ਵਰਿਆਮ ਸਿੰਘ ਸੰਧੂ
ਫੋਨ: 647-535-1539
“ਅਸਲ ਕੀਮਤ ਜ਼ਬਾਨ ਦੀ ਹੁੰਦੀ ਹੈ। ਤੂੰ ਮੇਰੀ ਕੀਮਤ ਥੋੜ੍ਹੀ ਪਾਈ ਸੀ।”
‘ਸਿੱਖ ਰਾਜ ਕਵੇਂ ਗਿਆ?’ ਸੋਹਣ ਸਿੰਘ ਸੀਤਲ ਦੀ ਬਹੁਤ ਮਹੱਤਵਪੂਰਨ ਤੇ ਹਰਮਨਪਿਆਰੀ ਕਿਤਾਬ ਹੈ। ਕਿਤਾਬ ਛਪਣ ਤੋਂ ਵੀ ਪਹਿਲਾਂ ਉਹ ਸਟੇਜਾਂ ਉੱਤੇ ਇਹ ਪ੍ਰਸੰਗ ਸੁਣਾਉਂਦੇ ਰਹੇ ਸਨ। ਜਦੋਂ ਸਟੇਜਾਂ ’ਤੇ ਜਾਂਦੇ ਤਾਂ ਲੋਕ ਕਹਿੰਦੇ ਕਿ ਜਿਹੜੇ ਪੁਰਬ ’ਤੇ ਬੁਲਾਇਆ ਏ, ਉਹਦੀ ਇੱਕ ਅੱਧੀ ਪੌੜੀ ਕਹਿ ਦਿਉ। ਸੁਣਨਾ ਅਸੀਂ ਸਿੱਖ ਰਾਜ ਹੀ ਹੈ।
ਲੋਕ ਸੁਣਦੇ ਤਾਂ ਉਨ੍ਹਾਂ ਦੇ ਅੱਥਰੂ ਠੱਲ੍ਹੇ ਨਾ ਜਾਂਦੇ। ਇਹ ਕਿਤਾਬ 1944 ਵਿਚ ਛਪ ਗਈ। ਇਸ ਪੁਸਤਕ ’ਤੇ ਉਹਨੇ ਬਹੁਤ ਹੀ ਮਿਹਨਤ ਕੀਤੀ। ਇਹ ਕਿਤਾਬ ਉਸ ਦੇ ਅਧਿਐਨ ਅਤੇ ਖੋਜ ਦੀ ਵਧੀਆ ਗਵਾਹੀ ਹੈ।
ਸੀਤਲ ਦਾ ਮੰਨਣਾ ਸੀ ਕਿ ‘ਸਿਖ ਰਾਜ ਕਿਵੇਂ ਗਿਆ?’ ਨੇ ਮੈਨੂੰ ਬਹੁਤ ਕੁੱਝ ਦਿੱਤਾ ਹੈ। ਮਾਣ ਤੇ ਵਡਿਆਈ ਵੀ ਅਤੇ ਪੈਸਾ ਵੀ। ਸੱਤਰ ਹਜ਼ਾਰ ਤੋਂ ਉਪਰ ਇਹ ਵਿਕ ਚੁੱਕੀ ਹੈ। ਉਦੋਂ ਕੀਮਤ ਚਾਰ ਰੁਪਏ ਸੀ, ਹੁਣ ਪੰਜਾਹ ਰੁਪਏ ਹੈ ਪਰ ਚਾਰ ’ਚੋਂ ਪੰਜਾਹ ਨਾਲੋਂ ਜ਼ਿਆਦਾ ਬਚਦਾ ਸੀ। (ਇਹ 1986 ਸੰਨ ਦੀ ਗੱਲ ਹੈ। ਉਸਤੋਂ ਬਾਅਦ ਪਤਾ ਨਹੀਂ ਇਸ ਦੀਆਂ ਕਿੰਨੀਆਂ ਐਡੀਸ਼ਨਾਂ ਛਪੀਆਂ, ਇਸਦਾ ਲੇਖਾ ਨਹੀਂ।)
ਉਹ ਜਿੱਥੇ ਵੀ ਦੀਵਾਨ ’ਤੇ ਜਾਂਦੇ, ਆਪਣੀਆਂ ਕਿਤਾਬਾਂ ਨਾਲ ਲੈ ਕੇ ਜਾਂਦੇ ਸਨ। ਦੀਵਾਨ ਤੋਂ ਬਾਅਦ ਲੋਕ ਉਨ੍ਹਾਂ ਕੋਲੋਂ ਕਿਤਾਬਾਂ ਖ਼ਰੀਦ ਲੈਂਦੇ ਸਨ। ਇਸ ਕਰ ਕੇ ਇਸ ਕਿਤਾਬ ਦੀ ਇੱਕ ਸਾਲ ਵਿਚ ਹੀ ਸਾਰੀ ਐਡੀਸ਼ਨ ਵਿਕ ਗਈ। ਦੂਜੀ ਐਡੀਸ਼ਨ ਛਪੀ ਤਾਂ ਇੱਕ ਦਿਨ ‘ਲਾਹੌਰ ਬੁੱਕ ਸ਼ਾਪ’ ਵਾਲਾ ਜੀਵਨ ਸਿੰਘ ਬਾਜ਼ਾਰ ਵਿਚ ਮਿਲ ਪਿਆ, ਕਹਿੰਦਾ, “ਤੂੰ ਸਾਰਾ ਐਡੀਸ਼ਨ ਮੈਨੂੰ ਦੇ ਦੇ। ਪੈਸੇ ਨਕਦ ਲੈ ਲੈ। ਤੇ ਕਿਤਾਬ ਵੇਚਣ ਦੇ ਫ਼ਿਕਰ ਤੋਂ ਮੁਕਤ ਹੋ ਕੇ ਅੱਗੇ ਹੋਰ ਕੰਮ ਕਰ॥”
ਕਿਤਾਬ ਦੀ ਪੂਰੀ ਐਡੀਸ਼ਨ ਵਿਕ ਰਹੀ ਸੀ। ਹੋਰ ਕੀ ਚਾਹੀਦਾ ਸੀ! ਸੀਤਲ ਮੰਨ ਗਿਆ। ਬਾਈ ਸੌ ਰੁਪਏ ਵਿਚ ਸੌਦਾ ਹੋ ਗਿਆ। ਜੀਵਨ ਸਿੰਘ ਨੇ ਕਿਹਾ ਕਿ ਉਹ ਇਕਰਾਰ ਤੋਂ ਪੰਜਵੇਂ ਦਿਨ ਅੰਮ੍ਰਿਤਸਰ ਦੇ ਬਜ਼ਾਰ ਮਾਈ ਸੇਵਾ ਵਿਚ ਬਾਰਾਂ ਵਜੇ ਨੂੰ ਆਵੇਗਾ ਤੇ ਮੈਂ ਓਥੇ ਉਹਨੂੰ ਮਿਲ ਕੇ ਪੈਸੇ ਲੈ ਲਵਾਂ। ਇਕਰਾਰ ਵਾਲੇ ਦਿਨ ਮੈਂ ਅੰਮ੍ਰਿਤਸਰ ਪੁੱਜ ਗਿਆ। ਉਹਨੇ ਸਭ ਨੂੰ ਦੱਸ ਦਿੱਤਾ ਸੀ ਕਿ ਕਿਤਾਬ ਲੈ ਲਈ ਹੈ।
ਸ੍ਰ. ਬਿਸ਼ਨ ਸਿੰਘ ਨੇ ਸੀਤਲ ਨੂੰ ਆਵਾਜ਼ ਮਾਰੀ। ਉਨ੍ਹਾਂ ਨੂੰ ਪਤਾ ਲੱਗ ਗਿਆ ਸੀ ਕਿ ਕਿਤਾਬ ਜੀਵਨ ਸਿੰਘ ਨੂੰ ਵੇਚ ਦਿੱਤੀ ਹੈ।
“ਜੀਵਨ ਸਿੰਘ ਨਾਲ ਸੌਦਾ ਹੋ ਗਿਐ?”
“ਹਾਂ ਹੋ ਗਿਐ”
“ਬਾਈ ਸੌ ਦਾ?”
“ਹਾਂ, ਬਾਈ ਸੌ ਦਾ।”
“ਕੋਈ ਲਿਖਤ ਪੜ੍ਹਤ?”
“ਨਾ, ਕੋਈ ਨਾ।”
“ਜੇ ਲਿਖਤ-ਪੜ੍ਹਤ ਨਹੀਂ ਹੋਈ ਤਾਂ ਮੇਰੇ ਤੋਂ ਹੁਣੇ ਸਤਾਈ ਸੌ ਨਕਦ ਲੈ ਤੇ ਕਿਤਾਬ ਮੈਨੂੰ ਦੇ ਦੇ, ਕਿਉਂਕਿ ਅਜੇ ਕੋਈ ਲਿਖਤੀ ਇਕਰਾਰ ਤਾਂ ਹੋਇਆ ਨਹੀਂ।”
ਸੀਤਲ ਨੇ ਹੱਸ ਕੇ ਆਖਿਆ, ‘‘ਮੇਰੀ ਕੀਮਤ ਬਹੁਤ ਘੱਟ ਪਾਈ ਊ। ਮੈਂ ਵਾਅਦਾ ਕਰ ਕੇ ਮੁਕਰਨਾ ਨਹੀਂ ਜਾਣਦਾ। ਅੱਜ ਸਾਰਾ ਦਿਨ ਸ. ਜੀਵਨ ਸਿੰਘ ਨੂੰ ਉਡੀਕਾਂਗਾ। ਨਾ ਆਏ ਤਾਂ ਭਲਕੇ ਮੈਂ ਆਜ਼ਾਦ ਹਾਂ। ਜੇ ਨਾ ਆਵੇਗਾ ਤਾਂ ਤੇਰੇ ਨਾਲ ਪੁੱਜਦਾ ਸੌਦਾ ਕਰ ਲਵਾਂਗਾ।”
ਬਾਰਾਂ ਵਜੇ ਦੇ ਕਰੀਬ ਜੀਵਨ ਸਿੰਘ ਆ ਗਿਆ। ਉਹਨੇ ਸੀਤਲ ਨੂੰ ਬਾਈ ਸੌ ਦਿੱਤੇ। ਉਹਨੇ ਦਫ਼ਤਰੀ ਨੂੰ ਚਿੱਟ ਲਿਖ ਕੇ ਦੇ ਦਿੱਤੀ ਕਿ ਇਹਨੂੰ ਮਾਲ ਚੁਕਾ ਦਿਉ।
ਫੇਰ ਸੀਤਲ ਨੇ ਜੀਵਨ ਸਿੰਘ ਨੂੰ ਕਿਹਾ, “ਇਹ ਤੇਰਾ ਗਾਹਕ ਬੈਠਾ ਈ ਏਸੇ ਕਿਤਾਬ ਦਾ।”
ਕਹਿੰਦਾ, “ਕੀ ਦਿੰਦਾ?”
ਮੈਂ ਕਿਹਾ, “ਆਪਸ ਵਿਚ ਗੱਲ ਕਰ ਲਉ।”
ਤਿੰਨ ਸੌ ਵੱਧ ਦੇ ਕੇ ਮੇਰੇ ਬੈਠਿਆਂ ਹੀ ਉਹਨੇ ਕਿਤਾਬ ਜੀਵਨ ਸਿੰਘ ਤੋਂ ਖ਼ਰੀਦ ਲਈ।
ਜੀਵਨ ਸਿੰਘ ਚਲਾ ਗਿਆ ਤਾਂ ਬਿਸ਼ਨ ਸਿੰਘ ਕਹਿੰਦਾ, “ਐਵੇਂ ਤਿੰਨ ਸੌ ਗਵਾ ਲਿਆ ਮੁਫ਼ਤ ਵਿਚ।”
ਸੀਤਲ ਨੇ ਕਿਹਾ, “ਅਸਲ ਕੀਮਤ ਜ਼ਬਾਨ ਦੀ ਹੁੰਦੀ ਹੈ। ਤੂੰ ਮੇਰੀ ਕੀਮਤ ਥੋੜ੍ਹੀ ਪਾਈ ਸੀ।”
ਵਿਧਾਤਾ ਸਿੰਘ ਤੀਰ ਮਾਈ ਸੇਵਾ ਦੇ ਕਿਤਾਬਾਂ ਵਾਲਿਆਂ ਬਾਰੇ ਕਿਹਾ ਕਰਦਾ ਸੀ। ਖੱਬੀ ਛਾਤੀ ’ਤੇ ਪਹਿਲਾਂ ਇੱਕ ਹੱਥ ਰੱਖੋ ਕਿ ਜਿਹੜੇ ਬਟੂਏ ਵਿਚ ਨੇ, ਕੱਢ ਨਾ ਲੈਣ। ਦੂਜਾ ਹੱਥ ਇਸ ਕਰ ਕੇ ਰੱਖੋ ਕਿ ਕਿਤੇ ਦਸਖ਼ਤ ਨਾ ਕਰ ਦਿਉ।
ਉਦੋਂ ਤੱਕ ਸੀਤਲ ਦੀਆਂ ਪੰਜ-ਸੱਤ ਕਿਤਾਬਾਂ ਛਪ ਚੁੱਕੀਆਂ ਸਨ, ਜਿਨ੍ਹਾਂ ਦੀ ਚੰਗੀ ਚਰਚਾ ਸੀ। ਕਿਤਾਬਾਂ ਵਿਕਦੀਆਂ ਸਨ। ਮਾਈ ਸੇਵਾ ਦੇ ਬਾਜ਼ਾਰ ਵਾਲੇ ਸਾਰੇ ਪ੍ਰਕਾਸ਼ਕ ਸਲਾਹ ਕਰ ਕੇ ਇੱਕ ਦੁਕਾਨ ’ਤੇ ਇਕੱਠੇ ਹੋਏ। ਸਾਰੇ ਆਪਣੀ ਆਪਣੀ ਥਾਂ ਕਿਤਾਬਾਂ ਛਾਪਣ ਦੇ ਹੱਕ ਮੰਗਣ। ਸੀਤਲ ਉਨ੍ਹਾਂ ਨੂੰ ਪੂਰੇ ਹੱਕ ਦੇਣੇ ਮੰਨੇ ਨਾ। ਉਹ ਕਹਿੰਦੇ, “ਤੇਰਾ ਬਾਈਕਾਟ ਕਰ ਦਿਆਂਗੇ।”
ਸੀਤਲ ਦੁਕਾਨ ਤੋਂ ਉੱਤਰ ਆਇਆ ਤੇ ਕਿਹਾ, “ਤੁਸੀਂ ਵੀ ਸਿੱਖ ਤੇ ਮੈਂ ਵੀ ਸਿੱਖ ਤੇ ਜੱਟ ਵਾਧੂ ਦਾ। ਤੁਸੀਂ ਬਾਈਕਾਟ ਕਰੋਗੇ ਤਾਂ ਮੈਂ ਤੇਈਕਾਟ ਕਰ ਦਿਆਂਗਾ। ਅੱਗੇ ਤੁਹਾਨੂੰ ਮਹੀਨੇ ਲਈ ਕਿਤਾਬਾਂ ਉਧਾਰ ਦੇ ਦੇਂਦਾ ਸਾਂ। ਹੁਣ ਉਧਾਰ ਵੀ ਨਹੀਂ ਦਿਆਂਗਾ।”
ਕੁੱਝ ਛੋਟੇ ਦੁਕਾਨਦਾਰ ਵੀ ਸਨ। ਰਾਤ ਨੂੰ ਗੱਡੀ ਲੇਟ ਮਿਲਣ ਕਾਰਨ ਰਾਤ ਸਰਾਂ ਵਿਚ ਰਹਿਣਾ ਪੈਂਦਾ ਸੀ। ਉਹ ਰਾਤ ਨੂੰ ਸੀਤਲ ਕੋਲ ਆਏ। ਕਹਿੰਦੇ, “ਸਰਦਾਰ ਜੀ, ਸਾਡਾ ਉਨ੍ਹਾਂ ਨਾਲ ਕੋਈ ਵਾਸਤਾ ਨਹੀਂ। ਸਾਨੂੰ ਮਹੀਨੇ ਦਾ ਉਧਾਰ ਦੇਣਾ ਬੰਦ ਨਾ ਕਰੋ। ਜਦੋਂ ਆਉਣਾ ਹੋਵੇ ਕਿਸੇ ਇੱਕ ਨੂੰ ਖ਼ਤ ਲਿਖ ਦਿਉ। ਸਭ ਦੇ ਪੈਸੇ ਉਸੇ ਕੋਲੋਂ ਮਿਲ ਜਾਣਗੇ।”
ਸੰਤਾਲੀ ਵਿਚ ਉੱਜੜ ਕੇ ਆਏ ਤਾਂ ਪੈਸੇ ਦੀ ਤੰਗੀ ਸੀ। ਸੀਤਲ ਅੰਮ੍ਰਿਤਸਰ ਗਿਆ ਤੇ ਉਥੇ ਬਿਸ਼ਨ ਸਿੰਘ ਨੂੰ ਕਿਹਾ, “ਪੰਜ ਹਜ਼ਾਰ ਰੁਪੈਆ ਚਾਹੀਦਾ। ਆਪਣੀ ਪ੍ਰੈੱਸ ਲਾਉਣੀ ਹੈ। ਕੁੱਝ ਸਰਕਾਰ ਤੋਂ ਉਧਾਰ ਲੈਣਾ। ਕਿਤਾਬਾਂ ਛਾਪ ਕੇ ਪੰਜ ਹਜ਼ਾਰ ਮੋੜਾਂਗਾ।”
ਸ੍ਰ. ਬਿਸ਼ਨ ਸਿੰਘ ਨੇ ਉਸਨੂੰ ਪੰਜ ਹਜ਼ਾਰ ਰੁਪਏ ਫੜਾਏ ਤਾਂ ਸੀਤਲ ਨੇ ਕਿਹਾ, ‘‘ਰਸੀਦ ਲੈ ਲਵੋ”
ਉਹ ਕਹਿਣ ਲੱਗਾ, ‘‘ਰਸੀਦ! ਤੇ ਤੁਹਾਡੇ ਕੋਲੋਂ?’’
ਸੀਤਲ ਨੇ ਮੁਸਕਰਾ ਕੇ ਕਿਹਾ, ‘‘ਸ. ਬਿਸ਼ਨ ਸਿੰਘ! ਇਹ ਜੇ ਉਸ ਤਿੰਨ ਸੌ ਰੁਪਏ ਦਾ ਮੁੱਲ…ਜਿਸ ਕਰਕੇ ਅੱਜ ਤੁਸੀਂ ਮੈਨੂੰ ਬਿਨਾਂ ਰਸੀਦ ਤੋਂ ਪੰਜ ਹਜ਼ਾਰ ਦੇ ਰਹੇ ਹੋ। ਜਿਸ ਆਦਮੀ ਦੀ ਜ਼ੁਬਾਨ ਨਹੀਂ ਉਸ ਦਾ ਕੁੱਝ ਵੀ ਨਹੀਂ…।’’
** ‘ਵੇਖਿਆ, ਜਾਣਿਆ-ਸੋਹਣ ਸਿੰਘ ਸੀਤਲ’ ਵਿਚੋਂ