ਲੋਕ ਸਭਾ ਚੋਣਾਂ: 10 ਗਰੰਟੀਆਂ ਨਾਲ ਅਰਵਿੰਦ ਕੇਜਰੀਵਾਲ ਨੇ ਪਿੜ ਮੱਲਿਆ

ਨਵੀਂ ਦਿੱਲੀ: ਤਿਹਾੜ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ` ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ‘ਆਪ` ਦੀ ਲੋਕ ਸਭਾ ਚੋਣ ਮੁਹਿੰਮ ਨੂੰ ਨਵਾਂ ਜੋਸ਼ ਦਿੰਦਿਆਂ ਵਿਰੋਧੀ ਧਿਰ ਦੇ ‘ਇੰਡੀਆ` ਗੱਠਜੋੜ ਦੇ ਸੱਤਾ ਵਿਚ ਆਉਣ `ਤੇ ਦੇਸ਼ ਭਰ ਦੇ ਲੋਕਾਂ ਲਈ 10 ਗਰੰਟੀਆਂ ਦਾ ਐਲਾਨ ਕੀਤਾ ਜਿਨ੍ਹਾਂ ਵਿਚ 24 ਘੰਟੇ ਬਿਜਲੀ ਸਪਲਾਈ ਤੇ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇਣਾ ਸ਼ਾਮਲ ਹੈ।

ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਐਲਾਨ ਕੀਤਾ ਕਿ ‘ਕੇਜਰੀਵਾਲ ਦੀਆਂ 10 ਗਰੰਟੀਆਂ` ਜੰਗੀ ਪੱਧਰ `ਤੇ ਦਿੱਤੀਆਂ ਜਾਣਗੀਆਂ, ਜਿਨ੍ਹਾਂ ਵਿਚ ‘ਇੰਡੀਆ` ਗੱਠਜੋੜ ਦੀ ਸਰਕਾਰ ਬਣਨ `ਤੇ ਚੀਨ ਦੇ ਕਬਜ਼ੇ ਹੇਠੋਂ ਭਾਰਤੀ ਜ਼ਮੀਨ ਛੁਡਵਾਉਣਾ ਵੀ ਸ਼ਾਮਲ ਹੈ। ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਭਾਜਪਾ ਹਮੇਸ਼ਾ ਆਪਣੇ ਵਾਅਦੇ ਪੂਰੇ ਕਰਨ ਵਿਚ ਨਾਕਾਮ ਰਹੀ ਹੈ ਜਦਕਿ ਉਨ੍ਹਾਂ ਦੀਆਂ ਗਰੰਟੀਆਂ ਦਾ ਇਕ ਸਾਬਤ ਰਿਕਾਰਡ ਹੈ।
‘ਆਪ` ਸੁਪਰੀਮੋ ਨੇ ਕਿਹਾ ਕਿ ਹੁਣ ਲੋਕਾਂ ਨੇ ‘ਕੇਜਰੀਵਾਲ ਦੀ ਗਾਰੰਟੀ` ਜਾਂ ‘ਮੋਦੀ ਦੀ ਗਾਰੰਟੀ` ਵਿਚੋਂ ਚੋਣ ਕਰਨੀ ਹੈ। ਉਨ੍ਹਾਂ ਕਿਹਾ, ‘ਮੈਂ ਪ੍ਰਧਾਨ ਮੰਤਰੀ ਨਹੀਂ ਬਣਨਾ ਚਾਹੁੰਦਾ ਪਰ ਇਹ ਮੇਰੀ ਗਾਰੰਟੀ ਹੈ ਕਿ ਜਦੋਂ ‘ਇੰਡੀਆ` ਗੱਠਜੋੜ ਦੀ ਸਰਕਾਰ ਬਣੇਗੀ ਤਾਂ ਮੈਂ ਇਹ ਯਕੀਨੀ ਬਣਾਵਾਂਗਾ ਕਿ ਇਹ ਵਾਅਦੇ ਪੂਰੇ ਹੋਣ।` ਸ੍ਰੀ ਕੇਜਰੀਵਾਲ ਨੇ ਕਿਹਾ, ‘’ਅੱਜ ਅਸੀਂ ਲੋਕ ਸਭਾ ਚੋਣਾਂ ਲਈ ਕੇਜਰੀਵਾਲ ਦੀਆਂ 10 ਗਰੰਟੀਆਂ ਦਾ ਐਲਾਨ ਕਰਨ ਜਾ ਰਹੇ ਹਾਂ। ਮੇਰੀ ਗ੍ਰਿਫ਼ਤਾਰੀ ਕਾਰਨ ਇਸ ਵਿਚ ਦੇਰੀ ਹੋਈ ਪਰ ਅਜੇ ਚੋਣਾਂ ਦੇ ਕਈ ਪੜਾਅ ਬਾਕੀ ਹਨ। ਮੈਂ ਬਾਕੀ ‘ਇੰਡੀਆ` ਗੱਠਜੋੜ ਨਾਲ ਇਸ ਬਾਰੇ ਚਰਚਾ ਨਹੀਂ ਕੀਤੀ ਹੈ ਪਰ ਇਹ ਇਕ ਗਾਰੰਟੀ ਵਾਂਗ ਹੈ ਕਿ ਕਿਸੇ ਨੂੰ ਕੋਈ ਸਮੱਸਿਆ ਨਹੀਂ ਹੋਵੇਗੀ। ਮੈਂ ਇਹ ਗਾਰੰਟੀ ਲੈਂਦਾ ਹਾਂ ਕਿ ‘ਇੰਡੀਆ` ਗਠਜੋੜ ਦੇ ਸੱਤਾ ਵਿਚ ਆਉਣ ਤੋਂ ਬਾਅਦ, ਮੈਂ ਇਹ ਯਕੀਨੀ ਬਣਾਵਾਂਗਾ ਕਿ ਇਹ ਗਰੰਟੀਆਂ ਲਾਗੂ ਹੋਣ।` ਪਾਰਟੀ ਦੀ ਗਾਰੰਟੀ ਦੀ ਸੂਚੀ ਵਿਚ ਬਿਹਤਰ ਸਕੂਲ, ਬਿਹਤਰ ਸਿਹਤ ਬੁਨਿਆਦੀ ਢਾਂਚਾ, ਕਿਸਾਨਾਂ ਲਈ ਐਮ.ਐਸ.ਪੀ, ਅਗਨੀਵੀਰ ਯੋਜਨਾ ਨੂੰ ਖਤਮ ਕਰਨ ਕੇ ਫੌਜ ਵਿਚ ਪੱਕੀ ਭਰਤੀ ਅਤੇ 2 ਕਰੋੜ ਨੌਕਰੀਆਂ ਦੇਣ ਦੇ ਨਾਲ-ਨਾਲ ਭ੍ਰਿਸ਼ਟਾਚਾਰ ਖਤਮ ਕਰਨਾ ਸ਼ਾਮਲ ਹੈ। ਇਹ ਪੁੱਛੇ ਜਾਣ `ਤੇ ਕਿ ਕੀ ਉਨ੍ਹਾਂ ਇੰਡੀਆ ਬਲਾਕ ਦੇ ਭਾਈਵਾਲਾਂ ਨਾਲ ਇਨ੍ਹਾਂ ਗਰੰਟੀਆਂ `ਤੇ ਚਰਚਾ ਕੀਤੀ ਸੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਸਮਾਂ ਨਹੀਂ ਹੈ ਪਰ ਭਰੋਸਾ ਹੈ ਕਿ ਉਹ ਇਤਰਾਜ਼ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਗਾਰੰਟੀ ਇਕ ਬ੍ਰਾਂਡ ਹੈ ਜੋ ਮੋਦੀ ਦੀ ਗਾਰੰਟੀ ਦੇ ਉਲਟ ਦਿੱਲੀ ਤੇ ਪੰਜਾਬ ਵਿਚ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ 10 ਗਰੰਟੀਆਂ ਭਾਰਤ ਦੇ ਵਿਜ਼ਨ ਵਾਂਗ ਹਨ। ਕੁਝ ਅਜਿਹੀਆਂ ਗੱਲਾਂ ਹਨ ਜੋ ਪਿਛਲੇ 75 ਸਾਲਾਂ ਵਿਚ ਪੂਰੀਆਂ ਹੋਣੀਆਂ ਚਾਹੀਦੀਆਂ ਸਨ। ਇਹ ਚੀਜ਼ਾਂ ਕਿਸੇ ਵੀ ਦੇਸ਼ ਦਾ ਨੀਂਹ ਪੱਥਰ ਰੱਖਣ ਵਰਗੀਆਂ ਹਨ। ਉਨ੍ਹਾਂ ਤੋਂ ਬਿਨਾਂ ਦੇਸ਼ ਅੱਗੇ ਨਹੀਂ ਵਧ ਸਕਦਾ। ਇਹ ਕੰਮ ਅਗਲੇ ਪੰਜ ਸਾਲਾਂ `ਚ ਮੁਕੰਮਲ ਕਰ ਲਏ ਜਾਣਗੇ। ਕੇਜਰੀਵਾਲ ਨੇ ਪੁੱਛਿਆ ਕਿ ਕੀ ਪ੍ਰਧਾਨ ਮੰਤਰੀ ਮੋਦੀ ਆਪਣੇ ਸ਼ਾਸਨ ਦੀ ਪਾਲਣਾ ਕਰਨਗੇ ਤੇ 75 ਸਾਲ ਦੀ ਉਮਰ `ਚ ਸੇਵਾਮੁਕਤ ਹੋਣਗੇ? ਭਾਜਪਾ 75 ਸਾਲ ਦੀ ਸੇਵਾਮੁਕਤੀ ਦੀ ਉਮਰ ਦਾ ਨਿਯਮ ਲਿਆਉਂਦੀ ਹੈ ਅਤੇ ਸਵਾਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ `ਤੇ ਚੁੱਪ ਕਿਉਂ ਹਨ ਪਰ ਉਨ੍ਹਾਂ ਦੀ ਪਾਰਟੀ ਦੇ ਹੋਰ ਮੈਂਬਰ ਬਿਆਨ ਦੇ ਰਹੇ ਹਨ। ‘’ਕੀ ਉਹ ਨਿਯਮ ਜੋ ਉਨ੍ਹਾਂ 2014 ਵਿਚ ਐਲ.ਕੇ. ਅਡਵਾਨੀ ਨੂੰ ਸੇਵਾਮੁਕਤ ਕਰਨ ਲਈ ਬਣਾਇਆ ਸੀ, ਉਨ੍ਹਾਂ `ਤੇ ਲਾਗੂ ਹੁੰਦੇ ਹਨ ਜਾਂ ਨਹੀਂ? ਜ਼ਿਕਰਯੋਗ ਹੈ ਕਿ ਇੰਡੀਆ ਗੱਠਜੋੜ ਆਮ ਆਦਮੀ ਪਾਰਟੀ, ਕਾਂਗਰਸ, ਤ੍ਰਿਣਮੂਲ ਕਾਂਗਰਸ, ਦ੍ਰਾਵਿੜ ਮੁਨੇਤਰ ਕੜਗਮ ਵਰਗੀਆਂ ਪਾਰਟੀਆਂ ਵੱਲੋਂ ਬਣਾਇਆ ਗਿਆ ਗੱਠਜੋੜ ਹੈ।