ਮਾਮਲਾ ਉਮਰਾਂ ਦਾ

ਸੁਰਜਨ ਜ਼ੀਰਵੀ
ਉਘੇ ਪੱਤਰਕਾਰ ਮਰਹੂਮ ਸੁਰਜਨ ਜ਼ੀਰਵੀ ਦੇ ਇਸ ਲੇਖ ਦਾ ਰੰਗ ਦੇਖਣ ਵਾਲਾ ਹੈ, ਇਹ ਭਾਵੇਂ ਦੋ ਦਹਾਕੇ ਪਹਿਲਾਂ ਲਿਖਿਆ ਗਿਆ ਸੀ। ਉਹ ਲੰਮਾ ਸਮਾਂ ‘ਨਵਾਂ ਜ਼ਮਾਨਾ’ ਅਖਬਾਰ ਲਈ ਕੰਮ ਕਰਦੇ ਰਹੇ ਅਤੇ 1990ਵਿਆਂ ਦੇ ਆਰੰਭ ਵਿਚ ਕੈਨੇਡਾ ਜਾ ਵੱਸੇ ਸਨ। ਪੰਜਾਬੀ ਪੱਤਰਕਾਰੀ ਦੇ ਉਸ ਦੌਰ ਬਾਰੇ ਜਦੋਂ ਵੀ ਜ਼ਿਕਰ ਛਿੜਦਾ ਹੈ ਤਾਂ ਉਨ੍ਹਾਂ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ।

ਜੇ ਤੁਹਾਡੇ ਭਰੋਸੇਯੋਗ ਦੋਸਤਾਂ ਨੇ ਇਹ ਕਸੂਤਾ ਭੇਤ ਖੋਲ੍ਹ ਹੀ ਦਿੱਤਾ ਹੋਵੇ ਕਿ ਤੁਸੀਂ 70 ਸਾਲ ਦੇ ਹੋ ਚੁੱਕੇ ਹੋ ਜਾਂ ਹੋਣ ਵਾਲੇ ਹੋ ਤਾਂ ਬਿਹਤਰੀ ਇਸੇ ਵਿਚ ਹੈ ਕਿ ਤੁਸੀਂ ਇਸ ਅਸਲੀਅਤ ਨੂੰ ਖਿੜੇ ਮਥੇ ਮੰਨ ਲਓ। ਹੋ ਸਕਦੈ, ਤੁਸੀਂ ਇਸ ਗੱਲ ਦੀ ਪੂਰੀ ਵਾਹ ਲਾਈ ਹੋਵੇ ਕਿ ਤੁਸੀਂ 70 ਦੇ ਹੋ ਕੇ 54 ਦੇ ਨਹੀਂ ਤਾਂ 63 ਤੋਂ ਵੱਧ ਦੇ ਹਰਗਿਜ਼ ਨਾ ਲੱਗੋ। ਸ਼ਾਇਦ ਤੁਸੀਂ ਪਹਿਲੀ ਨਜ਼ਰੇ 70 ਦੇ ਲਗਦੇ ਵੀ ਨਾ ਹੋਵੋ, ਫਿਰ ਵੀ 70 ਸਾਲ ਦੀ ਉਮਰ ਤੱਕ ਪਹੁੰਚਦਿਆਂ ਜਿੰਨੀ ਕੁ ਅਕਲ ਤੁਹਾਡੇ ਪੱਲੇ ਰਹਿ ਜਾਂਦੀ ਹੈ, ਉਹ ਇਹੀ ਆਖਦੀ ਹੈ ਕਿ ਤੁਸੀਂ ਛੋਟੇ ਲੱਗਣ ਦੇ ਝਮੇਲੇ ਵਿਚ ਨਾ ਹੀ ਪਓ। ਇਹ ਗੱਲ ਮੈਂ ਕਿਸੇ ਰੂਹਾਨੀ ਜਾਂ ਇਖਲਾਕੀ ਚਬੂਤਰੇ ਉੱਤੇ ਖੜ੍ਹਾ ਹੋ ਕੇ ਨਹੀਂ ਕਹਿ ਰਿਹਾ; ਮੇਰੀ ਰਾਏ ਇਹ ਹੈ ਕਿ ਅਮਲੀ ਅਤੇ ਵਾਸਤਵਿਕ ਪੱਖਾਂ ਤੋਂ ਉਮਰ ਬਾਰੇ ਓਹਲੇ ਦਾ ਓਨਾ ਲਾਭ ਨਹੀਂ ਜਿੰਨਾ ਸ਼ਾਇਦ ਤੁਸੀਂ ਸਮਝਦੇ ਹੋਵੋ।
ਤੁਸੀਂ ਚਾਹੋ ਤਾਂ ਇਹ ਤਾਂ ਆਖ ਸਕਦੇ ਹੋ ਕਿ ਮੈਂ 70 ਦਾ ਹੋ ਗਿਆ ਹਾਂ ਪਰ 56 ਤੋਂ ਵੱਧ ਦਾ ਮਹਿਸੂਸ ਨਹੀਂ ਕਰਦਾ, ਠੀਕ ਉਂਝ ਹੀ ਜਿਵੇਂ ਪੱਛਮ ਦਾ ਪਾਰਉਤਾਰਾ ਕਰ ਰਹੇ ਭਾਰਤੀ ਮੂਲ ਦੇ ਅਜੋਕੇ ਆਧੁਨਿਕ ਅਵਤਾਰ ਦੀਪਕ ਚੋਪੜਾ ਸਾਹਿਬ ਕਹਿੰਦੇ ਹਨ। ਉਹ ਫ਼ਰਮਾਉਂਦੇ ਹਨ ਕਿ ਸਮੇਂ ਦੀ ਤੋਰ ਅਨੁਸਾਰ ਉਹ 52 ਸਾਲ ਦੇ ਹੋ ਗਏ ਹਨ ਪਰ ਯੋਗ ਅਭਿਆਸ ਕਾਰਨ 32 ਤੋਂ ਵੱਧ ਦੇ ਮਹਿਸੂਸ ਨਹੀਂ ਕਰਦੇ। ਉਂਝ, ਤੁਹਾਨੂੰ ਸੋਭਦਾ ਨਹੀਂ ਕਿ ਤੁਸੀਂ ਦੀਪਕ ਸਾਹਿਬ ਦੀ ਰੀਸ ਕਰੋ। ਉਹਨਾਂ ਦੇ ਪ੍ਰਵਚਨ ਤੇ ਤੁਹਾਡੇ ਕਥਨ ਵਿਚ ਜ਼ਮੀਨ ਅਸਮਾਨ ਦਾ ਫ਼ਰਕ ਹੈ। ਦੀਪਕ ਸਾਹਿਬ ਕਹਿ ਰਹੇ ਹਨ ਕਿ ਉਹ ਅਧਖੜ੍ਹ ਹੋ ਕੇ ਵੀ ਨੌਜਵਾਨ ਮਹਿਸੂਸ ਕਰ ਰਹੇ ਹਨ, ਜਦ ਕਿ ਤੁਸੀਂ ਆਖ ਰਹੇ ਹੋ ਕਿ ਤੁਸੀਂ ਬਜ਼ੁਰਗ ਹੋ ਕੇ ਵੀ ਅਧਖੜ੍ਹ ਮਹਿਸੂਸ ਕਰਦੇ ਹੋ। ਦੇਖਿਆ ਜਾਏ ਤਾਂ ਅਧਖੜ੍ਹ ਮਹਿਸੂਸ ਕਰਨਾ ਬਜ਼ੁਰਗ ਹੋਣ ਨਾਲੋਂ ਕੋਈ ਬਹੁਤਾ ਫ਼ਾਇਦੇਮੰਦ ਨਹੀਂ। ਅਧਖੜ੍ਹ ਉਮਰ ਜ਼ਿੰਦਗੀ ਦੇ ਸਫ਼ਰ ਦਾ ਅਜਿਹਾ ਪੜਾਅ ਹੈ ਜਿੱਥੇ ਪ੍ਰਾਪਤੀਆਂ ਦੇ ਹੁਲਾਰੇ ਨਾਲ਼ੋਂ ਪਛਤਾਵਿਆਂ ਤੇ ਸੰਸਿਆਂ ਦੀ ਹਨੇਰੀ ਵਧੇਰੇ ਝੁਲਦੀ ਹੈ। ਇਹ ਅਧੋਗਤੀ ਦੀ ਅਜਿਹੀ ਅਵਸਥਾ ਹੈ ਜਿੱਥੇ ਜਵਾਨੀ ਵੇਲੇ ਦੀਆਂ ਸ਼ੋਖੀਆਂ ਭੁੱਲੀਆਂ ਨਹੀਂ ਹੁੰਦੀਆਂ ਪਰ ਬੁਢਾਪੇ ਵਾਲੇ ਸਾਰੇ ਰੋਗ ਇਕ-ਇਕ ਕਰ ਕੇ ਚੰਬੜਨੇ ਸ਼ੁਰੂ ਹੋ ਜਾਂਦੇ ਹਨ। ਇਸ ਟੇਢੀ ਅਵਸਥਾ ਨੂੰ ਪੱਛਮ ਦੇ ਮਨੋਵਿਗਿਆਨੀਆਂ ਨੇ ਅਰਧ-ਆਯੂ ਸੰਕਟ ਦਾ ਨਾਂ ਦੇ ਰੱਖਿਆ ਹੈ। ਉਂਝ ਵੀ ਦੀਪਕ ਚੋਪੜਾ ਜਿਹੇ ਰੂਹਾਨੀ ਮਸੀਹਾ ਦੇ ਮੂੰਹੋਂ ਉਮਰ ਦੇ ਸਬੰਧ ਵਿਚ 20 ਕੁ ਸਾਲ ਦਾ ਹੇਰ ਫੇਰ ਉਹਨਾਂ ਦੀ ਆਤਮਿਕ ਪ੍ਰਾਪਤੀ ਦਾ ਸਬੂਤ ਮੰਨਿਆ ਜਾਂਦਾ ਹੈ, ਜਦ ਕਿ ਤੁਹਾਡੇ ਮੂੰਹੋਂ 16-17 ਸਾਲ ਦੀ ਜਮਾਂ-ਤਫ਼ਰੀਕ ਨੂੰ ਵੀ ਲੋਕ ਸੁਧਾ ਧੋਖਾ ਆਖਣਗੇ।
ਆਪਣੀ ਉਮਰ ਘਟਾ ਕੇ ਦੇਖਣ ਦੀ ਰੁਚੀ ਭਾਵੇਂ ਕਿੰਨੀ ਵੀ ਸੁਭਾਵਕ ਹੋਵੇ ਪਰ ਇਸ ਸਬੰਧ ਵਿਚ ਕਿਸੇ ਕਿਸਮ ਦੀ ਮੇਕਅਪ ਸਿਵਾਇ ਤੁਹਾਡੇ ਆਪਣੇ ਹੋਰ ਕਿਸੇ ਨੂੰ ਘੱਟ ਹੀ ਪ੍ਰਭਾਵਿਤ ਕਰਦੀ ਹੈ। ਬਿਹਤਰ ਇਹੀ ਹੈ ਕਿ ਅਸੀਂ ਇਹ ਵਹਿਮ ਆਪਣੇ ਮਨ ਵਿਚ ਨਾ ਹੀ ਪਾਲੀਏ ਕਿ ਰਸਾਇਣਕ ਜਾਂ ਰੂਹਾਨੀ ਢੰਗਾਂ ਨਾਲ ਅਸੀਂ ਆਪਣੀ ਉਮਰ ਬਾਰੇ ਹੋਰਨਾਂ ਨੂੰ ਪੱਕੇ ਤੌਰ ਤੇ ਭੁਲੇਖੇ ਵਿਚ ਪਾ ਸਕਦੇ ਹਾਂ। ਜੇ ਤੁਹਾਡਾ ਕੋਈ ਵਾਕਫ਼ ਹੈਰਾਨੀ ਜਿਹੀ ਨਾਲ਼ ਆਖਦਾ ਹੈ, “ਨਹੀਂ! ਨਹੀਂ!! ਤੁਸੀਂ 70 ਦੇ ਨਹੀਂ ਹੋ ਸਕਦੇ, ਤੁਸੀਂ ਤਾਂ ਅਜੇ 59 ਦੇ ਵੀ ਨਹੀਂ ਲਗਦੇ” ਤਾਂ ਯਕੀਨ ਜਾਣੋ, ਉਹ ਤੁਹਾਡਾ ਮੂੰਹ ਹੀ ਰੱਖ ਰਿਹਾ ਹੁੰਦਾ ਹੈ। ਜਦੋਂ ਗੱਲ ਗਿਣਤੀ ਮਿਣਤੀ ‘ਤੇ ਆਉਂਦੀ ਹੈ ਤਾਂ ਨਾ ਕਿਸੇ ਨੂੰ ਭੁਲੇਖਾ ਪੈਂਦਾ ਹੈ, ਨਾ ਹੀ ਕੋਈ ਭੁਲੇਖਾ ਖਾਂਦਾ ਹੈ। ਤੁਸੀਂ ਅਖਬਾਰਾਂ ਵਿਚ ਹਰ ਰੋਜ਼ ਮਿਰਤੂ-ਉਲੇਖ ਜਾਂ ਮਰਨ-ਸ਼ਰਧਾਂਜਲੀਆਂ ਪੜ੍ਹਦੇ ਹੋ, ਉਹਨਾਂ ਵਿਚੋਂ ਕਿਸੇ ਇਕ ਵਿਚ ਵੀ ਤੁਸਾਂ ਇਹ ਲਿਖਿਆ ਨਹੀਂ ਪੜ੍ਹਿਆ ਹੋਣਾ ਕਿ ਮਰਨ ਵਾਲਾ 63 ਤੋਂ ਵਧ ਦਾ ਨਹੀਂ ਸੀ ਲਗਦਾ, ਭਾਵੇਂ ਰਿਕਾਰਡ ਵਿਚ ਹੋਏ ਗ਼ਲਤ ਅੰਦਰਾਜ ਅਨੁਸਾਰ ਉਸ ਦੀ ਉਮਰ 87 ਸਾਲ ਦੀ ਸੀ।
ਉਮਰ ਦੇ ਮਾਮਲੇ ਵਿਚ ਦੁਨੀਆ ਏਨੀ ਬੇਲਿਹਾਜ਼ ਹੈ ਕਿ ਨਾ ਭੁਲੇਖਾ ਖਾਂਦੀ ਹੈ, ਨਾ ਕੋਈ ਰਿਆਇਤ ਹੀ ਦਿੰਦੀ ਹੈ।
ਸ਼ਾਇਦ ਬੰਦਾ ਉਹਨਾਂ ਮਾਮਲਿਆਂ ਵਿਚ ਆਪਣੇ ਆਪ ਨੂੰ ਭਰਮਾਉਣ ਦੇ ਵਧੇਰੇ ਉਪਰਾਲੇ ਕਰਦਾ ਹੈ ਜਿਨ੍ਹਾਂ ਦੇ ਸਬੰਧ ਵਿਚ ਉਸ ਨੂੰ ਸੰਸਾਰ ਜਾਂ ਸਮੇਂ ਤੋਂ ਕਿਸੇ ਰਹਿਮ ਜਾਂ ਰਿਆਇਤ ਦੀ ਆਸ ਨਹੀਂ ਹੁੰਦੀ।
ਉਂਝ, ਇਸ ਮਾਮਲੇ ਵਿਚ ਵੱਡੀ ਉਮਰ ਦੇ ਲੋਕਾਂ ਨੂੰ ਹੀ ਮਿਹਣਾ ਕਿਉਂ? ਉਹ ਕਿਹੜੀ ਉਮਰ ਹੈ ਜਦੋਂ ਬੰਦਾ ਸਮੇਂ ਜਾਂ ਸੂਰਤ ਨਾਲ਼ ਲੁਕਣਮੀਟੀ ਨਹੀਂ ਖੇਡਦਾ। ਵਾਸਤਵ ਵਿਚ, ਅਜਿਹਾ ਕੋਈ ਦੌਰ ਵੀ ਨਹੀਂ ਹੋਇਆ ਜਦੋਂ ਬੰਦੇ ਨੂੰ ਸਦਾ ਜਵਾਨ ਰੱਖਣ ਵਾਲੀ ਬੂਟੀ ਦੀ ਭਾਲ ਨਾ ਰਹੀ ਹੋਵੇ ਜਾਂ ਜਦੋਂ ਉਹ ਘੱਟ ਕੋਝਾ ਜਾਂ ਵੱਧ ਸੁਹਣਾ ਲੱਗਣ ਦੇ ਜਜ਼ਬੇ ਹੱਥੋਂ ਬੇਚੈਨ ਨਾ ਰਿਹਾ ਹੋਵੇ। ਇਹ ਠੀਕ ਹੈ ਕਿ ਕਿਸੇ ਸਮੇਂ ਸਾਡਾ ਸਮਾਜ ਇਸ ਜਜ਼ਬੇ ਨੂੰ ਘੂਰ ਕੇ ਦੇਖਦਾ ਸੀ ਅਤੇ ਧਰਮ ਤਾਂ ਇਸ ਨੂੰ ਨਰਕ ਵੱਲ ਜਾਣ ਵਾਲਾ ਸਿੱਧਾ ਰਾਹ ਕਰਾਰ ਦਿੰਦਾ ਸੀ ਪਰ ਹੁਣ ਹਾਲਤ ਚੋਖੀ ਬਦਲ ਗਈ ਹੈ। ਹੁਣ ਤਾਂ ਇਸ ਜਜ਼ਬੇ ਨੂੰ ਪ੍ਰਵਾਨ ਹੀ ਨਹੀਂ ਕੀਤਾ ਜਾਂਦਾ ਸਗੋਂ ਮੀਡੀਆ ਵਿਚ ਇਸ਼ਤਿਹਾਰਬਾਜ਼ੀ ਦਾ ਸੌ ਫ਼ੀਸਦੀ ਹੁਨਰ ਤੇ 60 ਫ਼ੀਸਦੀ ਹਿੱਸਾ ਇਸ ਜਜ਼ਬੇ ਨੂੰ ਉਤੇਜਿਤ ਕਰਨ ਦਾ ਇੱਕੋ-ਇਕ ਕਾਰਜ ਨਿਭਾਉਣ ਦੇ ਲੇਖੇ ਲਗਦਾ ਹੈ। ਜਾਪਦਾ ਹੈ, ਧਰਮ ਨੂੰ ਵੀ ਇਸ ਜਜ਼ਬੇ ਵਿਚੋਂ ਪਾਪ ਦੀ ਬੂ ਆਉਣੋਂ ਹਟ ਗਈ ਹੈ। ਜੇ ਤੁਸੀਂ ਰਤਾ ਕੁ ਨੀਝ ਨਾਲ ਦੇਖੋ ਤਾਂ ਇਹ ਜਜ਼ਬਾ ਅਜੋਕੇ ਅਰਥਚਾਰਿਆਂ ਲਈ ਜ਼ਬਰਦਸਤ ਚਾਲਕ ਸ਼ਕਤੀ ਬਣ ਗਿਆ ਹੈ। ਇਸ ਜਜ਼ਬੇ ਦੀ ਪੂਰਤੀ ਨਾਲ਼ ਸਬੰਧਿਤ ਰਸਾਇਣਕ, ਚਕਿਤਸਿਕ, ਉਦਯੋਗਕ ਤੇ ਕਾਰੋਬਾਰੀ ਧੰਦਿਆਂ ਨੂੰ ਆਧੁਨਿਕ ਅਰਥਚਾਰਿਆਂ ਵਿਚ ਉਸੇ ਤਰ੍ਹਾਂ ਦੀ ਬੁਨਿਆਦੀ ਮਹੱਤਤਾ ਹਾਸਲ ਹੋ ਗਈ ਹੈ ਜਿਹੜੀ ਲਾਟਰੀ, ਜੂਏ, ਸੱਟੇ, ਸ਼ੇਅਰ ਮਾਰਕੀਟ, ਬੈਂਕਿੰਗ, ਬੀਮੇ, ਮਿਊਚੂਅਲ ਫ਼ੰਡਜ਼, ਐਡਵਰਟਾਈਜ਼ਿੰਗ, ਪੋਰਨੋਗ੍ਰਾਫੀ, ਹਥਿਆਰਸਾਜ਼ੀ ਆਦਿ ਜਿਹੇ 14-15 ਬੁਨਿਆਦੀ ਧੰਦਿਆਂ ਨੂੰ ਹਾਸਲ ਹੈ।
ਇਹ ਜਜ਼ਬਾ ਕਿੰਨੇ ਜ਼ਬਰਦਸਤ ਕਾਰੋਬਾਰ ਦਾ ਆਧਾਰ ਬਣ ਚੁੱਕਾ ਹੈ, ਇਸ ਦਾ ਕੁਝ ਅੰਦਾਜ਼ਾ ਇਸ ਤਾਜ਼ਾ ਰਿਪੋਰਟ ਤੋਂ ਵੀ ਹੋ ਜਾਂਦਾ ਹੈ ਕਿ ਕੇਵਲ ਉੱਤਰੀ ਅਮਰੀਕਾ ਵਿਚ ਅਧੇੜ ਉਮਰ ਦੇ ਮਰਦ ਜਵਾਨ ਲਗਣ ਦੇ ਜਤਨਾਂ ਉੱਤੇ ਹਰ ਸਾਲ 10 ਅਰਬ ਡਾਲਰ ਖਰਚ ਕਰਦੇ ਹਨ। ਇਸ ਰਿਪੋਰਟ ਦਾ ਸੰਜੀਦਾ ਪੱਖ ਇਹ ਹੈ ਕਿ ਇਹ ਨਿਰੀ ਜਵਾਨ ਲੱਗਣ ਦੀ ਰੀਝ ਨਹੀਂ ਜਿਹੜੀ ਇਸ ਪਾਸੇ ਦੇ 40-50 ਸਾਲ ਦੇ ਮਰਦ ਨੂੰ ਮਹਿੰਗੀਆਂ ਸਵਾਰਤਾਂ ਵਲ ਧੱਕ ਰਹੀ ਹੈ। ਜ਼ਿੰਦਗੀ ਦੇ ਹਰ ਖੇਤਰ ਵਿਚ ਮੁਕਾਬਲੇਬਾਜ਼ੀ ਦੇ ਘੜਮੱਸ ਵਿਚ ਕਲੀਨਜ਼ਰ, ਮੋਆਇਸਚਿਰਾਈਜ਼ਰਜ਼, ਕਰੀਮਾਂ ਤੇ ਲੋਸ਼ਨ ਅਤੇ ਇਹਨਾਂ ਤੋਂ ਵੀ ਵੱਧ ਸਕਿਨ ਥੈਰਪੀ, ਫੇਸ ਰੀਜੂਵੀਨੇਸ਼ਨ ਤੇ ਕਾਜ਼ਮੈਟਿਕ ਸਰਜਰੀ ਆਪਣੀ ਹੋਂਦ ਨੂੰ ਕਾਇਮ ਰੱਖਣ ਦੀ ਰੋਜ਼ਾਨਾ ਲੜਾਈ ਵਿਚ ਅਜੋਕੇ ਅਧਖੜ੍ਹ ਬੰਦੇ ਲਈ ਲਾਜ਼ਮੀ ਹਥਿਆਰ ਬਣ ਚੁਕੇ ਹਨ। 40 ਸਾਲ ਟੱਪ ਜਾਣ ਪਿੱਛੋਂ ਲੋਕਾਂ ਨੂੰ ਇਹ ਧੁੜਕੂ ਸਤਾਉਣ ਲਗ ਪੈਂਦਾ ਹੈ ਕਿ ਉਹ ਹੰਢੇ ਹੋਏ ਚਿਹਰੇ ਨਾਲ਼ ਆਪਣੇ ਰੁਜ਼ਗਾਰ ਨੂੰ ਕਾਇਮ ਨਹੀਂ ਰੱਖ ਸਕਣਗੇ ਤੇ ਨਾ ਹੀ ਨਵੀਂ ਨੌਕਰੀ ਲਭ ਸਕਣਗੇ। ਇਹ ਠੀਕ ਹੈ ਕਿ ਕੁਝ ਲੋਕ ਆਪਣੇ ਵਿਆਹੁਤਾ ਜੀਵਨ ਨੂੰ ਬਚਾਉਣ ਲਈ ਜਾਂ ਤਲਾਕ ਹੋ ਜਾਣ ਦੀ ਹਾਲਤ ਵਿਚ ਡੇਟਿੰਗ ਕਰਦਿਆਂ ਜਵਾਨ ਲੋਕਾਂ ਤੋਂ ਅੱਗੇ ਲੰਘਣ ਲਈ ਸਵਾਰਤਾਂ ਦਾ ਸਹਾਰਾ ਲੈਂਦੇ ਹਨ ਪਰ ਅੰਤ ਨੂੰ ਇਹ ਆਰਥਿਕ ਦੌੜ ਹੈ ਜਿਹੜੀ ਇਹਨਾਂ ਲੋਕਾਂ ਨੂੰ ਜਵਾਨ ਲੱਗਣ ਦੀ ਸੁਭਾਵਕ ਰੀਝ ਤੋਂ ਬਹੁਤ ਅੱਗੇ ਤੱਕ ਜਾਣ ਲਈ ਮਜਬੂਰ ਕਰਦੀ ਹੈ।
ਜਿਸ ਤਰ੍ਹਾਂ ਇਹ ਜਜ਼ਬਾ ਜ਼ਬਰਦਸਤ ਮੁਨਾਫ਼ਿਆਂ ਦਾ ਅਖੁਟ ਸੋਮਾ ਸਾਬਤ ਹੋ ਰਿਹਾ ਹੈ, ਉਸ ਵੱਲ ਦੇਖਦਿਆਂ ਹੈਰਾਨੀ ਦੀ ਗੱਲ ਨਹੀਂ ਕਿ ਫ਼ਾਰਮੇਸੂਟੀਕਲ ਤੇ ਕਾਜ਼ਮੈਟਿਕ ਕੰਪਨੀਆਂ ਤੇ ਕਾਰਪੋਰੇਸ਼ਨਾਂ ਇਸ ਨੂੰ ਵਾਹੁਣ ਤੇ ਵੱਟਣ ਲਈ ਹਰ ਨਵੀਂ ਸਵੇਰ ਨਵੇਂ ਤੋਂ ਨਵੇਂ ਢੰਗ ਵਰਤੋਂ ਵਿਚ ਲਿਆ ਰਹੀਆਂ ਹਨ। ਭਾਵੇਂ ਵੱਡੀ ਉਮਰ ਦੇ ਲੋਕ ਇਹਨਾਂ ਦੀ ਤੱਕ ਤੋਂ ਬਾਹਰ ਕਦੇ ਵੀ ਨਹੀਂ ਸਨ ਪਰ ਹੁਣ ਤਾਂ ਉਹ ਇਹਨਾਂ ਨੂੰ ਆਪਣੇ ਮੁਨਾਫ਼ਿਆਂ ਦੇ ਘੇਰੇ ਵਿਚ ਲਿਆਉਣ ਲਈ ਬਰਾਬਰ ਦਾ ਜ਼ੋਰ ਲਾ ਰਹੀਆਂ ਹਨ। ਜੇ ਇਹ ਕੰਪਨੀਆਂ ਇਸ ‘ਵਿਸ਼ਵ ਪਿੰਡ’ ਦੀਆਂ ਫ਼ੌਰੀ ਲੋੜਾਂ ਨੂੰ ਧਿਆਨ ਵਿਚ ਰੱਖਣ ਤਾਂ ਉਹਨਾਂ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਤੀਜੇ ਸੰਸਾਰ ਦੇ ਗਰਮ ਦੇਸਾਂ ਵਿਚ ਫੈਲਣ ਵਾਲੀਆਂ ਬਿਮਾਰੀਆਂ (ਮਲੇਰੀਆ, ਪੇਚਸ਼, ਸਾਹ ਦੀਆਂ ਬਿਮਾਰੀਆਂ, ਯਰਕਾਨ ਆਦਿ) ਦੀਆਂ ਬੇਅਸਰ ਹੋ ਚੁਕੀਆਂ ਜਾਂ ਅਣ-ਪ੍ਰਾਪਤ ਦਵਾਈਆਂ ਦੀ ਥਾਂ ਨਵੀਆਂ ਦਵਾਈਆਂ ਤਿਆਰ ਕਰਨ ਵੱਲ ਵੀ ਕੁਝ ਧਿਆਨ ਦੇਣ। ਉਪਰੋਕਤ ਬਿਮਾਰੀਆਂ ਦਾ ਸ਼ਿਕਾਰ ਹੋ ਸਕਣ ਵਾਲੇ ਜਿਨ੍ਹਾਂ ਲੋਕਾਂ ਨੂੰ ਨਵੀਆਂ ਪੁਰਅਸਰ ਦਵਾਈਆਂ ਦੀ ਅਸ਼ਦ ਲੋੜ ਹੈ, ਉਹਨਾਂ ਦੀ ਗਿਣਤੀ ਦੁਨੀਆ ਭਰ ਵਿਚ 50 ਕਰੋੜ ਤੋਂ ਵੱਧ ਹੈ। ਫ਼ਾਰਮੇਸੂਟੀਕਲ ਕੰਪਨੀਆਂ ਚਾਹੁਣ ਤਾਂ ਉਹ ਸੌਖਿਆਂ ਹੀ ਲੋੜੀਦੀਆਂ ਨਵੀਆਂ ਦਵਾਈਆਂ ਤਿਆਰ ਕਰ ਸਕਦੀਆਂ ਹਨ ਤੇ ਸੰਸਾਰ ਵੱਸੋਂ ਦੇ ਵੱਡੇ ਹਿੱਸੇ ਨੂੰ ਰਾਹਤ ਪਹੁੰਚਾ ਸਕਦੀਆ ਹਨ। ਸੰਸਾਰ ਸਿਹਤ ਜਥੇਬੰਦੀ ਦੇ ਅੰਕੜਿਆਂ ਅਨੁਸਾਰ, ਪੁਰਅਸਰ ਦਵਾਈਆਂ ਦੇ ਨਾ ਹੋਣ ਕਾਰਨ 1998 ਵਿਚ 61 ਲੱਖ ਲੋਕ ਉਪਰੋਕਤ ਬਿਮਾਰੀਆਂ ਹੱਥੋਂ ਅਣਿਆਈ ਮੌਤ ਮਰ ਗਏ। ਇਹ ਲੋਕ ਸਿਰਫ਼ ਇਸ ਲਈ ਜਿਊਂਦੇ ਨਾ ਰਹਿ ਸਕੇ ਕਿਉਂਕਿ ਪੱਤਰਕਾਰ ਸਿਲਵਰਸਟੀਅਨ ਦੇ ਕਹਿਣ ਅਨੁਸਾਰ, “ਇਹਨਾਂ ਨੂੰ ਜਿਊਂਦੇ ਰੱਖਣ ਵਿਚ ਕਿਸੇ ਮੁਨਾਫ਼ੇ ਦੀ ਗੁੰਜਾਇਸ਼ ਨਹੀਂ ਸੀ।” ਜਦੋਂ ਮੁਨਾਫ਼ਿਆਂ ਦੀ ਗੱਲ ਹੁੰਦੀ ਹੈ ਤਾਂ ਦੁਨੀਆ ‘ਵਿਸ਼ਵ ਪਿੰਡ’ ਬਣ ਜਾਂਦੀ ਹੈ ਪਰ ਜਦੋਂ ਇਸ ਪਿੰਡ ਲਈ ਕੁਝ ਕਰਨ ਦਾ ਸਵਾਲ ਉਠਦਾ ਹੈ ਤਾਂ ਇਹੀ ਪਿੰਡ ਕਈ ਵੱਖੋ-ਵੱਖਰੇ ਸੰਸਾਰਾਂ ਦਾ ਵਿਰਾਟ ਰੂਪ ਅਖਤਿਆਰ ਕਰ ਲੈਂਦਾ ਹੈ।
‘ਟੋਰਾਂਟੋ ਸਟਾਰ’ ਵਿਚ ਛਪੀ ਕੈੱਨ ਸਿਲਵਰਸਟੀਅਨ ਦੀ ਰਿਪੋਰਟ ਅਨੁਸਾਰ ਦਵਾਸਾਜ਼ ਕੰਪਨੀਆਂ ਨੇ 1975 ਤੇ 1997 ਦੇ ਦਰਮਿਆਨ 1223 ਦਵਾਈਆਂ ਮਾਰਕੀਟ ਵਿਚ ਲਿਆਂਦੀਆਂ। ਇਹਨਾਂ ਵਿਚੋਂ ਕੇਵਲ 1 ਫ਼ੀਸਦੀ, ਅਰਥਾਤ 13 ਦਵਾਈਆਂ ਅਜਿਹੀਆਂ ਸਨ ਜਿਹੜੀਆਂ ਤਪਤ-ਖੰਡ ਦੇ ਦੇਸਾਂ ਵਿਚ ਫੈਲਣ ਵਾਲੀਆਂ ਬਿਮਾਰੀਆਂ ਦੇ ਇਲਾਜ ਲਈ ਡਿਜ਼ਾਈਨ ਕੀਤੀਆਂ ਗਈਆਂ ਸਨ। ਇਹ ਠੀਕ ਹੈ ਕਿ ਬਾਕੀ 1210 ਦਵਾਈਆਂ ਵਿਚੋਂ ਬਹੁਤੀਆਂ ਅਜਿਹੀਆਂ ਸਨ ਜਿਹੜੀਆਂ ਕਸ਼ਟ ਘਟਾਉਣ ਜਾਂ ਬੇਵਕਤ ਮੌਤਾਂ ਨੂੰ ਰੋਕਣ ਵਿਚ ਸਹਾਈ ਹੋਣ ਵਾਲੀਆਂ ਸਨ ਪਰ ਗਰਮਾ-ਗਰਮ ਨੁਸਖੇ ਉਹ ਸਨ ਜਿਨ੍ਹਾਂ ਦਾ ਜ਼ਿੰਦਗੀ ਮੌਤ ਨਾਲ਼ ਕੋਈ ਸਬੰਧ ਨਹੀਂ ਸੀ। ‘ਲਾਈਫ਼ ਸਟਾਈਲ’ ਖਾਨੇ ਵਿਚ ਆਉਣ ਵਾਲੀਆਂ ਇਹ ਦਵਾਈਆਂ ਨੌਹਾਂ ਵਿਚ ਲੱਗਣ ਵਾਲੀ ਉੱਲੀ, ਮੁਟਾਪੇ, ਗੰਜੇਪਨ, ਚਿਹਰੇ ਦੀਆਂ ਝੁਰੜੀਆਂ ਤੇ ਨਾਮਰਦੀ ਜਿਹੇ ਸਰੀਰਕ ਵਿਕਾਰਾਂ ਦੇ ਉਪਾਅ ਲਈ ਸਨ।
ਮਿ. ਸਿਲਵਰਸਟੀਅਨ ਨੇ ਠੀਕ ਹੀ ਕਿਹਾ ਹੈ ਕਿ “ਦਵਾ ਸਨਅਤ ਨੂੰ ਗੰਜੇ, ਉੱਲੀ ਲੱਗੇ ਤੇ ਨਾਮਰਦੀ ਦੇ ਸਤਾਏ ਹੋਏ ਅਮੀਰ ਬੁੱਢਿਆਂ ਦਾ ਦੁਨੀਆ ਦੇ ਉਹਨਾਂ 50-60 ਕਰੋੜ ਲੋਕਾਂ ਨਾਲ਼ੋਂ ਵਧੇਰੇ ਫ਼ਿਕਰ ਹੈ ਜਿਹੜੇ ਆਏ ਸਾਲ ਮਲੇਰੀਏ ਦੀ ਲਪੇਟ ਵਿਚ ਆ ਰਹੇ ਹਨ।”
ਭਾਵੇਂ ਗੱਲ ਏਥੇ ਅਮੀਰ ਬੁੱਢਿਆਂ ਉੱਤੇ ਲਾ ਕੇ ਕੀਤੀ ਗਈ ਹੈ ਪਰ ਕੀਤਾ ਕੀ ਜਾਏ, ਤੀਜੇ ਸੰਸਾਰ ਵਿਚ ਵਸਦੇ ਜਿਨ੍ਹਾਂ 50 ਕਰੋੜ ਲੋਕਾਂ ਨੂੰ ਨਵੀਆਂ ਦਵਾਈਆਂ ਦੀ ਡਾਢੀ ਲੋੜ ਹੈ, ਉਹਨਾਂ ਵਿਚ ਵੀ ਤਾਂ ਬੁੱਢੇ ਸ਼ਾਮਲ ਹਨ। ਹੁਣ ਬੰਦਾ ਕਿਨ੍ਹਾਂ ਬੁੱਢਿਆਂ ਨੂੰ ਪਹਿਲ ਦੇਵੇ। ਤੁਹਾਨੂੰ ਜਾਂ ਮੈਨੂੰ ਇਸ ਮਾਮਲੇ ਵਿਚ ਕੋਈ ਉਲਝਣ ਹੋਵੇ ਤਾਂ ਹੋਵੇ, ਦਵਾਸਾਜ਼ ਕੰਪਨੀਆਂ ਨੂੰ ਅਜਿਹੀ ਕੋਈ ਉਲਝਣ ਨਹੀਂ। ਉਹ ਜਾਣਦੀਆਂ ਹਨ ਕਿ ਕਮਾਈ ਦੇ ਪੱਖੋਂ ਅਮੀਰ ਬੁੱਢਿਆਂ ਦੀ ਸੇਵਾ ਹੀ ਉਹਨਾਂ ਦਾ ਅਸਲ ਕਰਤੱਵ ਹੈ।
ਦਵਾਸਾਜ਼ ਕੰਪਨੀਆਂ ਨੂੰ ਬੁੱਢੇ ਅਮੀਰਾਂ ਦਾ ਫ਼ਿਕਰ ਕਿਉਂ ਨਾ ਹੋਵੇ ਜਦੋਂ ਨਾਮਰਦੀ ਦਾ ਸ਼ਰਤੀਆ ਤੋੜ ਸਮਝੀ ਜਾਂਦੀ ‘ਵਿਆਗਰਾ’ ਗੋਲੀ ਤਿਆਰ ਕਰਨ ਵਾਲੀ ਫ਼ਾਈਜ਼ਰ ਕੰਪਨੀ ਨੇ ਇਸ ਦਵਾਈ ਦੀ ਪਹਿਲੇ ਸਾਲ ਦੀ ਵਿਕਰੀ ਵਿਚੋਂ ਹੀ ਇਕ ਅਰਬ ਡਾਲਰ ਦਾ ਖਾਲਸ ਮੁਨਾਫ਼ਾ ਕਮਾ ਲਿਆ ਹੋਵੇ। ਇਹ ਵੱਖਰੀ ਗੱਲ ਹੈ ਕਿ ਵਿਆਗਰਾ ਦੀ ਮਦਦ ਨਾਲ ਜਵਾਨੀ ਦਾ ਹੁਲਾਰਾ ਲੈਂਦੇ 60-65 ਬਜ਼ੁਰਗ ਅਧਵਾਟੇ ਹੀ ਸ਼ਹੀਦੀਆਂ ਪਾ ਗਏ।
ਮਿ. ਸਿਲਵਰਸਟੀਅਨ ਦੀ ਰਿਪੋਰਟ ਅਨੁਸਾਰ ਦਵਾਸਾਜ਼ ਸਨਅਤ ਨੇ ਆਪਣੀਆਂ ਨਵੀਆਂ ਦਵਾਈਆਂ ਦੀ ਇਸ਼ਤਿਹਾਰਬਾਜ਼ੀ ਉੱਤੇ ਇਕੱਲੇ 1998 ਵਿਚ 10 ਅਰਬ 80 ਕਰੋੜ ਡਾਲਰ ਖਰਚ ਕੀਤੇ। ਇਸ ਤੋਂ ਇਲਾਵਾ ਅਮਰੀਕਾ ਦੀਆਂ ਦਵਾਸਾਜ਼ ਕੰਪਨੀਆਂ ਨੇ ਸਿਹਤ ਸੇਵਾਵਾਂ ਦੇ ਕੌਮੀਕਰਨ ਦੇ ਹੱਕ ਵਿਚ ਪੈਦਾ ਹੋ ਰਹੀ ਲੋਕ ਰਾਏ ਨੂੰ ਪਛਾੜਨ ਤੇ ਆਪਣੇ ਲਈ ਹੋਰ ਰਿਆਇਤਾਂ ਹਾਸਲ ਕਰਨ ਦੇ ਮੰਤਵ ਨਾਲ ਅਮਰੀਕੀ ਹਕੂਮਤ ਨੂੰ ਲਾਬੀ ਕਰਨ ਉੱਤੇ 7 ਕਰੋੜ 48 ਲੱਖ ਡਾਲਰ ਖਰਚ ਕੀਤੇ। 1 ਕਰੋੜ 20 ਲੱਖ ਡਾਲਰ ਦੀ ਮੋਟੀ ਰਕਮ ਇਸ ਸਨਅਤ ਨੇ ਅਮਰੀਕਾ ਦੀਆਂ ਮੁੱਖ ਸਿਆਸੀ ਪਾਰਟੀਆਂ ਨੂੰ ਚੋਣ ਮੁਹਿੰਮਾਂ ਲਈ ਚੰਦਿਆਂ ਵਜੋਂ ਦਿੱਤੀ। ਇਹਨਾਂ ਜ਼ਬਰਦਸਤ ਖਰਚਿਆਂ ਤੋਂ ਸਹਿਜੇ ਹੀ ਅੰਦਾਜ਼ਾ ਹੋ ਸਕਦਾ ਹੈ ਕਿ ਇਹ ਸਨਅਤ ਕਿੰਨੇ ਅਥਾਹ ਮੁਨਾਫ਼ੇ ਕਮਾ ਰਹੀ ਹੋਵੇਗੀ।
ਪ੍ਰਤੱਖ ਹੈ ਕਿ ਦਵਾਸਾਜ਼ ਸਨਅਤ ਨੇ 50-60 ਕਰੋੜ ਕੰਗਾਲਾਂ ਲਈ ਮਲੇਰੀਆ- ਨਾਸ਼ਕ ਦਵਾਈਆਂ ਤਿਆਰ ਕਰਨ ਦੇ ਵਾਧੂ ਦੇ ਪੰਗੇ ਤੋਂ ਕੀ ਲੈਣਾ ਹੈ ਜਦੋਂ ਉਹ ਵਿਕਸਿਤ ਦੇਸਾਂ ਦੇ ਧਨੀ ਬੁੱਢਿਆਂ ਤੇ ਹੋਰ ਖਾਸ ਵਰਗਾਂ ਲਈ ਲਾਈਫ਼ ਸਟਾਈਲ ਦਵਾਈਆਂ ਤੇ ਲੋਸ਼ਨ ਤਿਆਰ ਕਰਕੇ ਬੈਠੇ ਬਠਾਏ ਅਰਬਾਂ ਖਰਬਾਂ ਡਾਲਰ ਦਾ ਮੁਨਾਫ਼ਾ ਕਮਾ ਲੈਂਦੀ ਹੈ।
ਅਜੇ ਇਹ ‘ਲਾਈਫ਼ ਸਟਾਈਲ’ ਦਵਾਈਆਂ ਤੋਂ ਹੋਣ ਵਾਲੇ ਮੁਨਾਫ਼ਿਆਂ ਦੀ ਗੱਲ ਹੈ। ਅਜਿਹੀਆਂ ਹੋਰ ਵਸਤਾਂ ਦੀ ਕੋਈ ਗਿਣਤੀ ਹੀ ਨਹੀਂ ਜਿਹੜੀਆਂ ਫ਼ਾਰਮੇਸੂਟੀਕਲ, ਕਾਜ਼ਮੈਟਿਕ ਤੇ ਫ਼ੈਸ਼ਨ ਸਨਅਤਾਂ ਮਨੁੱਖੀ ਰੀਝਾਂ ਤੇ ਹਸਰਤਾਂ ਵਿਚੋਂ ਪੈਦਾ ਹੋਣ ਵਾਲੀਆਂ ਤਲਬਾਂ ਤੇ ਤਕਾਜ਼ਿਆਂ ਨੂੰ ਪੂਰਾ ਕਰਨ ਲਈ ਤਿਆਰ ਕਰਦੀਆਂ ਹਨ। ਜੇ ਇਸ ਸਮੁੱਚੀ ਤਸਵੀਰ ਨੂੰ ਧਿਆਨ ਵਿਚ ਰੱਖਿਆ ਜਾਏ ਤਾਂ ਇਹ ਗੱਲ ਸੌਖਿਆਂ ਹੀ ਸਮਝ ਆ ਜਾਂਦੀ ਹੈ ਕਿ ਇਹਨਾਂ ਸਨਅਤਾਂ ਤੇ ਧੰਦਿਆਂ ਦੀ ਪ੍ਰਫੁਲਤਾ ਮੁਨਾਫ਼ਾ-ਮੱਲੇ ਅਜੋਕੇ ਅਰਥਚਾਰਿਆਂ ਲਈ ਕਿੰਨੀ ਅਵਸ਼ਕ ਹੋ ਗਈ ਹੈ।
ਵਾਸਤਵ ਵਿਚ ਇਹਨਾਂ ਅਰਥਚਾਰਿਆਂ ਦੀ ਸਥਿਰਤਾ ਇਸ ਗੱਲ ਉੱਤੇ ਨਿਰਭਰ ਕਰਦੀ ਹੈ ਕਿ ਜਿਹੜੀਆਂ ਜ਼ਰੂਰੀ ਜਾਂ ਗ਼ੈਰ- ਜ਼ਰੂਰੀ ਵਸਤਾਂ ਇਹ ਸਨਅਤਾਂ ਤਿਆਰ ਕਰਦੀਆਂ ਹਨ, ਉਹਨਾਂ ਦੀ ਮੰਗ ਲਗਾਤਾਰ ਵਧਦੀ ਰਹੇ। ‘ਵਰਚੂਅਲ ਰੀਐਲਿਟੀ’ ਪੈਦਾ ਕਰ ਸਕਣ ਵਾਲੀ ਟੈਕਨਾਲੋਜੀ ਦੀ ਮਦਦ ਨਾਲ ਐਡਵਰਟਾਈਜ਼ਿੰਗ ਧੰਦੇ ਲਈ ਇਹ ਕੰਮ ਹੁਣ ਖੱਬੇ ਹੱਥ ਦੀ ਖੇਡ ਬਣ ਚੁੱਕਾ ਹੈ ਜਦ ਕਿ ਮੀਡੀਆ ਪਹਿਲਾਂ ਹੀ ਇਹਨਾਂ ਧੰਦਿਆਂ ਦੇ ਪਾਵੇ ਨਾਲ ਬੱਝਾ ਹੀ ਹੋਇਆ ਹੈ।
ਗ਼ੈਰ-ਜ਼ਰੂਰੀ ਵਸਤਾਂ ਨੂੰ ਆਵਸ਼ਕ ਲੋੜਾਂ ਦਾ ਹਿੱਸਾ ਕਿਵੇਂ ਬਣਾਇਆ ਜਾਂਦਾ ਹੈ, ਇਸ ਸਬੰਧ ਵਿਚ ਉਸ ਖਬਰ ਦਾ ਜ਼ਿਕਰ ਮੁਨਾਸਬ ਹੀ ਹੋਵੇਗਾ ਜਿਹੜੀ ‘ਟਰਾਂਟੋ ਸਟਾਰ` ਦੇ ਪੱਤਰ ਪ੍ਰੇਰਕ ਮਾਰਕ ਮੈਗਨੀਅਰ ਨੇ ਪਿਛਲੇ ਦਿਨੀਂ ਜਪਾਨ ਦੇ ਸ਼ਹਿਰ ਯੋਕੋਹਾਮਾ ਤੋਂ ਭੇਜੀ ਸੀ। ਇਸ ਖਬਰ ਦਾ ਸਬੰਧ ਵੱਡੀ ਉਮਰ ਦੇ ਲੋਕਾਂ ਦੇ ਸਰੀਰ ਵਿਚੋਂ ਆਉਣ ਵਾਲੀ ਕਥਿਤ ਗੰਧ ਨਾਲ ਸੀ। ਜਪਾਨ ਦੀ ਕਾਜ਼ਮੈਟਿਕ ਫ਼ਰਮ ਸਿਸ਼ੀਦੇ ਦੀ ਖੋਜ ਅਨੁਸਾਰ 40 ਸਾਲ ਟੱਪ ਜਾਣ ਪਿੱਛੋਂ ਲੋਕਾਂ ਦੇ ਸਰੀਰ ਵਿਚੋਂ ਉਸੇ ਤਰ੍ਹਾਂ ਦੀ ਅਸੁਖਾਵੀਂ ਬੂ ਆਉਣ ਲੱਗ ਪੈਂਦੀ ਹੈ ਜਿਹੋ ਜਿਹੀ ਰੂੜੀ, ਚਿਰਾਂ ਤੋਂ ਬੰਦ ਕੱਚੇ ਕੋਠਿਆਂ ਜਾਂ ਮੈਲੇ ਕੱਪੜਿਆਂ ਦੀ ਪੰਡ ਵਿਚੋਂ ਆਉਂਦੀ ਹੈ। ਇਹ ਜ਼ਬਰਦਸਤ ਖੋਜ ਸਿਸ਼ੀਦੇ ਦੇ ਮੁੱਖ ਪਰਫਿਊਮਰ ਨਾਕਾਮੁਰਾ ਨੇ ਕੀਤੀ ਹੈ। ਨਾਕਾਮੁਰਾ ਦੀ ਸੁੰਘਣ ਸ਼ਕਤੀ ਏਨੀ ਤੇਜ਼ ਹੈ ਕਿ ਉਹ 2000 ਵੱਖ ਵੱਖ ਕਿਸਮ ਦੇ ਮੁਸ਼ਕਾਂ ਦੀ ਪਛਾਣ ਕਰ ਸਕਦਾ ਹੈ।
ਇਸ ਖੋਜ ਦੀ ਪੁਸ਼ਟੀ ਜਪਾਨ ਦੀ ਵਸਤਰ ਤਿਆਰ ਕਰਨ ਵਾਲੀ ਫ਼ਰਮ ਬੁਨਜ਼ੇ ਨੇ ਵੀ ਕੀਤੀ ਹੈ। ਇਸ ਕੰਪਨੀ ਨੇ ਪਿਛੇ ਜਿਹੇ 16 ਤੋਂ 25 ਸਾਲ ਦੀਆਂ 278 ਔਰਤਾਂ ਦਾ ਸਰਵੇਖਣ ਕੀਤਾ। ਕੰਪਨੀ ਦਾ ਕਹਿਣਾ ਹੈ 92 ਫ਼ੀ ਸਦੀ ਜਵਾਨ ਔਰਤਾਂ ਨੇ ਦੱਸਿਆ ਕਿ ਵੱਡੀ ਉਮਰ ਦੇ ਲੋਕਾਂ, ਖਾਸ ਤੌਰ `ਤੇ ਮਰਦਾਂ ਦੇ ਸਰੀਰ ਵਿਚੋਂ ਆਉਣ ਵਾਲੀ ਸਾਹ ਘੁਟਵੀਂ ਬੂ ਸੱਚ ਮੁਚ ਬੜੀ ਗੰਭੀਰ ਸਮੱਸਿਆ ਹੈ। ਜਪਾਨ ਦੇ ਮੁੰਡੇ ਕੁੜੀਆਂ ਨੇ ਇਸ ਬੂ ਨੂੰ ‘ਓਜੀਬੋ’ ਜਾਂ ‘ਅੰਕਲ ਗੰਧ’ ਦਾ ਨਾਂ ਦੇ ਰੱਖਿਆ ਹੈ।
ਮੀਡੀਆ ਇਸ ਮਾਮਲੇ ਵਿਚ ਕਿਵੇਂ ਪਿੱਛੇ ਰਹਿ ਸਕਦਾ ਸੀ। ਜਪਾਨ ਦੇ ਸਪਤਾਹਕ ਰਸਾਲੇ ‘ਬੁਨਸ਼ਨ` ਨੇ ਲਿਖਿਆ ਹੈ ਕਿ 20-22 ਸਾਲ ਦੀਆਂ ਕੁੜੀਆਂ ਦਸਦੀਆਂ ਹਨ ਕਿ ਉਹਨਾਂ ਲਈ ਵੱਡੀ ਉਮਰ ਦੇ ਆਪਣੇ ਸਬੰਧੀਆਂ ਤੇ ਸਾਥੀ ਕਰਮਚਾਰੀਆਂ ਦੇ ਸਰੀਰ ਵਿਚੋਂ ਆਉਂਦੀ ਬੂ ਨੂੰ ਸਹਾਰਨਾ ਸੱਚਮੁਚ ਔਖਾ ਹੋ ਜਾਂਦਾ ਹੈ। ਉਹ ਪੁਛਦੀਆਂ ਹਨ, “ਕੀ ਇਸ ਬੂ ਦਾ ਕੋਈ ਇਲਾਜ ਨਹੀਂ ਹੋ ਸਕਦਾ?”
ਸਿਸ਼ੀਦੋ ਦਾ ਉੱਤਰ ਹੈ, “ਕਿਉਂ ਨਹੀਂ! ਇਸ ਦਾ ਇਲਾਜ ਹੋ ਸਕਦਾ ਹੈ ਸਗੋਂ ਇੰਝ ਕਹੋ ਕਿ ਇਲਾਜ ਲੱਭ ਲਿਆ ਗਿਆ ਹੈ।
ਇਹ ਫਰਮ ਛੇਤੀ ਹੀ ਵੱਡੀ ਉਮਰ ਦੇ ਲੋਕਾਂ ਲਈ ਵਿਸ਼ੇਸ਼ ਕਿਸਮ ਦੇ ਸ਼ੈਂਪੂ, ਪਰਫਿਊਮਾਂ, ਬਾਡੀ ਸਪਰੇਅ, ਪਾਊਡਰ ਤੇ ਡੀਓਡਰੈਂਟ ਮਾਰਕੀਟ ਵਿਚ ਲਿਆ ਰਹੀ ਹੈ।
ਕਲੋਦਿੰਗ ਫਰਮ ‘ਗੁਨਜ਼ੇ’ ਨੇ ਅਜਿਹੇ ਅੰਡਰਵੀਅਰ (ਕਛਹਿਰੇ) ਤਿਆਰ ਕਰ ਲਏ ਹਨ ਜਿਹੜੇ ਵਡੀ ਉਮਰ ਦੇ ਮਰਦਾਂ ਦੇ ਸਰੀਰ ਦੇ ਵਿਚਕਾਰਲੇ ਹਿੱਸੇ ਵਿਚੋਂ ਆਉਣ ਵਾਲੀ ਬੂ ਨੂੰ ਬਾਹਰ ਨਹੀਂ ਆਉਣ ਦੇਣਗੇ।
ਇਸ ਖੋਜ ਤੋਂ ਬਾਅਦ ਕਿਹੜਾ ਅਧਖੜ੍ਹ ਜਾਂ ਬਜ਼ੁਰਗ ਆਦਮੀ ਹੈ ਜਿਹੜਾ ਸਿਸ਼ੀਦੋ ਜਾਂ ਗੁਨਜ਼ੇ ਦੀਆਂ ਤਿਆਰ ਕੀਤੀਆਂ ਵਸਤਾਂ ਨਹੀਂ ਖਰੀਦੇਗਾ ਜਦੋਂ ਉਸ ਨੂੰ ਪਤਾ ਹੈ ਕਿ ਜੇ ਉਸ ਨੇ ਇਹਨਾਂ ਬੂ-ਮਾਰ ਵਸਤਾਂ ਦੀ ਵਰਤੋਂ ਨਾ ਕੀਤੀ ਤਾਂ ਕੋਈ ਜਵਾਨ ਬੀਬੀ ਉਸ ਕੋਲ ਬਹਿਣਾ ਵੀ ਪਸੰਦ ਨਹੀਂ ਕਰੇਗੀ। ਜੇ ਹੁਣ ਤੁਸੀਂ ਆਪਣੀ ਉਮਰ ਲਕੋਣਾ ਚਾਹੋਗੇ ਤਾਂ ਕਾਲੀ ਮਹਿੰਦੀ ਜਾਂ ਸ਼ੈਤਾਨ ਮਾਰਕਾ ਖਜ਼ਾਬ ਦੀ ਵਰਤੋਂ ਦੇ ਨਾਲ-ਨਾਲ ਤੁਹਾਡੇ ਲਈ ਬੂ-ਮਾਰ ਵਸਤਾਂ ਦਾ ਪ੍ਰਯੋਗ ਵੀ ਜ਼ਰੂਰੀ ਹੋਵੇਗਾ, ਨਹੀਂ ਤਾਂ ਲੋਕ ਤੁਹਾਨੂੰ ਸੁੰਘ ਕੇ ਵੀ ਤੁਹਾਡੀ ਉਮਰ ਲੱਭ ਲਿਆ ਕਰਨਗੇ।
ਇਸ ਸਬੰਧ ਵਿਚ ਇਕ ਹੋਰ ਖੁਸ਼ਖਬਰੀ ਇਹ ਹੈ ਕਿ ਦੱਖਣੀ ਕੋਰੀਆ ਦੀਆਂ ਤਿੰਨ ਟੈਕਸਟਾਈਲ ਫ਼ਰਮਾਂ ਨੇ ‘ਖੁਸ਼ਬੂਦਾਰ ਕੱਪੜੇ’ ਤਿਆਰ ਕਰ ਲਏ ਹਨ। ਇਹ ਕੱਪੜੇ ਭਾਵੇਂ ਹਰ ਉਮਰ ਦੇ ਲੋਕਾਂ ਲਈ ਇੱਕੋ ਜਿੰਨੇ ਮੁਫ਼ੀਦ ਹਨ ਪਰ ਜਪਾਨੀ ਖੋਜ ਦੀ ਰੌਸ਼ਨੀ ਵਿਚ ਬਜ਼ੁਰਗਾਂ ਲਈ ਤਾਂ ਇਹ ਵੱਡਮੁੱਲੀ ਦਾਤ ਤੋਂ ਘੱਟ ਨਹੀਂ। ਹੋ ਸਕਦੈ, ਕੈਨੇਡਾ ਵਿਚ ਰਹਿੰਦੇ ਸਮੁੱਚੇ ਦੱਖਣੀ-ਏਸ਼ਿਆਈ ਪਰਵਾਸੀਆਂ ਲਈ ਇਹ ਕੱਪੜੇ ਪਾਉਣੇ ਲਾਜ਼ਮੀ ਕਰਾਰ ਦੇ ਦਿੱਤੇ ਜਾਣ ਕਿਉਂਕਿ ਏਥੋਂ ਦੇ ਲੋਕਾਂ ਨੂੰ ਇਹਨਾਂ ਪਰਵਾਸੀਆਂ ਦੇ ਕੱਪੜਿਆਂ ਵਿਚੋਂ ਤੁੜਕੇ ਦੀ ਬੂ ਆਉਣੋਂ ਹੀ ਨਹੀਂ ਹਟਦੀ।
ਭਾਵੇਂ ਮੈਂ ਪਹਿਲਾਂ ਕਿਸੇ ਥਾਂ ਇਹ ਲਿਖ ਚੁਕਾ ਹਾਂ ਕਿ ਉਮਰ ਨੂੰ ਲੁਕਾਉਣ ਦੇ ਜਤਨ ਬੇਸੂਦ ਹਨ ਪਰ ਜਪਾਨ ਵਿਚ ਹੋਈ ਨਵੀਂ ਧਮਾਕਾਖੇਜ਼ ਖੋਜ ਤੋਂ ਬਾਅਦ ਮੈਂ ਵੀ ਸੋਚਣ ਲੱਗ ਪਿਆ ਹਾਂ ਜੇ ਕਿਸੇ ਤਰ੍ਹਾਂ ਉਮਰ ਤੇ ਪਰਦਾ ਪੈ ਸਕੇ ਤਾਂ ਇਸ ਵਿਚ ਕੋਈ ਹਰਜ ਵੀ ਨਹੀਂ ਜਦ ਕਿ ਅਜਿਹਾ ਨਾ ਕਰਨ ਵਿਚ ਹਰਜ ਹੀ ਹਰਜ ਹੈ।
ਇਹ ਸਿਰਫ਼ ਦਵਾਸਾਜ਼ ਤੇ ਕਾਜ਼ਮੈਟਿਕ ਸਨਅਤਾਂ ਨਹੀਂ ਜਿਹੜੀਆਂ ਮਨੁੱਖ ਨੂੰ ਝੂਠੇ ਜਾਂ ਅਧਸੱਚੇ ਦਿਲਾਸੇ ਵੇਚਦੀਆਂ ਹਨ। ਮੈਡੀਸਨ, ਸਰਜਰੀ ਤੇ ਮਨੋਵਿਗਿਆਨ ਜਿਹੇ ਜਿਨ੍ਹਾਂ ਉੱਚ-ਪੇਸ਼ਿਆਂ ਦਾ ਉਦੇਸ਼ ਮਨੁੱਖ ਨੂੰ ਦੁੱਖ ਦਰਦ ਤੋਂ ਆਰਾਮ ਦੇਣਾ ਹੈ, ਉਹਨਾਂ ਨੂੰ ਵੀ ਉਹਨਾਂ ਦੇ ਅਸਲ ਰਾਹ ਤੋਂ ਖਿਚ ਕੇ ਸ਼ਿੰਗਾਰ ਦੇ ਕਾਰੋਬਾਰ ਦਾ ਸੀਰੀ ਬਣਾਇਆ ਜਾ ਰਿਹਾ ਹੈ। ਸਰਜਰੀ ਕਾਜ਼ਮੈਟਿਕਸ ਧੰਦੇ ਦਾ ਸੰਦ-ਵਲੇਵਾਂ ਬਣ ਰਹੀ ਹੈ ਤੇ ਮਨੋਵਿਗਿਆਨ ਨੂੰ ਧਾਗੇ ਤਵੀਤਾਂ ਵਰਗੇ ਕਾਲੇ ਧੰਦਿਆਂ ਦੀ ਥਾਂ ਲੈਣ ਲਈ ਕਿਹਾ ਜਾ ਰਿਹਾ ਹੈ। ਇਹ ਵੀ ਅਜੀਬ ਮਾਮਲਾ ਹੈ ਕਿ ਜਿਵੇਂ ਜਿਵੇਂ ਮਨੁੱਖ ਲਈ ਸਰੀਰਕ ਸੁਖ ਸੁਵਿਧਾ ਦੇ ਸਾਧਨ ਵਧਦੇ ਜਾਂਦੇ ਹਨ, ਉਸਦਾ ਮਾਨਸਿਕ ਉਲਾਰ ਵਿਗੜਦਾ ਜਾ ਰਿਹਾ ਹੈ। ਇਸ ਵਿਚ ਹੈਰਾਨੀ ਵਾਲੀ ਗੱਲ ਨਹੀਂ ਕਿ ਪੱਛਮ ਦੇ ਖੁਸ਼ਹਾਲ ਪਰ ਪਰੇਸ਼ਾਨ ਮਨੁੱਖ ਨੂੰ ਸ਼ਾਂਤੀ ਤੇ ਤਸਕੀਨ ਦਾ ਮਾਰਗ ਦਿਖਾਉਣ ਲਈ ਹਿੰਦੁਸਤਾਨ ਤੋਂ ਉਪਦੇਸ਼ਕ, ਯੋਗੀ, ਮਹਾਰਿਸ਼ੀ ਤੇ ਭਗਵਾਨ ਆਪਣੇ ਵਿਰਵੇ ਦੇਸ ਵਾਸੀਆਂ ਨੂੰ ਮਾਂ-ਮਹਿੱਟਰ ਛਡ ਕੇ ਧੜਾ ਧੜ ਏਧਰ ਆ ਰਹੇ ਹਨ। ਇਹ ਪ੍ਰਕਿਰਿਆ ਆਜ਼ਾਦ ਮੰਡੀ ਦੇ ਮੰਗ ਤੇ ਪੂਰਤੀ ਦੇ ਨੇਮ ਦੇ ਐਨ ਮੁਤਾਬਕ ਹੀ ਹੈ। ਕੀ ਏਥੋਂ ਇਹ ਨਤੀਜਾ ਕੱਢਣਾ ਯੋਗ ਨਹੀਂ ਹੋਵੇਗਾ ਕਿ ਧਾਰਮਿਕ ਮਹਾਂਪੁਰਖਾਂ ਦਾ ਜੀਅ ਵੀ ਖਾਂਦੇ-ਪੀਂਦੇ ਤੇ ਖੁਸ਼ਹਾਲ ਲੋਕਾਂ ਵਿਚ ਹੀ ਲਗਦਾ ਹੈ? ਤਾਂ ਵੀ ਜਿਨ੍ਹਾਂ ਪ੍ਰੇਤਾਂ ਨੇ ਵਿਕਸਿਤ ਸਮਾਜਾਂ ਦੇ ਮਨੁੱਖ ਨੂੰ ਘੇਰਿਆ ਹੋਇਆ ਹੈ ਉਹ ਪੁੰਨ-ਪਾਪ ਦੀਆਂ ਪੁਰਾਣੀਆਂ ਅਨੁਭੂਤੀਆਂ ਦੀ ਪੈਦਾਵਾਰ ਨਹੀਂ ਤੇ ਨਾ ਹੀ ਇਹਨਾਂ ਲਈ ਨਿਰੇ ਮੂਲ ਮੰਤਰ ਕਾਫ਼ੀ ਸਾਬਤ ਹੋ ਰਹੇ ਹਨ। ਜੇ ਧਾਰਮਿਕ ਉਪਦੇਸ਼ ਇਸ ਪਾਸੇ ਦੇ ਮਨੁੱਖ ਨੂੰ ਮਾਨਸਿਕ ਸੰਤੋਸ਼ ਦੇ ਸਕਦੇ ਤਾਂ ਘੱਟੋ-ਘੱਟ ਕੈਨੇਡਾ ਵਿਚ ਕੋਈ ਮਾਨਸਿਕ ਰੋਗੀ ਹੋਣਾ ਹੀ ਨਹੀਂ ਸੀ ਚਾਹੀਦਾ ਕਿਉਂਕਿ ਏਥੇ ਹਰ ਸ਼ਹਿਰ ਵਿਚ ਏਨੇ ਗਿਰਜੇ ਹਨ ਕਿ ਜਿਹੜੀ ਗੱਲ ਅਮਰੀਕਾ ਦੇ ਲੇਖਕ ਮਾਰਕ ਟਵੇਨ ਨੇ ਅੱਜ ਤੋਂ ਕੁਝ ਦਹਾਕੇ ਪਹਿਲਾਂ ਮੌਂਟਰੀਆਲ ਸ਼ਹਿਰ ਬਾਰੇ ਆਖੀ ਸੀ, ਉਹ ਬਿਨਾ ਕਿਸੇ ਅੱਤਕਥਨੀ ਦੇ ਇਸ ਦੇਸ਼ ਦੇ ਕਿਸੇ ਵੀ ਸ਼ਹਿਰ ਬਾਰੇ ਆਖੀ ਜਾ ਸਕਦੀ ਹੈ। ਉਹਨਾਂ ਕਿਹਾ ਸੀ ਜੇ ਮੌਂਟਰੀਆਲ ਦੀ ਕਿਸੇ ਵੀ ਗਲੀ ਵਿਚ ਕਿਸੇ ਵੀ ਘਰ ਦੇ ਚੁਬਾਰੇ ਦੀ ਬਾਰੀ ਵਿਚੋਂ ਇੱਟ ਵਗਾਹ ਕੇ ਮਾਰੀ ਜਾਏ ਤਾਂ ਉਹ ਨਿਸਚੇ ਹੀ ਕਿਸੇ ਗਿਰਜੇ ਵਿਚ ਜਾ ਕੇ ਵੱਜੇਗੀ। ਹੁਣ ਤਾਂ ਇਹ ਗੱਲ ਗਿਰਜਿਆਂ ਬਾਰੇ ਹੀ ਨਹੀਂ ਸਗੋਂ ਹੋਰਨਾਂ ਧਰਮਾਂ ਦੇ ਪੂਜਾ ਅਸਥਾਨਾਂ ਬਾਰੇ ਵੀ ਆਖੀ ਜਾ ਸਕਦੀ ਹੈ।
ਅਸਲ ਵਿਚ ਅੱਜ ਦੇ ਹਾਈਟੈਕ ਤੇ ਡਿਜੀਟਲ ਦੌਰ ਵਿਚ ਮਨੁੱਖ ਦੀਆਂ ਮਾਨਸਿਕ ਉਲਝਣਾਂ ਵੀ ਡਿਜੀਟਲ ਬਾਰੀਕੀ ਇਖ਼ਤਿਆਰ ਕਰ ਗਈਆਂ ਹਨ। ਇਹਨਾਂ ਦੇ ਇਲਾਜ ਲਈ ਵਹਿਮ ਪ੍ਰਸਤੀ ਨੂੰ ਵਿਗਿਆਨ ਦੀ ਪੁੱਠ ਦੇਣੀ ਜ਼ਰੂਰੀ ਹੋ ਗਈ ਹੈ। ਇਸ ਕਠਨ ਕੀਮੀਆਗਰੀ ਦਾ ਕਾਰਜ ਮੈਡੀਸਨ, ਸਰਜਰੀ ਤੇ ਮਨੋਵਿਗਿਆਨ ਤੋਂ ਇਲਾਵਾ ਹੋਰ ਕਰ ਵੀ ਕੌਣ ਸਕਦਾ ਹੈ! ਆਪਣੇ ਆਪ ਵਿਚ ਇਹ ਪੁੰਨ ਤੇ ਫਲੀਆਂ ਦਾ ਸੁੰਦਰ ਸੁਮੇਲ ਵੀ ਹੈ।