ਚੰਡੀਗੜ੍ਹ: ਦੇਸ਼ ਦੇ ਉੱਤਰ ਪੱਛਮੀ ਹਿੱਸਿਆਂ ਵਿਚ ਅੰਤਾਂ ਦੀ ਗਰਮੀ ਪੈ ਰਹੀ ਹੈ। ਤਾਪਮਾਨ ਦੇ ਇਸ ਵਾਧੇ ਕਾਰਨ ਕਈ ਮੌਤਾਂ ਦੀ ਖ਼ਬਰ ਹੈ। ਗਰਮੀ ਅਤੇ ਲੂ ਦੇ ਅਜਿਹੇ ਹਾਲਾਤ ਬਹੁਤ ਸਾਰੇ ਵਿਅਕਤੀਆਂ ਲਈ ਖ਼ਤਰਨਾਕ ਸਿੱਧ ਹੋ ਸਕਦੇ ਹਨ। ਦਿੱਲੀ ਵਿਚ 52.9 ਡਿਗਰੀ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਦੇ ਕਈ ਸ਼ਹਿਰਾਂ ਵਿਚ ਤਾਪਮਾਨ 50 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੀ ਪਾਰ ਜਾ ਚੁੱਕਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦਾ ਫਰੀਦਕੋਟ ਸ਼ਹਿਰ ਸਭ ਤੋਂ ਗਰਮ ਰਿਹਾ ਜਿੱਥੇ ਵੱਧ ਤੋਂ ਵੱਧ ਤਾਪਮਾਨ 50.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ 49.1 ਡਿਗਰੀ ਤਾਪਮਾਨ ਨਾਲ ਹਰਿਆਣਾ ਦਾ ਸਿਰਸਾ ਸਭ ਤੋਂ ਗਰਮ ਰਿਹਾ।
ਰਾਤਾਂ ਵੀ ਆਮ ਨਾਲੋਂ ਵਧੇਰੇ ਗਰਮ ਹਨ। ਦੋਵਾਂ ਸੂਬਿਆਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿਚ ਵੀ ਤਾਪਮਾਨ 46.7 ਡਿਗਰੀ ਤੱਕ ਜਾ ਪੁੱਜਾ ਹੈ ਅਤੇ ਗਰਮੀ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਤੋਂ ਪਹਿਲਾਂ 1988 ਵਿਚ ਮਈ ਮਹੀਨੇ ਚੰਡੀਗੜ੍ਹ ਦਾ ਤਾਪਮਾਨ 46.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਸੀ। ਮੌਸਮ ਵਿਗਿਆਨੀਆਂ ਵੱਲੋਂ ਸਖ਼ਤ ਗਰਮੀ ਪੈਣ ਦੀਆਂ ਪੇਸ਼ੀਨਗੋਈਆਂ ਸਹੀ ਸਿੱਧ ਹੋਈਆਂ ਹਨ ਪਰ ਚਿੰਤਾ ਦੀ ਗੱਲ ਇਹ ਹੈ ਕਿ ਤਾਪਮਾਨ ਦਾ ਇਹ ਵਾਧਾ ਅਚਾਨਕ ਨਹੀਂ ਹੋਇਆ ਅਤੇ ਨਾ ਹੀ ਇਹ ਅਣਕਿਆਸਿਆ ਹੈ। ਆਉਣ ਵਾਲੇ ਸਾਲਾਂ ਵਿਚ ਹਾਲਤ ਹੋਰ ਗੰਭੀਰ ਹੋਣ ਦਾ ਖ਼ਦਸ਼ਾ ਹੈ।
ਗਰਮੀ ਦੇ ਇਸ ਕਹਿਰ ਕਾਰਨ ਸਕੂਲ ਪਹਿਲਾਂ ਹੀ ਬੰਦ ਕੀਤੇ ਜਾ ਚੁੱਕੇ ਹਨ ਅਤੇ ਦਿਨ ਵੇਲੇ ਆਪਣੇ ਕੰਮਕਾਰ ਲਈ ਨਿਕਲਣ ਵਾਲਿਆਂ ਨੂੰ ਲੂ ਤੋਂ ਬਚਣ ਦੀਆਂ ਚਿਤਾਵਨੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ। ਤਾਪਮਾਨ ਦੇ ਵਾਧੇ ਨਾਲ ਬਿਜਲੀ ਅਤੇ ਪਾਣੀ ਦੀ ਮੰਗ ਵੀ ਵਧ ਰਹੀ ਹੈ। ਕਈ ਖੇਤਰਾਂ ਨੂੰ ਪਾਣੀ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਈ ਥਾਈਂ ਬਿਜਲੀ ਦੇ ਲੱਗਦੇ ਲੰਮੇ ਕੱਟ ਲੋਕਾਂ ਲਈ ਹੋਰ ਮੁਸ਼ਕਲਾਂ ਖੜ੍ਹੀਆਂ ਕਰ ਰਹੇ ਹਨ। ਪੇਂਡੂ ਖੇਤਰਾਂ ਦੇ ਮੁਕਾਬਲੇ ਸ਼ਹਿਰਾਂ ਵਿਚ ਇਸ ਦਾ ਕਹਿਰ ਵਧੇਰੇ ਹੈ। ਆਲਮੀ ਪੱਧਰ ‘ਤੇ ਵੀ ਤਾਪਮਾਨ ਵਿਚ ਵਾਧਾ ਹੋ ਰਿਹਾ ਹੈ ਅਤੇ ਗਲੇਸ਼ੀਅਰ ਪਿਘਲ ਰਹੇ ਹਨ। ਵਧਦੇ ਤਾਪਮਾਨ ਦੇ ਪੱਕੇ ਹੱਲ ਲਈ ਕਈ ਮੰਚਾਂ ਉੱਤੇ ਵਿਚਾਰ ਚਰਚਾ ਚੱਲ ਰਹੀ ਹੈ ਪਰ ਇਸ ਪਾਸੇ ਅਜੇ ਤਸੱਲੀ ਬਖ਼ਸ਼ ਕਾਮਯਾਬੀ ਨਹੀਂ ਮਿਲ ਸਕੀ ਹੈ। ਮੌਸਮ ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਸਥਿਤੀ ਆਉਣ ਵਾਲੇ ਸਮਿਆਂ ਵਿਚ ਹੋਰ ਖ਼ਰਾਬ ਹੋਵੇਗੀ ਤੇ ਪਾਰਾ ਹੋਰ ਉੱਤੇ ਚੜ੍ਹੇਗਾ।