ਸਰਹਿੰਦ ਨੇੜੇ ਦੋ ਮਾਲ ਗੱਡੀਆਂ ਆਪਸ ਵਿਚ ਟਕਰਾਈਆਂ

ਸ੍ਰੀ ਫ਼ਤਹਿਗੜ੍ਹ ਸਾਹਿਬ: ਸਰਹਿੰਦ ਨੇੜੇ ਵਾਪਰੇ ਰੇਲ ਹਾਦਸੇ ‘ਚ ਦੋ ਰੇਲਗੱਡੀਆਂ ਦੇ ਡਰਾਈਵਰ ਜ਼ਖ਼ਮੀ ਹੋ ਗਏ, ਪਰ ਇਸ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਸ ਹਾਦਸੇ ‘ਚ ਤਿੰਨ ਰੇਲਗੱਡੀਆਂ ਨੁਕਸਾਨੀਆਂ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਤੜਕੇ ਸਵਾ ਤਿੰਨ ਵਜੇ ਦੇ ਕਰੀਬ ਸਰਹਿੰਦ ਨੇੜਲੇ ਪਿੰਡ ਮਾਧੋਪੁਰ ਕੋਲ ਡੀ.ਐਫ.ਸੀ.ਸੀ. (ਡੈਡੀਕੇਟਿਡ ਫਰਾਈਟ ਕਾਰਪੋਰੇਸ਼ਨ ਆਫ ਇੰਡੀਆ) ਦੇ ਰੇਲ ਟਰੈਕ ‘ਤੇ ਅੰਬਾਲਾ ਵੱਲੋਂ ਆਈ ਇਕ ਕੋਲੇ ਦੀ ਭਰੀ ਮਾਲ ਗੱਡੀ ਰੁਕੀ ਹੋਈ ਸੀ।

ਉਸੇ ਟਰੈਕ ‘ਤੇ ਅੰਬਾਲਾ ਵੱਲੋਂ ਆਈ ਇਕ ਹੋਰ ਕੋਲੇ ਨਾਲ ਭਰੀ ਮਾਲ ਗੱਡੀ ਪਹਿਲਾਂ ਖੜ੍ਹੀ ਮਾਲ ਗੱਡੀ ਨਾਲ ਪਿੱਛੋਂ ਟਕਰਾ ਗਈ ਅਤੇ ਇਸ ਦਾ ਇੰਜਣ ਤੇ ਬੋਗੀਆਂ ਪਹਿਲਾਂ ਖੜ੍ਹੀ ਗੱਡੀ ਦੇ ਉੱਪਰ ਚੜ੍ਹ ਗਏ ਅਤੇ ਮਾਲ ਗੱਡੀ ਦਾ ਕੁਝ ਹਿੱਸਾ ਅੰਬਾਲਾ-ਲੁਧਿਆਣਾ ਮੇਨ ਲਾਈਨ ‘ਤੇ ਹਾਵੜਾ ਤੋਂ ਜੰਮੂ ਜਾ ਰਹੀ ਰੇਲ ਗੱਡੀ ਨੰਬਰ 04681 ਅੱਗੇ ਫਸ ਗਿਆ।
ਇਸ ਹਾਦਸੇ ਵਿਚ ਲੋਕੋ ਪਾਇਲਟ ਵਿਕਾਸ ਕੁਮਾਰ (37) ਅਤੇ ਹਿਮਾਂਸ਼ੂ ਕੁਮਾਰ (31) ਵਾਸੀਆਨ ਸਹਾਰਨਪੁਰ (ਯੂਪੀ) ਮਾਲ ਗੱਡੀ ਇੰਜਣ ਦੇ ਵਿਚ ਹੀ ਫਸ ਗਏ ਜਿਨ੍ਹਾਂ ਨੂੰ ਹਾਵੜਾ-ਜੰਮੂਤਵੀ ਐਕਸਪ੍ਰੈੱਸ ਦੇ ਸਟਾਫ ਨੇ ਇੰਜਣ ਦੇ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ ਤੇ ਇਲਾਜ ਲਈ ਫ਼ਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਪਹੁੰਚਾਇਆ।
ਸਰਕਾਰੀ ਹਸਪਤਾਲ ਦੀ ਡਾ. ਈਵਨਪ੍ਰੀਤ ਕੌਰ ਨੇ ਦੱਸਿਆ ਕਿ ਵਿਕਾਸ ਕੁਮਾਰ ਦੇ ਸਿਰ ਤੇ ਹਿਮਾਂਸ਼ੂ ਕੁਮਾਰ ਦੀ ਪਿੱਠ ‘ਤੇ ਸੱਟ ਵੱਜੀ ਹੈ ਅਤੇ ਉਨ੍ਹਾਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਭੇਜ ਦਿੱਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਹਾਵੜਾ-ਜੰਮੂਤਵੀ ਰੇਲਗੱਡੀ ਦੇ ਡਰਾਈਵਰ ਨੇ ਗੱਡੀ ਦੀ ਸਪੀਡ ਕਾਫ਼ੀ ਘੱਟ ਕਰ ਦਿੱਤੀ ਸੀ ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਜੀ.ਆਰ.ਪੀ. ਥਾਣਾ ਸਰਹਿੰਦ ਦੇ ਮੁਖੀ ਰਤਨ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਸਵੇਰੇ 3:45 ਮਿਲੀ। ਉਹ ਘਟਨਾ ਸਥਾਨ ‘ਤੇ ਪਹੁੰਚੇ ਤਾਂ ਉੱਥੇ ਦੋ ਮਾਲ ਗੱਡੀਆਂ ਅਤੇ ਇਕ ਪੈਸੰਜਰ ਗੱਡੀ ਮੌਜੂਦ ਸੀ।
ਰੇਲਵੇ ਦੇ ਬੁਲਾਰੇ ਅਨੁਸਾਰ ਇਸ ਹਾਦਸੇ ਕਾਰਨ ਹਾਵੜਾ-ਜੰਮੂ ਤਵੀ ਐਕਸਪ੍ਰੈੱਸ ਦਾ ਇਕ ਐਸ.ਐਲ.ਆਰ. ਤੇ ਇਕ ਜਨਰਲ ਕੋਚ ਨੁਕਸਾਨੇ ਗਏ। ਇਸ ਹਾਦਸੇ ਮਗਰੋਂ ਰੇਲਗੱਡੀਆਂ ਨੂੰ ਰਾਜਪੁਰਾ-ਧੂਰੀ-ਲੁਧਿਆਣਾ ਤੇ ਚੰਡੀਗੜ੍ਹ-ਲੁਧਿਆਣਾ ਰੇਲ ਮਾਰਗ ਰਾਹੀਂ ਭੇਜਿਆ ਗਿਆ।