ਬਾਇਡਨ ਵੱਲੋਂ ਰਾਸ਼ਟਰਪਤੀ ਚੋਣ ਨਾ ਲੜਨ ਦਾ ਐਲਾਨ

ਨਿਊ ਯਾਰਕ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਐਲਾਨ ਕੀਤਾ ਹੈ ਕਿ ਉਹ ਆਉਣ ਵਾਲੀ ਰਾਸ਼ਟਰਪਤੀ ਚੋਣ ਨਹੀਂ ਲੜਨਗੇ। ਇਹ ਐਲਾਨ ਉਨ੍ਹਾਂ ਐਕਸ ‘ਤੇ ਪੱਤਰ ਜਾਰੀ ਕਰਕੇ ਕੀਤਾ। ਉਨ੍ਹਾਂ ਕਿਹਾ ਕਿ ਇਹ ਦੇਸ਼ ਵਾਸੀਆਂ ਦੇ ਹਿੱਤ ਵਿਚ ਹੈ। ਉਨ੍ਹਾਂ ਕਮਲਾ ਹੈਰਿਸ ਦੀ ਉਮੀਦਵਾਰੀ ਨੂੰ ਸਮਰਥਨ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਵੇਲਾ ਡੋਨਲਡ ਟਰੰਪ ਨੂੰ ਹਰਾਉਣ ਦਾ ਹੈ।

ਉਨ੍ਹਾਂ ਕਿਹਾ ਕਿ ਉਹ ਆਪਣੇ ਫੈਸਲੇ ਬਾਰੇ ਦੇਸ਼ ਦੇ ਲੋਕਾਂ ਨਾਲ ਅਗਲੇ ਹਫ਼ਤੇ ਗੱਲਬਾਤ ਕਰਨਗੇ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਚੋਣ ਮੈਦਾਨ ਵਿਚੋਂ ਹਟਣ ਅਤੇ ਡੈਮੋਕ੍ਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਲਈ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਨਾਮ ਦਾ ਸਮਰਥਨ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ` ਉੱਤੇ ਬਾਇਡਨ ਦੀ ਪ੍ਰਚਾਰ ਮੁਹਿੰਮ ਟੀਮ ਦੇ ਅਕਾਊਂਟ ਦਾ ਨਾਮ ਬਦਲ ਕੇ ‘ਕਮਲਾ ਐੱਚਕਿਊ` (ਕਮਲਾ ਹੈੱਡਕੁਆਰਟਰ) ਕਰ ਦਿੱਤਾ ਗਿਆ ਹੈ। ਬਾਇਡਨ ਦੇ ਐਲਾਨ ਤੋਂ ਤੁਰਤ ਬਾਅਦ ਐਕਸ `ਤੇ ‘ਬਾਇਡਨ ਐੱਚਕਿਊ` ਅਕਾਊਂਟ ਦਾ ਨਾਮ ਬਦਲ ਕੇ ‘ਕਮਲਾ ਐੱਚਕਿਊ` ਕਰ ਦਿੱਤਾ ਗਿਆ।
ਲੋਕਤੰਤਰ ਵਾਸਤੇ ਗੋਲੀ ਖਾਧੀ: ਟਰੰਪ
ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਪੈਨਸਿਲਵੇਨੀਆ ਵਿਚ ਇਕ ਪ੍ਰੋਗਰਾਮ ਦੌਰਾਨ ਹੋਏ ਕਾਤਲਾਨਾ ਹਮਲੇ ਵਿਚ ਵਾਲ-ਵਾਲ ਬਚਣ ਤੋਂ ਬਾਅਦ ਆਪਣੀ ਪਹਿਲੀ ਚੋਣ ਪ੍ਰਚਾਰ ਰੈਲੀ ‘ਚ ਆਲੋਚਕਾਂ ਦੀਆਂ ਚਿੰਤਾਵਾਂ ਨੂੰ ਖਾਰਜ ਕੀਤਾ ਕਿ ਉਹ ਲੋਕਤੰਤਰ ਲਈ ਖ਼ਤਰਾ ਹਨ ਅਤੇ ਕਿਹਾ ਕਿ ਉਨ੍ਹਾਂ ਨੇ ‘ਲੋਕਤੰਤਰ ਲਈ ਗੋਲੀ ਖਾਧੀ‘ ਹੈ। ਰੈਲੀ ‘ਚ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਟਰੰਪ ਦੇ ਨਾਲ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੇਡੀ ਵਾਂਸ ਵੀ ਮੌਜੂਦ ਸਨ।