ਸ਼੍ਰੋਮਣੀ ਕਮੇਟੀ ਵੱਲੋਂ 1955 ਦੇ ਹਮਲੇ ਦੀ ਯਾਦ ਵਿਚ ਸਮਾਗਮ

ਅੰਮ੍ਰਿਤਸਰ: ਪੰਜਾਬੀ ਸੂਬਾ ਮੋਰਚੇ ਦੇ ਦੌਰਾਨ ਸਮੇਂ ਦੀ ਸਰਕਾਰ ਵੱਲੋਂ 4 ਜੁਲਾਈ 1955 ਨੂੰ ਸ੍ਰੀ ਹਰਿਮੰਦਰ ਸਾਹਿਬ ਉਤੇ ਕੀਤੇ ਗਏ ਹਮਲੇ ਦੀ ਯਾਦ ਵਿਚ ਸ਼੍ਰੋਮਣੀ ਕਮੇਟੀ ਨੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤਿ ਸਮਾਗਮ ਕਰਵਾਇਆ।

ਇਸ ਸਬੰਧੀ ਰੱਖੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਹਜ਼ੂਰੀ ਰਾਗੀ ਜਥੇ ਨੇ ਗੁਰਬਾਣੀ ਦਾ ਕੀਰਤਨ ਕੀਤਾ। ਸੰਗਤ ਨੂੰ ਸੰਬੋਧਨ ਕਰਦਿਆਂ ਕਥਾਵਾਚਕ ਭਾਈ ਵਿਸ਼ਾਲ ਸਿੰਘ ਨੇ ਕਿਹਾ ਕਿ ਸਮੇਂ-ਸਮੇਂ ਦੇ ਹਾਕਮਾਂ ਨੇ ਸਿੱਖਾਂ ਦੇ ਕੇਂਦਰੀ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ‘ਤੇ ਹਮਲੇ ਕਰ ਕੇ ਸਿੱਖ ਕੌਮ ਨੂੰ ਕਮਜ਼ੋਰ ਕਰਨ ਦੇ ਯਤਨ ਕੀਤੇ ਹਨ। ਪੰਜਾਬੀ ਸੂਬਾ ਮੋਰਚੇ ਦੌਰਾਨ ਵੀ ਸਿੱਖਾਂ ਦੀ ਆਵਾਜ਼ ਨੂੰ ਦਬਾਉਣ ਲਈ ਉਸ ਸਮੇਂ ਦੀ ਕਾਂਗਰਸ ਸਰਕਾਰ ਨੇ 4 ਜੁਲਾਈ 1955 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਤੇ ਹਮਲਾ ਕੀਤਾ ਸੀ, ਜੋ ਸਰਕਾਰ ਦੀ ਧੱਕੇਸ਼ਾਹੀ ਦਾ ਪ੍ਰਤੱਖ ਪ੍ਰਗਟਾਵਾ ਸੀ। ਉਨ੍ਹਾਂ ਕਿਹਾ ਕਿ ਆਪਣੇ ਗੁਰਧਾਮਾਂ ਦੀ ਰਾਖੀ ਲਈ ਸ਼ਹਾਦਤਾਂ ਦੇਣ ਵਾਲੇ ਕੌਮੀ ਯੋਧਿਆਂ ਨੂੰ ਕੌਮ ਹਮੇਸ਼ਾ ਯਾਦ ਰੱਖਦੀ ਹੈ। ਇਸ ਦੌਰਾਨ ਸਜਾਏ ਗਏ ਧਾਰਮਿਕ ਦੀਵਾਨ ਸਮੇਂ ਢਾਡੀ ਜਥਿਆਂ ਨੇ ਵੀ ਸੰਗਤਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਕੁਲਵਿੰਦਰ ਸਿੰਘ ਰਮਦਾਸ, ਸ੍ਰੀ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਭਗਵੰਤ ਸਿੰਘ ਧੰਗੇੜਾ, ਮੁੱਖ ਲੇਖਾਕਾਰ ਮਿਲਖਾ ਸਿੰਘ, ਮਲਕੀਤ ਸਿੰਘ ਬਹਿੜਵਾਲ, ਮੈਨੇਜਰ ਜਗਤਾਰ ਸਿੰਘ, ਵਧੀਕ ਮੈਨੇਜਰ ਬਿਕਰਮਜੀਤ ਸਿੰਘ ਝੰਗੀ, ਯੁਵਰਾਜ ਸਿੰਘ, ਮੀਤ ਮੈਨੇਜਰ ਲਾਲ ਸਿੰਘ, ਪ੍ਰਚਾਰਕ ਭਾਈ ਖਜਾਨ ਸਿੰਘ ਅਤੇ ਸੰਗਤਾਂ ਮੌਜੂਦ ਸਨ।
ਚਾਰ ਜੁਲਾਈ 1955 ਦੇ ਸਾਕੇ ਦੀ ਯਾਦ ਵਿਚ ਆਵਾਜ਼-ਏ-ਕੌਮ ਜੱਥੇਬੰਦੀ ਵਲੋਂ ਆਪਣੇ ਤੌਰ ਉਤੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਅਤੇ ਇਸ ਸਬੰਧੀ ਤਸਵੀਰਾਂ ਦੀ ਪ੍ਰਦਰਸ਼ਨੀ ਵੀ ਲਾਈ।
ਜੱਥੇਬੰਦੀਆਂ ਦੇ ਆਗੂਆਂ ਮਨਜੀਤ ਸਿੰਘ, ਨੋਬਲਜੀਤ ਸਿੰਘ ਬੁੱਲ੍ਹੋਵਾਲ, ਹਰਜਿੰਦਰ ਸਿੰਘ ਨਿਹੰਗ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ 4 ਜੁਲਾਈ 1955 ਦੇ ਸਾਕੇ ਨੂੰ ਹਰ ਸਿੱਖ ਅਤੇ ਪੰਜਾਬੀ ਦੀਆਂ ਯਾਦਾਂ ਵਿਚ ਤਰੋ-ਤਾਜ਼ਾ ਕਰਨ ਲਈ ਇਹ ਉਪਰਾਲਾ ਕੀਤਾ ਗਿਆ ਹੈ। ਇਹ ਸਾਕਾ ਅਕਾਲੀ ਦਲ ਅਤੇ ਐਸ.ਜੀ.ਪੀ.ਸੀ. ਵੱਲੋਂ ਵੱਡੇ ਪੱਧਰ ਉਤੇ ਮਨਾਇਆ ਜਾਣਾ ਚਾਹੀਦਾ ਸੀ ਪਰ ਇਨ੍ਹਾਂ ਪੰਜਾਬ ਅਤੇ ਪੰਥ ਦੇ ਮੁੱਦਿਆਂ ‘ਤੇ ਸੰਘਰਸ਼ ਕਰਨਾ ਛੱਡ ਦਿੱਤਾ ਹੈ। ਸਮਾਗਮ ਉਪਰੰਤ ਜੱਥੇਬੰਦੀ ਵੱਲੋਂ ਇਕ ਪ੍ਰਦਰਸ਼ਨੀ ਲਗਾਈ ਗਈ ਜਿਸ ਵਿਚ ਉਸ ਸਮੇਂ ਹੋਏ ਜਬਰ ਤੇ ਜ਼ੁਲਮ ਦੀਆਂ ਤਸਵੀਰਾਂ ਲਗਾਈਆਂ ਗਈਆਂ।