸ ਜਾਣ ਤੋਂ ਰੋਕਣ ਦਾ ਮਾਮਲਾ ਭਖਿਆ

ਚੰਡੀਗੜ੍ਹ: ‘ਆਪ` ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੈਰਿਸ ਜਾਣ ਤੋਂ ਰੋਕਣ ਉਤੇ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ ਹੈ। ‘ਆਪ` ਦੇ ਸੂਬਾ ਜਨਰਲ ਸਕੱਤਰ ਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੈਰਿਸ ਓਲੰਪਿਕ ਵਿਚ ਜਾਣ ਲਈ ਇਜਾਜ਼ਤ ਨਾ ਦੇ ਕੇ ਪੰਜਾਬ ਦੇ 3 ਕਰੋੜ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ।

ਉਨ੍ਹਾਂ ਕਿਹਾ ਕਿ ‘ਆਪ` ਆਗੂਆਂ ਨੂੰ ਕੌਮਾਂਤਰੀ ਪੱਧਰ `ਤੇ ਜਾਣ ਤੋਂ ਰੋਕਣਾ ਕੋਈ ਨਵੀਂ ਗੱਲ ਨਹੀਂ ਹੈ। ਇਸੇ ਦੌਰਾਨ ‘ਆਪ` ਦੇ ਸੀਨੀਅਰ ਆਗੂ ਤੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਭਾਜਪਾ ਸੁਰੱਖਿਆ ਦੇ ਨਾਂ `ਤੇ ਸਿਆਸਤ ਕਰ ਰਹੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੂੰ ਓਲੰਪਿਕ ਖੇਡਾਂ ਵਾਸਤੇ ਪੈਰਿਸ ਜਾਣ ਦੀ ਇਜਾਜ਼ਤ ਨਾ ਦੇਣ ‘ਤੇ ਆਮ ਆਦਮੀ ਪਾਰਟੀ ਦੇ ਐਕਸ ਐਂਪਲਾਈਜ਼ ਵਿੰਗ ਦੇ ਆਗੂਆਂ ਨੇ ਵੀ ਕੇਂਦਰ ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ‘ਆਪ‘ ਦੇ ਐਕਸ ਐਂਪਲਾਈਜ਼ ਵਿੰਗ ਦੇ ਸੂਬਾ ਮੀਤ ਪ੍ਰਧਾਨ ਗੁਰਮੇਲ ਸਿੰਘ ਸਿੱਧੂ ਨੇ ਕਿਹਾ ਕਿ ਪ੍ਰਵਾਨਗੀ ਨਾ ਦੇਣਾ ਕੇਂਦਰ ਸਰਕਾਰ ਦਾ ਇਹ ਆਪਾ ਵਿਰੋਧੀ ਕਦਮ ਹੈ ਕਿਉਂਕਿ ਮੁੱਖ ਮੰਤਰੀ ਦਾ ਪੈਰਿਸ ਜਾਣਾ ਇਸ ਗੱਲੋਂ ਵਿਸ਼ੇਸ਼ ਸੀ ਕਿ ਭਾਰਤੀ ਹਾਕੀ ਟੀਮ ਵਿਚ ਬਹੁ-ਗਿਣਤੀ ਖਿਡਾਰੀ ਪੰਜਾਬੀ ਹਨ।
ਦੱਸ ਦਈਏ ਕਿ ਕੇਂਦਰੀ ਵਿਦੇਸ਼ ਮੰਤਰਾਲੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੇ ਦਸ ਮੈਂਬਰੀ ਵਫ਼ਦ ਨੂੰ ਪੈਰਿਸ ਓਲੰਪਿਕ ਵਿਚ ਸ਼ਾਮਲ ਭਾਰਤੀ ਖਿਡਾਰੀਆਂ ਲਈ ਉਲੀਕੇ ‘ਹੌਸਲਾ ਵਧਾਊ ਦੌਰੇ` ਨੂੰ ਰਾਜਸੀ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਦਿੱਤਾ। ਦਸ ਮੈਂਬਰੀ ਵਫ਼ਦ ਨੇ 3 ਅਗਸਤ ਤੋਂ 9 ਅਗਸਤ ਤੱਕ ਫਰਾਂਸ ਦਾ ਦੌਰਾ ਕਰਨਾ ਸੀ। ਪੈਰਿਸ ਓਲੰਪਿਕ ਵਿਚ ਖੇਡ ਰਹੀ ਭਾਰਤੀ ਹਾਕੀ ਟੀਮ ਦੇ ਕੁੱਲ 19 (ਸਮੇਤ ਤਿੰਨ ਰਾਖਵੇਂ ਖਿਡਾਰੀ) ਖਿਡਾਰੀਆਂ `ਚੋਂ ਦਸ ਪੰਜਾਬੀ ਹਨ। ਹਾਕੀ ਟੀਮ ਦੀ ਕਪਤਾਨੀ ਅਤੇ ਉਪ ਕਪਤਾਨੀ ਵੀ ਪੰਜਾਬ ਦੇ ਖਿਡਾਰੀਆਂ ਕੋਲ ਹੈ। ਭਗਵੰਤ ਮਾਨ ਅਜਿਹੇ ਤੀਜੇ ‘ਆਪ` ਆਗੂ ਹਨ ਜਿਨ੍ਹਾਂ ਨੂੰ ਕੇਂਦਰ ਨੇ ਵਿਦੇਸ਼ ਦੌਰੇ `ਤੇ ਜਾਣ ਤੋਂ ਰੋਕਿਆ ਹੈ। ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੂੰ ਸਿੰਗਾਪੁਰ ਦੌਰੇ ਲਈ ਅਤੇ ਗੋਪਾਲ ਰਾਏ ਨੂੰ ਵਿਦੇਸ਼ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਸੀ।
ਪ੍ਰਧਾਨ ਮੰਤਰੀ ਇਕੱਲੇ ਹੀ ਵਿਦੇਸ਼ ਜਾਣਾ ਚਾਹੁੰਦੇ ਨੇ: ਭਗਵੰਤ ਮਾਨ
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਉਹ ਆਪਣੇ ਨਿੱਜੀ ਖਰਚੇ ‘ਤੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਨ ਵਾਸਤੇ ਪੈਰਿਸ ਜਾਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਇਕੱਲੇ ਹੀ ਵਿਦੇਸ਼ ਜਾਣਾ ਚਾਹੁੰਦੇ ਹਨ ਤੇ ਪ੍ਰਧਾਨ ਮੰਤਰੀ ਨਹੀਂ ਚਾਹੁੰਦੇ ਕਿ ਕੌਮਾਂਤਰੀ ਮੰਚ ‘ਤੇ ਕੋਈ ਦੂਜਾ ਵਿਅਕਤੀ ਦੇਸ਼ ਦੀ ਨੁਮਾਇੰਦਗੀ ਕਰੇ। ਮਾਨ ਨੇ ਕਿਹਾ ਕਿ ਉਨ੍ਹਾਂ ਕੋਲ ਡਿਪਲੋਮੈਟਿਕ ਪਾਸਪੋਰਟ ਹੈ ਪਰ ਫਿਰ ਵੀ ਉਨ੍ਹਾਂ ਨੂੰ ਇਨਕਾਰ ਕੀਤਾ ਗਿਆ ਹੈ।