ਪ੍ਰਿੰ. ਸਰਵਣ ਸਿੰਘ
ਕ੍ਰਿਸਟਿਆਨੋ ਰੋਨਾਲਡੋ ਦੀਆਂ ਕਿਆ ਬਾਤਾਂ! ਉਹ ਫੁੱਟਬਾਲ ਦਾ ਬਾਦਸ਼ਾਹ ਹੀ ਨਹੀਂ, ਸ਼ਹਿਨਸ਼ਾਹ ਹੈ। ਲੱਖਾਂ ਡਾਲਰਾਂ ਬਦਲੇ ਖੇਡਣ ਵਾਲਾ ਵਿਸ਼ਵ ਦਾ ਸਿਰਮੌਰ ਖਿਡਾਰੀ। ਉਸ ਨੂੰ ਫੁੱਟਬਾਲ ਦਾ ਅਫਲਾਤੂਨ ਕਿਹਾ ਜਾ ਸਕਦੈ। ਉਹ ਕਰੋੜਾਂ ਲੋਕਾਂ ਦਾ ਮਹਿਬੂਬ ਖਿਡਾਰੀ ਹੈ।
ਉਸ ਨੇ ਫੁੱਟਬਾਲ ਖੇਡ ਕੇ ਕਰੋੜਾਂ ਕੀ, ਅਰਬਾਂ ਡਾਲਰ ਕਮਾਏ ਹਨ। ਉਸ ਨੂੰ ਪੰਜ ਵਾਰ ਫੁੱਟਬਾਲ ਦਾ ਸਰਬੋਤਮ ਖਿਡਾਰੀ ਹੋਣ ਦਾ ਬੈਲਨ ਡੀਓਰ ਅਵਾਰਡ ਮਿਲ ਚੁੱਕੈ। ਕਦੇ ਉਹ ਮਾਨਚੈੱਸਟਰ ਯੂਨਾਈਟਿਡ ਕਲੱਬ ਦਾ ਮਾਣ ਸੀ, ਕਦੇ ਰੀਅਲ ਮੈਡਰਿਡ ਕਲੱਬ ਦਾ ਨਿਸ਼ਾਨ ਤੇ ਹੁਣ ਸਾਊਦੀ ਅਰਬ ਦੇ ਅਲ-ਨਾਸਰ ਕਲੱਬ ਦੀ ਸ਼ਾਨ ਹੈ। ਉਸ ਬਾਰੇ ਲੱਖਾਂ ਲਫ਼ਜ਼ ਲਿਖੇ ਗਏ ਤੇ ਵੀਹਾਂ ਵੀਡੀਓਜ਼ ਬਣਾਈਆਂ ਗਈਆਂ। ਇਹ ਸਤਰਾਂ ਲਿਖਣ ਵੇਲੇ ਉਸ ਦੀ ਉਮਰ 39 ਸਾਲਾਂ ਦੀ ਹੈ ਪਰ ਤਾਕਤ ਤੇ ਫੁਰਤੀ ਪੱਚੀਆਂ ਸਾਲਾਂ ਦੇ ਗਭਰੂ ਵਰਗੀ ਹੈ। ਉਸ ਨੇ 2023-24 `ਚ ਵਿਸ਼ਵ ਪ੍ਰਸਿੱਧ ਕਲੱਬਾਂ ਦੇ 70 ਲੀਗ ਮੈਚਾਂ ਵਿਚ 64 ਗੋਲ ਕੀਤੇ ਹਨ।
ਉਹ ਉਂਗਲਾਂ `ਤੇ ਗਿਣੇ ਜਾਣ ਵਾਲੇ ਵਿਸ਼ਵ ਦੇ ਮਹਾਨ ਪੇਸ਼ਾਵਰ ਫੁੱਟਬਾਲ ਖਿਡਾਰੀਆਂ `ਚੋਂ ਹੈ ਜਿਨ੍ਹਾਂ ਨੇ 1200 ਤੋਂ ਵੱਧ ਉੱਚ ਪੱਧਰੀ ਮੈਚ ਖੇਡੇ। ਉਸ ਨੇ ਕਲੱਬ ਲੀਗਾਂ ਤੇ ਮੁਲਕਾਂ ਵਿਚਾਲੇ ਹੋਏ ਮੈਚਾਂ ਵਿਚ 890 ਤੋਂ ਵੱਧ ਗੋਲ ਕੀਤੇ। ਉਹ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਮੰਨਿਆ ਜਾਂਦਾ ਹੈ। ਫੁੱਟਬਾਲ ਦੇ ਵਿਸ਼ਵ ਕੱਪਾਂ ਵਿਚ ਉਹ ਪੁਰਤਗਾਲ ਦੀ ਫੁੱਟਬਾਲ ਟੀਮ ਦਾ ਪੰਜ ਵਾਰ ਵਿਸ਼ੇਸ਼ ਖਿਡਾਰੀ ਹੋਣ ਦੇ ਨਾਲ ਇੰਗਲੈਂਡ ਦੇ ਮਾਨਚੈੱਸਟਰ ਯੂਨਾਈਟਿਡ ਫੁੱਟਬਾਲ ਕਲੱਬ ਅਤੇ ਸਪੇਨ ਦੇ ਰੀਅਲ ਮੈਡਰਿਡ ਕਲੱਬ ਦਾ ਵੀ ਚਹੇਤਾ ਖਿਡਾਰੀ ਰਿਹਾ। 2023 ਤੋਂ ਉਹ ਰਿਆਧ ਦੇ ਅਲ ਨਾਸਰ ਫੁੱਟਬਾਲ ਕਲੱਬ ਵੱਲੋਂ ਖੇਡ ਰਿਹੈ ਜਿਥੇ ਅਜੇ ਵੀ ਸਭ ਤੋਂ ਵੱਧ ਗੋਲ ਕਰ ਰਿਹੈ। ਉਸ ਦੀ ਸਾਲਾਨਾ ਕਮਾਈ 200 ਮਿਲੀਅਨ ਯੂਰੋ ਤੋਂ ਵਧੇਰੇ ਹੈ।
6 ਫੁੱਟ 2 ਇੰਚ ਲੰਮੇ 83 ਕਿਲੋ ਵਜ਼ਨੀ, ਸੁਡੌਲ ਜੁੱਸੇ ਤੇ ਤਿੱਖੇ ਨੈਣ ਨਕਸ਼ਾਂ ਵਾਲੇ ਫੁੱਟਬਾਲਰ ਦਾ ਪੂਰਾ ਨਾਂ ਹੈ, ਕ੍ਰਿਸਟਿਆਨੋ ਰੋਨਾਲਡੋ ਡੋਜ਼ ਸੰਤੋਜ਼ ਐਵੀਰੋ। ਉਸ ਦਾ ਜਨਮ 5 ਫਰਵਰੀ 1985 ਨੂੰ ਪੁਰਤਗਾਲ ਦੇ ਮਡੀਰਾ ਟਾਪੂ `ਤੇ ਫੰਚਲ `ਚ ਹੋਇਆ। ਜਿਸ ਟਾਪੂ `ਤੇ ਉਸ ਦਾ ਜਨਮ ਹੋਇਆ, ਉਥੋਂ ਦੇ ਹਵਾਈ ਅੱਡੇ ਦਾ ਨਾਂ 29 ਮਾਰਚ 2017 ਨੂੰ ‘ਕ੍ਰਿਸਟਿਆਨੋ ਰੋਨਾਲਡ ਇੰਟਰਨੈਸ਼ਨਲ ਏਅਰਪੋਰਟ’ ਰੱਖ ਕੇ ਉਹਦਾ ਸਟੈਚੂ ਸਥਾਪਿਤ ਕਰ ਦਿੱਤਾ ਗਿਆ ਤਾਂ ਕਿ ਭਵਿੱਖ ਦੀਆਂ ਨਸਲਾਂ ਰੋਨਾਲਡੋ ਨੂੰ ਯਾਦ ਰੱਖਣ।
ਉਸ ਦੀ ਜੀਵਨ ਕਹਾਣੀ ਡਿੱਗਿਆਂ ਢੱਠਿਆਂ ਨੂੰ ਉਤਸ਼ਾਹ ਦੇਣ ਵਾਲੀ ਪ੍ਰੇਰਨਾਮਈ ਗਾਥਾ ਹੈ। ਉਸ ਦਾ ਬਾਪ ਜੋਜ਼ ਅਵੀਰੋ ਡਿਨਿਸ਼ ਬਾਗ਼ਬਾਨ ਤੇ ਬਾਗ ਦੇ ਸਮਾਨ ਦਾ ਰਾਖਾ ਸੀ। ਮਾਂ ਮਾਰੀਆ ਡੋਲੋਰਸ ਡੋਜ਼ ਸੈਂਟੇਸ ਏਵੀਰੋ ਸਾਧਾਰਨ ਕੰਮਕਾਜੀ ਔਰਤ ਸੀ। ਬਾਪ ਖ਼ੁਦ ਫੁੱਟਬਾਲ ਖੇਡਣ ਤੇ ਫਿਲਮਾਂ ਵੇਖਣ ਦਾ ਸ਼ੌਂਕੀ ਸੀ। ਉਹ ਫਿਲਮ ਐਕਟਰ ਰੋਨਾਲਡ ਵਿਲਸਨ ਰੀਗਨ ਦਾ ਦੀਵਾਨਾ ਸੀ ਜੋ ਕ੍ਰਿਸਟਿਆਨੋ ਦੇ ਜਨਮ ਸਮੇਂ ਅਮਰੀਕਾ ਦਾ ਪ੍ਰਧਾਨ ਸੀ। ਪਿਉ ਨੇ ਆਪਣੇ ਪੁੱਤਰ ਦੇ ਨਾਂ ਨਾਲ ਆਪਣੇ ਚਹੇਤੇ ਐਕਟਰ ਰੋਨਾਲਡ ਦਾ ਨਾਂ ਵੀ ਜੋੜ ਦਿੱਤਾ ਜੋ ਰੋਨਾਲਡੋ ਵਜੋਂ ਮੂੰਹ ਚੜ੍ਹ ਗਿਆ। ਰੋਨਾਲਡੋ ਤੋਂ ਨੌਂ ਕੁ ਸਾਲ ਵੱਡੇ ਬ੍ਰਾਜ਼ੀਲ ਦੇ ਇਕ ਹੋਰ ਫੁੱਟਬਾਲਰ ਦਾ ਨਾਂ ਵੀ ਰੋਨਾਲਡੋ ਨਜ਼ਾਰੀਓ ਹੈ ਜਿਸ ਨੇ ਘਰੜ ਕੇ ਮੁੰਨੇ ਸਿਰ ਦਾ ਫੈਸ਼ਨ ਚਲਾਇਆ। ਕਲੱਬ ਲੀਗਾਂ ਵਿਚ ਉਹਦੀ ਵੀ ਗੁੱਡੀ ਚੜ੍ਹੀ ਰਹੀ। ਪੇਲੇ ਵਾਂਗ ਉਹ ਵੀ ਬ੍ਰਾਜ਼ੀਲ ਦੀ ਸ਼ਾਨ ਬਣਿਆ ਰਿਹਾ।
ਕ੍ਰਿਸਟਿਆਨੋ ਰੋਨਾਲਡੋ ਦਾ ਬਚਪਨ ਆਰਥਿਕ ਤੰਗੀਆਂ ਤੇ ਪ੍ਰੇਸ਼ਾਨੀਆਂ `ਚੋਂ ਲੰਘਿਆ। ਉਹ ਚਾਰ ਭੈਣ ਭਰਾ ਸਨ। ਉਸ ਦੇ ਮਾਪਿਆਂ ਦੀ ਕਮਾਈ ਸੀਮਤ ਸੀ ਜਿਸ ਨਾਲ ਵੱਡੇ ਪਰਿਵਾਰ ਦਾ ਗੁਜ਼ਾਰਾ ਮਸੀਂ ਚਲਦਾ ਸੀ। ਛੋਟੀ ਉਮਰੇ ਉਸ ਨੂੰ ਦਿਲ ਦਾ ਰੋਗ ਲੱਗ ਗਿਆ ਜਿਸ ਦੀ ਸਰਜਰੀ ਕਰਾਉਣੀ ਪਈ। ਰੋਨਾਲਡੋ ਨੂੰ ਸੁਰਤ ਸੰਭਲਣ ਤੋਂ ਹੀ ਫੁੱਟਬਾਲ ਦੀ ਖੇਡ ਵਿਚ ਦਿਲਚਸਪੀ ਸੀ। ਜਦੋਂ ਵੀ ਦਾਅ ਲੱਗਦਾ ਉਹ ਫੁੱਟਬਾਲ ਨੂੰ ਕਿੱਕਾਂ ਮਾਰਦਾ ਫਿਰਦਾ। ਛੇ ਸਾਲ ਦੀ ਉਮਰ `ਚ ਉਸ ਨੂੰ ਫੁੱਟਬਾਲ ਦੇ ਅੰਡੋਰਿਨਹਾ ਕਲੱਬ ਵਿਚ ਭੇਜ ਦਿੱਤਾ ਗਿਆ। ਉਥੇ ਉਸ ਨੂੰ ਫੁੱਟਬਾਲ ਖੇਡਣ ਦੀ ਐਸੀ ਲਗਨ ਲੱਗੀ ਕਿ ਆਏ ਦਿਨ ਉਹ ਅੱਗੇ ਹੀ ਅੱਗੇ ਵਧਦਾ ਗਿਆ। ਇਹ ਮੰਨੀ ਪ੍ਰਮੰਨੀ ਗੱਲ ਹੈ ਕਿ ਜਿਸ ਕਾਰਜ ਲਈ ਲਗਨ ਨਾਲ ਮਿਹਨਤ ਕੀਤੀ ਜਾਵੇ ਉਸ ਵਿਚ ਕੋਈ ਵੀ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ।
ਰੋਨਾਲਡੋ ਪੰਦਰਾਂ ਸਾਲ ਦੀ ਉਮਰੇ ਪਹਿਲਾਂ ਮਡੀਰਾ ਦੇ ਡੈਸਪੋਰਟੀਵੋ ਨੈਸ਼ਨਲ ਕਲੱਬ ਵੱਲੋਂ ਖੇਡਿਆ ਫਿਰ ਪੁਰਤਗਾਲ ਦੇ ਸਪੋਰਟਿੰਗ ਕਲੱਬ `ਚ ਚਲਾ ਗਿਆ ਜਿਸ ਨੂੰ ਸਪੋਰਟਿੰਗ ਲਿਜ਼ਬਨ ਵੀ ਕਿਹਾ ਜਾਂਦਾ ਸੀ। ਉਹ 2002 `ਚ ਸਪੋਰਟਿੰਗ ਲਿਜ਼ਬਨ ਦੀ ਮੁੱਖ ਟੀਮ ਵਿਚ ਖੇਡਿਆ। ਤਦ ਤਕ ਉਸ ਦਾ ਕੱਦ 6 ਫੁੱਟ 1 ਇੰਚ ਹੋ ਗਿਆ ਸੀ। ਸਥਾਨਕ ਕਲੱਬ `ਚ ਖੇਡਣ ਪਿੱਛੋਂ ਉਸ ਨੂੰ 2003 `ਚ ਇੰਗਲੈਂਡ ਦੇ ਪਾਵਰਹਾਊਸ ਮਾਨਚੈੱਸਟਰ ਯੂਨਾਈਟਿਡ ਨੇ ਸਾਈਨ ਕਰ ਲਿਆ। ਉਥੇ ਉਸ ਦੀ ਖੇਡ ਨੇ ਨ੍ਹੇਰੀ ਲਿਆਂਦੀ ਤਾਂ ਉਸ ਨੂੰ ਵਿਸ਼ਵ ਦਾ ਸਰਬੋਤਮ ਫਾਰਵਰਡ ਖਿਡਾਰੀ ਮੰਨਿਆ ਜਾਣ ਲੱਗਾ। 2007-08 ਵਿਚ ਉਸ ਨੇ ਕੱਪਾਂ ਤੇ ਲੀਗ ਮੈਚਾਂ ਵਿਚ 42 ਗੋਲ ਕੀਤੇ ਜਿਨ੍ਹਾਂ ਨਾਲ ਉਸ ਨੂੰ ਗੋਲਡਨ ਬੂਟ ਦਾ ਅਵਾਰਡ ਮਿਲਿਆ। ਉਸ ਦੇ ਗੋਲਾਂ ਨਾਲ ਹੀ ਮਾਨਚੈੱਸਟਰ ਯੂਨਾਈਟਿਡ ਕਲੱਬ ਨੇ ਮਈ 2007-08 ਸੀਜ਼ਨ ਦੀ ਚੈਂਪੀਅਨਸ਼ਿਪ ਜਿੱਤੀ। ਫੀਫਾ ਨੇ ਰੋਨਾਲਡੋ ਨੂੰ ਵਰਲਡ ਪਲੇਅਰ ਆਫ਼ ਦਾ ਯੀਅਰ ਅਵਾਰਡ ਨਾਲ ਸਨਮਾਨਿਆ। 2009 ਦੀ ਚੈਂਪੀਅਨਜ਼ ਲੀਗ ਸਮੇਂ ਉਹ ਮਾਨਚੈੱਸਟਰ ਦੀ ਟੀਮ ਦਾ ਕਪਤਾਨ ਸੀ ਪਰ ਬਦਕਿਸਮਤੀ ਨਾਲ ਉਸ ਦੀ ਟੀਮ ਫੁੱਟਬਾਲ ਕਲੱਬ ਬਾਰਸੀਲੋਨਾ ਨੂੰ ਹਾਰ ਗਈ।
ਅਗਲੇ ਸੀਜ਼ਨ `ਚ ਸਪੇਨ ਦੇ ਰੀਅਲ ਮੈਡਰਿਡ ਕਲੱਬ ਨੇ ਉਸ ਨੂੰ 80 ਮਿਲੀਅਨ ਪੌਂਡਾਂ `ਚ ਖਰੀਦ ਲਿਆ। ਉਸ ਨੇ 2010-11 ਸੀਜ਼ਨ ਦੇ ਲੀਗ ਮੈਚਾਂ ਵਿਚ 40 ਗੋਲ ਕੀਤੇ ਜਿਨ੍ਹਾਂ ਨਾਲ ਨਵਾਂ ਰਿਕਾਰਡ ਬਣ ਗਿਆ। ਉਹ ਰਿਕਾਰਡ ਫਿਰ ਗਜ਼ਬ ਦੇ ਫੁੱਟਬਾਲਰ ਲਿਉਨੈੱਲ ਮੈੱਸੀ ਨੇ ਤੋੜਿਆ। 2011-12 `ਚ ਰੋਨਾਲਡੋ ਨੇ ਲਾ ਲੀਗਾ ਚੈਂਪੀਅਨਸ਼ਿਪ ਦੇ ਲੀਗ ਮੈਚਾਂ ਵਿਚ 46 ਗੋਲ ਕੀਤੇ। 2013 ਵਿਚ ਉਸ ਨੇ ਵਰਲਡ ਪਲੇਅਰ ਆਫ਼ ਦਾ ਯੀਅਰ ਫੀਫਾ ਬਲੂਨ ਡੀਓਰ ਅਵਾਰਡ ਫਿਰ ਜਿੱਤਿਆ। ਮਾਨਚੈੱਸਟਰ ਯੂਨਾਈਟਿਡ ਵੱਲੋਂ ਉਹ 2006 ਤੋਂ 2009 ਤਕ ਤੇ 2021-22 ਵਿਚ ਖੇਡਿਆ। ਸਪੇਨ ਦੇ ਰੀਅਲ ਮੈਡਰਿਡ ਕਲੱਬ ਵੱਲੋਂ 2009 ਤੋਂ 2018 ਤਕ ਅਤੇ ਇਟਲੀ ਦੇ ਜੁਵੈਂਟੂਸ ਕਲੱਬ ਵੱਲੋਂ 2018-21 ਤਕ ਖੇਡਿਆ। 2023 ਤੋਂ ਉਹ ਸਾਊਦੀ ਅਰਬ ਦੇ ਅਲ ਨਾਸਰ ਕਲੱਬ ਵੱਲੋਂ ਖੇਡ ਰਿਹੈ।
ਕਲੱਬਾਂ ਤੋਂ ਬਿਨਾਂ ਉਹ ਪੁਰਤਗਾਲ ਦੀ ਅੰਡਰ 15 ਦੀ ਕੌਮੀ ਟੀਮ ਵੱਲੋਂ 9 ਮੈਚ ਖੇਡਿਆ ਜਿਨ੍ਹਾਂ `ਚ 7 ਗੋਲ ਕੀਤੇ। 17 ਸਾਲ ਤੋਂ ਘੱਟ ਉਮਰ ਦੀ ਟੀਮ ਦਾ ਮੈਂਬਰ ਬਣ ਕੇ 7 ਮੈਚਾਂ `ਚ 5 ਗੋਲ ਕੀਤੇ। 20 ਸਾਲ ਤੋਂ ਘੱਟ ਉਮਰ ਦੀਆਂ ਟੀਮਾਂ ਦੇ 5 ਮੈਚਾਂ ਵਿਚ 1 ਗੋਲ, 21 ਸਾਲ ਦੀ ਟੀਮ ਦੇ 10 ਮੈਚਾਂ ਵਿਚ 3 ਗੋਲ ਤੇ 23 ਸਾਲ ਦੀਆਂ ਟੀਮਾਂ ਦੇ 3 ਮੈਚਾਂ ਵਿਚ 2 ਗੋਲ ਕੀਤੇ। 2003 ਤੋਂ ਪੁਰਤਗਾਲ ਵੱਲੋਂ ਖੇਡਦਿਆਂ 206 ਮੈਚਾਂ ਵਿਚ 128 ਗੋਲ ਕੀਤੇ। ਫੀਫਾ ਫੁੱਟਬਾਲ ਕੱਪ ਉਹ 2006, 10, 14, 18 ਤੇ 2022 ਵਿਚ 5 ਵਾਰ ਖੇਡਿਆ। ਯੂਰੋ ਕੱਪ ਉਹ 2008, 12, 16 ਤੇ 2020 ਵਿਚ ਖੇਡਿਆ। ਉਹ ਫਾਰਵਰਡ ਖਿਡਾਰੀ ਵਜੋਂ ਖੇਡਦਾ ਰਿਹੈ ਤੇ ਫੀਫਾ ਕੱਪ ਵਿਚ ਪੁਰਤਗਾਲ ਦੀ ਟੀਮ ਦਾ ਕਪਤਾਨ ਵੀ ਰਿਹਾ। ਉਸ ਨੂੰ ਅਨੇਕ ਵੱਡੇ ਅਵਾਰਡ, ਗੋਲਡਨ ਬੂਟ, ਗੋਲਡਨ ਬਾਲਾਂ ਤੇ ਗੋਲਡ ਕੱਪ ਮਿਲੇ।
ਫੁੱਟਬਾਲ ਖੇਡਣ ਬਦਲੇ ਉਸ ਦੀ ਫੀਸ ਸੁਣ ਕੇ ਆਮ ਲੋਕਾਂ ਨੂੰ ਹੈਰਾਨੀ ਹੋ ਸਕਦੀ ਹੈ। 37 ਸਾਲ ਦੀ ਉਮਰੇ 30 ਦਸੰਬਰ 2022 ਨੂੰ ਜਦੋਂ ਉਸ ਨੇ ਸਾਊਦੀ ਅਰਬ ਦੇ ਕਲੱਬ ਅਲ-ਨਾਸਰ ਵੱਲੋਂ ਦੋ ਸਾਲ ਖੇਡਣ ਦਾ ਕਨਟ੍ਰੈਕਟ ਕੀਤਾ ਤਾਂ ਇਕਰਾਰਨਾਮੇ ਵਿਚ ਲਿਖਿਆ ਗਿਆ ਕਿ ਕਲੱਬ ਉਸ ਨੂੰ ਇਕ ਸਾਲ ਦੇ 20 ਕਰੋੜ ਯੂਰੋ ਤੇ ਦੋ ਸਾਲਾਂ ਦੇ 40 ਕਰੋੜ ਯੂਰੋ ਦੇਵੇਗਾ। ਮਸ਼ਹੂਰੀਆਂ ਦੇ ਪੈਸੇ ਉਸ ਨੂੰ ਵੱਖ ਮਿਲਦੇ ਰਹਿਣਗੇ।
ਰੋਨਾਲਡੋ ਨੇ ਪਹਿਲਾ ਫੀਫਾ ਕੱਪ 2006 `ਚ ਖੇਡਿਆ ਤੇ ਪਹਿਲਾ ਗੋਲ ਇਰਾਨ ਦੀ ਟੀਮ ਸਿਰ ਕੀਤਾ। ਉਹ 2007 `ਚ ਪਹਿਲੀ ਵਾਰ ਬ੍ਰਾਜ਼ੀਲ ਦੀ ਟੀਮ ਵਿਰੁੱਧ ਦੋਸਤਾਨਾ ਮੈਚ ਖੇਡਣ ਵਾਲੀ ਪੁਰਤਗਾਲ ਦੀ ਟੀਮ ਦਾ ਕਪਤਾਨ ਬਣਿਆ। ਉਸ ਨੇ ਪਹਿਲਾ ਇੰਟਰਨੈਸ਼ਨਲ ਹੈਟ-ਟ੍ਰਿਕ (ਲਗਾਤਾਰ ਤਿੰਨ ਗੋਲ) 6 ਸਤੰਬਰ 2013 ਨੂੰ ਮਾਰਿਆ ਜੋ ਸਿਰਫ਼ 15 ਮਿੰਟਾਂ ਵਿਚ ਵੱਜਾ। ਪੈਰ, ਲੱਤਾਂ, ਗਿੱਟੇ-ਗੋਡੇ ਤੇ ਸਿਰ ਨਾਲ ਤਾਂ ਗੋਲ ਹੁੰਦੇ ਹੀ ਹਨ, ਰੋਨਾਲਡੋ ਅੱਡੀ ਨਾਲ ਪਿਛਲਖੁਰੀ ਵੀ ਗੋਲ ਕਰਦਾ ਆ ਰਿਹੈ। 2018 ਦੇ ਵਰਲਡ ਕੱਪ ਵਿਚ ਉਸ ਨੇ ਰੂਸ ਵਿਰੁੱਧ 4 ਗੋਲ ਕੀਤੇ ਸਨ ਤੇ ਸਪੇਨ ਨੂੰ ਆਪਣੇ ਹੈਟ-ਟ੍ਰਿਕ ਨਾਲ 3-3 ਗੋਲਾਂ `ਤੇ ਬਰਾਬਰ ਰੱਖ ਲਿਆ ਸੀ। ਉਹ ਸੱਜੇ ਖੱਬੇ ਦੋਹਾਂ ਵਿੰਗਾਂ `ਤੇ ਖੇਡ ਸਕਦਾ ਹੈ ਪਰ ਦੋਹੇਂ ਪੈਰ ਇਕੋ ਜਿਹੇ ਚੱਲਣ ਦੇ ਬਾਵਜੂਦ ਵਧੇਰੇ ਗੋਲ ਸੱਜੇ ਪੈਰ ਨਾਲ ਕਰਦਾ ਹੈ। ਉਹ ਤੇਜ਼-ਤਰਾਰ ਖਿਡਾਰੀ ਹੈ ਜਿਸ ਦੀ ਸਪੀਡ ਵਿਸ਼ਵ ਦੇ ਮੰਨੇ ਦੰਨੇ ਸਪਰਿੰਟਰਾਂ ਜਿੰਨੀ ਹੈ। ਉਹ ਸਿਰ ਨਾਲ ਖੇਡਣ ਦਾ ਵੀ ਪੂਰਾ ਮਾਹਿਰ ਹੈ ਤੇ ਬੜਾ ਉੱਚਾ ਕੁੱਦ ਕੇ ਹੈੱਡਰ ਮਾਰ ਜਾਂਦਾ ਹੈ। ਉਸ ਨੂੰ ਕਿੱਕ ਨਾਲ ਬਾਲ ਹਵਾ `ਚ ਘੁਮਾਉਣੀ ਆਉਂਦੀ ਹੈ, ਜਿਸ ਕਰਕੇ ਵਧੇਰੇ ਗੋਲਚੀ ਉਹਦੀ ਬਾਲ ਦਾ ਟਪਲਾ ਖਾ ਜਾਂਦੇ ਹਨ। ਉਸ ਦੀ ਡ੍ਰਿਬਲਿੰਗ ਦਾ ਵੀ ਕੋਈ ਸਾਨੀ ਨਹੀਂ। ਉਸ ਕੋਲ ਵਿਰੋਧੀ ਖਿਡਾਰੀਆਂ ਨੂੰ ਪਾਸ ਕਰਨ ਤੇ ਗੋਲਚੀਆਂ ਨੂੰ ਬੀਟ ਕਰਨ ਦੀਆਂ ਅਨੇਕ ਜੁਗਤਾਂ ਹਨ। ਮੱਛੀ ਦੀ ਅੱਖ ਵਾਂਗ ਉਸ ਦੀ ਸ਼ਿਸਤ ਗੋਲ ਕਰਨ ਲਈ ਗੋਲ ਪੋਸਟ `ਤੇ ਰਹਿੰਦੀ ਹੈ।
ਉਸ ਦੀ ਡਾਈਵਿੰਗ ਤੇ ਕੁਝ ਕੱਬੇ ਸੁਭਾਅ ਕਰਕੇ ਵਿਰੋਧੀ ਖਿਡਾਰੀ ਉਸ ਤੋਂ ਕੰਨ ਭੰਨਦੇ ਹਨ। ਆਲੋਚਕ ਨਿੰਦਾ ਵੀ ਕਰਦੇ ਹਨ ਪਰ ਉਸ ਦੀ ਖੇਡ ਕਲਾ ਦਾ ਲੋਹਾ ਵੀ ਮੰਨਦੇ ਹਨ। ਉਹ ਗੋਲ ਕਰ ਕੇ ਅਕਸਰ ਹਿੱਕ ਥਾਪੜਦਾ ਤੇ ਬਾਹਾਂ ਫੈਲਾਉਂਦਾ ਹੈ। ਕਦੇ ਕਦੇ ਗੁੱਸਾ ਤੇ ਰੋਸ ਵੀ ਵਿਖਾਉਂਦਾ ਹੈ ਜੋ ਏਡੇ ਵੱਡੇ ਖਿਡਾਰੀ ਨੂੰ ਨਹੀਂ ਸੋਂਹਦਾ। ਇਕ ਵਾਰ ਤਾਂ ਉਸ ਨੇ ਇਕ ਰਿਪੋਰਟਰ ਦਾ ਮਾਈਕ੍ਰੋਫੋਨ ਹੀ ਝੀਲ `ਚ ਚਲਾ ਮਾਰਿਆ ਸੀ।
ਰੋਨਾਲਡੋ ਦੀਆਂ ਕਈ ਆਦਤਾਂ ਅਲੋਕਾਰ ਹਨ। ਉਹ ਲਗਾਤਾਰ 7-8 ਘੰਟੇ ਸੌਣ ਦੀ ਥਾਂ ਡੇਢ ਡੇਢ ਘੰਟੇ ਦੀਆਂ ਪੰਜ ਨੀਂਦਾਂ ਲੈਂਦਾ ਹੈ ਤੇ ਸਾਰੇ ਦਿਨ ਦੀ ਖੁਰਾਕ 6 ਵਾਰ ਵੰਡ ਕੇ ਖਾਂਦਾ ਹੈ। ਉਸ ਦੀ ਖੁਰਾਕ ਵਿਚ ਪ੍ਰੋਟੀਨ ਵੱਧ ਮਾਤਰਾ ਵਿਚ ਹੁੰਦੀ ਹੈ ਤੇ ਫੈਟ ਘੱਟ। ਉਹ ਹਰ ਰੋਜ਼ 3-4 ਘੰਟੇ ਕਸਰਤ ਕਰਦਾ ਤੇ ਖੇਡਦਾ ਹੈ। ਉਸ ਦੇ 83 ਕਿਲੋ ਵਜ਼ਨੀ ਜੁੱਸੇ ਵਿਚ ਫੈਟੀ ਵਜ਼ਨ ਕੇਵਲ 6 ਫੀਸਦੀ ਜਦ ਕਿ ਵਧੇਰੇ ਵਜ਼ਨ ਪੱਠਿਆਂ ਦਾ ਹੈ। ਇਹ ਪੱਠਿਆਂ ਦੀ ਤਾਕਤ ਹੀ ਹੈ ਜੋ ਉਸ ਨੂੰ 39 ਸਾਲ ਦੀ ਉਮਰ ਵਿਚ ਵੀ ਆਪਣੇ ਤੋਂ 14 ਸਾਲ ਛੋਟਿਆਂ ਦੇ ਬਰਾਬਰ ਰੱਖ ਰਹੀ ਹੈ। ਉਹ ਵਿਆਹਿਆ ਵਰਿਆ ਹੈ ਤੇ ਚਾਰ ਬੱਚਿਆਂ ਦਾ ਬਾਪ ਹੈ। ਉਸ ਦੀਆਂ ਕੁਝ ਅਵੱਲੀਆਂ ਆਦਤਾਂ ਬਾਰੇ ਬਹੁਤ ਕੁਝ ਲਿਖਿਆ ਗਿਆ ਹੈ ਤੇ ਲਿਖਿਆ ਜਾਂਦਾ ਰਹੇਗਾ।
ਉਸ ਦਾ ਪਿਤਾ ਜੋਜ਼ ਅਵੀਰੋ ਬਾਗ ਦਾ ਕਾਮਾ ਤਾਂ ਬੜਾ ਤਕੜਾ ਸੀ ਪਰ ਦਾਰੂ ਪੀਣ ਦਾ ਪੁੱਜ ਕੇ ਪ੍ਰੇਮੀ ਸੀ। ਹੌਲੀ ਹੌਲੀ ਉਸ ਦੀ ਦਾਰੂ ਵਿਤੋਂ ਵਧ ਗਈ ਤੇ ਉਹ ਅਲਕੋ੍ਹਲਕ ਹੋ ਗਿਆ ਸੀ। ਸਤੰਬਰ 2005 ਵਿਚ ਉਹ ਕੇਵਲ 52 ਸਾਲ ਦੀ ਉਮਰੇ ਜਿਗਰ ਦੀ ਬਿਮਾਰੀ ਨਾਲ ਅਲਵਿਦਾ ਕਹਿ ਗਿਆ ਸੀ। ਉਹਦੇ ਕਰਮਾਂ ਵਿਚ ਨਹੀਂ ਸੀ ਕਿ ਆਪਣੇ ਪੁੱਤਰ ਨੂੰ ਵਿਸ਼ਵ ਦਾ ਸਰਬੋਤਮ ਫੁੱਟਬਾਲ ਖਿਡਾਰੀ ਬਣਿਆ ਵੇਖ ਸਕਦਾ। ਉਸੇ ਖੇਡ ਦਾ ਜੀਹਦਾ ਉਹ ਆਪ ਸ਼ੌਂਕੀ ਸੀ। ਸ਼ਰਾਬ ਪੀਣ ਨਾਲ ਆਪਣੇ ਬਾਪ ਦੀ ਹੋਈ ਮ੍ਰਿਤੂ ਕਰਕੇ ਰੋਲਾਨਡੋ ਨੇ ਕਦੇ ਸ਼ਰਾਬ ਨਹੀਂ ਪੀਤੀ। ਉਹ ਮਿੱਠੇ ਪੀਣੇ ਵੀ ਨਹੀਂ ਪੀਂਦਾ ਪਰ ਫੋਕਾ ਪਾਣੀ ਰੋਜ਼ਾਨਾ ਛੇ ਲੀਟਰ ਪੀਂਦਾ ਹੈ। ਉਹਦੀ ਖੁਰਾਕ ਵਿਚ ਮੱਛੀ, ਆਂਡਾ, ਮੀਟ ਤੇ ਪ੍ਰੋਟੀਨ ਭਰਪੂਰ ਸ਼ਾਕਾਹਾਰੀ ਖਾਧ ਪਦਾਰਥ ਹੁੰਦੇ ਹਨ। ਉਹ ਰੋਮਨ ਕੈਥੋਲਿਕ ਹੈ ਤੇ ਉਸ ਨੇ ਆਪਣੇ ਪਿੰਡੇ `ਤੇ ਕੋਈ ਟੈਟੂ ਨਹੀਂ ਖੁਦਵਾਇਆ ਤਾਂ ਜੋ ਖੂਨ ਦਾਨ ਵੇਲੇ ਕੋਈ ਰੁਕਾਵਟ ਨਾ ਆਵੇ। ਖੂਨ ਦਾਨ ਨਾਲ ਉਹ ਬੱਚਿਆਂ ਦੀ ਸਿੱਖਿਆ ਤੇ ਸਿਹਤ ਲਈ ਖੁੱਲ੍ਹਾ-ਡੁੱਲ੍ਹਾ ਦਾਨ ਕਰਦਾ ਹੈ।
ਉਹ ਬੇਹੱਦ ਸੋਹਣਾ ਸੁਨੱਖਾ ਖਿਡਾਰੀ ਹੈ ਜਿਸ ਦੇ ਤਿੱਖੇ ਨੈਣ ਨਕਸ਼ ਰਾਹ ਜਾਂਦਿਆਂ ਨੂੰ ਖਿੱਚ ਪਾਉਂਦੇ ਹਨ। ਰੰਗ ਗੋਰਾ ਨਿਸ਼ੋਹ ਤੇ ਅੱਖਾਂ ਮਸਤਾਨੀਆਂ ਹਨ। ਸ਼ੁਕੀਨ ਵੀ ਪੁੱਜ ਕੇ ਹੈ। ਅਜਿਹੇ ਰੰਗੀਲੇ ਨੌਜੁਆਨ `ਤੇ ਕੁੜੀਆਂ ਕਤਰੀਆਂ ਦਾ ਮਰਨਾ ਸੁਭਾਵਿਕ ਸੀ। ਉਸ ਦੇ ਪਹਿਲੇ ਬੱਚੇ ਦਾ ਜਨਮ ਅਮਰੀਕਾ `ਚ ਮਿਲੀ ਮੁਟਿਆਰ ਦੀ ਕੁੱਖੋਂ 17 ਜੂਨ 2010 ਨੂੰ ਅਮਰੀਕਾ ਦੇ ਹਸਪਤਾਲ ਵਿਚ ਹੋਇਆ। ਰੋਨਾਲਡੋ ਨੇ ਉਸ ਦੀ ਜਿੰLਮੇਵਾਰੀ ਚੁੱਕ ਕੇ ਉਸ ਦਾ ਨਾਂ ਰੋਨਾਲਡੋ ਜੂਨੀਅਰ ਰੱਖਿਆ ਤੇ ਆਪਣੇ ਪੁੱਤਰ ਨੂੰ ਉਹਦੀ ਮਾਂ ਬਾਰੇ ਕੁਝ ਨਹੀਂ ਦੱਸਿਆ। ਪਹਿਲਾਂ ਵਾਂਗ ਹੀ ਇਕ ਹੋਰ ਅਮਰੀਕਨ ਕੁੜੀ ਦੀ ਕੁੱਖੋਂ 8 ਜੂਨ 2017 ਨੂੰ ਉਸ ਦੇ ਜੋੜੇ ਬੱਚੇ ਫਿਰ ਅਮਰੀਕਾ `ਚ ਹੀ ਪੈਦਾ ਹੋਏ। ਇਸ ਦੌਰਾਨ ਸਪੇਨ ਦੀ ਮਾਡਲ ਕੁੜੀ ਜੋਰਗੀਨਾ ਰੋਡਰਿਗਜ਼ ਉਹਦੀ ਦੋਸਤ ਬਣ ਗਈ। ਨਵੰਬਰ 2017 `ਚ ਉਸ ਨੇ ਉਹਦੀ ਪਹਿਲੀ ਧੀ ਅਲਾਨਾ ਨੂੰ ਜਨਮ ਦਿੱਤਾ। 2010 ਤੋਂ 2015 ਤਕ ਰੂਸੀ ਮਾਡਲ ਇਰੀਨਾ ਸ਼ਾਇਕ ਵੀ ਉਸ ਦੀ ਗਰਲ ਫਰੈਂਡ ਰਹੀ ਪਰ ਉਹਦੇ ਤੋਂ ਉਸ ਦਾ ਕੋਈ ਬੱਚਾ ਨਹੀਂ। ਚਾਰਾਂ ਔਰਤਾਂ `ਚੋਂ ਉਸ ਦੀ ਪਤਨੀ ਬਣਨ ਦਾ ਹੱਕ ਕੇਵਲ ਜੋਰਗੀਨਾ ਰੋਡਰਿਗਜ਼ ਨਸੀਬ ਹੋਇਆ। ਜਿਨ੍ਹਾਂ ਨੇ ਉਸ ਦੇ ਲਾਈਫ ਸਟਾਈਲ ਤੇ ਫੁੱਟਬਾਲ ਕੈਰੀਅਰ ਨੂੰ ਹੋਰ ਜਾਣਨਾ ਹੋਵੇ ਉਹ 2015 `ਚ ਬਣੀ ਮੂਵੀ ‘ਰੋਨਾਲਡੋ’ ਵੇਖ ਸਕਦੇ ਹਨ।