ਦਿਲਜੀਤ ਦੇ ਸ਼ੋਅ `ਚ ਪੁੱਜੇ ਟਰੂਡੋ, ‘ਪੰਜਾਬੀ ਆ ਗਏ ਓਏ’ ਦੇ ਨਾਅਰੇ ਲਾਏ

ਨਵੀਂ ਦਿੱਲੀ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਟੋਰਾਂਟੋ ਦੇ ਰੋਜਰਜ਼ ਸੈਂਟਰ ਵਿਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਸੰਗੀਤ ਸਮਾਗਮ ਤੋਂ ਪਹਿਲਾਂ ਅਚਾਨਕ ਉਨ੍ਹਾਂ ਨੂੰ ਮਿਲਣ ਪਹੁੰਚੇ। ਦੋਸਾਂਝ ਨੇ ਟਰੂਡੋ ਦੀ ਫੇਰੀ ਦੀ ਵੀਡੀਓ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਹੈ, ਜਿਸ ‘ਚ ਉਹ ਅਤੇ ਟਰੂਡੋ ਹੱਥ ਜੋੜ ਕੇ ਇਕ-ਦੂਜੇ ਨੂੰ ਬੁਲਾਉਂਦੇ ਨਜ਼ਰ ਆ ਰਹੇ ਹਨ।

ਵੀਡੀਓ ਵਿਚ ਦੋਵਾਂ ਨੂੰ ਜੱਫੀ ਪਾਉਂਦੇ ਵੀ ਦੇਖਿਆ ਜਾ ਸਕਦਾ ਹੈ। ਟਰੂਡੋ ਨੇ ਗਾਇਕ ਦੀ ਟੀਮ ਨਾਲ ਫੋਟੋਆਂ ਵੀ ਖਿਚਵਾਈਆਂ। ਇਸ ਦੌਰਾਨ ਟੀਮ ਨੇ ‘ਜਸਟਿਨ, ਜਸਟਿਨ` ਦੇ ਨਾਅਰੇ ਲਗਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਦਿਲਜੀਤ ਵੱਲੋਂ ਵਾਰ-ਵਾਰ ਕਹੀ ਜਾਣ ਵਾਲੀ ਲਾਈਨ ‘ਪੰਜਾਬੀ ਆ ਗਏ ਓਏ` ਵੀ ਦੁਹਰਾਈ। ਦੋਸਾਂਝ ਨੇ ਟਰੂਡੋ ਦੀ ਫੇਰੀ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਕਿਹਾ, ‘‘ਵੰਨ-ਸੁਵੰਨਤਾ ਕੈਨੇਡਾ ਦੀ ਖਾਸੀਅਤ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਤਿਹਾਸ ਰਚਦਾ ਦੇਖਣ ਪਹੁੰਚੇ।“ ਉਸ ਨੇ ਕਿਹਾ, ‘‘ਮੈਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਮਿਲੇ ਸਨਮਾਨ ਲਈ ਬਹੁਤ ਧੰਨਵਾਦੀ ਹਾਂ, ਇੱਥੋਂ ਦੇ ਭਾਈਚਾਰੇ ਵੱਲੋਂ ਮਿਲਿਆ ਪਿਆਰ ਸਚਮੁੱਚ ਦਿਲ ਨੂੰ ਛੂਹਣ ਵਾਲਾ ਹੈ। ਇਹ ਟੂਰ ਸਾਡੀ ਸੱਭਿਆਚਾਰਕ ਵਿਰਾਸਤ ਦਾ ਜਸ਼ਨ ਹੈ ਅਤੇ ਮੈਂ ਸੰਗੀਤ ਰਾਹੀਂ ਲੋਕਾਂ ਨੂੰ ਇਕੱਠੇ ਕਰਨ ਦੇ ਮਿਲੇ ਇਸ ਮੌਕੇ ਲਈ ਸਭ ਦਾ ਧੰਨਵਾਦੀ ਹਾਂ।“ ਟਰੂਡੋ ਨੇ ਵੀ ਇੰਸਟਾਗ੍ਰਾਮ `ਤੇ ਦਿਲਜੀਤ ਨਾਲ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ।