ਚਰਨਜੀਤ ਸਿੰਘ ਪੱਡਾ
ਫੋਨ: +91-98722-29431
ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਪਨਾਮ ਵਿਚ ਜਨਮ ਲੈਣ ਵਾਲੇ ਫੁੱਟਬਾਲ ਖਿਡਾਰੀ ਜਰਨੈਲ ਸਿੰਘ (20 ਫਰਵਰੀ 1936-13 ਅਕਤੂਬਰ 2000) ਬਾਰੇ ਗੱਲਾਂ-ਬਾਤਾਂ ਕਦੀ ਮੁੱਕਣ ਦਾ ਨਾਂ ਨਹੀਂ ਲੈਂਦੀਆਂ। ਉਨ੍ਹਾਂ ਆਪਣੀ ਖੇਡ-ਕਲਾ ਨਾਲ ਅਣਗਿਣਤ ਲੋਕਾਂ ਨੂੰ ਕਾਇਲ ਕੀਤਾ। ਜਰਨੈਲ ਸਿੰਘ ਬਾਰੇ ਕਿਤਾਬ ਲਿਖਣ ਵਾਲੇ ਡਾ. ਚਰਨਜੀਤ ਸਿੰਘ ਪੱਡਾ ਨੇ ਇਸ ਲੇਖ ਵਿਚ ਕੁੱਜੇ ਵਿਚ ਸਮੁੰਦਰ ਬੰਦ ਕਰ ਦਿੱਤਾ ਹੈ।
1962 ਵਿਚ ਜਰਨੈਲ ਸਿੰਘ ਨੂੰ ਭਾਰਤੀ ਫੁੱਟਬਾਲ ਜਗਤ ਦਾ ਸਰਵੋਤਮ ਖਿਡਾਰੀ ਐਲਾਨਿਆ ਗਿਆ ਸੀ। ਉਦੋਂ ਤਕ ਉਹ ਫੁੱਟਬਾਲ ਸੰਸਾਰ ਦੇ ਮਹਿਬੂਬ ਖਿਡਾਰੀ ਦੇ ਤੌਰ `ਤੇ ਪ੍ਰਸਿੱਧ ਹੋ ਚੁੱਕਾ ਸੀ। ਪਨਾਮੀਆ ਜੈਲਾ ਪਿੰਡ ਦੀ ਜੂਹ ਵਿਚੋਂ ਨਿਕਲ ਕੇ ਭਾਰਤੀ ਫੁੱਟਬਾਲ-ਅੰਬਰ ਦਾ ਰੌਸ਼ਨ ਸਿਤਾਰਾ ਬਣ ਗਿਆ ਸੀ। ਉਭਰਦੇ ਫੁੱਟਬਾਲਰ ਦੀ ਹਰ ਮਾਂ ਆਪਣੇ ਪੁੱਤਰ ਨੂੰ ਜਰਨੈਲ ਸਿੰਘ ਬਣਿਆ ਦੇਖਣਾ ਚਾਹੁੰਦੀ ਸੀ। ਉੱਚ ਕੋਟੀ ਦੇ ਇਸ ਫੁੱਟਬਾਲਰ ਦੀ ਚਰਚਾ ਪਿੰਡਾਂ ਦੀਆਂ ਸੱਥਾਂ, ਸ਼ਹਿਰਾਂ ਦੀਆਂ ਮਹਿਫ਼ਲਾਂ ਅਤੇ ਅਖ਼ਬਾਰਾਂ ਦੀਆਂ ਸੁਰਖ਼ੀਆਂ ਵਿਚ ਆਮ ਹੁੰਦੀ। ਜਦੋਂ ਹਾਕੀ ਦੇ ਮਸ਼ਹੂਰ ਸਿਤਾਰੇ ਧਿਆਨ ਚੰਦ ਦਾ ਜ਼ਿਕਰ ਹੁੰਦਾ ਹੈ ਤਾਂ ਬਰਾਬਰ ਭਾਰਤੀ ਫੁੱਟਬਾਲ ਦੇ ਜਰਨੈਲ ਦਾ ਜ਼ਿਕਰ ਅਕਸਰ ਛਿੜ ਪੈਂਦਾ। ਉਹਦੀਆਂ ਕਿੱਕਾਂ ਦੀਆਂ ਕਿਲਕਾਰੀਆਂ ਦੀ ਗੂੰਜ ਹਰ ਫੁੱਟਬਾਲ ਪ੍ਰੇਮੀ ਨੂੰ ਸੁਣਾਈ ਦਿੰਦੀ ਸੀ। ਉਸ ਦੇ ਫੁੱਟਬਾਲ ਦਾ ਸੰਗੀਤ ਉਖੜੇ ਮਨਾਂ ਨੂੰ ਸੁਰ-ਤਾਲ ਵਿਚ ਬੰਨ੍ਹ ਦਿੰਦਾ ਸੀ। ਉਸ ਦੀ ਫੁੱਟਬਾਲ ਕਲਾ ਨੂੰ ਯਾਦ ਕਰ ਕੇ ਬੰਦਾ ਝੂਮਣ ਲੱਗ ਪੈਂਦਾ ਸੀ।
1962 ਦੇ ਇਨ੍ਹਾਂ ਦਿਨਾਂ ਵਿਚ ਜਰਨੈਲ ਸਿੰਘ ਨੇ ਚੰਡੀਗੜ੍ਹ ਦੋਸਤਾਨਾ ਮੈਚ ਖੇਡਿਆ। ਖੇਡ ਮਹਿਕਮੇ ਦੇ ਸੈਕਟਰੀ, ਆਈ.ਸੀ.ਐਸ. ਅਫਸਰ ਏ.ਐਲ. ਫਲੈਚਰ ਨੇ ਉਹ ਮੈਚ ਦੇਖਿਆ ਅਤੇ ਉਹ ਜਰਨੈਲ ਸਿੰਘ ਦੀ ਖੇਡ ਕਲਾ ਦੇ ਜਾਦੂ ਨਾਲ ਕੀਲਿਆ ਗਿਆ। ਮੈਚ ਖ਼ਤਮ ਹੋਣ ਤੋਂ ਬਾਅਦ ਫਲੈਚਰ ਜਰਨੈਲ ਸਿੰਘ ਕੋਲ ਗਿਆ, ਜਰਨੈਲ ਨੂੰ ਰੱਜ ਕੇ ਦੇਖਿਆ, ਫਿਰ ਸਾਹਮਣੇ ਖੜ੍ਹੋ ਕੇ ਉਹਦੇ ਦੋਵੇਂ ਮੋਢੇ ਘੁੱਟ ਕੇ ਕਹਿਣ ਲੱਗਾ, “ਨੌਜਵਾਨ ਹਮਾਰੇ ਵਿਭਾਗ ਮੇਂ ਨੌਕਰੀ ਕਰੋਗੇ।” ਜਰਨੈਲ ਸਿੰਘ ਨੇ ਥੋੜ੍ਹੀ ਜਿਹੀ ਝਿਜਕ ਨਾਲ ਆਖਿਆ, “ਅਗਰ ਆਪ ਅੱਛਾ ਗਰੇਡ ਦੇਂਗੇ ਤੋ ਮੈਂ ਜ਼ਰੂਰ ਕਰੂੰਗਾ।” ਫਲੈਚਰ ਨੇ ਜਰਨੈਲ ਸਿੰਘ ਨੂੰ 250-500 ਵਾਲਾ ਗਰੇਡ ਦੇਣ ਦੀ ਪੇਸ਼ਕਸ਼ ਕੀਤੀ। ਅਣਖ਼ੀਲੇ ਜਰਨੈਲ ਸਿੰਘ ਨੇ ਨਾਂਹ ਵਿਚ ਸਿਰ ਫੇਰ ਦਿੱਤਾ। ਉਸ ਨੂੰ ਇਹ ਗਰੇਡ ਜਚਿਆ ਨਹੀਂ ਸੀ ਪਰ ਮਿਸਟਰ ਫਲੈਚਰ ਹਰ ਹਾਲਤ ਵਿਚ ਉਸ ਨੂੰ ਆਪਣੇ ਵਿਭਾਗ ਦਾ ਸ਼ਿੰਗਾਰ ਬਣਾਉਣ ਲਈ ਧੁਰ ਅੰਦਰੋਂ ਤਤਪਰ ਸੀ। ਉਹਨੇ ਜਰਨੈਲ ਸਿੰਘ ਨੂੰ ਆਪਣੇ ਢਿੱਡ ਦੀ ਗੱਲ ਦੱਸੀ ਕਿ ਉਹ ਉਸ ਨੂੰ ਵੱਧ ਤੋਂ ਵੱਧ 500 ਮੁੱਢਲੀ ਤਨਖ਼ਾਹ ਵਾਲਾ ਗਰੇਡ ਲੈ ਕੇ ਦੇਣਗੇ। ਉਸ ਨੇ ਜਰਨੈਲ ਸਿੰਘ ਨੂੰ ਇਕ ਹਫ਼ਤਾ ਇੰਤਜ਼ਾਰ ਕਰਨ ਲਈ ਮਨਾ ਲਿਆ। ਉਸ ਸਮੇਂ ਜਗਜੀਤ ਸਿੰਘ ਚੌਹਾਨ ਪੰਜਾਬ ਦਾ ਵਿੱਤ ਮੰਤਰੀ ਸੀ। ਇਸ ਹਫ਼ਤੇ ਦਰਮਿਆਨ ਹੀ ਫਲੈਚਰ ਨੇ ਚੌਹਾਨ ਨਾਲ ਗੱਲ ਕੀਤੀ ਅਤੇ ਵਿੱਤ ਵਿਭਾਗ ਨੂੰ ਮਨਾ ਕੇ ਜਰਨੈਲ ਸਿੰਘ ਨੂੰ ਬੁਲਾ ਲਿਆ ਤੇ ਨੌਕਰੀ ਦੇ ਦਿੱਤੀ।
ਇਸ ਨੌਕਰੀ ਦੇ ਨਾਲ ਹੀ ਫਲੈਚਰ ਨੇ ਜਰਨੈਲ ਸਿੰਘ `ਤੇ ਸ਼ਰਤ ਲਗਾ ਦਿੱਤੀ ਕਿ ਉਹ ਕਲਕੱਤੇ ਨਹੀਂ ਖੇਡੇਗਾ। ਜਰਨੈਲ ਸਿੰਘ ਨੇ ਵੀ ਆਪਣੀ ਕਲੱਬ ਮੋਹਨ ਬਗਾਨ ਨੂੰ ਕਹਿ ਦਿੱਤਾ ਕਿ ਉਹ ਹੁਣ ਉਨ੍ਹਾਂ ਦੀ ਕਲੱਬ ਲਈ ਨਹੀਂ ਖੇਡੇਗਾ। ਉਹਨੇ ਆਪਣੀ ਮਜਬੂਰੀ ਕਲੱਬ ਨੂੰ ਦੱਸ ਦਿੱਤੀ ਸੀ।
ਸ਼ੁਰੂ ਵਿਚ ਜਰਨੈਲ ਸਿੰਘ ਜ਼ਿਲ੍ਹਾ ਖੇਡ ਅਫਸਰ (ਹੁਸ਼ਿਆਰਪੁਰ) ਲੱਗਾ। ਇਨ੍ਹਾਂ ਹੀ ਦਿਨਾਂ ਵਿਚ ਜਕਾਰਤਾ ਏਸ਼ੀਅਨ ਖੇਡਾਂ ਹੋਣੀਆਂ ਸਨ। ਇਨ੍ਹਾਂ ਏਸ਼ੀਅਨ ਖੇਡਾਂ ਵਾਸਤੇ ਫੁੱਟਬਾਲ ਟੀਮ ਦਾ ਕੈਂਪ ਹੈਦਰਾਬਾਦ ਲੱਗਣਾ ਸੀ। ਇਸ ਕੈਂਪ ਵਾਸਤੇ ਜਰਨੈਲ ਸਿੰਘ ਦੀ ਚੋਣ ਹੋਣੀ ਪਹਿਲਾਂ ਹੀ ਤੈਅ ਸੀ। ਜਦੋਂ ਕੈਂਪ ਵਾਸਤੇ ਉਸ ਦੀ ਚੋਣ ਬਾਕਾਇਦਾ ਕਰ ਲਈ ਗਈ ਤਾਂ ਜਰਨੈਲ ਸਿੰਘ ਆਪਣੇ ਖੇਡ ਸੈਕਟਰੀ ਫਲੈਚਰ ਕੋਲ ਗਿਆ। ਉਸ ਨੇ ਅਰਜ਼ ਕੀਤੀ ਕਿ ਕੈਂਪ ਵਾਸਤੇ ਉਸ ਦੀ ਚੋਣ ਹੋ ਚੁੱਕੀ ਹੈ, ਉਹ ਕੈਂਪ ਵਿਚ ਜਾਣਾ ਚਾਹੁੰਦਾ ਹੈ। ਫਲੈਚਰ ਜ਼ਰੂਰੀ ਕਾਗਜ਼ਾਂ ਉਪਰ ਦਸਤਖ਼ਤ ਕਰ ਰਹੇ ਸਨ, ਉਹ ਰੁਕ ਗਏ। ਉਨ੍ਹਾਂ ਝਟਕੇ ਨਾਲ ਖੁਦ ਨੂੰ ਇਕਸੁਰ ਕੀਤਾ ਅਤੇ ਜਰਨੈਲ ਸਿੰਘ ਦੇ ਮੂੰਹ ਵੱਲ ਦੇਖਦੇ-ਦੇਖਦੇ ਸੰਜੀਦਗੀ ਦੇ ਆਲਮ ਵਿਚ ਉਤਰ ਗਏ। ਫਿਰ ਉਨ੍ਹਾਂ ਇਮਾਨਦਾਰ ਬੰਦੇ ਵਾਂਗ ਜਰਨੈਲ ਸਿੰਘ ਨੂੰ ਸੰਬੋਧਨ ਕੀਤਾ, “ਨੌਜਵਾਨ ਤੁਮ ਆਪਣਾ ਅੱਛਾ ਬੁਰਾ ਨਹੀਂ ਸਮਝਤੇ। ਜਾਉ, ਕੱਲ੍ਹ ਫਿਰ ਸੋਚ ਕਰ ਆਉ।” ਸੋਚਾਂ ਦੀ ਦੁਨੀਆ ਵਿਚ ਡੁੱਬਾ ਜਰਨੈਲ ਸਿੰਘ ਨੀਵੀਂ ਪਾਈ ਵਾਪਸ ਪਰਤ ਰਿਹਾ ਸੀ। ਗਹਿਰੀਆਂ ਸੋਚਾਂ ਦੀ ਘੁੰਮਣਘੇਰੀ ਵਿਚ ਫਸਿਆ ਉਹ ਅਜੀਬ ਦੁਚਿਤੀ ਵਿਚ ਸੀ। ਭਵਿੱਖ ਵਿਚਲੇ ਦੋ ਆਦਰਸ਼ ਉਸ ਦੇ ਸਾਹਮਣੇ ਸਨ: ਇਕ ਪਾਸੇ ਫੁੱਟਬਾਲ ਦੀ ਦੁਨੀਆ ਦਾ ਖੁੱਲ੍ਹਾ-ਡੁੱਲ੍ਹਾ ਸ਼ੁਹਰਤ ਭਰਿਆ ਸੰਸਾਰ ਸੀ; ਦੂਜੇ ਪਾਸੇ ਬੱਚਿਆਂ ਦੇ ਭਵਿੱਖ ਨਾਲ ਪ੍ਰਣਾਈ ਸੋਚ ਨੂੰ ਨੌਕਰੀ ਦਾ ਖ਼ਿਆਲ ਸੀ।
ਆਖ਼ਰ ਜਰਨੈਲ ਸਿੰਘ ਕਰੇ ਤਾਂ ਕੀ ਕਰੇ? ਰਾਤ ਨੂੰ ਨੀਂਦ ਨਾ ਆਈ। ਸੋਚਾਂ ਦੇ ਘੋੜੇ ਸਾਰੀ ਰਾਤ ਬੇਕਾਬੂ ਹੋਏ ਰਹੇ। ਉਸ ਦੀ ਕਲਪਨਾ ਵਿਚ ਕਦੇ ਫੁੱਟਬਾਲ ਪ੍ਰੇਮੀ ਉਸ ਨੂੰ ਆਵਾਜ਼ਾਂ ਮਾਰਦੇ ਰਹੇ ਅਤੇ ਕਦੀ ਪੱਕੀ ਨੌਕਰੀ ਦੀ ਸ਼ਿੱਦਤ ਭਰੀ ਸੋਚ ਉਸ ਦੇ ਇਰਦ-ਗਿਰਦ ਘੁੰਮਦੀ ਰਹੀ। ਖੇਡ ਦੇ ਮੈਦਾਨ ਵਿਚ ਇਕ ਸੈਕਿੰਡ ਵਿਚ ਕਈ ਠੀਕ ਫ਼ੈਸਲੇ ਕਰਨ ਵਾਲਾ ਜਰਨੈਲ ਸਿੰਘ ਘੰਟਿਆਂ ਬੱਧੀ ਦੁਬਿਧਾ ਦੇ ਸੰਕਟ ਵਿਚ ਫਸਿਆ ਰਿਹਾ।
ਚੌਵੀ ਘੰਟਿਆਂ ਦੀ ਸੋਚ-ਵਿਚਾਰ ਵਾਲੀ ਜੱਦੋ-ਜਹਿਦ ਬਾਅਦ ਜਰਨੈਲ ਸਿੰਘ ਨੇ ਪੱਕਾ ਫ਼ੈਸਲਾ ਕਰ ਲਿਆ। ਉਸ ਨੇ ਸੋਚਿਆ ਕਿ ਫਲੈਚਰ ਨੇ ਉਸ ਨੂੰ ਨੌਕਰੀ ਤੋਂ ਕੱਢ ਤਾਂ ਦੇਣਾ ਹੀ ਹੈ, ਇਸ ਕਰ ਕੇ ਉਸ ਨੇ ਫਲੈਚਰ ਨੂੰ ਉਸ ਦੇ ਦਫ਼ਤਰ ਜਾ ਕੇ ਵੱਡਾ ਹੌਸਲਾ ਕਰ ਕੇ ਕਹਿ ਦਿੱਤਾ, “ਫਲੈਚਰ ਸਾਹਿਬ, ਮੈਨੇ ਤੋ ਫੁੱਟਬਾਲ ਖੇਲਨਾ।” ਜਰਨੈਲ ਸਿੰਘ ਨੇ ਨੌਕਰੀ ਦੇ ਫੁੱਟਬਾਲ ਨੂੰ ਤਾਕਤਵਰ ਕਿੱਕ ਮਾਰ ਕੇ ਮਨ-ਮੈਦਾਨੋਂ ਬਾਹਰ ਕਰ ਦਿੱਤਾ ਸੀ। ਫਲੈਚਰ ਹੱਕੇ-ਬੱਕੇ ਰਹਿ ਗਏ। ਉਨ੍ਹਾਂ ਨੂੰ ਆਸ ਨਹੀਂ ਸੀ ਕਿ ਜਰਨੈਲ ਸਿੰਘ ਨੌਕਰੀ ਦੇ ਖ਼ਿਲਾਫ਼ ਅਤੇ ਫੁੱਟਬਾਲ ਦੇ ਹੱਕ ਵਿਚ ਇੰਨਾ ਦ੍ਰਿੜ ਫ਼ੈਸਲਾ ਕਰ ਸਕਦਾ ਹੈ ਪਰ ਇਸ ਫ਼ੈਸਲੇ ਨਾਲ ਫ਼ਲੈਚਰ ਦੇ ਮਨ ਵਿਚ ਜਰਨੈਲ ਸਿੰਘ ਦੀ ਇੱਜ਼ਤ ਹੋਰ ਵਧ ਗਈ। ਉਸ ਨੂੰ ਪਤਾ ਲੱਗ ਗਿਆ ਕਿ ਜਰਨੈਲ ਸਿੰਘ ਨੂੰ ਫੁੱਟਬਾਲ ਨਾਲੋਂ ਵੱਖ ਕਰਨਾ ਸੰਭਵ ਨਹੀਂ। ਉਹ ਜਾਣ ਗਿਆ ਕਿ ਜਰਨੈਲ ਸਿੰਘ ਫੁੱਟਬਾਲ ਖੇਡਣ ਵਾਸਤੇ ਹੀ ਜੰਮਿਆ ਹੈ। ਜਰਨੈਲ ਸਿੰਘ ਦਾ ਫੁੱਟਬਾਲ ਨਾਲ ਲੁਕਾ ਕੇ ਰੱਖਿਆ ਪਿਆਰ ਜ਼ਾਹਿਰ ਹੋ ਗਿਆ ਸੀ। ਕੁਝ ਦੇਰ ਦੀ ਖ਼ਿਜ਼ਾ ਵਰਗੀ ਚੁੱਪ ਤੋੜਦਿਆਂ ਫ਼ਲੈਚਰ ਨੇ ਮੁਸਕਰਾ ਕੇ ਆਪਣੇ ਮੱਥੇ `ਤੇ ਖੱਬਾ ਹੱਥ ਫੇਰਿਆ ਅਤੇ ਸਾਹਮਣੀ ਕੁਰਸੀ `ਤੇ ਬੈਠੇ ਜਰਨੈਲ ਸਿੰਘ ਨੂੰ ਨੀਝ ਨਾਲ ਤੱਕਿਆ। ਇੰਝ ਲੱਗਿਆ ਜਿਵੇਂ ਆਈ.ਸੀ.ਐਸ. ਅਫ਼ਸਰ ਨੇ ਜਰਨੈਲ ਸਿੰਘ ਦੇ ਰੌਸ਼ਨ ਭਵਿੱਖ `ਤੇ ਝਾਤੀ ਮਾਰੀ ਹੋਵੇ। ਖ਼ਾਮੋਸ਼ ਅਤੇ ਨਿਸ਼ਚਿੰਤ ਬੈਠੇ ਜਰਨੈਲ ਸਿੰਘ ਨੂੰ ਫਲੈਚਰ ਦੇ ਫ਼ੈਸਲੇ ਦੀ ਉਡੀਕ ਸੀ।
ਅੰਤ ਫਲੈਚਰ ਆਪਣੀ ਸਾਫ਼-ਸੁਥਰੀ ਆਵਾਜ਼ ਵਿਚ ਬੋਲੇ, “ਨੌਜਵਾਨ ਜਾਉ। ਆਪ ਕੋ ਛੁੱਟੀ ਮਿਲੇਗੀ।”
ਖ਼ੁਸ਼ੀ ਅਤੇ ਹੈਰਾਨੀ ਦੇ ਰਲੇਮਿਲੇ ਹਾਵ-ਭਾਵਾਂ ਵਿਚ ਆਕੜ ਭੰਨਦਾ ਜਰਨੈਲ ਸਿੰਘ ਫਲੈਚਰ ਦੇ ਦਫ਼ਤਰ ਤੋਂ ਬਾਹਰ ਆ ਗਿਆ। ਉਸ ਦੇ ਦੋਹੀਂ ਹੱਥੀਂ ਲੱਡੂ ਸਨ। ਉਸ ਦੇ ਮਨ ਵਿਚ ਭਾਵੇਂ ਫੁੱਟਬਾਲ ਨਾਲ ਮੁਹੱਬਤ ਵਾਲਾ ਪੱਲੜਾ ਭਾਰੀ ਸੀ ਅਤੇ ਇਸ ਪੱਲੜੇ ਦੇ ਹੱਕ ਵਿਚ ਉਹ ਫ਼ੈਸਲਾ ਵੀ ਕਰ ਚੁੱਕਾ ਸੀ ਪਰ ਉਸ ਨੂੰ ਇਸ ਗੱਲ ਦੀ ਅਤਿਅੰਤ ਪ੍ਰਸੰਨਤਾ ਸੀ ਕਿ ਫਲੈਚਰ ਨੇ ਉਸ ਨੂੰ ਨੌਕਰੀ ਤੋਂ ਨਹੀਂ ਸੀ ਕੱਢਿਆ; ਇਕ ਵਕਤ ਜਰਨੈਲ ਸਿੰਘ ਸੋਚਦਾ ਸੀ ਕਿ ਇਸ ਮੁੱਦੇ `ਤੇ ਫਲੈਚਰ ਉਸ ਨੂੰ ਝਿੜਕ ਕੇ ਨੌਕਰੀ ਤੋਂ ਜਵਾਬ ਦੇ ਦੇਣਗੇ।
ਹੁਣ ਜਰਨੈਲ ਸਿੰਘ ਉਡਾਣ ਤਾਂ ਹੈਦਰਾਬਾਦ ਦੀ ਭਰਨਾ ਚਾਹੁੰਦਾ ਸੀ ਜਿੱਥੇ ਭਾਰਤੀ ਟੀਮ ਦਾ ਕੈਂਪ ਲੱਗਣਾ ਸੀ ਪਰ ਉਹ ਜਹਾਜ਼ ਰਾਹੀਂ ਦਿੱਲੀ ਤੋਂ ਕਲਕੱਤੇ ਚਲਾ ਗਿਆ, ਉਥੇ ਮੋਹਨ ਬਗਾਨ ਕਲਕੱਤਾ ਲੀਗ ਖੇਡ ਰਹੀ ਸੀ; ਉਨ੍ਹਾਂ ਜਰਨੈਲ ਸਿੰਘ ਨੂੰ ਤਾਰ ਭੇਜ ਕੇ ਮੈਚ ਖੇਡਣ ਦੀ ਦਾਅਵਤ ਦਿੱਤੀ ਸੀ। ਕਲਕੱਤੇ ਪਹੁੰਚ ਕੇ ਜਰਨੈਲ ਸਿੰਘ ਨੇ ਆਪਣੀ ਕਲੱਬ ਲਈ ਦੋ ਮੈਚ ਖੇਡੇ ਅਤੇ ਆਪਣੇ ਫੁੱਟਬਾਲ ਹੁਨਰ ਦੇ ਜਾਦੂ ਨਾਲ ਦੋਵੇਂ ਮੈਚ ਜਿੱਤੇ। ਜਰਨੈਲ ਸਿੰਘ ਦੇ ਵੱਡੇ ਯੋਗਦਾਨ ਸਦਕਾ ਮੋਹਨ ਬਗਾਨ ਵਾਲੇ ਕਲਕੱਤਾ ਲੀਗ ਦੇ ਚੈਂਪੀਅਨ ਬਣ ਗਏ।
ਮੋਹਨ ਬਗਾਨ ਵਾਲਿਆਂ ਜਰਨੈਲ ਸਿੰਘ ਨੂੰ ਕਲਕੱਤਾ ਤੋਂ ਹੈਦਰਾਬਾਦ ਜਾਣ ਲਈ ਜਹਾਜ਼ ਦਾ ਟਿਕਟ ਲੈ ਦਿੱਤਾ। ਜਰਨੈਲ ਸਿੰਘ ਹੈਦਰਾਬਾਦ ਕੈਂਪ ਵਿਚ ਸ਼ਾਮਿਲ ਹੋ ਗਿਆ। ਇਸ ਕੈਂਪ ਵਿਚ ਚੂਨੀ ਗੋਸਵਾਮੀ, ਪੀ.ਕੇ. ਬੈਨਰਜੀ, ਟੀ. ਬਲਰਾਮ, ਥੰਗਾਰਾਜ, ਪੀ. ਬਰਮਲ, ਅਰੁਨ ਘੋਸ਼ ਅਤੇ ਯੂਸਫ਼ ਖ਼ਾਨ ਵਰਗੇ ਉੱਚ ਕੋਟੀ ਦੇ ਖਿਡਾਰੀ ਸਨ। ਇਨ੍ਹਾਂ ਖਿਡਾਰੀਆਂ ਵਿਚ ਖੇਡਦਿਆਂ ਜਰਨੈਲ ਸਿੰਘ ਖ਼ੁਦ ਨੂੰ ਆਨੰਦਿਤ ਮਹਿਸੂਸ ਕਰਦਾ ਸੀ। ਇਹੋ ਵਜ੍ਹਾ ਸੀ ਕਿ ਫੁੱਟਬਾਲ ਖੇਡ ਦੇ ਰੌਚਿਕ ਸੰਸਾਰ ਵਿਚ ਉਸ ਦੀ ਮੂਲ ਰੁਚੀ ਨੂੰ ਵਿਭਾਗ ਦੇ ਕਿਸੇ ਹੋਰ ਜ਼ਰੂਰੀ ਪੱਖ ਨਾਲ ਤੋਲਿਆ ਨਹੀਂ ਸੀ ਜਾ ਸਕਦਾ। ਪੰਜਾਬ ਦੇ ਖੇਡ ਵਿਭਾਗ ਵਲੋਂ ਉਸ ਦੇ ਮਾਣ ਵਿਚ ਦਿੱਤੀ ਨੌਕਰੀ ਲਈ ਉਹ ਖੇਡ ਵਿਭਾਗ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਸੀ ਪਰ ਜਰਨੈਲ ਸਿੰਘ ਦੇ ਅੰਦਰ ਵਗਦਾ ਫੁੱਟਬਾਲ ਦਾ ਵਹਿਣ ਉਸ ਨੂੰ ਨੌਕਰੀ ਦੀਆਂ ਪਾਬੰਦੀਆਂ ਵਿਚ ਪੂਰੀ ਤਰ੍ਹਾਂ ਬੱਝਣ ਨਹੀਂ ਸੀ ਦਿੰਦਾ। ਪੰਜਾਬ ਦੇ ਖੇਡ ਵਿਭਾਗ ਦੀ ਵੀ ਰੀਸ ਨਹੀਂ ਸੀ ਜੋ ਜਰਨੈਲ ਸਿੰਘ ਵਰਗੇ ਬਹੁਮੁੱਲੇ ਹੀਰੇ ਦੀ ਮਹਿੰਗੀ ਕੀਮਤ ਤਾਰ ਕੇ ਵੀ ਉਸ ਨੂੰ ਵਿਭਾਗ ਦਾ ਸ਼ਿੰਗਾਰ ਬਣਾਈ ਰੱਖਣਾ ਚਾਹੁੰਦਾ ਸੀ।
ਏਸ਼ੀਅਨ ਖੇਡਾਂ ਦਾ ਇਹ ਕੈਂਪ ਲਗਾ ਕੇ ਜਰਨੈਲ ਸਿੰਘ ਭਾਰਤੀ ਟੀਮ ਨਾਲ ਵਾਪਸ ਕਲਕੱਤੇ ਪਹੁੰਚਿਆ। ਫਿਰ ਉਥੋਂ ਉਹ ਜਕਾਰਤਾ ਗਏ ਅਤੇ ਏਸ਼ੀਅਨ ਚੈਂਪੀਅਨ ਬਣੇ। ਏਸ਼ੀਅਨ ਖੇਡਾਂ ਦੇ ਫੁੱਟਬਾਲ ਦਾ ਹੀਰੋ ਜਰਨੈਲ ਸਿੰਘ ਇਨ੍ਹਾਂ ਦਿਨਾਂ ਵਿਚ ਵੀ ਬਤੌਰ ਜ਼ਿਲ੍ਹਾ ਖੇਡ ਅਫ਼ਸਰ ਹੁਸ਼ਿਆਰਪੁਰ ਦੀ ਸੇਵਾ ਕਰਦਾ ਸੀ। ਨੌਕਰੀ ਉਸ ਦੇ ਫੁੱਟਬਾਲ ਅਭਿਆਸ ਵਿਚ ਕਦੇ ਵੀ ਰੁਕਾਵਟ ਨਹੀਂ ਬਣੀ। ਹੁਸ਼ਿਆਰਪੁਰ ਉਹ ਮੋਟਰ ਸਾਈਕਲ `ਤੇ ਜਾਂਦਾ ਅਤੇ ਵਾਪਸ ਪਰਤਦਿਆਂ ਆਪਣੇ ਪਿਆਰੇ ਕਾਲਜ ਮਾਹਿਲਪੁਰ ਦੀ ਖੂਬਸੂਰਤ ਗਰਾਊਂਡ ਵਿਚ ਫੁੱਟਬਾਲ ਦਾ ਰੱਜ ਕੇ ਅਭਿਆਸ ਕਰਦਾ। ਪੰਜਾਬ ਦਾ ਮਸ਼ਹੂਰ ਫੁੱਟਬਾਲ ਖਿਡਾਰੀ ਗੁਰਦੇਵ ਗਿੱਲ ਦੱਸਦਾ ਹੈ, “ਮੈਂ ਜਰਨੈਲ ਸਿੰਘ ਨੂੰ ਜਦੋਂ ਖੇਡਦਿਆਂ ਦੇਖਦਾ ਤਾਂ ਮਨ ਹੀ ਮਨ ਉਸ ਵਰਗਾ ਫੁੱਟਬਾਲ ਖਿਡਾਰੀ ਬਣਨ ਨੂੰ ਜੀ ਕਰਦਾ। ਉਹ ਪ੍ਰੈਕਟਿਸ ਮੁਕਾ ਕੇ ਜਦੋਂ ਪਿੰਡ ਪਨਾਮ ਵਲ ਆਪਣੇ ਮੋਟਰ ਸਾਈਕਲ `ਤੇ ਜਾਂਦਾ ਤਾਂ ਮੈਂ ਉਸ ਨੂੰ ਉਦੋਂ ਤਕ ਦੇਖਦਾ ਰਹਿੰਦਾ ਜਦੋਂ ਤਕ ਉਹ ਦਿਸਦਾ ਰਹਿੰਦਾ। ਉਸ ਦੀ ਸ਼ਰਾਫ਼ਤ ਉਸ ਦੇ ਮੋਟਰ ਸਾਈਕਲ ਦੇ ਸਾਈਲੈਂਸਰ ਵਿਚੋਂ ਬੋਲਦੀ ਸੀ। ਇਸ ਕਰ ਕੇ ਉਹ ਮੈਨੂੰ ਬੜਾ ਚੰਗਾ ਲਗਦਾ ਸੀ।”
ਜਰਨੈਲ ਸਿੰਘ 1962 ਤਕ ਜ਼ਿਲ੍ਹਾ ਖੇਡ ਅਫ਼ਸਰ ਹੁਸ਼ਿਆਰਪੁਰ ਰਿਹਾ। ਫਿਰ ਉਹ 1965 ਅਤੇ 1966 ਸੰਗਰੂਰ ਰਿਹਾ। ਫਿਰ ਉਸ ਨੂੰ 800-1200 ਦਾ ਗਰੇਡ ਮਿਲ ਗਿਆ ਅਤੇ ਉਹ ਸੀਨੀਅਰ ਫੁੱਟਬਾਲ ਕੋਚ ਦੇ ਤੌਰ `ਤੇ ਜਲੰਧਰ ਆ ਗਿਆ। ਇਸ ਸਮੇਂ ਦੌਰਾਨ ਉਸ ਨੇ ਬਹੁਤ ਸਾਰੇ ਹੋਣਹਾਰ ਫੁੱਟਬਾਲ ਖਿਡਾਰੀ ਪੈਦਾ ਕੀਤੇ ਅਤੇ ਬਹੁਤ ਸਾਰਿਆਂ ਦੀ ਪਿੱਠ `ਤੇ ‘ਇੰਡੀਆ` ਲਿਖਵਾਉਣ ਦਾ ਮਾਣ ਹਾਸਲ ਕੀਤਾ। ਉਹ ਫੁੱਟਬਾਲ ਖਿਡਾਰੀ ਸਾਹਮਣੇ ਚਾਨਣ ਮੁਨਾਰੇ ਵਾਂਗ ਪੇਸ਼ ਹੁੰਦਾ। ਉਸ ਦੀ ਤੱਕਣੀ ਡੂੰਘੀ ਪਰਖ ਵਾਲੀ ਸੀ। ਉਸ ਦੀ ਖੂਬਸੂਰਤ ਨਿਗਾਹ ਜਿਸ ਖਿਡਾਰੀ ਉੱਪਰ ਪੈਂਦੀ, ਉਹ ਆਮ ਤੋਂ ਖ਼ਾਸ ਬਣ ਜਾਂਦਾ। ਉਸ ਦੇ ਰੋਮ-ਰੋਮ ਵਿਚੋਂ ਉੱਠਦਾ ਫੁੱਟਬਾਲ-ਜਜ਼ਬੇ ਦਾ ਉਛਾਲ ਉੱਭਰਦੇ ਫੁੱਟਬਾਲ ਖਿਡਾਰੀਆਂ ਵਿਚ ਜਾਨ ਪਾ ਦਿੰਦਾ। ਫੁੱਟਬਾਲ ਉਸ ਦਾ ਧਰਮ ਸੀ, ਫੁੱਟਬਾਲ ਹੀ ਉਸ ਦਾ ਕਰਮ ਸੀ। ਜਰਨੈਲ ਸਿੰਘ ਦਾ ਜੀਵਨ ਅਤੇ ਫੁੱਟਬਾਲ, ਦੋਵੇਂ ਘੁਲ-ਮਿਲ ਗਏ ਸਨ।
ਇਨ੍ਹਾਂ ਦਿਨਾਂ ਵਿਚ ਹੀ ਜਰਨੈਲ ਸਿੰਘ ਆਲ ਸਟਾਰ ਏਸ਼ੀਅਨ ਫੁੱਟਬਾਲ ਟੀਮ ਦਾ ਕਪਤਾਨ ਬਣ ਚੁੱਕਾ ਸੀ। ਉਸ ਦੀ ਪ੍ਰਸਿੱਧੀ ਦਾ ਕੋਈ ਹੱਦ-ਬੰਨਾ ਨਹੀਂ ਸੀ ਦਿਸਦਾ। ਪੰਜਾਬ ਸਰਕਾਰ ਨੇ ਉਸ ਨੂੰ ਸੀਨੀਅਰ ਫੁੱਟਬਾਲ ਕੋਚ ਤੋਂ ਸੀਨੀਅਰ ਡਿਪਟੀ ਡਾਇਰੈਕਟਰ (ਸਪੋਰਟਸ) ਅਤੇ ਫਿਰ 1972 ਵਿਚ ਸੰਯੁਕਤ ਡਾਇਰੈਕਟਰ (ਸਪੋਰਟਸ) ਬਣਾ ਦਿੱਤਾ ਗਿਆ ਤੇ ਉਹ ਪੰਜਾਬ ਦੀ ਖ਼ੂਬਸੂਰਤ ਰਾਜਧਾਨੀ ਚੰਡੀਗੜ੍ਹ ਚਲਾ ਗਿਆ।
ਇਕ ਗੱਲ ਖ਼ਾਸ ਤੌਰ `ਤੇ ਦੱਸਣ ਵਾਲੀ ਹੈ ਕਿ ਸੱਤਰਵਿਆਂ ਵਿਚ ਪ੍ਰਕਾਸ਼ ਸਿੰਘ ਬਾਦਲ ਵਜ਼ਾਰਤ ਸਮੇਂ ਜਰਨੈਲ ਸਿੰਘ ਨੇ ਬਤੌਰ ਕਾਰਜਕਾਰੀ ਡਾਇਰੈਕਟਰ (ਸਪੋਰਟਸ) ਆਪਣੀਆਂ ਸੇਵਾਵਾਂ ਪੰਜਾਬ ਦੇ ਖੇਡ ਵਿਭਾਗ ਦੇ ਲੇਖੇ ਲਾਈਆਂ। ਪੰਜਾਬ ਦੀ ਰਾਜਨੀਤੀ ਵਿਚ ਅਜਿਹੇ ਸੁਲਝੇ ਹੋਏ ਨੇਤਾ ਬੈਠੇ ਸਨ ਜੋ ਉਸ ਦੀ ਅਥਾਹ ਖੇਡ ਸਮਰੱਥਾ ਅਤੇ ਲਿਆਕਤ ਦਾ ਵੱਧ ਮੁੱਲ ਪਾਉਣ ਲਈ ਹਰ ਵੇਲੇ ਤਤਪਰ ਰਹਿੰਦੇ ਸਨ। ਇਨ੍ਹਾਂ ਨੇਤਾਵਾਂ ਵਿਚ ਇਕ ਨਾਂ ਬਲਬੀਰ ਸਿੰਘ ਦਾ ਹੈ। ਉਹ ਕਾਂਗਰਸ ਦਾ ਉੱਘਾ ਨੇਤਾ ਸੀ। ਜਰਨੈਲ ਸਿੰਘ ਬਲਬੀਰ ਸਿੰਘ ਦਾ ਜਿਗਰੀ ਦੋਸਤ ਸੀ। ਇਕ ਵਾਰ ਜਰਨੈਲ ਸਿੰਘ ਉਨ੍ਹਾਂ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਗਿਆ। ਉਥੇ ਬੈਠਿਆਂ ਬਲਬੀਰ ਸਿੰਘ ਨੇ (ਉਸ ਸਮੇਂ ਦੇ) ਖੇਡ ਮੰਤਰੀ ਕੈਪਟਨ ਕੰਵਲਜੀਤ ਸਿੰਘ ਨੂੰ ਫੋਨ `ਤੇ ਕਿਹਾ, “ਕਪਤਾਨ ਸਾਹਿਬ ਘਰ ਨੂੰ ਆਉ। ਤੁਹਾਡੇ ਨਾਲ ਜ਼ਰੂਰੀ ਗੱਲ ਕਰਨੀ ਆਂ।” ਕੈਪਟਨ ਕੰਵਲਜੀਤ ਸਿੰਘ ਉਸ ਵਕਤ ਬਾਦਲ ਵਜ਼ਰਾਤ ਦਾ ਉੱਘਾ ਵਜ਼ੀਰ ਸੀ। ਕੈਪਟਨ ਉਸੇ ਸਮੇਂ ਬਲਬੀਰ ਸਿੰਘ ਹੋਰਾਂ ਕੋਲ ਆ ਗਏ; ਬਲਬੀਰ ਸਿੰਘ ਕਹਿਣ ਲੱਗੇ, “ਕਪਤਾਨ ਸਾਹਿਬ, ਜਰਨੈਲ ਸਿੰਘ ਨੂੰ ਕਾਰਜਕਾਰੀ ਡਾਇਰੈਕਟਰ ਲਾ ਦਿਉ।” ਕੈਪਟਨ ਕੰਵਲਜੀਤ ਸਿੰਘ ਨੇ ਬਲਬੀਰ ਸਿੰਘ ਦੀ ਗੱਲ ਮੰਨ ਕੇ ਜਰਨੈਲ ਸਿੰਘ ਨੂੰ ਕਾਰਜਕਾਰੀ ਡਾਇਰੈਕਟਰ ਲਾ ਦਿੱਤਾ। ਜਰਨੈਲ ਸਿੰਘ ਨੇ ਡੇਢ ਸਾਲ ਬਤੌਰ ਕਾਰਜਕਾਰੀ ਡਾਇਰੈਕਟਰ (ਸਪੋਰਟਸ) ਸੇਵਾ ਨਿਭਾਈ।
ਬਲਬੀਰ ਸਿੰਘ ਅਤੇ ਜਰਨੈਲ ਸਿੰਘ ਉਸ ਵਕਤ ਦੇ ਦੋਸਤ ਸਨ ਜਦੋਂ ਜਰਨੈਲ ਸਿੰਘ ਫੁੱਟਬਾਲ-ਅੰਬਰ ਦਾ ਰੌਸ਼ਨ ਸਿਤਾਰਾ ਸੀ। ਉਸ ਸਮੇਂ ਬਲਬੀਰ ਸਿੰਘ ਦਿੱਲੀ ਕਿਸੇ ਕੰਪਨੀ ਵਿਚ ਵੱਡਾ ਅਫਸਰ ਲੱਗਾ ਹੋਇਆ ਸੀ। ਉਸ ਦਾ ਫੁੱਟਬਾਲ ਨਾਲ ਬੜਾ ਮੋਹ ਸੀ। ਜਦ ਵੀ ਕਦੇ ਦਿੱਲੀ ਮੈਚ ਹੁੰਦਾ, ਜਰਨੈਲ ਸਿੰਘ ਬਲਬੀਰ ਸਿੰਘ ਲਈ ਇਕ ਪਾਸ ਰਾਖਵਾਂ ਰੱਖਦਾ। ਜਰਨੈਲ ਸਿੰਘ ਦੇ ਬਲਬੀਰ ਸਿੰਘ ਬਾਰੇ ਜਜ਼ਬਾਤ ਬੜੇ ਸੱਜਰੇ ਸਨ। ਉਹ ਅਕਸਰ ਕਹਿੰਦਾ, “ਬਲਬੀਰ ਸਿੰਘ ਮੇਰਾ ਜਿਗਰੀ ਦੋਸਤ ਹੈ। ਉਹ ਤਾਂ ਬਹੁਤ ਹੀ ਚੰਗਾ। ਉਸ ਦੇ ਕੀ ਕਹਿਣੇ!” ਬਲਬੀਰ ਸਿੰਘ ਬਾਰੇ ਗੱਲਾਂ ਕਰਦਿਆਂ ਉਸ ਦਾ ਅੰਦਾਜ਼ ਭਾਵੁਕ ਹੋ ਜਾਂਦਾ।
ਜਰਨੈਲ ਸਿੰਘ ਨੇ 1962 ਵਿਚ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੀ ਵਜ਼ਾਰਤ ਦੇ ਉੱਘੇ ਅਫਸਰ ਏ.ਐਲ. ਫ਼ਲੈਚਰ ਵਲੋਂ ਨਿਓਤਾ ਦੇਣ `ਤੇ ਪੰਜਾਬ ਦੇ ਖੇਡ ਵਿਭਾਗ ਵਿਚ ਨੌਕਰੀ ਸ਼ੁਰੂ ਕੀਤੀ ਸੀ ਪਰ ਹੁਣ 1984-85 ਵਿਚ ਸਮਾਂ ਗਵਰਨਰੀ ਰਾਜ ਦਾ ਸੀ। ਸਿਥਾਰਥ ਸ਼ੰਕਰ ਰੇਅ ਬੰਗਾਲੀ ਸੀ ਅਤੇ ਉਹ ਮੋਹਨ ਬਗਾਨ ਦਾ ਮੈਂਬਰ ਸੀ। ਰੇਅ ਅਤੇ ਉਸ ਦੀ ਪਤਨੀ ਮਾਇਆ ਰੇਅ ਜਰਨੈਲ ਸਿੰਘ ਨੂੰ ਬਹੁਤ ਪਿਆਰ ਕਰਦੇ ਸਨ। ਉਹ ਦੋਵੇਂ ਜੀਅ ਆਮ ਬੰਗਾਲੀਆਂ ਵਾਂਗ ਜਰਨੈਲ ਸਿੰਘ ਨੂੰ ‘ਜਰਨਲ ਸਿੰਘ` ਹੀ ਕਹਿੰਦੇ ਸਨ। ਮਾਇਆ ਰੇਅ ਨੇ ਜਰਨੈਲ ਸਿੰਘ ਦੇ ਬਹੁਤ ਸਾਰੇ ਮੈਚ ਦੇਖੇ ਸਨ ਅਤੇ ਜਰਨੈਲ ਸਿੰਘ ਉਸ ਲਈ ਫੁੱਟਬਾਲ ਦਾ ਨਾਇਕ ਸੀ। ਰੇਅ ਪਰਿਵਾਰ ਦੇ ਸੱਦੇ `ਤੇ ਉਹ ਜਦ ਵੀ ਕਦੇ ਗਵਰਨਰ ਹਾਊਸ ਗਿਆ, ਮਾਇਆ ਰੇਅ ਨੇ ਬੜਾ ਚਾਅ ਕੀਤਾ। ਉਹ ਕਿਸੇ ਸੁਘੜ ਸੁਆਣੀ ਵਾਂਗ ਕਲਕੱਤੇ ਦੇ ਬਣੇ ਵਿਸ਼ੇਸ਼ ਪਦਾਰਥ ਜਰਨੈਲ ਸਿੰਘ ਨੂੰ ਖੁਆਉਂਦੀ ਅਤੇ ਨਿੱਕੇ-ਨਿੱਕੇ ਸਵਾਲ ਕਰਦੀ ਜਰਨੈਲ ਸਿੰਘ ਤੋਂ ਹੁੰਗਾਰੇ ਲੈਂਦੀ; ਪੁੱਛਦੀ, “ਜਰਨਲ ਸਿੰਘ, ਆਪ ਨੇ ਯਹ ਚੀਜ਼ ਤੋਂ ਕਲਕੱਤੇ ਭੀ ਖਾਈ ਹੋਗੀ।” ਜਰਨੈਲ ਸਿੰਘ ਹਲਕੇ-ਹਲਕੇ ਮਿੱਠੇ ਹੁੰਗਾਰੇ ਭਰਦਾ ਮਾਇਆ ਰੇਅ ਦੇ ਚਾਅ ਦਾ ਸਿਖ਼ਰ ਦੇਖ ਕੇ ਹੈਰਾਨ ਹੋ ਜਾਂਦਾ। ਜਿੰਨੀ ਵਾਰ ਉਨ੍ਹਾਂ ਦੇ ਸੱਦੇ `ਤੇ ਜਰਨੈਲ ਸਿੰਘ ਗਵਰਨਰ ਹਾਊਸ ਗਿਆ, ਮਾਇਆ ਰੇਅ ਨੇ ਉਸ ਦੇ ਸਤਿਕਾਰ ਵਿਚ ਮਹਿਮਾਨ ਨਿਵਾਜ਼ੀ ਦੇ ਅਗਲੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ।
ਐਸ.ਐਸ. ਰੇਅ ਅਤੇ ਮਾਇਆ ਰੇਅ ਦੀ ਨਿਗਾਹ ਵਿਚ ਜਰਨੈਲ ਸਿੰਘ ਦੇ ਹੁਨਰ ਦੀ ਕੀਮਤ ਤਾਂ ਨਹੀਂ ਸੀ ਪਾਈ ਜਾ ਸਕਦੀ ਪਰ ਉਨ੍ਹਾਂ ਜਰਨੈਲ ਸਿੰਘ ਨੂੰ ਖੇਡ ਵਿਭਾਗ ਦਾ ਐਡੀਸ਼ਨਲ ਡਾਇਰੈਕਟਰ ਬਣਾ ਦਿੱਤਾ। ਚਾਹੁੰਦੇ ਤਾਂ ਉਹ ਡਾਇਰੈਕਟਰ ਬਣਾਉਣਾ ਸੀ ਪਰ ਜਰਨੈਲ ਸਿੰਘ ਦਾ ਕਹਿਣਾ ਸੀ- “ਵਿਚ ਕੁਝ ਰਾਜਨੀਤੀ ਆ ਵੜੀ, ਇਸ ਕਰ ਕੇ ਮੈਂ ਡਾਇਰੈਕਟਰ ਨਹੀਂ ਬਣ ਸਕਿਆ।” ਜ਼ਿੰਦਗੀ ਦੇ ਇਸ ਵਿਸਥਾਰ ਵਿਚ ਜਾਂਦਾ ਉਹ ਇਹ ਵੀ ਕਹਿੰਦਾ ਸੀ- “ਆਪਣੇ ਲਈ ਕੁਝ ਮੰਗਣਾ ਮੈਨੂੰ ਖ਼ੈਰ ਮੰਗਣ ਵਾਂਗ ਲੱਗਦਾ ਸੀ। ਕੁਝ ਮੰਗਣ ਲਈ ਮੈਂ ਕਿਸੇ ਦੇ ਮਗਰ ਨਹੀਂ ਸੀ ਪੈ ਸਕਦਾ। ਇਹ ਕੁਝ ਮੇਰੀ ਫ਼ਿਤਰਤ ਵਿਚ ਸ਼ਾਮਿਲ ਨਹੀਂ ਸੀ।”
ਐਸ.ਐਸ. ਰੇਅ ਨਾਲ ਜਰਨੈਲ ਸਿੰਘ ਦੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਹਨ। ਉਨ੍ਹਾਂ ਵਿਚੋਂ ਇਕ ਪੰਜਾਬ ਫੁੱਟਬਾਲ ਚੈਂਪੀਅਨਸ਼ਿਪ ਮਾਲੇਰਕੋਟਲੇ ਦੀ ਹੈ। ਰੇਅ ਫਾਈਨਲ ਮੈਚ ਦੀ ਪ੍ਰਧਾਨਗੀ ਕਰਨ ਲਈ ਆਇਆ ਸੀ। ਜਰਨੈਲ ਸਿੰਘ ਅਤੇ ਐਸ.ਐਸ. ਰੇਅ ਇਕੱਠੇ ਬੈਠ ਕੇ ਫਾਈਨਲ ਮੈਚ ਦੇਖਦੇ ਰਹੇ। ਪੂਰਾ ਸਮਾਂ ਖ਼ਤਮ ਹੋਣ `ਤੇ ਵੀ ਮੈਚ ਬਰਾਬਰ ਰਹਿ ਗਿਆ। ਸੰਗਰੂਰ ਦਾ ਡਿਪਟੀ ਕਮਿਸ਼ਨਰ ਅੰਦਰੋਂ ਕਾਹਲਾ ਪਈ ਜਾਵੇ ਕਿ ਕਿਸੇ ਤਰ੍ਹਾਂ ਮੈਚ ਖ਼ਤਮ ਹੋਵੇ ਤੇ ਕੰਮ ਨਿਬੜੇ ਅਤੇ ਰੇਅ ਸਾਹਿਬ ਜਾਣ ਵਾਲੇ ਬਣਨ। ਉਨ੍ਹਾਂ ਨੂੰ ਚਿੰਤਾ ਸੀ ਕਿ ਕੋਈ ਅੜਿੱਕਾ ਨਾ ਪੈ ਜਾਵੇ ਕਿਉਂਕਿ ਉਸ ਵੇਲੇ ਪੰਜਾਬ ਦਾ ਮਾਹੌਲ ਖ਼ੁਸ਼ਗਵਾਰ ਨਹੀਂ ਸੀ। ਇਸੇ ਲਈ ਉਹ ਅੰਦਰੋਂ ਕਈ ਤਰ੍ਹਾਂ ਦੇ ਫ਼ਿਕਰਾਂ ਵਿਚ ਘਿਰਿਆ ਹੋਇਆ ਸੀ ਅਤੇ ਛੇਤੀ ਸੁਰਖ਼ਰੂ ਹੋਣਾ ਚਾਹੁੰਦਾ ਸੀ। ਕਹਿਣ ਲੱਗਾ- “ਦੋਹਾਂ ਟੀਮਾਂ ਨੂੰ ਸਾਂਝੇ ਜੇਤੂ ਕਰਾਰ ਦੇ ਦਿਉ।” ਪਰ ਰੇਅ ਤਾਂ ਫੁੱਟਬਾਲ ਦੇ ਸਾਰੇ ਨਿਯਮਾਂ ਤੋਂ ਵਾਕਿਫ਼ ਸੀ। ਉਸ ਨੇ ਜਰਨੈਲ ਸਿੰਘ ਨੂੰ ਕਿਹਾ ਕਿ ਇਹ ਸਾਂਝੇ ਜੇਤੂ ਕਿਵੇਂ ਹੋ ਸਕਦੇ ਹਨ? ਜਰਨੈਲ ਸਿੰਘ ਨੇ ਰੇਅ ਨੂੰ ਕਿਹਾ ਕਿ ਸਾਂਝੇ ਜੇਤੂ ਨਹੀਂ ਹੋ ਸਕਦੇ ਪਰ ਡੀ.ਸੀ.ਕਹੀ ਜਾਂਦਾ ਕਿ ਰੇਅ ਸਾਹਿਬ ਨੇ ਛੇਤੀ ਜਾਣਾ ਹੈ, ਇਸ ਲਈ ਸਾਂਝੇ ਜੇਤੂ ਕਰਾਰ ਦੇ ਦਿਉ। ਇਹ ਗੱਲ ਸੁਣ ਕੇ ਰੇਅ ਕਹਿਣ ਲੱਗਾ, “ਨਹੀਂ ਨਹੀਂ, ਮੈਂ ਅੰਤਮ ਫੈਸਲੇ ਤਕ ਬੈਠਾਂਗਾ।”
ਰੇਅ ਦੀ ਇਸ ਗੱਲ ਤੋਂ ਬਾਅਦ ਡੀ.ਸੀ. ਚੁੱਪ ਹੋ ਗਿਆ, ਦੋਹਾਂ ਟੀਮਾਂ ਨੂੰ ਵਾਧੂ ਸਮਾਂ ਦਿੱਤਾ ਗਿਆ; ਅੰਤ ਨੂੰ ਪੈਨਲਟੀ ਕਿੱਕਾਂ ਦਾ ਨਿਯਮ ਲਾਗੂ ਕੀਤਾ ਗਿਆ। ਰੇਅ ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿਚ ਜਰਨੈਲ ਸਿੰਘ ਦੀ ਮਹਾਨ ਖਿਡਾਰੀ ਦੇ ਤੌਰ `ਤੇ ਰੱਜ ਕੇ ਤਾਰੀਫ਼ ਕੀਤੀ। ਇਕ ਗੱਲ ਉਸ ਨੇ ਵਿਸ਼ੇਸ਼ ਤੌਰ `ਤੇ ਆਖੀ ਕਿ ਤੁਸੀਂ ਮੈਨੂੰ ਅੱਜ ਮੁੱਖ ਮਹਿਮਾਨ ਵਜੋਂ ਬੁਲਾਇਆ ਹੈ ਪਰ ਅੱਜ ਦਾ ਮੁੱਖ ਮਹਿਮਾਨ ‘ਜਰਨਲ ਸਿੰਘ` ਹੋਣਾ ਚਾਹੀਦਾ ਸੀ।
ਜਰਨੈਲ ਸਿੰਘ ਐਸ.ਐਸ. ਰੇਅ ਅਤੇ ਮਾਇਆ ਰੇਅ ਬਾਰੇ ਜਦ ਵੀ ਕਦੇ ਗੱਲ ਕਰਦਾ, ਬੜੇ ਸਤਿਕਾਰ ਨਾਲ ਕਰਦਾ। ਕਈ ਵਾਰ ਉਹ ਉਨ੍ਹਾਂ ਦੇ ਵਿਆਹੁਤਾ ਜੀਵਨ ਤੋਂ ਪਹਿਲਾਂ ਦੇ ਰੁਮਾਂਟਿਕ ਜੀਵਨ ਦੀਆਂ ਕਈ ਲੁਕਵੀਆਂ ਗੱਲਾਂ ਨੂੰ ਬੜੀਆਂ ਸੁਆਦਲੀਆਂ ਕਿੱਕਾਂ ਮਾਰਦਾ। ਦਰਅਸਲ ਜਿਵੇਂ ਉਹ ਫੁੱਟਬਾਲ ਖੇਡਦਾ ਆਨੰਦ ਮਾਣਦਾ ਸੀ, ਉਸੇ ਤਰ੍ਹਾਂ ਸੋਹਣੇ ਜੀਵਨ ਦੀਆਂ ਗੱਲਾਂ ਨੂੰ ਕਿੱਕਾਂ ਮਾਰਨ ਦਾ ਵੀ ਉਹ ਉਸਤਾਦ ਸੀ। ਜਦੋਂ ਉਹ ਮਿੱਠੇ ਨਾਲ ਲਬੇੜ ਕੇ ਮੂੰਹ ਵਿਚੋਂ ਗੱਲ ਕੱਢਦਾ ਸੀ ਤਾਂ ਫ਼ਿਜ਼ਾ ਵਿਚ ਵੀ ਮਿਠਾਸ ਘੁਲ ਜਾਂਦੀ ਸੀ। ਜਰਨੈਲ ਸਿੰਘ ਬੋਲਦਾ ਬੜਾ ਮਿੱਠਾ ਸੀ ਪਰ ਖੇਡਦਾ ਬੜਾ ਕਠੋਰ ਸੀ। ਇਸ ਬਾਰੇ ਉਸ ਦੇ ਜ਼ਮਾਨੇ ਦੇ ਮਸ਼ਹੂਰ ਖਿਡਾਰੀ ਪੀ.ਕੇ. ਬੈਨਰਜੀ ਨੇ ਜਰਨੈਲ ਸਿੰਘ ਦੀ ਮੌਤ ਦੇ ਸੁਨੇਹੇ ਤੋਂ ਬਾਅਦ ਪ੍ਰੈੱਸ ਨੂੰ ਦਿੱਤੇ ਬਿਆਨ ਵਿਚ ਕਿਹਾ ਸੀ- “ਖੇਡਦੇ ਸਮੇਂ ਵਿਰੋਧੀ ਟੀਮ ਨੂੰ ਸਖ਼ਤ ਟੱਕਰ ਦੇਣ ਲਈ ਉਹ ਬੇਕਿਰਕ ਹੋਣ ਦਾ ਭੁਲੇਖਾ ਪਾ ਦਿੰਦਾ ਸੀ ਪਰ ਇਸ ਦੇ ਹੱਦਾਂ-ਬੰਨੇ ਉਸ ਨੇ ਕਦੇ ਨਹੀਂ ਸੀ ਟੱਪੇ।” ਬੈਨਰਜੀ ਉਸ ਦੀ ਹੋਰ ਸਿਫ਼ਤ ਕਰਦਾ ਕਹਿੰਦਾ ਹੈ, “ਉਹ ਸ਼ੇਰ-ਦਿਲ ਖਿਡਾਰੀ ਸੀ। ਖ਼ਾਸ ਤੌਰ `ਤੇ ਚੀਨ, ਜਪਾਨ ਤੇ ਕੋਰੀਆ ਦੇ ਫਾਰਵਰਡ ਜਰਨੈਲ ਸਿੰਘ ਨੂੰ ਭਾਰਤੀ ਰੱਖਿਅਤ ਪੰਗਤੀ ਵਿਚ ਦੇਖ ਕੇ ਸਹਿਮ ਜਾਂਦੇ ਸਨ; ਇਥੋਂ ਤਕ ਕਿ ਯੂਰਪ ਦੇ ਫੁੱਟਬਾਲ ਖਿਡਾਰੀ ਜਰਨੈਲ ਸਿੰਘ ਦੀ ਖੇਡ ਕਲਾ ਤੋਂ ਪ੍ਰਭਾਵਿਤ ਸਨ। ਫਰਾਂਸ ਅਤੇ ਹੰਗਰੀ ਵਰਗੇ ਦੇਸ਼ਾਂ ਨੇ 1960 ਦੀ ਰੋਮ ਉਲੰਪਿਕ ਵਿਚ ਜਰਨੈਲ ਸਿੰਘ ਦੀ ਫੁੱਟਬਾਲ ਸਰਦਾਰੀ ਅੱਗੇ ਸਿਰ ਝੁਕਾਇਆ ਸੀ।” 1956 ਦੀ ਭਾਰਤੀ ਫੁੱਟਬਾਲ ਟੀਮ ਦੇ ਉਪ ਕਪਤਾਨ ਮਿਸਟਰ ਕਿੱਟੂ ਨੇ ਜਰਨੈਲ ਸਿੰਘ ਦੀ ਤਾਕਤਵਾਰ ਡਿਫੈਂਸ ਦੀ ਗੱਲ ਕਰਦਿਆਂ ਕਿਹਾ ਸੀ, “ਜਰਨੈਲ ਸਿੰਘ ਨੂੰ ਮਾਤ ਦੇਣੀ ਜ਼ੋਖ਼ਮ ਭਰਿਆ ਕੰਮ ਸੀ”, ਭਾਵ, ਫੁੱਟਬਾਲ ਨਾਲ ਜਰਨੈਲ ਸਿੰਘ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਨੀ ਭਿਆਨਕ ਖ਼ਤਰਾ ਮੁੱਲ ਲੈਣ ਵਾਲੀ ਗੱਲ ਸੀ।
ਜਰਨੈਲ ਸਿੰਘ ਨੇ ਪੰਜਾਬ ਦੇ ਖੇਡ ਵਿਭਾਗ ਵਲੋਂ ਦਿੱਤੀ ਵੱਕਾਰੀ ਨੌਕਰੀ ਦਾ ਮੁੱਲ ਉਸ ਸਮੇਂ ਤਾਰਿਆ ਜਦੋਂ ਉਸ ਨੇ ਹਾਕੀ ਨਾਲ ਪਿਆਰ ਕਰਨ ਵਾਲੇ ਸੂਬੇ ਨੂੰ 1970 ਵਿਚ ਫੁੱਟਬਾਲ ਦੀ ਸੰਤੋਸ਼ ਟਰਾਫੀ ਜਿਤਾਈ। ਉਹ 1974 ਦੀ ਸੰਤੋਸ਼ ਟਰਾਫੀ ਦੇ ਵਕਤ ਪੰਜਾਬ ਦੀ ਫੁੱਟਬਾਲ ਟੀਮ ਦਾ ਕੋਚ ਸੀ ਜਦੋਂ ਪੰਜਾਬ ਨੇ ਸੈਮੀਫਾਈਨਲ ਵਿਚ ਬੰਗਾਲ ਨੂੰ 6-0 ਨਾਲ ਮਾਤ ਦਿੱਤੀ। ਇਹ ਜਰਨੈਲ ਸਿੰਘ ਦੀ ਖੇਡ ਅਤੇ ਕੋਚਿੰਗ ਦਾ ਕ੍ਰਿਸ਼ਮਾ ਸੀ ਕਿ ਪੰਜਾਬ ਨੇ ਲਗਭਗ 30 ਸਾਲਾਂ ਦੇ ਲੰਮੇ ਅਰਸੇ ਬਾਅਦ ਫੁੱਟਬਾਲ ਵਿਚ ਆਪਣਾ ਵੱਕਾਰੀ ਰੁਤਬਾ ਦੁਬਾਰਾ ਹਾਸਲ ਕੀਤਾ ਸੀ। ਜ਼ਿੰਦਗੀ ਦੀ ਪੈੜ-ਚਾਲ ਨਾਲ ਕਦਮ ਮਿਲਾ ਕੇ ਚੱਲਣ ਵਾਲਾ ਇਕ ਖਿਡਾਰੀ ਉਸ ਵਕਤ ਪੰਜਾਬ ਖੇਡ ਵਿਭਾਗ ਦਾ ਸੀਨੀਅਰ ਡਿਪਟੀ ਡਾਇਰੈਕਟਰ ਸੀ ਜਦੋਂ ਉਹ 1969 ਵਿਚ ਭਾਰਤੀ ਟੀਮ ਦਾ ਕੋਚ ਬਣਿਆ। 1975-76 ਦੇ ਸਾਲਾਂ ਤਕ ਉਹ ਇਹ ਜ਼ਿੰਮੇਦਾਰੀ ਲਗਭਗ ਲਗਾਤਾਰ ਨਿਭਾਉਂਦਾ ਰਿਹਾ। ਏਸ਼ੀਆ ਦੇ ਫੁੱਟਬਾਲ ਦਾ ਜਰਨੈਲ ਬਤੌਰ ਕੋਚ ਕਿਹਾ ਕਰਦਾ ਸੀ, “ਜਿਹੜਾ ਖਿਡਾਰੀ ਇਹ ਕਹੇ ਕਿ ਅੱਜ ਗਰਾਊਂਡ ਵਿਚ ਮੇਰਾ ਜ਼ੋਰ ਨਹੀਂ ਲੱਗਾ, ਉਹ ਇਮਾਨਦਾਰ ਤਾਂ ਹੈ ਹੀ ਨਹੀਂ ਸਗੋਂ ਇਸ ਤੋਂ ਅੱਗੇ ਉਹ ਬੇਈਮਾਨ ਵੀ ਹੈ।” ਇਸੇ ਗੱਲ ਨੂੰ ਅੱਗੇ ਤੋਰਦਾ ਉਹ ਕਹਿੰਦਾ ਸੀ, “ਇਸ ਤਰ੍ਹਾਂ ਦੇ ਖਿਡਾਰੀ ਜਿੱਥੇ ਟੀਮ ਲਈ ਲਾਹੇਵੰਦ ਸਾਬਤ ਨਹੀਂ ਹੁੰਦੇ, ਉਥੇ ਆਪਣੇ ਆਪ ਨਾਲ ਧੋਖਾ ਵੀ ਕਰ ਰਹੇ ਹੁੰਦੇ ਨੇ।”
ਬਿਨਾਂ ਸ਼ੱਕ, ਹਰ ਘੜੀ ਹਰ ਪਲ ਨਵਾਂ ਇਤਿਹਾਸ ਸਿਰਜਣ ਵਾਲੇ ਭਾਰਤ ਮਾਂ ਦੇ ਇਸ ਮਹਾਨ ਸਪੂਤ ਨੇ ਜਿੱਥੇ ਵਰਲਡ ਇਲਵੈਨ ਦਾ ਮੈਂਬਰ ਬਣ ਕੇ ਅਤੇ ਏਸ਼ੀਆ ਦੇ ਫੁੱਟਬਾਲ ਟੀਮ ਦੀ ਕਪਤਾਨੀ ਕਰ ਕੇ ਭਾਰਤ ਦਾ ਮਾਣ ਵਧਾਇਆ, ਉਥੇ ਸੱਤਰਵਿਆਂ ਵਿਚ ਆਪਣੇ ਪਿਤਰੀ ਸੂਬੇ ਪੰਜਾਬ ਦੇ ਸੁੱਤੇ ਹੋਏ ਫੁੱਟਬਾਲ ਨੂੰ ਹਲੂਣ ਕੇ ਜਗਾਇਆ। ਇਸ ਤਰ੍ਹਾਂ ਉਸ ਨੇ ਜਿੱਥੇ ਪੰਜਾਬੀਆਂ ਦਾ ਦੇਰ ਦਾ ਉਲਾਂਭਾ ਲਾਹਿਆ, ਉਥੇ ਉਸ ਨੇ ਮੋਹਨ ਬਗਾਨ ਕਲੱਬ ਸਾਹਮਣੇ ਇਕ ਵਾਰ ਫਿਰ ਆਪਣੀ ਫੁੱਟਬਾਲ ਖੇਡ ਦੀ ਸਮਰੱਥਾ ਦਾ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਜ਼ੋਰਦਾਰ ਪ੍ਰਦਰਸ਼ਨ ਨੇ ਮੋਹਨ ਬਗਾਨ ਵਾਲਿਆਂ ਨੂੰ ਇਹ ਅਹਿਸਾਸ ਕਰਵਾਇਆ ਕਿ ਜਰਨੈਲ ਸਿੰਘ ਦੀ ਕੀਮਤ ਕਿਸ ਕਰ ਕੇ ਵੱਧ ਹੈ।
ਸੱਚੀ ਗੱਲ ਤਾਂ ਇਹ ਸੀ ਕਿ ਜਰਨੈਲ ਸਿੰਘ ਨੇ ਫੁੱਟਬਾਲ ਦੇ ਖੇਤਰ ਵਿਚ ਬਹੁਤ ਸਖ਼ਤ ਮਿਹਨਤ ਕਰ ਕੇ ਵੱਡਾ ਨਾਮ ਕਮਾਇਆ ਸੀ। ਉਹ ਜਦ ਵੀ ਕਦੇ ਕਿਸੇ ਵੱਡੇ ਅਫਸਰ ਦੇ ਦਫ਼ਤਰ ਜਾਂ ਘਰ ਗਿਆ, ਅਫਸਰ ਉਸ ਨੂੰ ਦਰਵਾਜ਼ੇ ਤੋਂ ਲੈਣ ਵੀ ਆਇਆ ਅਤੇ ਤੋਰਨ ਵੀ ਗਿਆ। ਉੱਚ ਸ਼ਖ਼ਸੀਅਤਾਂ ਆਪਣੇ ਧੰਨ ਭਾਗ ਸਮਝਦੀਆਂ ਸਨ ਕਿ ਫੁੱਟਬਾਲ ਦਾ ਜਰਨੈਲ ਉਨ੍ਹਾਂ ਕੋਲ ਆਇਆ ਸੀ। ਉਹ ਦੁਨੀਆ ਭਰ ਦੇ ਫੁੱਟਬਾਲ ਪ੍ਰੇਮੀਆਂ ਦੀ ‘ਦੰਦ ਕਥਾ` ਦਾ ਨਾਇਕ ਸੀ ਪਰ ਇਹ ਸਾਰਾ ਕੁਝ ਐਵੇਂ ਨਹੀਂ ਸੀ ਵਾਪਰਿਆ। ਖੇਡ ਮੈਦਾਨ ਵਿਚ ‘ਬੱਬਰ ਸ਼ੇਰ` ਦਾ ਰੁਤਬਾ ਉਸ ਨੂੰ ਸੌਖਿਆ ਨਹੀਂ ਸੀ ਮਿਲਿਆ। ਉਹ ਏਨਾ ਕਰੜਾ ਅਭਿਆਸ ਕਰਦਾ ਸੀ ਕਿ ਰਾਤ ਨੂੰ ਉਸ ਦੇ ਸਰੀਰ ਦੇ ਰੋਮ-ਰੋਮ ਵਿਚੋਂ ਚੀਸਾਂ ਉੱਠਦੀਆਂ ਸਨ। ਉਸ ਦਾ ਵਿਸ਼ਵਾਸ ਸੀ ਕਿ ਉੱਚੀ ਮੰਜ਼ਿਲ `ਤੇ ਪਹੁੰਚਣ ਲਈ ਅਭਿਆਸ ਹੀ ਸਿੱਧਾ ਰਸਤਾ ਹੈ। ਉਹ ਕਹਿੰਦਾ ਸੀ, “ਅਸੀਂ ਦੂਜਿਆਂ ਤੋਂ ਵੱਧ ਅਭਿਆਸ ਕਰ ਕੇ ਹੀ ਉਨ੍ਹਾਂ ਤੋਂ ਅੱਗੇ ਨਿਕਲ ਸਕਦੇ ਹਾਂ।” ਜਰਨੈਲ ਸਿੰਘ ਕਿਸੇ ਦੇ ਤਜਰਬੇ ਦਾ ਫ਼ਾਇਦਾ ਉਠਾਉਣ ਵਾਲਾ ਸੂਝਵਾਨ ਖਿਡਾਰੀ ਸੀ। ਜਦੋਂ ਉਹ ਬਤੌਰ ਫੁੱਟਬਾਲ ਕੋਚ ਸੇਵਾਵਾਂ ਨਿਭਾਉਂਦਾ ਸੀ ਤਾਂ ਖਿਡਾਰੀਆਂ ਨਾਲ ਗੱਲਾਂ ਕਰਦਾ ਅਕਸਰ ਹੀ ਕਹਿੰਦਾ, “ਖਿਡਾਰੀ ਲਈ ਸਭ ਤੋਂ ਜ਼ਰੂਰੀ ਕੰਮ ਉਸ ਦਾ ਖੇਡ ਅਭਿਆਸ ਹੈ। ਜ਼ਿੰਦਗੀ ਦੇ ਹੋਰ ਰੁਝੇਵੇਂ ਉਸ ਲਈ ਦੂਜੇ ਨੰਬਰ ਦੀਆਂ ਗੱਲਾਂ ਹਨ।” ਇਹੋ ਕਾਰਨ ਸੀ ਕਿ ਉਹ ਉਸ ਖਿਡਾਰੀ ਨੂੰ ਬੁਰੀ ਤਰ੍ਹਾਂ ਟੋਕਦਾ ਸੀ ਜਿਹੜਾ ਅਭਿਆਸ ਤੋਂ ਗ਼ੈਰ-ਹਾਜ਼ਰ ਰਹਿਣ ਤੋਂ ਬਾਅਦ ਇਹ ਕਹੇ ਕਿ ਮੈਨੂੰ ‘ਜ਼ਰੂਰੀ ਕੰਮ` ਪੈ ਗਿਆ ਸੀ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਜਰਨੈਲ ਸਿੰਘ ਫੁੱਟਬਾਲ ਖੇਡ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਸ਼ਬਦਾਂ ਦੁਆਰਾ ਬਿਆਨ ਕਰਨਾ ਔਖਾ ਹੈ। ਉਸ ਦੀ ਇਸੇ ਭਾਵਨਾ ਦੀ ਗਵਾਹੀ ਭਰਦੇ ਪੀ.ਕੇ. ਬੈਨਰਜੀ ਦੇ ਸ਼ਬਦ ਵਰਣਨਯੋਗ ਹਨ, “ਕਿਸੇ ਨੇ ਧਾਰਮਿਕ ਗ੍ਰੰਥ ਪੜ੍ਹ ਕੇ ਇੰਨੀ ਨਿਮਰਤਾ ਹਾਸਲ ਨਹੀਂ ਕੀਤੀ ਹੋਣੀ ਜਿੰਨੀ ਉਸ ਨੇ ਫੁੱਟਬਾਲ ਖੇਡ ਕੇ ਪ੍ਰਾਪਤ ਕਰ ਲਈ ਸੀ। ਉਸ ਨੇ ਬਹੁਤ ਵੱਡੀਆਂ ਪ੍ਰਾਪਤੀਆਂ ਨੂੰ ਵੀ ਨਿਮਰਤਾ ਨਾਲ ਸਵੀਕਾਰ ਕੀਤਾ। ਉਸ ਦੇ ਸੁਭਾਅ ਦੀ ਇਹੋ ਸਿਫ਼ਤ ਉਸ ਦੀ ਮਹਾਨਤਾ ਦਾ ਕਾਰਨ ਬਣੀ।” ਜਦੋਂ ਉਹ ਏਸ਼ੀਆ ਦੀ ਫੁੱਟਬਾਲ ਟੀਮ ਦੀ ਕਪਤਾਨੀ ਕਰ ਰਿਹਾ ਸੀ ਤਾਂ ਪਿੰਡ ਆ ਕੇ ਉਹ ਪਨਾਮ ਦੀ ਟੀਮ ਵਲੋਂ ਵੀ ਖੇਡ ਲੈਂਦਾ ਸੀ। ਇਸੇ ਕਰ ਕੇ ਇਲਾਕੇ ਦੇ ਲੋਕਾਂ ਦੀ ਉਸ ਵਿਚ ਸ਼ਰਧਾ ਵੀ ਸੀ ਅਤੇ ਉਸ ਉੱਤੇ ਮਾਣ ਵੀ ਸੀ। ਸੱਚ ਤਾਂ ਇਹ ਸੀ ਕਿ ਜ਼ਿੰਦਗੀ ਦਾ ਹਰ ਰੰਗ ਜਰਨੈਲ ਸਿੰਘ ਨੂੰ ਰਾਸ ਆ ਜਾਂਦਾ ਸੀ। ਪੰਜ ਤਾਰਾ ਹੋਟਲ ਤੋਂ ਵਾਪਸ ਆ ਕੇ ਉਸ ਨੂੰ ਅਲਾਣੇ ਮੰਜੇ `ਤੇ ਵੀ ਗੂੜ੍ਹੀ ਨੀਂਦ ਆ ਜਾਂਦੀ ਸੀ। ਉਹ ਬਨਾਵਟੀ ਜ਼ਿੰਦਗੀ ਤੋਂ ਕੋਹਾਂ ਦੂਰ ਸੀ। ਅਪਣੱਤ ਵਿਚ ਭਿੱਜਾ ਉਹ ਆਪਣੇ ਗਿਣਤੀ ਦੇ ਦੋਸਤਾਂ ਵਿਚ ਠਹਾਕੇ ਮਾਰ ਕੇ ਹੱਸਦਾ ਨੇਕ ਦਿਲ ਪੇਂਡੂ ਲਗਦਾ ਸੀ। ਖੇਡਦੇ ਵਕਤ ਉਸ ਨੇ ਆਪਣੀ ਦੋਸਤੀ ਦਾ ਘੇਰਾ ਇਹ ਸੋਚ ਕੇ ਸੀਮਤ ਰੱਖਿਆ ਤਾਂ ਕਿ ਉਸ ਦਾ ਫੁੱਟਬਾਲ ਅਭਿਆਸ ਨਿਰਵਿਘਨ ਚੱਲਦਾ ਰਹੇ। ਉਹ ਬਹੁਤਾ ਸਮਾਂ ਭਰਾਵਾਂ ਵਰਗੇ ਨਿੱਘੇ ਦੋਸਤ ਰਾਮਜੀਤ ਨਾਲ ਬਿਤਾ ਦਿੰਦਾ। ਰਾਮਜੀਤ ਸਿੰਘ ਜਰਨੈਲ ਦੀ ਫੁੱਟਬਾਲ ਕਲਾ ਦਾ ਕਦਰਦਾਨ ਸੀ ਅਤੇ ਦੋਵੇਂ ਇਕ ਦੂਜੇ ਦੇ ਰਾਜ਼ਦਾਨ ਵੀ ਸਨ। ਇਹ ਦੋਵੇਂ ਦੋਸਤ ਇਕ ਦੂਸਰੇ ਦੀ ਦੀਦ ਦੇ ਪਿਆਸੇ ਸਨ। ਉਂਝ, ਕੁਲਦੀਪ ਸਿੰਘ ਚਾਂਦਪੁਰੀ ਵਰਗੇ ਫ਼ੌਜੀ ਅਫ਼ਸਰ ਉਸ ਦੇ ਜਮਾਤੀ ਵੀ ਸਨ ਅਤੇ ਯਾਰ ਵੀ। ਜਰਨੈਲ ਸਿੰਘ ਨੂੰ ਮਾਣ ਸੀ ਕਿ ਜੇ ਉਸ ਨੇ ਫੁੱਟਬਾਲ ਦੇ ਖੇਤਰ ਵਿਚ ਧਾਂਕ ਜਮਾਈ ਹੈ ਤਾਂ ਉਸ ਦੇ ਦੋਸਤ ਚਾਂਦਪੁਰੀ ਨੇ ਲੌਂਗੇਵਾਲਾ ਚੌਕੀ `ਤੇ 1971 ਦੀ ਲੜਾਈ ਲੜਦਿਆਂ ਪਾਕਿਸਤਾਨੀ ਫ਼ੌਜ ਦੇ ਦੰਦ ਖੱਟੇ ਕੀਤੇ ਸਨ। ਇਸੇ ਫ਼ੌਜੀ ਅਫ਼ਸਰ ਦੀ ਬਹਾਦਰੀ `ਤੇ ਆਧਾਰਿਤ ਬਾਅਦ ਵਿਚ ‘ਬਾਰਡਰ` ਫਿਲਮ ਬਣੀ।
ਲਗਭਗ ਦਸ ਸਾਲ ਫੁੱਟਬਾਲ ਉਪਰ ਰਾਜ ਕਰਨ ਵਾਲੇ ਜਰਨੈਲ ਸਿੰਘ `ਤੇ ਜਿੱਥੇ ਉਸ ਦੇ ਖੇਡ ਵਿਭਾਗ ਨੂੰ ਮਾਣ ਸੀ ਉਥੇ ਭਾਰਤੀ ਫੁੱਟਬਾਲ ਦੇ ਚੋਣ ਕਰਤਾ ਉਸ ਦੀ ਸਲਾਹ ਨਾਲ ਟੀਮ ਦੀ ਚੋਣ ਕਰਦੇ ਰਹੇ। ਉਹ ਭਾਰਤੀ ਫੁੱਟਬਾਲ ਟੀਮ ਵਿਚ ‘ਭੀਮ` ਦਾ ਦਰਜਾ ਪ੍ਰਾਪਤ ਕਰ ਚੁੱਕਾ ਸੀ। ਪੰਜਾਬ ਦਾ ਖੇਡ ਵਿਭਾਗ ਉਸ ਦੀ ਇਮਾਨਦਾਰੀ ਦਾ ਕਾਇਲ ਸੀ। ਖੇਡ ਵਿਭਾਗ ਦੀ ਖ਼ਰੀਦੋ-ਫ਼ਰੋਖ਼ਤ ਜਰਨੈਲ ਸਿੰਘ ਦੇ ਹਵਾਲੇ ਸੀ। ਉਹ ਵੱਖ-ਵੱਖ ਖੇਡ-ਕੋਚ ਬੁਲਾ ਕੇ ਪਰਚੇਜ਼ ਕਮੇਟੀ ਬਣਾ ਦਿੰਦਾ ਤੇ ਸਾਰੇ ਕੋਚਾਂ ਨੂੰ ਅਪਣੱਤ ਨਾਲ ਆਖਦਾ, “ਸਮਾਨ ਵਧੀਆ ਖਰੀਦਣਾ ਪਰ ਸਹੁਰਿਉ! ਕੋਈ ਹੇਰਾਫੇਰੀ ਨਹੀਂ ਹੋਣੀ ਚਾਹੀਦੀ। ਜੇ ਕਿਤੇ ਇਸ ਤਰ੍ਹਾਂ ਦਾ ਕੁਝ ਵਾਪਰ ਗਿਆ ਤਾਂ ਮੇਰੇ ਪੱਲੇ ਕੁਝ ਨਹੀਂ ਜੇ ਰਹਿਣਾ।” ਉਸ ਦੇ ਕੋਚ ਉਸ ਪ੍ਰਤੀ ਹਮੇਸ਼ਾ ਸੁਹਿਰਦ ਰਹੇ। ਉਨ੍ਹਾਂ ਨੇ ਹਮੇਸ਼ਾ ਜਰਨੈਲ ਸਿੰਘ ਦਾ ਮਨ ਚਾਹਿਆ ਸਾਥ ਦਿੱਤਾ ਅਤੇ ਸ਼ਾਬਾਸ਼ ਲਈ।
ਜਰਨੈਲ ਸਿੰਘ ਜਦੋਂ ਪੰਜਾਬ ਦੇ ਖੇਡ ਵਿਭਾਗ ਦਾ ਐਡੀਸ਼ਨਲ ਡਾਇਰੈਕਟਰ ਸੀ, ਉਸ ਦੇ ਪਿੰਡ ਦੇ ਯਾਰ ਉਸ ਕੋਲ ਚੰਡੀਗੜ੍ਹ ਬੜੇ ਮਾਣ ਨਾਲ ਜਾਂਦੇ। ਖ਼ੁਸ਼-ਮਿਜ਼ਾਜ ਜਰਨੈਲ ਸਿੰਘ ਉਨ੍ਹਾਂ ਨੂੰ ਹੱਥੀਂ ਛਾਵਾਂ ਕਰਦਾ। ਕਈ ਵਾਰ ਤਾਂ ਉਹ ਅੰਗਰੇਜ਼ੀ ਸ਼ਰਾਬ ਅਤੇ ਦੇਸੀ ਮੁਰਗੇ ਨਾਲ ਵੀ ਹਾਣੀਆਂ ਨੂੰ ਨਿਵਾਜਦਾ। ਰਾਮਜੀਤ ਸਿੰਘ ਵਰਗੇ ਆਪਣੇ ਦੋਸਤਾਂ ਨੂੰ ਚੰਡੀਗੜ੍ਹ ਦੇਖ ਕੇ ਉਹ ਮਹਿਸੂਸ ਕਰਦਾ ਕਿ ਉਸ ਨੇ ਪਿੰਡ ਪਨਾਮ ਦੇ ਦਰਸ਼ਨ ਕਰ ਲਏ ਨੇ। ਪਿੰਡ ਵਾਲਿਆਂ ਦੇ ਕੰਮ ਆ ਕੇ ਉਸ ਦੀ ਰੂਹ ਬੇਹੱਦ ਖ਼ੁਸ਼ ਹੁੰਦੀ। ਕਦੀ ਉਸ ਦਾ ਦਿਲ ਕਰਦਾ, ਉਹ ਪਿੰਡੋਂ ਆਏ ‘ਫ਼ਰਿਸ਼ਤਿਆਂ` ਨੂੰ ਆਪਣੇ ਕਲਾਵੇ ਵਿਚ ਘੁੱਟ ਲਵੇ। ਉਹ ਪਿੰਡੋਂ ਆਏ ਆਪਣੇ ਯਾਰਾਂ ਦੇ ਮੂੰਹ ਦੀ ਰੌਣਕ ਵਿਚੋਂ ਆਪਣੇ ਅਤੀਤ ਦੇ ਸੁਪਨੇ ਦੇਖਦਾ। ਉਹ ਉਨ੍ਹਾਂ ਦੀਆਂ ਗੱਲਾਂ ਵਿਚੋਂ ਆਪਣੇ ਪਿੰਡ ਦੀ ਸੱਥ ਦੇ ਨਕਸ਼ ਉਲੀਕਦਾ। ਉਹ ਆਪਣੇ ਪਿੰਡ ਦੇ ਬਜ਼ੁਰਗਾਂ ਦੀਆਂ ਨਸੀਹਤਾਂ ਦੀ ਪੈੜ ਲੱਭਦਾ ਗੂੜ੍ਹੇ ਅਪਣੱਤ ਭਰੇ ਰਿਸ਼ਤੇ ਵਿਚ ਬੱਝ ਜਾਂਦਾ। ਉਹ ਪਿੰਡ ਦੀ ਜੂਹ ਤੋਂ ਸ਼ੁਰੂ ਹੁੰਦੇ ਪਿੰਡ ਨਾਲ ਆਪਣੇ ਰਿਸ਼ਤੇ ਦਾ ਕਿਆਸ ਕਰਦਾ। ਕਦੇ-ਕਦੇ ਉਹ ਉਦਾਸ ਲਹਿਜੇ ਵਿਚ ਪਿੰਡ ਦੀ ਬੇਰੌਣਕ ਗਰਾਊਂਡ ਦੀ ਗੱਲ ਕਰਦਾ। ਉਹ ਖੇਤਾਂ ਵਿਚਲੀ ਇਕੱਲੀ ਰਹਿ ਗਈ ਉਦਾਸ ਟਾਹਲੀ ਨੂੰ ਚੇਤੇ ਕਰਦਾ ਜਿਸ ਨੇ ਹੈੱਡ ਲਾਉਣ ਵਿਚ ਉਸ ਨੂੰ ਨਿਪੁੰਨ ਬਣਾਇਆ ਸੀ। ਕਲਪਨਾ ਵਿਚ ਆਪਣੇ ਘਰ ਨੂੰ ਜਾਂਦੀ ਭੀੜੀ ਗਲੀ ਦੀ ਚੜ੍ਹਾਈ ਚੜ੍ਹਦਿਆਂ ਦਾ ਚਾਅ ਉਸ ਦੇ ਬੁੱਲ੍ਹਾਂ `ਤੇ ਆਪ-ਮੁਹਾਰੇ ਆ ਜਾਂਦਾ। ਫਿਰ ਪਿੰਡ ਦੇ ਮਿੱਠੇ ਸੁਪਨਿਆਂ ਦੀ ਨੀਂਦ `ਚੋਂ ਬਾਹਰ ਆ ਕੇ ਮੁਸਕਰਾ ਕੇ ਮਾਣ ਨਾਲ ਕਹਿੰਦਾ, “ਮੇਰੇ ਪਿੰਡ ਦੀ ਕੋਈ ਰੀਸ ਨਹੀਂ।”
ਜਰਨੈਲ ਸਿੰਘ ਸਟੈਨੋ ਨੂੰ ਚਿੱਠੀ ਡਿਕਟੇਟ ਕਰਵਾਉਂਦਾ ਆਪਣੀ ਉੱਚੀ ਲਿਆਕਤ ਅਤੇ ਗੂੜ੍ਹ ਅੰਗਰੇਜ਼ੀ ਦੀ ਸ਼ਾਨਦਾਰ ਮਿਸਾਲ ਪੇਸ਼ ਕਰਦਾ। ਫਿਰ ਉਹ ਵਿਹਲਾ ਹੋ ਕੇ ਚੇਲਿਆਂ ਤੋਂ ਦੋਸਤ ਬਣੇ ਸੁਖਵਿੰਦਰ ‘ਸੁੱਖੀ` ਅਤੇ ਗੁਰਦੇਵ ਗਿੱਲ ਨੂੰ ਫੋਨ ਕਰ ਕੇ ਚੰਡੀਗੜ੍ਹ ਬੁਲਾਉਂਦਾ। ਛੋਟੀ ਉਮਰ ਦੇ ਇਨ੍ਹਾਂ ਕਰੀਬੀ ਦੋਸਤਾਂ ਨਾਲ ਵਿਸਕੀ ਦੀਆਂ ਚੁਸਕੀਆਂ ਲੈਂਦਿਆਂ ਉਹ ਹੁਸੀਨ ਦੁਨੀਆ ਦੀਆਂ ਗੱਲਾਂ ਨੂੰ ਸ਼ਾਨਦਾਰ ਕਿੱਕਾਂ ਮਾਰਦਾ। ਉਹ ਵਿਸਕੀ ਦੇ ਘੁੱਟ ਭਰਦਾ ਬੜੇ ਮਾਣ ਨਾਲ ਕਹਿੰਦਾ, “ਖੇਡਦੇ ਵਕਤ ਉਸ ਨੇ ਕਦੇ ਸ਼ਰਾਬ ਨਹੀਂ ਸੀ ਪੀਤੀ।” ਫਿਰ ਥੋੜ੍ਹਾ ਜਿਹਾ ਰੁਕ ਕੇ ਕਹਿੰਦਾ, “ਸ਼ਰਾਬ ਪੀਣ ਦੀ ਸ਼ੁਰੂਆਤ 1970 ਦੇ ਲਗਭਗ ਦੀ ਐ। ਇਨ੍ਹਾਂ ਦਿਨਾਂ ਵਿਚ ਕਦੇ-ਕਦੇ ਮਾੜੀ ਮੋਟੀ ਪੀ ਲੈਂਦਾ ਸਾਂ। ਫਿਰ ਜਦੋਂ 1977-78 ਵਿਚ ਭਾਰਤੀ ਕਬੱਡੀ ਟੀਮ ਨਾਲ ਬਤੌਰ ਕੋਚ ਇੰਗਲੈਂਡ ਗਿਆ ਤਾਂ ਉਥੇ ਫਿਰ ਮੈਂ ਸ਼ਰਾਬ ਬਾਕਾਇਦਾ ਪੀਣ ਲੱਗ ਪਿਆ।”
ਬੈਠਿਆਂ-ਬੈਠਿਆਂ ਕਈ ਵਾਰ ਉਹ ਸੁੱਖੀ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਦਿਆਂ ਅੱਖਾਂ ਚੌੜੀਆਂ ਕਰ ਲੈਂਦਾ, ਤਿੱਖੀ ਨਜ਼ਰ ਨਾਲ ਸੁੱਖੀ ਵੱਲ ਦੇਖਦਾ। ਉਹ ਮਿੱਠਾ ਗੁੱਸਾ ਜ਼ਾਹਿਰ ਕਰਦਿਆਂ ਬੜੇ ਜਵੇ ਨਾਲ ਸੁੱਖੀ ਨੂੰ ਆਖਦਾ, “ਮੇਰੀ ਰੰਗੀਨ ਦੁਨੀਆ ਬਾਰੇ ਤੇਰੀ ਜੁਅਰਤ ਕਿਵੇਂ ਪਈ ਉਏ ਪੁੱਛਣ ਦੀ?” ਫਿਰ ਮਚਲੇ ਜੱਟ ਵਾਂਗ ਥੋੜ੍ਹਾ-ਥੋੜ੍ਹਾ ਮੁਸਕਰਾ ਕੇ ਸਭ ਕੁਝ ਦੱਸ ਦਿੰਦਾ। ਕਈ ਵਾਰ ਉਹ ਇੰਨਾ ਰੰਗੀਨ ਹੋ ਜਾਂਦਾ ਕਿ ਬੇਜਾਨ ਚੀਜ਼ਾਂ ਬਾਰੇ ਜਾਨਦਾਰ ਗੱਲਾਂ ਕਰਦਾ। ਉਹ ਆਪਣੀ ਰਿਹਾਇਸ਼ਗਾਹ ਦੇ ਇਕ ਕਮਰੇ ਵਿਚ ਟੁੱਟੀ ਪਈ ਮੰਜੀ ਨੂੰ ‘ਹਿਰਸ` ਵਿਚ ਟੁੱਟ ਗਈ ਦੱਸਦਾ।
ਉਹ ਕੁਝ ਨਾ ਕਹਿੰਦਾ ਹੋਇਆ ਵੀ ਸਭ ਕੁਝ ਕਹਿ ਜਾਂਦਾ। ਉਸ ਦੀ ਚੁੱਪ ਦੂਜੇ ਕੋਲੋਂ ਬੜੇ ਟੇਢੇ ਸਵਾਲ ਪੁੱਛਦੀ। ਉਹ ਚੁੱਪ ਰਹਿ ਕੇ ਦੂਜਿਆਂ ਨੂੰ ਬੋਲਣ ਲਾ ਲੈਂਦਾ। ‘ਰਜ਼ਾਮੰਦੀ` ਹਾਸਲ ਕਰਨ ਲਈ ਉਹ ਸੰਕੇਤਕ ਢੰਗ ਵਰਤਦਾ। ਉਹ ਮਿੱਠ-ਬੋਲੜੇ ਖੂਬਸੂਰਤ ਅੰਦਾਜ਼ ਨਾਲ ਮਾਹੌਲ ਨੂੰ ਨਸ਼ਿਆ ਦਿੰਦਾ। ਖ਼ੁਸ਼ਗਵਾਰ ਮਾਹੌਲ ਵਿਚ ਉਹ ਗੁਰਦੇਵ ਗਿੱਲ ਦੀਆਂ ਧੜੱਲੇਦਾਰ ਗੱਲਾਂ ਦਾ ਮਜ਼ਾ ਲੈਂਦਾ ਉੱਚੀ-ਉੱਚੀ ਹੱਸਦਾ। ਉਹ ਸੁੱਖੀ ਅਤੇ ਗਿੱਲ ਦੇ ਹੱਥਾਂ ਨੂੰ ਆਪਣੇ ਹੱਥਾਂ ਵਿਚ ਘੁੱਟਦਿਆਂ ਯਾਰਾਂ ਦਾ ਯਾਰ ਬਣ ਜਾਂਦਾ। ਆਪਣੇ ਪਰਛਾਵੇਂ ਹੇਠ ਵਧੇ-ਫੁੱਲੇ ਆਪਣੇ ਫੁੱਟਬਾਲਰ ਚੇਲਿਆਂ ਉੱਤੇ ਬੇਹੱਦ ਮਾਣ ਕਰਦਾ ਉਹ ਦੂਣਾ-ਚੌਣਾ ਹੋ ਜਾਂਦਾ।
ਸੱਚ ਤਾਂ ਇਹ ਸੀ ਕਿ ਜੇ ਫੁੱਟਬਾਲ ਖੇਡਣ ਵਿਚ ਉਸ ਦਾ ਕੋਈ ਸਾਨੀ ਨਹੀਂ ਸੀ ਤਾਂ ਮਿਲਣ-ਗਿਲਣ ਵਿਚ ਵੀ ਉਸ ਦਾ ਕੋਈ ਮੁਕਾਬਲਾ ਨਹੀਂ ਸੀ। ਜਿਸ ਤਰ੍ਹਾਂ ਦਾ ਬੰਦਾ ਉਸ ਕੋਲ ਬੈਠ ਜਾਂਦਾ, ਉਹ ਉਸੇ ਤਰ੍ਹਾਂ ਦੀਆਂ ਗੱਲਾਂ ਉਸ ਨਾਲ ਕਰਦਾ ਘੁਲ-ਮਿਲ ਜਾਂਦਾ। ਉਸ ਨੂੰ ਲੋਕ-ਮਨਾਂ ਦੀ ਬੜੀ ਡੂੰਘੀ ਸਮਝ ਸੀ। ਉਹ ਸੱਚੀਆਂ ਕਦਰਾਂ-ਕੀਮਤਾਂ ਦਾ ਪੁਜਾਰੀ ਸੀ। ਉਹ ਆਪਣੇ ਵਿਭਾਗ ਦੇ ਹਰ ਮਸਲੇ ਨੂੰ ਵਿਭਾਗ ਦੀਆਂ ਉੱਚੀਆਂ-ਸੁੱਚੀਆਂ ਰਵਾਇਤਾਂ ਅਨੁਸਾਰ ਹੱਲ ਕਰਦਾ ਸੀ। ਪੰਜਾਬ ਦੇ ਖੇਡ ਵਿਭਾਗ ਦੇ ਡਾਇਰੈਕਟਰ ਨੇ ਇਕ ਵਾਰ ਵਿਭਾਗ ਦੀ ਇਕ ਅਧਿਕਾਰੀ ਬਾਰੇ ਜਦੋਂ ਜਰਨੈਲ ਸਿੰਘ ਦੇ ਵਿਚਾਰ ਜਾਨਣੇ ਚਾਹੇ ਤਾਂ ਜਰਨੈਲ ਸਿੰਘ ਕਹਿਣ ਲੱਗਾ, “ਹਾਂ ਜੀ, ਉਹ ਬਹੁਤ ਸੁਸ਼ੀਲ ਹਨ।” ਉਸ ਨੇ ‘ਸੁਸ਼ੀਲ` ਸ਼ਬਦ ਇੰਨਾ ਚੱਬ ਕੇ ਬੋਲਿਆ ਕਿ ਡਾਇਰੈਕਟਰ ਮੁਸਕਰਾਉਣ ਲੱਗ ਪਿਆ। ਦਰਅਸਲ, ਜਰਨੈਲ ਸਿੰਘ ਜਦੋਂ ਖ਼ਾਸ ਕਿਸਮ ਦੇ ਰਉਂ ਵਿਚ ਹੁੰਦਾ ਸੀ ਤਾਂ ਉਹ ਪੰਜਾਬੀ ਜ਼ਬਾਨ ਦੇ ਖ਼ੂਬਸੂਰਤ ਸ਼ਬਦਾਂ ਨਾਲ ਕਲਾਕਾਰੀ ਕਰਦਾ ਬੜੇ ਦਿਲ-ਖਿਚਵੇਂ ਚਿੱਤਰ ਉਲੀਕ ਜਾਂਦਾ ਸੀ। ਸੁਣਨ ਵਾਲਾ ਕਦੇ ਜਰਨੈਲ ਸਿੰਘ ਦੇ ਮੂੰਹ ਵੱਲ ਦੇਖਦਾ ਅਤੇ ਕਦੇ ਉਸ ਦੇ ਉਲੀਕੇ ਰੰਗ-ਬਰੰਗੇ ਚਿੱਤਰਾਂ ਬਾਰੇ ਸੋਚਦਾ। ਉਹ ਕਿਸੇ ਦੇ ਨਾਂਹ-ਮੁਖੀ ਵਿਹਾਰ ਨੂੰ ਬੜੇ ਆਲ੍ਹਾ ਸ਼ਬਦਾਂ ਵਿਚ ਬਿਆਨ ਕਰਨ ਦੇ ਸਮਰੱਥ ਸੀ। ਉਹ ਕਿਸੇ ਦੇ ਅਨੈਤਿਕ ਆਚਰਣ ਨੂੰ ਆਪਣੇ ਮਨ ਦੇ ਖਾਤੇ ਪੈਣ ਹੀ ਨਹੀਂ ਸੀ ਦਿੰਦਾ।
ਉਸ ਨੇ ਅਥਾਹ ਮਿਹਨਤ ਕਰ ਕੇ ਆਪਣਾ ਸਮਾਜਿਕ ਰੁਤਬਾ ਇੰਨਾ ਉੱਚਾ ਬਣਾ ਲਿਆ ਸੀ ਕਿ ਆਪਣੇ ਆਪ ਨੂੰ ਕਹਿੰਦਾ ਕਹਾਉਂਦਾ ਬੰਦਾ ਵੀ ਉਸ ਨਾਲ ਸੋਚ ਵਿਚਾਰ ਕੇ ਗੱਲ ਕਰਦਾ ਸੀ। ਜਰਨੈਲ ਸਿੰਘ ਜਦੋਂ ਸ਼ਨਿਚਰਵਾਰ ਪਿੰਡ ਆਉਂਦਾ ਤਾਂ ਉਸ ਦੀ ਹਾਜ਼ਰੀ ਦਾ ਅਹਿਸਾਸ ਪਿੰਡ ਦੀ ਸੱਥ ਵਿਚੋਂ ਵੀ ਮਹਿਸੂਸ ਹੋ ਜਾਂਦਾ। ਕੋਲੋਂ ਲੰਘਦੇ ਨੂੰ ਵਡੇਰੀ ਉਮਰ ਦੇ ਬੰਦੇ ਵੀ ਹੱਥ ਜੋੜ ਕੇ ਫ਼ਤਹਿ ਬੁਲਾਉਂਦੇ। ਕਈ ਵਾਰ ਨੌਜਵਾਨ ਮੁੰਡੇ ਸੰਗਦੇ-ਸੰਗਦੇ ਪਰ੍ਹਾਂ-ਉਰ੍ਹਾਂ ਹੋ ਜਾਂਦੇ। ਜਰਨੈਲ ਸਿੰਘ ਦੇ ਘਰ ਨਾਲ ਲਗਦੇ ਘਰਾਂ ਦੀਆਂ ਔਰਤਾਂ ਕਿਲਕਾਰੀਆਂ ਮਾਰ ਰਹੇ ਆਪਣੇ ਬੱਚਿਆਂ ਨੂੰ ਇਹ ਕਹਿ ਕੇ ਚੁੱਪ ਕਰਵਾਉਂਦੀਆਂ ਕਿ “ਚੁੱਪ ਕਰੋ ਡੁੱਬ ਜਾਣਿਉਂ, ਵੱਡੇ ਸਰਦਾਰ ਜੀ ਆਏ ਹੋਏ ਨੇ।”