ਉਦਾਰਵਾਦੀ ਪੇਜ਼ੇਸ਼ਕੀਅਨ ਇਰਾਨ ਦੇ ਨਵੇਂ ਰਾਸ਼ਟਰਪਤੀ

ਦੁਬਈ: ਸੁਧਾਰਵਾਦੀ ਆਗੂ ਮਸੂਦ ਪੇਜ਼ੇਸ਼ਕੀਅਨ ਆਪਣੇ ਵਿਰੋਧੀ ਕੱਟੜਵਾਦੀ ਆਗੂ ਸਈਦ ਜਲੀਲੀ ਨੂੰ ਹਰਾ ਕੇ ਇਰਾਨ ਦੇ ਨਵੇਂ ਰਾਸ਼ਟਰਪਤੀ ਬਣ ਗਏ ਹਨ। ਪੇਜ਼ੇਸ਼ਕੀਅਨ ਨੇ ਆਰਥਿਕ ਪਾਬੰਦੀਆਂ ਦੇ ਵਿਚਕਾਰ ਇਰਾਨ ਦੇ ਪੱਛਮੀ ਮੁਲਕਾਂ ਨਾਲ ਸਬੰਧਾਂ ਨੂੰ ਸੁਧਾਰਨ ਅਤੇ ਦੇਸ਼ ਦੇ ਲਾਜ਼ਮੀ ਹਿਜਾਬ ਕਾਨੂੰਨ ਵਿਚ ਢਿੱਲ ਦੇਣ ਦਾ ਵਾਅਦਾ ਕੀਤਾ ਹੈ। ਪੇਸ਼ੇ ਵਜੋਂ ਦਿਲ ਦੇ ਰੋਗਾਂ ਦੇ ਸਰਜਨ ਪੇਜ਼ੇਸ਼ਕੀਅਨ ਨੇ ਆਪਣੀ ਪ੍ਰਚਾਰ ਮੁਹਿੰਮ ਦੌਰਾਨ ਇਰਾਨ ਦੀ ਸ਼ੀਆ ਸ਼ਾਸਨ ਪ੍ਰਣਾਲੀ ਵਿਚ ਕੋਈ ਬੁਨਿਆਦੀ ਤਬਦੀਲੀਆਂ ਨਾ ਕਰਨ ਦਾ ਵਾਅਦਾ ਕੀਤਾ ਸੀ ਅਤੇ ਕਿਹਾ ਸੀ ਕਿ ਉਹ ਦੇਸ਼ ਦੇ ਸਰਵਉੱਚ ਨੇਤਾ ਅਯਾਤੁੱਲਾ ਅਲੀ ਖਮੇਨੇਈ ਦੇ ਸਾਰੇ ਫ਼ੈਸਲਿਆਂ ਨੂੰ ਮੰਨੇਗਾ।

ਮਈ ‘ਚ ਇਬਰਾਹਿਮ ਰਈਸੀ ਦੇ ਹੈਲੀਕਾਪਟਰ ਹਾਦਸੇ ‘ਚ ਮਾਰੇ ਜਾਣ ਕਾਰਨ ਰਾਸ਼ਟਰਪਤੀ ਚੋਣ ਕਰਾਉਣੀ ਪਈ ਹੈ। ਪੇਜ਼ੇਸ਼ਕੀਅਨ ਅਤੇ ਜਲੀਲੀ ਵਿਚਕਾਰ ਸਿੱਧੇ ਮੁਕਾਬਲੇ ਲਈ ਵੋਟਾਂ ਪਈਆਂ ਸਨ। ਪੇਜ਼ੇਸ਼ਕੀਅਨ ਨੂੰ 1.63 ਕਰੋੜ ਵੋਟਾਂ ਨਾਲ ਜੇਤੂ ਐਲਾਨਿਆ ਗਿਆ ਜਦੋਂ ਕਿ ਜਲੀਲੀ ਨੂੰ 1.35 ਕਰੋੜ ਵੋਟਾਂ ਮਿਲੀਆਂ। ਇਰਾਨ ਦੇ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਕੁੱਲ ਤਿੰਨ ਕਰੋੜ ਲੋਕਾਂ ਨੇ ਆਪਣੀ ਵੋਟ ਦੀ ਵਰਤੋਂ ਕੀਤੀ ਸੀ। ਜਿਵੇਂ ਹੀ ਪੇਜ਼ੇਸ਼ਕੀਅਨ ਨੇ ਜਲੀਲੀ ‘ਤੇ ਆਪਣੀ ਲੀਡ ਬਣਾਈ ਤਾਂ ਉਸ ਦੇ ਸਮਰਥਕ ਜਸ਼ਨ ਮਨਾਉਣ ਲਈ ਤਹਿਰਾਨ ਅਤੇ ਹੋਰ ਸ਼ਹਿਰਾਂ ਵਿਚ ਸੜਕਾਂ ‘ਤੇ ਆ ਗਏ। ਇਹ ਚੋਣਾਂ ਅਜਿਹੇ ਸਮੇਂ ‘ਚ ਹੋਈਆਂ ਹਨ ਜਦੋਂ ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਕਾਰਨ ਪੱਛਮੀ ਏਸ਼ੀਆ ‘ਚ ਤਣਾਅ ਦਾ ਮਾਹੌਲ ਹੈ ਅਤੇ ਇਰਾਨ ਵੱਲੋਂ ਪਰਮਾਣੂ ਹਥਿਆਰ ਬਣਾਉਣ ਦੀਆਂ ਕੋਸ਼ਿਸ਼ਾਂ ਦਰਮਿਆਨ ਉਸ ਦੇ ਪੱਛਮੀ ਮੁਲਕਾਂ ਨਾਲ ਸਬੰਧ ਵਿਗੜੇ ਹੋਏ ਹਨ। ਪੇਜ਼ੇਸ਼ਕੀਅਨ ਨੇ ‘ਐਕਸ‘ ‘ਤੇ ਪਾਈ ਪੋਸਟ ‘ਚ ਲੋਕਾਂ ਤੋਂ ਸਹਿਯੋਗ ਮੰਗਿਆ ਹੈ। ਉਨ੍ਹਾਂ ਕਿਹਾ ਕਿ ਅੱਗੇ ਦਾ ਮੁਸ਼ਕਲ ਰਾਹ ਲੋਕਾਂ ਦੇ ਸਹਿਯੋਗ, ਸਮਰਥਨ ਅਤੇ ਵਿਸ਼ਵਾਸ ‘ਤੇ ਨਿਰਭਰ ਕਰੇਗਾ। ਉਨ੍ਹਾਂ ਅਹਿਦ ਲਿਆ ਕਿ ਉਹ ਇਰਾਨ ਦੇ ਲੋਕਾਂ ਨੂੰ ਇਕੱਲੇ ਨਹੀਂ ਛੱਡਣਗੇ।