ਨਕਸਲਬਾੜੀ ਲਹਿਰ ਦਾ ਪੰਜਾਬੀ ਸਾਹਿਤ `ਤੇ ਪ੍ਰਭਾਵ

ਬਾਰੂ ਸਤਵਰਗ
ਸੈਂਕੜੇ ਬੇਜ਼ਮੀਨੇ ਗਰੀਬ ਕਿਸਾਨ ਤੇ ਹੋਰ ਤਬਕਿਆਂ ਦੇ ਕਿਰਤੀ 23 ਮਈ 1967 ਨੂੰ ਆਪਣੇ ਰਵਾਇਤੀ ਹਥਿਆਰ ਲੈ ਕੇ ਨਕਸਲਬਾੜੀ ਪਿੰਡ ਵਿਚ ‘ਜ਼ਮੀਨ ਹਲਵਾਹਕ ਦੀ’ ਦੇ ਨਾਅਰੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਇਕੱਠੇ ਹੋਏ। ਬਾਰੂ ਸਤਵਰਗ ਦਾ ਲਿਖਿਆ ਇਹ ਪਰਚਾ ਆਰ.ਡਬਲਿਊ.ਏ. ਵਲੋਂ ਨਕਸਲਬਾੜੀ ਦੀ 50ਵੀਂ ਵਰ੍ਹੇਗੰਢ ਮੌਕੇ ਹੈਦਰਾਬਾਦ ਵਿਚ ਕਰਵਾਏ ਦੋ-ਰੋਜ਼ਾ ਸੈਮੀਨਾਰ ਵਿਚ ਪੜ੍ਹਿਆ ਗਿਆ ਸੀ।

ਨਕਸਲਬਾੜੀ ਦੀ ਬਗ਼ਾਵਤ ਹੋਣ ਤੋਂ ਪਹਿਲਾਂ (ਭਾਵ 15 ਅਗਸਤ 1947 ਤੋਂ ਲੈ ਕੇ 28 ਜੁਲਾਈ 1969 ਤੱਕ) ਦੇ ਪੰਜਾਬ ਦੇ ਸਾਹਿਤਕ-ਸਭਿਆਚਾਰਕ ਖੇਤਰ ਦੀ ਹਾਲਤ ਬਾਰੇ ਜੇ ਸੰਖੇਪ ਵਿਚ ਗੱਲ ਕੀਤੀ ਜਾਵੇ ਤਾਂ ਇਹ ਬਹੁਤੀ ਵਧੀਆ ਨਹੀਂ ਸੀ।
1947 ਵਿਚ ਧਾਰਮਿਕ ਫਿਰਕਿਆਂ ਦੇ ਆਧਾਰ `ਤੇ ਭਾਰਤ ਦੋ ਹਿੱਸਿਆਂ (ਭਾਰਤ ਤੇ ਪਾਕਿਸਤਾਨ) `ਚ ਵੰਡਿਆ ਗਿਆ। ਭਾਰਤ ਦੀ ਵੰਡ ਸਮੇਂ ਧਾਰਮਿਕ ਫਿਰਕਿਆਂ ਦਰਮਿਆਨ ਖ਼ੂਨੀ ਫਿਰਕੂ ਦੰਗੇ-ਫਸਾਦ ਹੋਏ। ਇਸ ਇਤਿਹਾਸਕ ਦੁਖਾਂਤ ਨੇ ਭਾਰਤ ਦੇ ਲੋਕਾਂ, ਖ਼ਾਸ ਕਰ ਕੇ ਪੰਜਾਬੀ ਅਤੇ ਬੰਗਾਲੀ ਕੌਮੀਅਤਾਂ ਦੀ ਚੇਤਨਾ ਨੂੰ ਭਾਰੀ ਸੱਟ ਮਾਰੀ। ਅਜਿਹੀ ਚੇਤਨਾ ਹੀ ਭਾਰਤੀ ਸਾਹਿਤ ਦੇ ਸਭਿਆਚਾਰ ਦੀ ਵਿਸ਼ਾ-ਵਸਤੂ ਬਣੀ ਰਹੀ। ਉਸ ਸਮੇਂ ਜਮਾਤੀ ਜੱਦੋ-ਜਹਿਦ ਮੰਚ `ਤੇ ਨਾ ਹੋਣ ਕਾਰਨ ਭਾਰਤੀ ਸਾਹਿਤਕ-ਸਭਿਆਚਾਰਕ ਕਾਮਿਆਂ ਦਾ ਦ੍ਰਿਸ਼ਟੀਕੋਣ ਵੀ ਧੁੰਦਲਾ ਗਿਆ ਸੀ ਜਿਸ ਕਰ ਕੇ ਇਸ ਦੌਰਾਨ ਹੋਂਦ ਵਿਚ ਆਉਣ ਵਾਲੀਆਂ ਕਲਾ-ਕਿਰਤਾਂ, ਜਮਾਤੀ ਸਾਂਝ-ਭਿਆਲੀ ਦੇ ਸੰਕਲਪਾਂ ਵਾਲੀਆਂ ਸਨ। ਇਹ 1947 ਦੇ ਦੁਖਾਂਤ ਤੋਂ ਮੁਕਤ ਨਹੀਂ ਹੋ ਸਕੀਆਂ।
ਅਜਿਹੇ ਸਮੇਂ ਭਾਰਤ ਦੇ ਮਸ਼ਹੂਰ ਪ੍ਰਗਤੀਵਾਦੀ ਲੇਖਕ ਮੁਨਸ਼ੀ ਪ੍ਰੇਮ ਚੰਦ ਨੇ ਭਾਰਤ ਪੱਧਰ `ਤੇ ਪ੍ਰਗਤੀਵਾਦੀ ਲੇਖਕ ਸੰਘ ਬਣਾਇਆ। ਪ੍ਰਗਤੀਵਾਦੀ ਲੇਖਕ ਸੰਘ ਨੇ ਵੀ ਕੁਝ ਖ਼ਾਸ ਨਹੀਂ ਕੀਤਾ, ਅੰਤ ਆਪਣੀ ਹੋਂਦ ਗੁਆ ਚੁੱਕਿਆ ਸੀ। ਬਰਤਾਨਵੀ ਸਾਮਰਾਜ ਅਤੇ ਉਸ ਦੀਆਂ ਪਿੱਠੂ ਭਾਰਤੀ ਹਾਕਮ ਜਮਾਤਾਂ ਵਿਰੁੱਧ ਗ਼ਦਰ ਲਹਿਰ, ਬੱਬਰ ਅਕਾਲੀ ਲਹਿਰ, ਸਮਾਜਵਾਦੀ ਰਿਪਬਲਿਕਨ ਐਸੋਸੀਏਸ਼ਨ ਦੀ ਲਹਿਰ, ਕਿਰਤੀ ਲਹਿਰ, ਪੈਪਸੂ ਪੰਜਾਬ ਦੀ ਮਜ਼ਾਰਾ ਲਹਿਰ ਆਦਿ ਵਰਗੀਆਂ ਇਨਕਲਾਬੀ ਲੋਕ ਲਹਿਰਾਂ ਦੀ ਤਰਜਮਾਨੀ ਕਰਨ ਵਾਲਾ ਕ੍ਰਾਂਤੀਕਾਰੀ ਸਾਹਿਤ ਸਿਰਜਿਆ ਗਿਆ। ਭਾਰਤ ਵਿਚ ਇਹਨਾਂ ਲਹਿਰਾਂ ਦਾ ਵੀ ਇਨਕਲਾਬੀ ਸਾਹਿਤ, ਖ਼ਾਸ ਕਰ ਕੇ ਪੰਜਾਬ `ਤੇ ਡੂੰਘਾ ਪ੍ਰਭਾਵ ਪਿਆ।
15 ਅਗਸਤ 1947 ਤੋਂ ਬਾਅਦ ਇਸ ਇਨਕਲਾਬੀ ਸਾਹਿਤ ਦਾ ਵਿਕਾਸ ਹੌਲੀ-ਹੌਲੀ ਧੀਮਾ ਪੈਣਾ ਸ਼ੁਰੂ ਹੋ ਗਿਆ। ਬੀਤੇ ਦੇ ਜਗੀਰੂ ਸਮਾਜ ਦੌਰਾਨ ਹੋਂਦ `ਚ ਆਈਆਂ ਜਗੀਰੂ-ਸਮਾਜਿਕ ਕਦਰਾਂ-ਕੀਮਤਾਂ, ਜਗੀਰੂ ਰਾਜਿਆਂ-ਮਹਾਰਾਜਿਆਂ ਅਤੇ ਬਰਤਾਨਵੀ ਸਾਮਰਾਜ ਵਿਰੁੱਧ ਚੱਲੀਆਂ ਇਨਕਲਾਬੀ ਲੋਕ ਲਹਿਰਾਂ ਆਪਣੇ ਲੜਾਕੂ ਖ਼ਾਸੇ ਦੇ ਉਲਟ ਤਬਦੀਲ ਹੋ ਗਈਆਂ। ਭਾਰਤੀ ਲੋਕ ਲਹਿਰਾਂ ਵਿਰੁੱਧ ਅਤੇ ਸਾਮਰਾਜ ਦੇ ਹੱਕ ਵਿਚ ਭੁਗਤਣ ਵਾਲੇ ਨਕਾਬਪੋਸ਼ ਸਿਆਸੀ ਲੀਡਰਾਂ ਨੂੰ ਨਾਇਕ ਦੇ ਤੌਰ `ਤੇ ਉਭਾਰਿਆ ਗਿਆ। ਭਾਰਤੀ ਹਾਕਮਾਂ ਦੀ ‘ਪਾੜੋ ਤੇ ਰਾਜ ਕਰੋ` ਦੀ ਨੀਤੀ ਤਹਿਤ ਸਮਾਜ ਨੂੰ ਫਿਰਕੂ, ਧਾਰਮਿਕ ਤੇ ਜਾਤ-ਪਾਤ ਦੇ ਆਧਾਰ `ਤੇ ਵੰਡਣ ਵਾਲੇ ਸਾਹਿਤ-ਸਭਿਆਚਾਰ ਨੂੰ ਉਤਸ਼ਾਹਿਤ ਕੀਤਾ ਗਿਆ।
ਇਸ ਤੋਂ ਇਲਾਵਾ ਸਨਅਤੀ ਮਾਲ ਦੀ ਖ਼ਪਤ ਲਈ ਮੇਲਿਆਂ, ਸਮਾਜਿਕ ਰਸਮਾਂ-ਰਿਵਾਜ਼ਾਂ ਅਤੇ ਇਤਿਹਾਸਕ ਦਿਨਾਂ-ਤਿਉਹਾਰਾਂ ਨੂੰ ਖ਼ਪਤਵਾਦੀ ਸਭਿਆਚਾਰ ਦੇ ਤੌਰ `ਤੇ ਪੇਸ਼ ਕੀਤਾ ਗਿਆ। ਇਹ ਪ੍ਰੋਗਰਾਮ ਵੇਲਾ ਵਿਹਾਅ ਚੁੱਕੀਆਂ ਜਗੀਰੂ ਕਦਰਾਂ-ਕੀਮਤਾਂ ਨਾਲ ਲੈਸ ਸੀ। ਧਾਰਮਿਕ ਮੂਲਵਾਦ, ਮਨੂਵਾਦ ਅਤੇ ਮਿਥਿਹਾਸ ਵਾਲੇ ਸਾਹਿਤ-ਸਭਿਆਚਾਰ ਨੂੰ ਨਵੀਂ ਸੱਤਾ ਦਾ ਜਾਮਾ ਪਹਿਨਾ ਕੇ ਮੁੜ ਸੁਰਜੀਤ ਕਰਨ ਦੇ ਨਜ਼ਰੀਏ ਤੋਂ ਉਤਸ਼ਾਹਤ ਕਰਨ ਦਾ ਅਮਲ ਜ਼ੋਰ ਫੜਨ ਲੱਗਿਆ ਸੀ। ਜਮਾਤੀ ਸਾਂਝ-ਭਿਆਲੀ ਵਾਲੀ ਚੇਤਨਾ ਨੂੰ ਹੋਂਦ `ਚ ਲਿਆਉਣ ਵਾਲਾ ਉਕਤ ਵਰਤਾਰਾ ਸਿਰਫ਼ ਸੀ.ਪੀ.ਆਈ. ਦੇ ਸਮੇਂ ਦੌਰਾਨ ਹੀ ਹੋਂਦ `ਚ ਨਹੀਂ ਆਇਆ। ਇਹ ਲੋਕ ਵਿਰੋਧੀ ਵਰਤਾਰਾ ਹਿੰਦ-ਚੀਨ ਦੀ ਜੰਗ ਸਮੇਂ ਭਾਰਤ ਨੂੰ ਉਸ ਜੰਗ ਨੂੰ ਸ਼ੁਰੂਆਤ ਕਰਨ ਵਾਲਾ ਸਮਝਣ ਦੇ ਮਤਭੇਦ ਕਾਰਨ ਸੀ.ਪੀ.ਆਈ.ਵਿਚੋਂ ਬਣੀ ਸੀ.ਪੀ.ਆਈ.(ਐਮ.) ਦੇ ਸਮੇਂ ਦੌਰਾਨ ਵੀ ਪਹਿਲਾਂ ਵਾਂਗ ਜਾਰੀ ਰਿਹਾ। ਸੀ.ਪੀ.ਆਈ.(ਐਮ.) ਨੇ ਵੀ ਆਪਣੀ ਸਾਂਝ-ਭਿਆਲੀ ਵਾਲੀ ਨੀਤੀ ਜਾਰੀ ਰੱਖੀ। ਸੀ.ਪੀ.ਆਈ.(ਐਮ.) ਦਾ ਸੀ.ਪੀ.ਆਈ. ਦੀ ਵਿਚਾਰਧਾਰਕ-ਰਾਜਨੀਤਕ ਲਾਇਨ ਤੋਂ ਕੋਈ ਬੁਨਿਆਦੀ ਵਖਰੇਵਾਂ ਨਹੀਂ ਸੀ।
ਸੀ.ਪੀ.ਆਈ.(ਐਮ.) ਦੇ ਸੀਨੀਅਰ ਨੇਤਾ ਨੰਬੂਦਰੀਪਾਦ ਦੀ ਅਗਵਾਈ `ਚ ਕੇਰਲ ਵਿਚ ਬਣੀ ਸਰਕਾਰ ਦੇ ਹੁਕਮਾਂ `ਤੇ ਪੁਲਿਸ ਨੇ ਸੂਬੇ ਦੇ ਕੋਇਲਾ ਸ਼ਹਿਰ ਵਿਚ ਆਪਣੇ ਜਮਾਤੀ ਹੱਕਾਂ ਲਈ ਸੰਘਰਸ਼ ਕਰ ਰਹੇ ਕਿਰਤੀ-ਕਾਮਿਆਂ `ਤੇ ਗੋਲੀ ਚਲਾ ਦਿੱਤੀ। ਇਸ ਵਿਚ 3 ਮਜ਼ਦੂਰ ਸ਼ਹੀਦ ਹੋ ਗਏ। ਇਸ ਘਟਨਾ ਤੋਂ ਬਾਅਦ ਸੀ.ਪੀ.ਆਈ.(ਐਮ.) ਅੰਦਰ ਕੰਮ ਕਰ ਰਹੇ ਕਾਮਰੇਡ ਚਾਰੂ ਮਜੂਮਦਾਰ ਵਰਗੇ ਖ਼ਰੇ ਮਾਰਕਸਵਾਦੀਆਂ-ਲੈਨਿਨਵਾਦੀਆਂ ਨੂੰ ਇਹ ਮਜ਼ਦੂਰ ਜਮਾਤ ਵਿਰੋਧੀ ਪਾਰਟੀ ਨਜ਼ਰ ਆਉਣ ਲੱਗੀ। ਉਹਨਾਂ ਨੂੰ ਖ਼ਰੁਸ਼ਚੋਵ ਵਲੋਂ ਰੂਸ ਵਿਚ ਅਮਨ ਸਹਿਹੋਂਦ ਦੀ ਨੀਤੀ ਲਿਆਉਣ ਦੌਰਾਨ ਮਾਓ-ਜ਼ੇ-ਤੁੰਗ ਦੀ ਅਗਵਾਈ ਵਿਚ ਚੀਨ ਵਿਚ ਜਾਰੀ ਪ੍ਰੋਲੇਤਾਰੀ ਸਭਿਆਚਾਰਕ ਇਨਕਲਾਬ ਠੀਕ ਜਾਪਿਆ। ਚਾਰੂ ਨੇ ਮਾਓ ਦੀਆਂ ਲਿਖਤਾਂ ਦਾ ਅਧਿਐਨ ਸ਼ੁਰੂ ਕਰ ਦਿੱਤਾ। ਇਸ ਆਧਾਰ `ਤੇ ਉਹਨਾਂ ਅੱਠ ਦਸਤਾਵੇਜ਼ ਲਿਖੇ। ਇਸ ਤਹਿਤ ਬੰਗਾਲ ਨੂੰ ਦਾਰਜੀਲਿੰਗ ਜ਼ਿਲ੍ਹੇ ਦੇ ਨਕਸਲਬਾੜੀ ਪਿੰਡ ਅੰਦਰ ਬੇਜ਼ਮੀਨੇ ਕਿਰਤੀਆਂ ਤੇ ਮਜ਼ਦੂਰਾਂ ਨੂੰ ‘ਜ਼ਮੀਨ ਹਲਵਾਹਕ ਦੀ` ਨਾਅਰੇ ਹੇਠ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ।
ਸੈਂਕੜੇ ਬੇਜ਼ਮੀਨੇ ਗ਼ਰੀਬ ਕਿਸਾਨ ਤੇ ਹੋਰ ਤਬਕਿਆਂ ਦੇ ਕਿਰਤੀ 23 ਮਈ 1967 ਨੂੰ ਆਪਣੇ ਰਵਾਇਤੀ ਹਥਿਆਰ ਲੈ ਕੇ ਨਕਸਲਬਾੜੀ ਪਿੰਡ `ਚ ‘ਜ਼ਮੀਨ ਹਲਵਾਹਕ ਦੀ` ਦੇ ਨਾਹਰੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਇਕੱਠੇ ਹੋਏ। ਸੀ.ਪੀ.ਆਈ. ਅਤੇ ਸੀ.ਪੀ.ਆਈ.(ਐਮ) ਦੀ ਅਗਵਾਈ ਵਾਲੀ ਸਾਂਝੇ ਮੋਰਚੇ ਦੀ ਸਰਕਾਰ ਦੇ ਗ੍ਰਹਿ ਮੰਤਰੀ ਅਤੇ ਭਵਿੱਖੀ ਸਰਕਾਰ ਦੇ ਮੁੱਖ ਮੰਤਰੀ ਤੇ ਸੀ.ਪੀ.ਆਈ.(ਐਮ.) ਦੇ ਸੀਨੀਅਰ ਆਗੂ ਜੋਤੀ ਬਾਸੂ ਦੇ ਹੁਕਮਾਂ `ਤੇ ਪਹੁੰਚੀ ਪੁਲਿਸ ਨੇ ‘ਜ਼ਮੀਨ ਹਲਵਾਹਕ ਦੀ` ਦੇ ਨਾਅਰੇ ਨੂੰ ਬੁਲੰਦ ਕਰ ਰਹੇ ਕਿਰਤੀ-ਮਜ਼ਦੂਰਾਂ `ਤੇ ਅੰਨ੍ਹੇਵਾਹ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇਕ ਬੱਚੇ, ਤਿੰਨ ਔਰਤਾਂ ਸਮੇਤ ਗਿਆਰਾਂ ਕਿਰਤੀਆਂ ਨੂੰ ਸ਼ਹੀਦ ਕਰ ਦਿੱਤਾ ਗਿਆ। ਨਕਸਲਬਾੜੀ ਦੀ ਧਰਤੀ `ਤੇ ਵਾਪਰੀ ਇਹ ਇਤਿਹਾਸਕ ਘਟਨਾ, ਨਕਸਲਬਾੜੀ ਦੀ ਬਗ਼ਾਵਤ ਅਤੇ ਬਸੰਤ ਦੀ ਕੜਕ ਵਰਗੇ ਨਾਂ ਨਾਲ ਬੰਗਾਲ ਦੀਆਂ ਹੱਦਾਂ ਪਾਰ ਕਰ ਕੇ ਪੂਰੇ ਭਾਰਤ ਵਿਚ ਫੈਲ ਗਈ।
ਇਸ ਬਗ਼ਾਵਤ ਨੂੰ ਜੀ ਆਇਆਂ ਕਹਿਣ ਵਾਲੇ ਵੱਖ-ਵੱਖ ਸੂਬਿਆਂ ਅੰਦਰਲੀ ਸੀ.ਪੀ.ਆਈ.ਅਤੇ ਸੀ.ਪੀ. ਆਈ.ਐਮ. ਅੰਦਰਲੇ ਕਮਿਊਨਿਸਟ ਇਨਕਲਾਬੀਆਂ ਨੇ ਅਖੌਤੀ ਦੋਵਾਂ ਖੱਬੀਆਂ ਪਾਰਟੀਆਂ ਦੀ ਜਮਾਤੀ ਸਾਂਝ-ਭਿਆਲੀ ਵਾਲੀ ਵਿਚਾਰਧਾਰਾ ਤੇ ਰਾਜਨੀਤੀ ਨੂੰ ਅਲਵਿਦਾ ਆਖ ਕੇ ਆਪੋ-ਆਪਣੀਆਂ ਸੂਬਾ ਤਾਲਮੇਲ ਕਮੇਟੀਆਂ ਬਣਾਈਆਂ। ਇਹਨਾਂ ਤਾਲਮੇਲ ਕਮੇਟੀਆਂ ਦੀ ਬਹੁਗਿਣਤੀ ਨੇ 22 ਅਪਰੈਲ 1969 ਨੂੰ ਰੂਸ ਨੂੰ ਸਮਾਜਿਕ ਸਾਮਰਾਜੀ ਅਤੇ ਸੀ.ਪੀ.ਆਈ.(ਐਮ.) ਨੂੰ ਸੋਧਵਾਦੀ ਕਰਾਰ ਦਿੱਤਾ ਅਤੇ ਪਾਰਲੀਮਾਨੀ ਰਾਹ ਦੀ ਥਾਂ ਲਮਕਵੇਂ ਲੋਕ ਯੁੱਧ ਦਾ ਸੱਦਾ ਦਿੰਦਿਆਂ ਅਤੇ ਭਾਰਤੀ ਹਾਕਮ ਜਮਾਤਾਂ ਤੇ ਵੱਡੀ ਸਰਮਾਏਦਾਰੀ-ਜਗੀਰਦਾਰੀ ਨੂੰ ਸਾਮਰਾਜ ਦੀਆਂ ਦਲਾਲ ਗਰਦਾਨਦਿਆਂ ਸੀ.ਪੀ.ਆਈ.(ਐਮ.ਐਲ.)ਬਣਾਈ। ਇਸ ਦੌਰਾਨ 21 ਮੈਂਬਰੀ ਕਮੇਟੀ ਚੁਣੀ ਗਈ ਜਿਸ ਦਾ ਜਨਰਲ ਸਕੱਤਰ ਚਾਰੂ ਮਜੂਮਦਾਰ ਨੂੰ ਬਣਾਇਆ ਗਿਆ।
ਨਕਸਲਬਾੜੀ ਦੀ ਬਗ਼ਾਵਤ ਅਤੇ ਸੀ.ਪੀ.ਆਈ.(ਐਮ.ਐਲ.) ਦੀ ਅਗਵਾਈ ਹੇਠ ਤੇਜ਼ ਹੋਈ ਜਮਾਤੀ ਜੱਦੋ-ਜਹਿਦ ਦੇ ਲਾਲ ਸੂਰਜ ਦੀਆਂ ਸੁਰਖ਼ ਕਿਰਨਾਂ ਦੇ ਚਾਨਣ ਕੋਲੋਂ ਭਾਰਤ ਦੇ ਹੋਰ ਸੂਬਿਆਂ ਦੇ ਨਾਲ-ਨਾਲ ਪੰਜਾਬ ਦੇ ਕਮਿਊਨਿਸਟ ਇਨਕਲਾਬੀ ਘੇਰੇ ਵੀ ਦੂਰ ਨਹੀਂ ਰਹੇ। ਬਾਬਾ ਬੂਝਾ ਸਿੰਘ, ਕਾਮਰੇਡ ਦਇਆ ਸਿੰਘ, ਕਾਮਰੇਡ ਜਗਜੀਤ ਸਿੰਘ ਸੋਹਲ ਵਰਗੇ ਸੈਂਕੜੇ ਕਮਿਊਨਿਸਟ ਇਨਕਲਾਬੀਆਂ ਵਲੋਂ ਪੰਜਾਬ ਦੇ ਸਿਆਸੀ ਖੇਤਰ `ਚ ਜਮਾਤੀ ਜੱਦੋ-ਜਹਿਦ ਤੇਜ਼ ਕੀਤੀ ਗਈ ਸੀ। ਜਿਸ ਦੇ ਸਿੱਟੇ ਵਜੋਂ ‘ਲੋਕ ਯੁੱਧ’ (ਗੁਪਤ ਪਰਚਾ) ਪੰਜਾਬੀ ਵਿਚ ਛਪਣਾ ਸ਼ੁਰੂ ਹੋਇਆ। ਇਸ ਪਰਚੇ ਨੂੰ ਛਾਪਣ ਅਤੇ ਵੰਡਣ ਦੀ ਜ਼ਿੰਮੇਵਾਰੀ ਕਾਮਰੇਡ ਗੰਧਰਵ ਸੇਨ ਅਤੇ ਉਹਨਾਂ ਦੀ ਧੀ ਸੁਰਿੰਦਰ ਕੋਛੜ ਨੂੰ ਸੌਂਪੀ ਗਈ ਸੀ। ਉਹਨਾਂ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਈ। ਉਹਨਾਂ ਦੀ ਭੂਮਿਕਾ ਪ੍ਰੇਰਨਾਦਾਇਕ ਸੀ। ਇਸ ਤੋਂ ਇਲਾਵਾ ਹੋਰ ਗੁਪਤ ਪਰਚੇ ਵੀ ਕੱਢੇ ਗਏ ਜਿਹਨਾਂ ਵਿਚ ‘ਗੁਰਮਤਿ ਪ੍ਰਕਾਸ਼` ਵੀ ਸ਼ਾਮਲ ਸੀ।
ਉਪਰੋਕਤ ਤੋਂ ਇਲਾਵਾ ਦੇਸ਼ਭਗਤ ਯਾਦਾਂ, ਕਿਰਤੀ ਯੁੱਗ, ਕਿਰਤੀ ਕਿੱਸਾ, ਸ਼ਹੀਦ, ਵੰਗਾਰ, ਮਾਂ, ਜਾਗੋ, ਨਾਗ-ਨਿਵਾਸ, ਨਵੇਂ ਰਾਹ, ਹੇਮ ਜਯੋਤੀ, ਰੋਹਲੇ ਬਾਣ, ਜੈਕਾਰਾ, ਜ਼ਫ਼ਰਨਾਮਾ, ਸੁਰਖ਼ ਰੇਖਾ, ਸਮਕਾਲੀ ਦਿਸ਼ਾ, ਸਰਦਲ ਅਤੇ ਅਜਿਹੇ ਕਿੰਨੇ ਹੀ ਹੋਰ ਜਨਤਕ ਸਿਆਸੀ ਅਤੇ ਗੁਪਤ ਪਰਚੇ ਨਿਕਲਣੇ ਸ਼ੁਰੂ ਹੋਏ। ਇਨ੍ਹਾਂ ਗੁਪਤ ਤੇ ਖੁੱਲ੍ਹੇ ਦੋਵਾਂ ਤਰ੍ਹਾਂ ਦੇ ਪਰਚਿਆਂ ਨੇ ਪੰਜਾਬ ਦੀ ਕਵਿਤਾ, ਨਾਵਲ, ਕਹਾਣੀਆਂ ਅਤੇ ਨਾਟਕ ਦੀ ਫ਼ਿਜ਼ਾ ਅੰਦਰ ਨਵੀਂ ਇਨਕਲਾਬੀ ਵਿਚਾਰਧਾਰਕ-ਰਾਜਨੀਤੀ ਦਾ ਸੰਚਾਰ ਕੀਤਾ। ਇਹ ਸਭ ਸਾਹਿਤਕ ਸਭਿਆਚਾਰਕ ਖੇਤਰ ਵਿਚ ਨਕਸਲੀ ਲਹਿਰ ਦੀ ਵਿਚਾਰਧਾਰਕ ਸਿਆਸਤ ਸਦਕਾ ਹੀ ਸੀ। ਸਾਹਿਤ ਵਿਚ ਇਸ ਉਭਾਰ ਨੂੰ ਜਥੇਬੰਦ ਕਰਨ ਦੇ ਨਕਸਲਬਾੜੀ ਦੇ ਬੁਨਿਆਦੀ ਪਹਿਲੂਆਂ ਮੁਤਾਬਿਕ ਕੁਝ ਚੇਤਨ ਯਤਨ ਸਨ।
ਕਵਿਤਾ ਦੇ ਖੇਤਰ ਵਿਚ ਨਕਸਲਬਾੜੀ ਦਾ ਪ੍ਰਭਾਵ
ਕਵਿਤਾ ਦੇ ਖੇਤਰ ਵਿਚ ਬਹੁਤੇ ਸਾਰੇ ਪ੍ਰਸਿੱਧ ਕਵੀ ਸਨ ਜਿਨ੍ਹਾਂ ਨੇ ਨਕਸਲਬਾੜੀ ਦੀ ਸਿਆਸੀ ਵਿਚਾਰਧਾਰਾ ਨੂੰ ਉਚਿਆਇਆ। ਸੰਤ ਰਾਮ ਉਦਾਸੀ, ਅਵਤਾਰ ਪਾਸ਼, ਅਮਰਜੀਤ ਚੰਦਨ, ਦਰਸ਼ਨ ਖਟਕੜ, ਜਗਰੂਪ ਝੁਨੀਰ, ਜੈਮਲ ਪੱਡਾ, ਮਹਿੰਦਰਪਾਲ ਭੱਠਲ, ਓਮ ਪ੍ਰਕਾਸ਼ ਸ਼ਰਮਾ, ਬੋਘੜ ਸਿੰਘ ਖੋਖਰ, ਸੁਰਜੀਤ ਅਰਮਾਨੀ, ਮੇਜਰ ਗਿੱਲ, ਇਕਬਾਲ ਖ਼ਾਨ, ਦਰਸ਼ਨ ਦੁਸਾਂਝ, ਜਸਵੰਤ ਖਟਕੜ ਅਤੇ ਬਹੁਤ ਸਾਰੇ ਹੋਰ ਕਵੀ ਸੱਤਾ ਨੂੰ ਲਲਕਾਰਦਿਆਂ ਸਾਹਿਤਿਕ ਖੇਤਰ ਵਿਚ ਕੁੱਦੇ। ਕਵੀਆਂ ਨੇ ਦੇਸ਼ ਦੇ ਅਖੌਤੀ ਲੋਕਤੰਤਰ, ਜਮਹੂਰੀਅਤ ਅਤੇ ਫਰਜ਼ੀ ਦੇਸ਼ਭਗਤੀ ਨੂੰ ਬੇਪਰਦ ਕੀਤਾ ਅਤੇ ਇਹਨਾਂ ਵਿਰੁੱਧ ਲੜੇ। ਅਜਿਹੀਆਂ ਕੁਝ ਧਾਰਨਾਵਾਂ ਬਣੀਆਂ ਹੋਈਆਂ ਸਨ ਜਿਹਨਾਂ ਨੂੰ ਤੋੜਨਾ ਜ਼ਰੂਰੀ ਸੀ ਤਾਂ ਕਿ ਨਵ-ਜਮਹੂਰੀ ਇਨਕਲਾਬ ਦੀ ਲੜਾਈ ਨੂੰ ਅੱਗੇ ਵਧਾਇਆ ਜਾ ਸਕੇ। ਕਵੀਆਂ ਦੀ ਇਹ ਸਮਝ ਨਕਸਲੀ ਲਹਿਰ ਦੀ ਹੀ ਦੇਣ ਸੀ। ਉਹਨਾਂ ਨੇ ਨਕਸਲਬਾੜੀ ਦੇ ਸ਼ਹੀਦਾਂ ਦੀਆਂ ਸ਼ਹਾਦਤਾਂ ਬਾਰੇ ਵਾਰਾਂ ਗਾਉਣ ਲਈ ਦਲੇਰਾਨਾ ਸ਼ੁਰੂਆਤ ਕੀਤੀ। ਸੰਤ ਰਾਮ ਉਦਾਸੀ ਨੇ ਆਪਣੀ ਸੁਰੀਲੀ ਆਵਾਜ਼ ਅਤੇ ਆਪਣੀ ਹੀ ਧੁਨ ਰਾਹੀਂ ਨਕਸਲੀ ਵਿਚਾਰਧਾਰਾ ਨੂੰ ਖੁੱਲ੍ਹੇ ਰੂਪ ਵਿਚ ਉਭਾਰਿਆ:
ਦੇਸ਼ ਹੈ ਪਿਆਰਾ ਸਾਨੂੰ,
ਜ਼ਿੰਦਗੀ ਪਿਆਰੀ ਨਾਲੋਂ
ਦੇਸ਼ ਤੋਂ ਪਿਆਰੇ ਇਹਦੇ ਲੋਕ ਹਾਣੀਆਂ,
ਅਸੀਂ ਤੋੜ ਦੇਣੀ, ਲਹੂ ਪੀਣੀ ਜੋਕ ਹਾਣੀਆਂ

ਸਾਮਰਾਜ ਦੀ ਮੰਡੀ ਜੇ ਹਿੰਦ ਹੋਇਆ
ਹੁਣ ਇਹ ਲੋਥਾਂ ਦੀ ਮੰਡੀ ਨਹੀਂ ਹੋਣ ਦੇਣੀ,
ਤੇਜ਼ ਰੱਖਾਂਗੇ ਦੌਰ ਕੁਰਬਾਨੀਆਂ ਦਾ
ਲਹਿਰ ਹੱਕਾਂ ਦੀ ਰੰਡੀ ਨਹੀਂ ਹੋਣ ਦੇਣੀ।

ਪਾਸ਼ ਨੇ ਝੁੱਗੀਆਂ-ਝੌਂਪੜੀਆਂ ਅਤੇ ਲਤਾੜੇ ਜਾ ਰਹੇ ਲੋਕਾਂ ਨੂੰ ਮਹਾਨ ਦੱਸਦਿਆਂ ਉਹਨਾਂ ਨੂੰ ਨਕਸਲਬਾੜੀ ਦੀ ਤਰਜ਼ `ਤੇ ਇਸ ਹਕੂਮਤ ਖ਼ਿਲਾਫ਼ ਲੜਨ ਦਾ ਹੋਕਾ ਦਿੱਤਾ:
ਕਿਰਤੀ ਦੀਏ ਕੁੱਲੀਏ
ਤੂੰ ਆਪਣੀ ਕਮਾਈ ਸਾਂਭ ਰੱਖ ਨੀ।

ਕੱਲ੍ਹ ਇਕ ਬਾਬਾ ਬੂਝਾ ਮਾਰਿਆ ਪੁਲਿਸ ਨੇ,
ਹਿੱਕ ਵਿਚ ਗੋਲੀ ਖਾਧੀ ਬਾਬੂ ਤੇ ਦਲੀਪ ਨੇ,
ਦਿਆ ਸਿੰਘ ਦੀ ਕਸਮ,
ਪੂਰੀ ਕੀਤੀ ਹੈ ਰਸਮ,
ਗੱਲ ਰਹੀ ਨਾ ਹਕੂਮਤਾਂ ਦੇ ਵੱਸ ਨੀ,
ਕਿਰਤੀ ਦੀਏ ਕੁੱਲੀਏ।
ਜਗਰੂਪ ਝੁਨੀਰ ਨੇ ਪੰਜਾਬ ਦੇ ਨਕਸਲੀਆਂ ਦੇ ਹੋ ਰਹੇ ਫ਼ਰਜ਼ੀ ਮੁਕਾਬਲਿਆਂ ਦੀ ਅਸਲੀਅਤ ਨੂੰ ਉਭਾਰਿਆ ਅਤੇ ਖ਼ੂਨ ਦੀ ਹੋਲੀ ਖੇਡ ਰਹੀ ਹਕੂਮਤ ਨੂੰ ਨੰਗਾ ਕੀਤਾ:
ਨਹਿਰ ਕਿਨਾਰੇ ਮੌਤ ਜ਼ਿੰਦਗੀ ਵਿਚਾਲੇ
ਸਾਰੀ ਰਾਤ ਹੁੰਦਾ ਰਿਹਾ ਘੋਲ।
ਮੌਤ ਕਹਿੰਦੀ ਜ਼ਿੰਦਗੀ ਹੋਰ ਜੇ ਜਿਊਣਾ ਚਾਹੇਂ
ਖਾਧਾ-ਪੀਤਾ ਸਾਰਾ ਕੁਝ ਬੋਲ,
ਜਨਤਾ ਦਾ ਮੈਂ ਪੁੱਤ ਹਾਂ,
ਸਾਰੇ ਪਿੰਡ ਮੇਰੇ ਪਿੰਡ,
ਘਰ ਮੇਰਾ ਲੋਕਤਾ ਦੀ ਝੋਲ।
ਦਰਸ਼ਨ ਖਟਕੜ ਲਿਖਦੇ ਹਨ:
ਰੋਣਾ ਹੈ ਬੁਝ ਗਿਆਂ ਨੂੰ
ਜਾਂ ਜਗਾਉਣੇ ਦੀਪ ਹੋਰ।
ਇਸ ਗੱਲ ਦਾ ਫ਼ੈਸਲਾ
ਹੁਣ ਦੇ ਪਲਾਂ ਦੀ ਗੱਲ ਹੈ।
ਲਾਲ ਸਿੰਘ ਦਿਲ ਲਿਖਦੇ ਹਨ:
ਜੋ ਲੜਨਾ ਨਹੀਂ ਚਾਹੁੰਦੇ,
ਜੋ ਲੜਨਾ ਨਹੀਂ ਜਾਣਦੇ,
ਉਹ ਅਕਸਰ ਗ਼ੁਲਾਮ ਬਣਾ ਲਏ ਜਾਂਦੇ ਹਨ।
ਕੁਝ ਵਿਅਕਤੀਆਂ, ਸੰਸਥਾਵਾਂ ਜਾਂ ਪ੍ਰਕਾਸ਼ਕਾਂ ਨੇ ਸਮੁੱਚੀਆਂ ਕਵਿਤਾਵਾਂ, ਗਜ਼ਲਾਂ, ਗੀਤ ਅਤੇ ਰੁਬਾਈਆਂ ਛਾਪੀਆਂ ਵੀ ਸਨ। ਪੰਜਾਬ ਦੇ ਬਹੁਤ ਸਾਰੇ ਲੋਕਾਂ ਨੇ ਇਹ ਇਨਕਲਾਬੀ ਰਚਨਾਵਾਂ ਪੜ੍ਹੀਆਂ। ਉਪਰੋਕਤ ਕਵਿਤਾਵਾਂ ਅਤੇ ਕਵੀਆਂ ਤੋਂ ਇਲਾਵਾ ਹੋਰ ਬਹੁਤ ਸਾਰੇ ਪੈਂਫਲੇਟ ਜਾਂ ਕਿਤਾਬਾਂ ਵੀ ਛਾਪੀਆਂ ਗਈਆਂ। ਇਹਨਾਂ ਵਿਚ ਮਹਿੰਦਰਪਾਲ ਭੱਠਲ ਦੀ ‘ਦਿੱਲੀ ਦੇ ਰੰਗ`, ਓਮ ਪ੍ਰਕਾਸ਼ ਸ਼ਰਮਾ ਦੀ ‘ਲਾਲੀ ਤੇ ਤਰੰਗੀ` ਵਰਗੀਆਂ ਕਿਤਾਬਾਂ ਵੀ ਸ਼ਾਮਲ ਸਨ। ਸੁਰਜੀਤ ਅਰਮਾਨੀ ਅਤੇ ਬੋਘੜ ਸਿੰਘ ਖੋਖਰ ਨੇ ਵੀ ਕੁਝ ਰਚਨਾਵਾਂ ਲਿਖੀਆਂ ਜੋ ਯੁੱਧ ਦੇ ਗੀਤ ਤੇ ਕਵਿਸ਼ਰੀਆਂ ਵਜੋਂ ਪ੍ਰਸਿੱਧ ਹਨ। ਇਹ ਗੀਤ ਲੋਕਾਂ ਨੂੰ ਜ਼ਮੀਨੀ ਲੜਾਈ ਦੀ ਤਿਆਰੀ ਲਈ ਪ੍ਰੇਰਦੇ ਸਨ। ਇਹ ਰਚਨਾਵਾਂ ‘ਕਿਰਤੀ ਕਿੱਸਾ` ਵਿਚ ਛਪ ਚੁੱਕੀਆਂ ਹਨ। ਇਹਨਾਂ ਨੂੰ ਹਜ਼ਾਰਾਂ ਲੋਕਾਂ ਦੇ ਮੰਚਾਂ `ਤੇ ਗਾਇਆ ਗਿਆ ਹੈ। ਇਹ ਲਮਕਵਾਂ ਲੋਕ ਯੁੱਧ ਜਾਰੀ ਰੱਖਣ ਦਾ ਹੋਕਾ ਦਿੰਦੀਆਂ ਹਨ:
ਦੇ ਗਏ ਨਮੂਨਾ ਓ
ਰੱਖਣਾ ਲੋਕ ਯੁੱਧ ਨੂੰ ਜਾਰੀ।

ਤੂੰ ਨਾਸ਼ ਕਰਨ ਨੂੰ ਚੜ੍ਹਿਆਂ ਏਂ,
ਤੂੰ ਆਪਣਾ ਨਾਸ਼ ਕਰਵਾਏਂਗਾ।
ਹੁਣ ਕਾਮੇ ਜਥੇਬੰਦ ਹੋ’ਗੇ ਨੇ,
ਤੂੰ ਬਚ ਕੇ ਸੁੱਕਾ ਨਹੀਂ ਜਾਵੇਂਗਾ।
ਇਹਨਾਂ ਇਨਕਲਾਬੀ ਕਵੀਆਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਵੀ ਸਨ ਜੋ ਇਨਕਲਾਬੀ ਤਾਂ ਨਹੀਂ ਸਗੋਂ ਰੋਮਾਂਸਵਾਦੀ ਸਨ। ਇਹਨਾਂ ਵਿਚ ਸ਼ਿਵ ਕੁਮਾਰ ਬਟਾਲਵੀ, ਪਿਆਰਾ ਸਿੰਘ ਸਹਿਰਾਈ ਅਤੇ ਸੰਤੋਖ ਸਿੰਘ ਧੀਰ ਸ਼ਾਮਲ ਸਨ। ਇਹ ਸਾਰੇ ਨਕਸਲਬਾੜੀ ਤੋਂ ਪ੍ਰਭਾਵਿਤ ਸਨ। ਇਹਨਾਂ ਨੂੰ ਵੀ ਇਸ ਬਾਰੇ ਬੋਲਣਾ ਪਿਆ ਕਿਉਂਕਿ ਲੋਕ ਆਪਣੀ ਮੁਕਤੀ ਲਈ ਲੜ ਰਹੇ ਸਨ; ਹਾਲਾਂਕਿ ਸੀ.ਪੀ.ਆਈ. ਅਤੇ ਸੀ.ਪੀ.ਆਈ.(ਐਮ.) ਪੱਖੀ ਕਵੀ ਵੀ ਸਨ ਜਿਹਨਾਂ ਨੇ ਇਸ ਮੁੱਦੇ `ਤੇ ਆਪਣੀਆਂ ਪਾਰਟੀਆਂ ਤੋਂ ਵੱਖਰਾ ਮੱਤ ਰੱਖਿਆ। ਬਾਬਾ ਬੂਝਾ ਸਿੰਘ ਦੀ ਲੰਮੀ ਲੜਾਈ, ਦੇਸ਼ਭਗਤ ਜੀਵਨ ਅਤੇ ਲਾਸਾਨੀ ਸ਼ਹਾਦਤ ਨੇ ਸ਼ਿਵ ਕੁਮਾਰ ਬਟਾਲਵੀ ਨੂੰ ਕਾਫ਼ੀ ਝੰਜੋੜਿਆ ਸੀ। ਉਸ ਨੇ ਬਾਬਾ ਬੂਝਾ ਸਿੰਘ ਬਾਰੇ ਕਵਿਤਾ ਲਿਖੀ ਜਿਸ ਵਿਚ ਉਸ ਨੇ ਇਕ ਬਿੰਬ ਸਿਰਜਦਿਆਂ ਬਾਬਾ ਬੂਝਾ ਸਿੰਘ ਦੀ ਤੁਲਨਾ ਛਾਂਦਾਰ ਰੁੱਖ਼ ਬੁੱਢੇ ਬੋਹੜ ਨਾਲ ਕੀਤੀ।
ਨਾਵਲ ਦੇ ਖੇਤਰ ਵਿਚ ਨਕਸਲਬਾੜੀ ਲਹਿਰ ਦਾ ਪ੍ਰਭਾਵ
ਨਕਸਲੀ ਯੋਧਿਆਂ ਦੀ ਵਿਲੱਖਣ ਤੇ ਲਾਸਾਨੀ ਕੁਰਬਾਨੀ, ਵਿਹਾਰ ਤੇ ਦ੍ਰਿੜਤਾ ਦੇ ਪ੍ਰਭਾਵ ਨੂੰ ਕਬੂਲਦਿਆਂ ਅਤੇ ਸਰਕਾਰ ਦੇ ਬੇਰਹਿਮ ਜਬਰ ਨੂੰ ਨਫ਼ਰਤ ਕਰਦਿਆਂ ਲੋਕ ਪੱਖੀ ਲੇਖਕ ਜਸਵੰਤ ਕੰਵਲ ਨੇ ‘ਲਹੂ ਦੀ ਲੋਅ` ਨਾਂ ਦਾ ਇਤਿਹਾਸਕ ਨਾਵਲ ਲਿਖਿਆ। ਭੋਲਾ ਸਿੰਘ ਗੁਰੂਸਰ, ਲਛਮਣ ਸਿੰਘ ਰਾਏਪੁਰ, ਨਛੱਤਰ ਸਿੰਘ ਰਾਏਪੁਰ, ਗੁਰਬੰਤ ਸਿੰਘ ਰਾਏਸਰ, ਤੇਜਾ ਸਿੰਘ ਅਤੇ ਸਵਰਨ ਸਿੰਘ ਵਰਗੇ ਨਕਸਲੀ ਸ਼ਹੀਦਾਂ ਦੀ ਹਰਮਨਪਿਆਰਤਾ ਅਤੇ ਨਜ਼ਦੀਕੀ ਰਿਸ਼ਤਿਆਂ ਤੋਂ ਪ੍ਰਭਾਵਿਤ ਹੋ ਕੇ ਬਾਰੂ ਸਤਵਰਗ ਨੇ ਆਪਣਾ ਪਹਿਲਾ ਨਾਵਲ ‘ਲਹੂ ਪਾਣੀ ਨਹੀਂ ਬਣਿਆ` ਲੋਕਾਂ ਦੀ ਝੋਲੀ ਪਾਇਆ। ਇਸ ਤਰ੍ਹਾਂ ਉਹਨਾਂ ਨੇ ਨਾਵਲਾਂ ਦੀ ਲੜੀ ਨੂੰ ਅੱਗੇ ਤੋਰਿਆ। ਪ੍ਰੋ. ਹਰਭਜਨ ਸਿੰਘ ਅਤੇ ਮਹਿੰਦਰ ਧਾਲੀਵਾਲ ਨੇ ਕ੍ਰਮਵਾਰ ‘ਜੋ ਹਾਰੇ ਨਹੀਂ` ਅਤੇ ‘ਰੁੱਤਾਂ ਲਹੂ ਲੁਹਾਣ` ਨਾਵਲ ਲਿਖੇ। ਨਕਸਲਬਾੜੀ ਲਹਿਰ ਅਤੇ ਪੰਜਾਬੀ ਨਾਵਲ ਬਾਰੇ ਡਾ. ਸੁਰਜੀਤ ਬਰਾੜ ਨੇ ਕਿਤਾਬ ਸੰਪਾਦਨ ਕੀਤੀ। ਲਹਿਰ ਬਾਰੇ ਵੱਖ-ਵੱਖ ਬੁੱਧੀਜੀਵੀਆਂ ਦੇ ਲੇਖ ਇਸ ਕਿਤਾਬ ਵਿਚ ਛਾਪੇ ਗਏ ਹਨ। ਬਾਅਦ ਵਿਚ ਨੌਜਵਾਨ ਲੇਖਕ ਲਹਿਰ ਦੀ ਇਤਿਹਾਸਕਾਰੀ ਦੇ ਖੇਤਰ ਵਿਚ ਅੱਗੇ ਆਏ। ਪ੍ਰੋ. ਪਰਮਜੀਤ ਜੱਜ ਅਤੇ ਬਲਵੀਰ ਪਰਵਾਨਾ ਨੇ ਨਕਸਲਬਾੜੀ ਲਹਿਰ ਦੇ ਇਤਿਹਾਸ ਨੂੰ ਕਲਮਬੱਧ ਕਰਦਿਆਂ ਮਹੱਤਵਪੂਰਨ ਕਿਤਾਬਾਂ ਲਿਖੀਆਂ। ਅਜਮੇਰ ਸਿੱਧੂ ਨੇ ਇਨਕਲਾਬੀ ਨਾਇਕਾਂ ਬਾਬਾ ਬੂਝਾ ਸਿੰਘ ਅਤੇ ਦਰਸ਼ਨ ਦੁਸਾਂਝ ਦੀਆਂ ਜੀਵਨੀਆਂ ਲਿਖੀਆਂ। ਹਾਕਮ ਸਿੰਘ ਸਮਾਓਂ ਅਤੇ ਅਮਰ ਸਿੰਘ ਅੱਚਰਵਾਲ ਦੀਆਂ ਜੀਵਨੀਆਂ ਵੀ ਇਸ ਦੌਰ ਦੀਆਂ ਅਹਿਮ ਕਿਤਾਬਾਂ ਹਨ।
ਨਕਸਲਬਾੜੀ ਲਹਿਰ ਦੀ ਲੋਅ ਮੱਧਮ ਪੈਣ ਅਤੇ ਖ਼ਾਲਿਸਤਾਨੀ ਲਹਿਰ ਦੇ ਪੂਰੀ ਤਰ੍ਹਾਂ ਉਭਾਰ ਦੌਰਾਨ ਬਾਰੂ ਸਤਵਰਗ ਨੇ ਦੋ ਹੋਰ ਨਾਵਲ ‘ਨਿੱਘੀ ਬੁੱਕਲ` ਅਤੇ ‘ਫੱਟੜ ਸ਼ੀਹਣੀ` ਲਿਖੇ। ਇਸ ਵਿਚ ਨਕਸਲਬਾੜੀ ਦੇ ਬੁਨਿਆਦੀ ਇਨਕਲਾਬੀ ਪਹਿਲੂ ਉਭਾਰੇ। ਮਾਂ ਦੀ ਬੁੱਕਲ ਵਜੋਂ ਮਾਰਕਸਵਾਦ-ਲੈਨਿਨਵਾਦ ਦੇ ਆਧਾਰਤ `ਤੇ ਸੀ.ਪੀ.ਆਈ.(ਐਮ.ਐਲ.) ਨੂੰ ਇਕਜੁੱਟ ਅਤੇ ਮੁੜ ਜਥੇਬੰਦ ਕਰਨ `ਤੇ ਜ਼ੋਰ ਦਿੱਤਾ ਗਿਆ। ਇਸ ਕਿਰਤ ਬਦਲੇ ਨਾਵਲਕਾਰ ਨੂੰ ਦੋ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਇਕ ਪਾਸੇ ਪੁਲਿਸ ਪ੍ਰੇਸ਼ਾਨ ਕਰ ਰਹੀ ਸੀ; ਦੂਜੇ ਪਾਸੇ ਦਰਜਨਾਂ ਅਗਾਂਹਵਧੂ ਤੇ ਇਨਕਲਾਬੀ ਲੇਖਕਾਂ ਨੂੰ ਮੌਤ ਦੇ ਘਾਟ ਉਤਾਰ ਚੁੱਕੇ ਖ਼ਾਲਿਸਤਾਨੀ ਅਤਿਵਾਦੀਆਂ ਦੀਆਂ ਧਮਕੀਆਂ ਮਿਲ ਰਹੀਆਂ ਸਨ ਪਰ ਇਸ ਨਾਵਲਕਾਰ ਦੀ ਕਲਮ ਦੋਵਾਂ ਤਰ੍ਹਾਂ ਦੀ ਦਹਿਸ਼ਤ ਖ਼ਿਲਾਫ਼ ਸਿਰਫ਼ ਨਾਵਲਾਂ ਵਿਚ ਹੀ ਨਹੀਂ ਸਗੋਂ ਵੱਖ-ਵੱਖ ਜਨਤਕ ਸਿਆਸੀ ਪਰਚਿਆਂ ਵਿਚ ਸੰਪਾਦਕ ਤੇ ਪ੍ਰਕਾਸ਼ਕ ਵਜੋਂ ਲਗਾਤਾਰ ਪੂਰੀ ਦ੍ਰਿੜਤਾ ਨਾਲ ਖੁੱਲ੍ਹ ਕੇ ਲਿਖਦੀ ਰਹੀ। ਉਹਨਾਂ ਨੇ ਨਾਟਕ ‘ਸਜ਼ਾ ਸੱਚ ਨੂੰ`, ਨਾਵਲ ‘ਸ਼ਰਧਾ ਦੇ ਫੁੱਲ` ਅਤੇ ‘ਪੰਨਾ ਇੱਕ ਇਤਿਹਾਸ ਦਾ` ਲਿਖਿਆ।
ਦਰਸ਼ਨ ਜੈਕ ਨੇ ਚੀਨੀ ਨਾਵਲ ‘ਝੱਖੜ` ਦੇ ਪਹਿਲੇ ਹਿੱਸੇ ਦਾ ਪੰਜਾਬੀ ਭਾਸ਼ਾ ਵਿਚ ਉਲੱਥਾ ਕੀਤਾ ਅਤੇ ਇਸ ਦੇ ਦੂਜੇ ਹਿੱਸੇ ਦਾ ਪੰਜਾਬੀ ਤਰਜਮਾ ਕਰਕੇ ਜੈਕਾਰਾ ਪ੍ਰਕਾਸ਼ਨ ਨੇ ਛਾਪਿਆ। ਅਦਾਰਾ ‘ਸੁਰਖ਼ ਰੇਖਾ’ ਨੇ ਪੰਜਾਬ ਵਿਚ ਨਕਸਲੀ ਸ਼ਹੀਦਾਂ ਦੇ ਪਰਿਵਾਰਾਂ ਅਤੇ ਸਕੇ-ਸਬੰਧੀਆਂ ਦੀਆਂ ਮੁਲਾਕਾਤਾਂ ਦੇ ਆਧਾਰ `ਤੇ ‘ਸ਼ਹੀਦਾਂ ਦੀ ਵੰਗਾਰ` ਕਿਤਾਬ ਤਿਆਰ ਕਰ ਕੇ ਛਾਪੀ (ਇਸ ਕਿਤਾਬ ਅਤੇ ਹੋਰ ਮੁਲਾਕਾਤਾਂ ਨੂੰ ਹੁਣ ਅਮੋਲਕ ਸਿੰਘ ਦੀ ਸੰਪਾਦਨਾ ਹੇਠ ਦੁਬਾਰਾ ਛਾਪਿਆ ਗਿਆ ਹੈ)। ਸਤਨਾਮ ਜੰਗਲਨਾਮਾ ਨੇ ਜਗਮੋਹਨ ਜੋਸ਼ੀ ਦੀ ਉਰਦੂ ਵਿਚ ਲਿਖੀ ਮਕਬੂਲ ਇਨਕਲਾਬੀ ਸ਼ਾਇਰੀ ‘ਪੈਮਾਨੇ-ਇਨਕਲਾਬ` ਦਾ ਪੰਜਾਬੀ ਲਿਪੀਅੰਤਰ ਕੀਤਾ। ਨਕਸਲਬਾੜੀ ਲਹਿਰ ਦੇ ਮਹਾਨ ਨਾਇਕਾਂ ਨੇ ਖੁਦ-ਬ-ਖੁਦ ਗੁਰਦਿਆਲ ਸਿੰਘ ਦੇ ਨਾਵਲਾਂ ਵਿਚ ਥਾਂ ਮੱਲ ਲਈ। ਨਾਵਲਕਾਰ ਗੁਰਦਾਸ ਘਾਰੂ ਅਤੇ ਸੁਖਦੇਵ ਮਾਨ ਨੇ ਵੀ ਨਕਸਲੀ ਲਹਿਰ ਬਾਰੇ ਕੁਝ ਨਾਵਲ ਲਿਖੇ।
ਕਹਾਣੀ ਦੇ ਖੇਤਰ ਵਿਚ ਨਕਸਲਬਾੜੀ ਲਹਿਰ
ਨਕਸਲਬਾੜੀ ਲਹਿਰ ਦੀ ਵਿਚਾਰਧਾਰਾ ਅਤੇ ਸਿਆਸਤ ਤੋਂ ਪ੍ਰਭਾਵਿਤ ਹੋ ਕੇ ਅਤਰਜੀਤ, ਵਰਿਆਮ ਸੰਧੂ ਅਤੇ ਭੂਰਾ ਸਿੰਘ ਕਲੇਰ ਵਰਗੇ ਲੇਖਕਾਂ ਨੇ ਪੰਜਾਬ ਦੀ ਨਕਸਲਬਾੜੀ ਲਹਿਰ ਬਾਰੇ ਦਰਜਨਾਂ ਕਹਾਣੀਆਂ ਲਿਖੀਆਂ ਹਨ। ਇਸ ਤੋਂ ਇਲਾਵਾ ਸੁਰਿੰਦਰ ਚੌਹਾਨ, ਗੁਰਪ੍ਰੀਤ ਮੌੜ ਨੇ ਵੀ ਲਹਿਰ ਬਾਰੇ ਕਹਾਣੀਆਂ ਲਿਖੀਆਂ।
ਨਾਟਕ ਦੇ ਖੇਤਰ ਵਿਚ ਨਕਸਲਬਾੜੀ ਲਹਿਰ ਦਾ ਪ੍ਰਭਾਵ
ਪੰਜਾਬ ਦੇ ਮਸ਼ਹੂਰ ਨਾਟਕਕਾਰ ਗੁਰਸ਼ਰਨ ਸਿੰਘ ਉਰਫ਼ ਭਾਈ ਮੰਨਾ ਸਿੰਘ, ਪੇਂਡੂ ਨਾਟਕ ਮੰਡਲੀ ਮਾਲਵਾ, ਪੇਂਡੂ ਨਾਟਕ ਮੰਡਲੀ ਬਠਿੰਡਾ, ਪੰੰਜਾਬ ਨਾਟਕ ਕਲਾ ਕੇਂਦਰ ਦੇ ਕਲਾਕਾਰਾਂ ਨੇ ਨਾਟਕ ਨੂੰ ਕਾਲਜਾਂ-ਯੂਨੀਵਰਸਿਟੀਆਂ ਅਤੇ ਮਹਾਂਨਗਰਾਂ ਦੇ ਥੀਏਟਰਾਂ ਵਿਚੋਂ ਕੱਢ ਕੇ ਪਿੰਡਾਂ ਦੀਆਂ ਸੱਥਾਂ, ਪਿੰਡਾਂ ਸ਼ਹਿਰਾਂ ਦੇ ਦਲਿਤ, ਗ਼ਰੀਬ ਵਿਹੜਿਆਂ ਵਿਚ ਲਿਜਾਇਆ। ਇਹਨਾਂ ਤੋਂ ਇਲਾਵਾ ਨਾਟਕਾਂ ਵਿਚ ਨਾਟਕਕਾਰ ਅਜਮੇਰ ਔਲਖ, ਸੈਮੂਅਲ ਜੌਹਨ ਅਤੇ ਹੋਰਾਂ ਨੇ ਨਕਸਲਬਾੜੀ ਦੇ ਇਨਕਲਾਬੀ ਪਹਿਲੂਆਂ `ਤੇ ਨਾਟਕ ਲਿਖੇ। ਨਵੀਂ ਪੀੜ੍ਹੀ ਦੇ ਨਾਟਕਕਾਰਾਂ ਹਰਵਿੰਦਰ ਦੀਵਾਨਾ, ਸਾਹਿਬ ਸਿੰਘ, ਸਤਪਾਲ ਸਿੰਘ ਅਤੇ ਹੋਰਾਂ ਦਾ ਇਸ ਖੇਤਰ ਵਿਚ ਸਿਰਕੱਢ ਯੋਗਦਾਨ ਹੈ। ਨਾਟਕਾਂ ਵਿਚ ਵਿਅੰਗ ਅਤੇ ਗੀਤ ਅਨਪੜ੍ਹ ਅਤੇ ਘੱਟ ਪੜ੍ਹੇ-ਲਿਖੇ ਔਰਤਾਂ ਤੇ ਬੰਦਿਆਂ ਵਿਚ ਜਾਗਰੂਕਤਾ ਫੈਲਾਉਣ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਲਈ ਇਸ ਖੇਤਰ ਵਿਚ ਕੰਮ ਕਰਨਾ ਬਹੁਤ ਮਹੱਤਵਪੂਰਨ ਹੈ। ਇਸ ਤਰ੍ਹਾਂ ਹਰ ਨਾਟਕ ਮੰਡਲੀ ਦੀ ਖ਼ੁਦ ਦੀ ਆਪਣੀ ਸੰਗੀਤ ਮੰਡਲੀ ਹੈ ਜਾਂ ਲੋਕਾਂ ਦੀ ਮੰਗ ਮੁਤਾਬਿਕ ਹੋਰ ਸੰਗੀਤ ਮੰਡਲੀ ਨੂੰ ਵੀ ਲੈ ਲਿਆ ਜਾਂਦਾ ਹੈ। ਜਿਹੜੀਆਂ ਕੁਝ ਹੋਰ ਸੰਗੀਤ ਮੰਡਲੀਆਂ ਬਣਾਈਆਂ ਗਈਆਂ ਸਨ, ਉਹਨਾਂ ਵਿਚ ਭਦੌੜ ਸੰਗੀਤ ਮੰਡਲੀ, ਜਗਰਾਜ ਧੌਲਾ ਸੰਗੀਤ ਮੰਡਲੀ, ਜਗਸੀਰ ਜੀਦਾ ਸੰਗੀਤ ਮੰਡਲੀ, ਛਾਜਲੀ ਸੰਗੀਤ ਮੰਡਲੀ ਅਤੇ ਸੁਰਜੀਤ ਅਰਮਾਨੀ ਤੇ ਬੋਘੜ ਸਿੰਘ ਦਾ ਕਵਿਸ਼ਰੀ ਜਥਾ ਅਤੇ ਰਸੂਲਪੁਰ ਤੋਂ ਇਲਾਵਾ ਕੁਝ ਹੋਰ ਕਵਿਸ਼ਰੀ ਜਥੇ ਸ਼ਾਮਲ ਸਨ।
ਸਾਹਿਤਕ ਕਾਮਿਆਂ `ਤੇ ਪ੍ਰਭਾਵ
ਮੱਲ ਸਿੰਘ ਰਾਮਪੁਰੀ, ਲਾਲ ਸਿੰਘ ਦਿਲ, ਹਰੀ ਸਿੰਘ ਤਰਕ, ਸੁਰਿੰਦਰ ਹੇਮ ਜਯੋਤੀ, ਕੇਵਲ ਕੌਰ, ਗੁਰਸ਼ਰਨ ਸਿੰਘ, ਬਾਰੂ ਸਤਵਰਗ, ਬੂਟਾ ਰਾਮ ਗਹਿਰੀ ਅੱਖ, ਅਤਰਜੀਤ, ਅਮਰਜੀਤ ਚੰਦਨ, ਚਮਨ ਲਾਲ, ਪ੍ਰਭਾਕਰ, ਜੈਮਲ ਪੱਡਾ, ਜਸਵੰਤ ਖਟਕੜ, ਕਰਮਜੀਤ ਜੋਗਾ, ਜਗਰੂਪ ਝੁਨੀਰ, ਅਮੋਲਕ ਸਿੰਘ, ਨਾਜ਼ਰ ਸਿੰਘ ਬੋਪਾਰਾਏ, ਸੰਤੋਖ ਸਿੰਘ ਬਾਜਵਾ, ਰਾਜਿੰਦਰ ਮੀਤ ਫਰੀਦਕੋਟ, ਡਾ. ਸਾਧੂ ਸਿੰਘ ਡੋਡ, ਗੁਰਪ੍ਰੀਤ ਮੌੜ ਆਦਿ ਸਾਹਿਤਕ ਕਾਮਿਆਂ ਨੇ ਆਪੋ-ਆਪਣੀਆਂ ਜਥੇਬੰਦੀਆਂ ਵਿਚ ਕੰਮ ਕੀਤਾ ਅਤੇ ਹੁਣ ਵੀ ਕਰ ਰਹੇ ਹਨ।
ਉਪਰੋਕਤ ਕਵੀਆਂ, ਕਹਾਣੀਕਾਰਾਂ, ਨਾਵਲਕਾਰਾਂ ਅਤੇ ਨਾਟਕਕਾਰਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਸਾਹਿਤਕ-ਸਭਿਆਚਾਰਕ ਕਾਰਕੁਨ ਸਨ ਜਿਨ੍ਹਾਂ ਨੇ ਵਿਸ਼ੇਸ਼ ਹੁਨਰ ਰਾਹੀਂ ਆਪਣੀ ਇਨਕਲਾਬੀ ਕਲਾ ਨੂੰ ਪੇਸ਼ ਕੀਤਾ। ਇਹ ਸਾਰੇ 70ਵਿਆਂ ਦੇ ਦਹਾਕੇ ਦੌਰਾਨ ਨਕਸਲਬਾੜੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਤੇ ਪ੍ਰੇਰਿਤ ਸਨ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਜਮਾਤੀ ਸਾਂਝ-ਭਿਆਲੀ ਵਾਲੀ ਵਿਚਾਰਧਾਰਕ ਸਿਆਸਤ ਦਾ ਪੂਰੀ ਤਰ੍ਹਾਂ ਸ਼ਿਕਾਰ ਹੋ ਚੁੱਕੀ ਸੀ। ਉਹ ਹਾਕਮ ਜਮਾਤੀ ਸਿਆਸੀ ਪਾਰਟੀਆਂ ਅਤੇ ਇਨ੍ਹਾਂ ਦੇ ਸਰਕਾਰੀ ਨੁਮਾਇੰਦਿਆਂ ਨੂੰ ਸ਼ਰੇਆਮ ਆਪਣੇ ਸਾਹਿਤਕ-ਸਭਿਆਚਾਰਕ ਪ੍ਰੋਗਰਾਮਾਂ ਦੇ ਮੁੱਖ ਮਹਿਮਾਨ ਬਣਾਉਂਦੀ ਸੀ। ਇਹ ਲੋਕ ਘੋਲਾਂ ਦੇ ਕਾਰਕੁਨਾਂ ਨੂੰ ਸ਼ਹੀਦ ਕਰਨ ਵਾਲੀਆਂ ਸਰਕਾਰਾਂ ਕੋਲੋਂ ਇਨਾਮ-ਸਨਮਾਨ ਲੈਣ ਦੇ ਹੱਥਕੰਡੇ ਵਰਤਣ ਤੱਕ ਨਿੱਘਰ ਚੁੱਕੀ ਸੀ। ਇਸ ਲਈ ਕੇਂਦਰੀ ਪੰਜਾਬੀ ਸਾਹਿਤ ਸਭਾ (ਰਜਿ:) ਦੇ ਮੁਕਾਬਲੇ ਕੇਂਦਰੀ ਪੰਜਾਬੀ ਲੇਖਕ ਸਭਾ ਅਣਰਜਿਸਟਰਡ ਬਣਾਈ ਗਈ ਤਾਂ ਕਿ ਨਕਸਲਬਾੜੀ ਵਿਰਾਸਤ ਨੂੰ ਅੱਗੇ ਤੋਰਿਆ ਜਾ ਸਕੇ। ਅਵਤਾਰ ਪਾਸ਼, ਸੰਤ ਰਾਮ ਉਦਾਸੀ, ਪ੍ਰੋ. ਮੇਘ ਰਾਜ, ਡਾ. ਐਸ.ਐਸ. ਦੁਸਾਂਝ, ਕੇਵਲ ਕੌਰ, ਦਰਸ਼ਨ ਖਟਕੜ, ਅਮਰਜੀਤ ਚੰਦਨ ਵਰਗੇ ਕ੍ਰਾਂਤੀਕਾਰੀ ਸਾਹਿਤਕ-ਸਭਿਆਚਾਰਕ ਕਾਮਿਆਂ ਨੇ ਇਸ ਵਿਚ ਮੋਹਰੀ ਰੋਲ ਅਦਾ ਕੀਤਾ। ਬਲਰਾਜ ਯਾਦਗਾਰੀ ਪ੍ਰਕਾਸ਼ਨ, ਪ੍ਰੋਗਰੈਸਿਵ ਬੁੱਕ ਸੈਂਟਰ ਮਾਨਸਾ, ਸੁਰਖ ਰੇਖਾ ਪ੍ਰਕਾਸ਼ਨ, ਪ੍ਰਚੰਡ ਪ੍ਰਕਾਸ਼ਨ, ਕਾ. ਦਿਆ ਸਿੰਘ ਯਾਦਗਾਰੀ ਪ੍ਰਕਾਸ਼ਨ ਆਦਿ ਵਰਗੇ ਕਈ ਕ੍ਰਾਂਤੀਕਾਰੀ ਪ੍ਰਕਾਸ਼ਨ ਵੀ ਹੋਂਦ `ਚ ਆਏ।
ਕ੍ਰਾਂਤੀਕਾਰੀ ਸਾਹਿਤ ਸਭਾ ਅਤੇ ਪਲਸ ਮੰਚ ਦਾ ਬਣਨਾ
ਥੋੜ੍ਹੇ ਸਮੇਂ ਬਾਅਦ ਕੇਂਦਰੀ ਪੰਜਾਬੀ ਲੇਖਕ ਸਭਾ ਅਣਰਜਿਸਟਰਡ ਗੁੱਟਬਾਜ਼ੀ ਦਾ ਸ਼ਿਕਾਰ ਹੋ ਗਈ। ਕ੍ਰਾਂਤੀਕਾਰੀ ਸਾਹਿਤਕ-ਸਭਿਆਚਾਰਕ ਖੇਤਰਾਂ `ਚ ਆਏ ਖਿੰਡਾਅ ਬਾਅਦ ਗੁਰਸ਼ਰਨ ਸਿੰਘ ਅਤੇ ਬਾਰੂ ਸਤਵਰਗ ਦੀ ਪਹਿਲਕਦਮੀ ਸਦਕਾ 22 ਅਪਰੈਲ 1981 ਨੂੰ ਝੁਨੀਰ ਕਨਵੈਨਸ਼ਨ ਦੌਰਾਨ ਕ੍ਰਾਂਤੀਕਾਰੀ ਸਾਹਿਤ ਸਭਾ ਪੰਜਾਬ ਬਣਾਈ ਗਈ। ਵੱਖ-ਵੱਖ ਕ੍ਰਾਂਤੀਕਾਰੀ ਸਾਹਿਤਕ-ਸਭਿਆਚਾਰਕ ਕਾਮਿਆਂ ਵਲੋਂ ਦਿੱਲੀ ਵਿਖੇ 1984 `ਚ ਭਾਰਤ ਪੱਧਰੀ ਕਨਵੈਨਸ਼ਨ ਬੁਲਾਈ ਗਈ। 1984 ਦੀ ਕਨਵੈਨਸ਼ਨ ਵਿਚ ਕੇ.ਵੀ.ਆਰ., ਵਰਵਰਾ ਰਾਓ, ਗ਼ਦਰ, ਰਾਜ ਕਿਸ਼ੋਰ, ਅਨੁਰਾਧਾ ਗਾਂਧੀ, ਕੰਚਨ ਕੁਮਾਰ ਅਤੇ ਗੁਰਸ਼ਰਨ ਸਿੰਘ ਵਰਗੀਆਂ ਸ਼ਖਸੀਅਤਾਂ ਨੇ ਹਿੱਸਾ ਲਿਆ। ਇਸ ਦੌਰਾਨ ਕੁਲ ਹਿੰਦ ਇਨਕਲਾਬੀ ਸਭਿਆਚਾਰਕ ਲੀਗ (ਏ.ਆਈ.ਐੱਲ.ਆਰ.ਸੀ.) ਹੋਂਦ `ਚ ਆਈ ਜਿਸ ਦੀ ਮੈਂਬਰ ਕ੍ਰਾਂਤੀਕਾਰੀ ਸਾਹਿਤ ਸਭਾ ਪੰਜਾਬ ਵੀ ਬਣੀ। ਲਗਭਗ ਇਸੇ ਦੌਰਾਨ ਸਭਾ ਤੋਂ ਵੱਖਰੀ ਸੋਚ ਰੱਖਣ ਵਾਲੇ ਇਨਕਲਾਬੀ ਸਾਥੀਆਂ ਵਲੋਂ ਪੰਜਾਬ ਲੋਕ ਸੱਭਿਆਚਾਰਕ ਮੰਚ ਦੀ ਸਥਾਪਨਾ ਕੀਤੀ ਗਈ ਜਿਸ ਦੇ ਪ੍ਰਧਾਨ ਗੁਰਸ਼ਰਨ ਸਿੰਘ ਚੁਣੇ ਗਏ। ਪਲਸ ਮੰਚ ਅਤੇ ਇਸ ਦੀਆਂ ਮੈਂਬਰ ਦਰਜਨਾਂ ਨਾਟਕ ਤੇ ਸੰਗੀਤ ਟੀਮਾਂ ਦਾ ਲੋਕ ਪੱਖੀ ਸਾਹਿਤ ਅਤੇ ਸਭਿਆਚਾਰ ਦਾ ਪਸਾਰਾ ਕਰਨ ਵਿਚ ਮਹੱਤਵਪੂਰਨ ਯੋਗਦਾਨ ਹੈ। ਇਸ ਦੀਆਂ ਟੀਮਾਂ ਵਲੋਂ ਇਨਕਲਾਬੀ ਗੀਤਾਂ ਦੀਆਂ ਕੈਸਟਾਂ ਰਿਕਾਰਡ ਕਰਵਾ ਕੇ ਵੱਡੇ ਪੈਮਾਨੇ `ਤੇ ਲੋਕਾਂ ਵਿਚ ਲਿਜਾਣ ਲਈ ਬਹੁਤ ਸ਼ਲਾਘਾਯੋਗ ਕੰਮ ਕੀਤਾ ਗਿਆ। ਇਸ ਨੇ ਸਰਗਰਮ ਸੰਸਥਾ ਵਜੋਂ ਆਪਣੀਆਂ ਸਰਗਰਮੀਆਂ ਦੀ ਲਗਾਤਾਰਤਾ ਬਣਾਈ ਹੋਈ ਹੈ।
ਕੁਲ ਹਿੰਦ ਇਨਕਲਾਬੀ ਸਭਿਆਚਾਰਕ ਲੀਗ (ਏ.ਆਈ.ਐੱਲ.ਆਰ.ਸੀ.) ਦਾ ਅੰਗ ਬਣਨ ਦੇ ਫਲਸਰੂਪ ਕ੍ਰਾਂਤੀਕਾਰੀ ਸਾਹਿਤ ਸਭਾ ਵੱਲੋਂ ਪੰਜਾਬ ਦੀ ਸਾਹਿਤਕ-ਸਭਿਆਚਾਰਕ ਲਹਿਰ `ਚ ਵਿਚਾਰਧਾਰਕ-ਰਾਜਨੀਤਕ ਅਤੇ ਜਥੇਬੰਦਕ ਪੱਖੋਂ ਨਵੀਂ ਰੂਹ ਫੂਕੀ ਗਈ। 1987 ਵਿਚ ਕ੍ਰਾਂਤੀਕਾਰੀ ਸਾਹਿਤ ਸਭਾ ਵਲੋਂ ਪੰਜਾਬ ਦੇ ਰਾਮਪੁਰਾ ਫੂਲ ਕਸਬੇ `ਚ ਲੀਗ ਦੀਆਂ ਮੈਂਬਰ ਵੱਖ-ਵੱਖ ਸੂਬਿਆਂ ਦੀਆਂ ਦਰਜਨਾਂ ਸਭਿਆਚਾਰਕ ਟੀਮਾਂ ਦੀ ਸੱਤ ਰੋਜ਼ਾ ਇਤਿਹਾਸਕ ਵਰਕਸ਼ਾਪ ਕਰਵਾਈ ਗਈ। ਇਸ ਦੇ ਨਤੀਜੇ ਵਜੋਂ ਪੰਜਾਬ `ਚ ਨਵੀਆਂ ਸਾਹਿਤਕ-ਸਭਿਆਚਾਰਕ ਟੀਮਾਂ ਹੋਂਦ `ਚ ਆਈਆਂ।
ਪੰਜਾਬ ਵਿਚ ਵੱਖ-ਵੱਖ ਸਮੇਂ ਦੌਰਾਨ ਹੋਏ ਪ੍ਰੋਗਰਾਮਾਂ ਵਿਚ ਲੀਗ ਦੇ ਕੇਂਦਰੀ ਕਮੇਟੀ ਮੈਂਬਰ ਕੇ.ਵੀ.ਆਰ., ਵਰਵਰਾ ਰਾਓ, ਗ਼ਦਰ, ਕੰਚਨ ਕੁਮਾਰ, ਸ੍ਰੀ ਪ੍ਰਸਾਦ ਆਦਿ ਸ਼ਮੂਲੀਅਤ ਕਰਦੇ ਰਹੇ। ਪੰਜਾਬ ਵਿਚ ਇਹ ਪ੍ਰੋਗਰਾਮ ਕ੍ਰਾਂਤੀਕਾਰੀ ਸਾਹਿਤ ਸਭਾ ਵਲੋਂ ਜਥੇਬੰਦ ਕੀਤੇ ਗਏ ਜੋ ਗੋਸ਼ਟੀ, ਸੈਮੀਨਾਰ ਜਾਂ ਸਭਿਆਚਾਰਕ ਪ੍ਰੋਗਰਾਮ ਦੇ ਰੂਪ ਵਿਚ ਹੁੰਦੇ। ਖਾਲਿਸਤਾਨੀ ਲਹਿਰ ਤੋਂ ਪ੍ਰਭਾਵਿਤ ਹੋ ਕੇ ਲੇਖਕ ਜਸਵੰਤ ਕੰਵਲ ਨੇ ਖਾਲਿਸਤਾਨੀ ਪੱਖੀ ਨਾਵਲ ‘ਮੋੜਾ` ਲਿਖਿਆ। ਇਸ ਨਾਵਲ ਅਤੇ ਹੋਰ ਲਿਖਤਾਂ ਰਾਹੀਂ ਉਸ ਨੇ ਮਾਰਕਸਵਾਦ-ਲੈਨਿਨਵਾਦ-ਮਾਓ ਵਿਚਾਰਧਾਰਾ `ਤੇ ਹਮਲੇ ਸ਼ੁਰੂ ਕਰ ਦਿੱਤੇ। ਅਖ਼ੀਰ ਉਸ ਨੇ ਨਕਸਲਬਾੜੀ ਦੇ ਬੁਨਿਆਦੀ ਪਹਿਲੂਆਂ `ਤੇ ਵੀ ਹਮਲੇ ਕਰਨ ਦਾ ਯਤਨ ਕੀਤਾ। ਇਹ ਉਹ ਸਮਾਂ ਸੀ ਜਦੋਂ ਹਕੂਮਤ ਦੇ ਜਬਰ ਅਤੇ ਖਾਲਿਸਤਾਨੀ ਦਹਿਸ਼ਤ ਦਾ ਬੋਲ-ਬਾਲਾ ਸੀ, ਨਕਸਲਬਾੜੀ ਦੀ ਲੋਅ ਮੱਧਮ ਪੈ ਗਈ ਸੀ ਹਾਲਾਂਕਿ ਇਹ ਖ਼ਤਮ ਨਹੀਂ ਸੀ ਹੋਈ। ਇਸ ਦੀ ਹੋਂਦ ਬਰਕਰਾਰ ਸੀ ਅਤੇ ਇਹ ਦੋਵਾਂ ਤਰ੍ਹਾਂ ਦੀਆਂ ਦਹਿਸ਼ਤੀ ਤਾਕਤਾਂ ਵਿਰੁੱਧ ਲੜ ਰਹੀ ਸੀ ਜੋ ਇਕ ਦੂਜੇ ਦੀ ਸੇਵਾ ਕਰ ਰਹੀਆਂ ਸਨ। ਇਸ ਮੁੱਦੇ `ਤੇ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਲੀਗ ਦੇ ਕੇਂਦਰੀ ਆਗੂਆਂ ਕੇ.ਵੀ.ਆਰ., ਵਰਵਰਾ ਰਾਓ, ਕੰਚਨ ਕੁਮਾਰ, ਗਦਰ ਅਤੇ ਅਸ਼ੋਕ ਤਾਂਸਲੇ ਨੇ ਭਾਗ ਲਿਆ। ਇਸ ਸੈਮੀਨਾਰ ਵਿਚ ਇਕ ਸਵਾਲ ਦੇ ਜਵਾਬ ਵਿਚ ਜਸਵੰਤ ਕੰਵਲ ਜਵਾਬ ਦੇ ਰਿਹਾ ਸੀ- “ਸਭ ਤੋਂ ਪਹਿਲਾਂ ਮੈਂ ਪੰਜਾਬੀ ਹਾਂ, ਫਿਰ ਸਿੱਖ ਹਾਂ…।”ਜਵਾਬ ਵਿਚ ਲੀਗ ਦੇ ਸਕੱਤਰ ਕਾਮਰੇਡ ਕੇ.ਵੀ.ਆਰ. ਨੇ ਸਮੁੱਚੇ ਸਾਹਿਤਕ ਕਾਮਿਆਂ ਨਾਲ ਮਹੱਤਵਪੂਰਨ ਨੁਕਤਾ ਸਾਂਝਾ ਕੀਤਾ ਕਿ ਮੌਜੂਦਾ ਯੁਗ ਪ੍ਰੋਲੇਤਾਰੀ ਵਿਸ਼ਵ ਇਨਕਲਾਬ ਤੇ ਸਾਮਰਾਜਵਾਦ ਦਾ ਯੁਗ ਹੈ ਅਤੇ ਇਹ ਬੁਰਜੂਆ ਇਨਕਲਾਬ ਤੇ ਜਗੀਰਦਾਰੀ ਨਹੀਂ ਹੈ ਜਿੱਥੇ ਕੌਮੀ ਬੁਰਜੂਆ ਇਨਕਲਾਬ ਆਪਣੀ ਅਗਾਂਹਵਧੂ ਭੂਮਿਕਾ ਵਿਚ ਹੋਵੇ। ਉਹਨਾਂ ਨੇ ਇਸ ਗੱਲ `ਤੇ ਜ਼ੋਰ ਦਿੱਤਾ ਕਿ ਉਹ ਸਭ ਤੋਂ ਪਹਿਲਾਂ ਕੌਮਾਂਤਰੀਵਾਦੀ ਹੈ ਨਾ ਕਿ ਕੌਮਵਾਦੀ ਤੇ ਮਨੁੱਖਤਾਵਾਦੀ ਅਤੇ ਫਿਰ ਕਿਹਾ, “ਸਭ ਤੋਂ ਪਹਿਲਾਂ ਮੈਂ ਮਾਰਕਸਵਾਦੀ-ਲੈਨਿਨਵਾਦੀ ਅਤੇ ਮਾਓਵਾਦੀ ਹਾਂ। ਫਿਰ ਮੈਂ ਪ੍ਰੋਲੇਤਾਰੀ ਕਮਿਊਨਿਸਟ ਇਨਕਲਾਬ ਦਾ ਪ੍ਰਤੀਨਿਧੀ ਹਾਂ। ਅਖ਼ੀਰ `ਚ ਮੈਂ ਰੈਡੀ-ਸ਼ੈਡੀ ਹਾਂ ਤੇ ਆਂਧਰਾ ਪ੍ਰਦੇਸ਼ ਦਾ ਵਾਸੀ ਹਾਂ ਅਤੇ ਤੈਲਗੂ ਕੌਮੀਅਤ ਦਾ ਮੈਂਬਰ ਹਾਂ।”
ਜਦੋਂ ਕ੍ਰਾਂਤੀਕਾਰੀ ਸਾਹਿਤ ਸਭਾ ਅਤੇ ਜਮਹੂਰੀ ਮੋਰਚਾ ਪੰਜਾਬ ਨੇ ਸੰਗਰੂਰ ਵਿਚ ਜਾਤੀ ਪ੍ਰਥਾ `ਤੇ ਭਾਰਤ ਪੱਧਰ ਦਾ ਇਤਿਹਾਸਕ ਸੈਮੀਨਾਰ ਰੱਖਿਆ ਸੀ, ਉਸ ਸਮੇਂ ਮਰਹੂਮ ਅਨੁਰਾਧਾ ਗਾਂਧੀ ਅਤੇ ਇਨਕਲਾਬੀ ਕਵੀ ਵਰਵਰਾ ਰਾਓ ਨੇ ਇਸ ਮੁੱਦੇ `ਤੇ ਆਪਣੇ ਪੇਪਰ ਪੇਸ਼ ਕੀਤੇ। ਇਸੇ ਤਰ੍ਹਾਂ ਇਸ ਤੋਂ ਪਹਿਲਾਂ ਪੇਪਰ ਏ.ਆਈ.ਐੱਲ.ਆਰ.ਸੀ. ਦੀ ਟੀਮ ਨੇ ਖ਼ਾਲਿਸਤਾਨੀ ਲਹਿਰ ਬਾਰੇ ਬਾਹਰੀ ਪ੍ਰਭਾਵ ਤੋਂ ਅੱਗੇ ਜਾ ਕੇ ਇਸ ਦੀ ਜ਼ਮੀਨੀ ਹਕੀਕਤ ਨੂੰ ਸਮਝਣ ਲਈ ਟੀਮ ਪੰਜਾਬ ਵਿਚ ਭੇਜੀ। ਇਸ ਟੀਮ ਵਿਚ ਕੇਂਦਰੀ ਆਗੂ ਅਨੁਰਾਧਾ ਗਾਂਧੀ, ਵਰਵਰਾ ਰਾਓ, ਸ੍ਰੀ ਪ੍ਰਸਾਦ, ਕੰਚਨ ਕੁਮਾਰ, ਮਨੋਵਰ ਕੈਸ਼ਵਰ, ਰਾਜ ਕਿਸ਼ੋਰ ਆਦਿ ਸ਼ਾਮਲ ਸਨ। ਪਿਛਲੀਆਂ ਗ਼ਲਤੀਆਂ ਨੂੰ ਘਟਾਉਣ ਅਤੇ ਨਕਸਲਬਾੜੀ ਲਹਿਰ ਨੂੰ ਪੰਜਾਬ ਵਿਚ ਮੁੜ ਪੈਰਾਂ-ਸਿਰ ਕਰਨ ਲਈ ਅਜਿਹੀਆਂ ਸਰਗਰਮੀਆਂ ਦੀ ਲੋੜ ਸੀ।
ਕ੍ਰਾਂਤੀਕਾਰੀ ਸਾਹਿਤ ਸਭਾ ਦੀ ਅਗਵਾਈ ਵਿਚ ਗੁਰਸ਼ਰਨ ਸਿੰਘ, ਬਾਰੂ ਸਤਵਰਗ, ਗੁਰਦਾਸ ਘਾਰੂ, ਸੁਖਦੇਵ ਮਾਨ, ਰਾਜਿੰਦਰ ਰਾਹੀ, ਪ੍ਰੋ. ਮੇਘ ਰਾਜ, ਹਰੀ ਸਿੰਘ ਤਰਕ ਅਤੇ ਗੁਰਮੀਤ ਜੱਜ ਨੇ ਵੱਖ-ਵੱਖ ਸਮੇਂ ਵੱਖ-ਵੱਖ ਥਾਵਾਂ `ਤੇ ਵੱਖ-ਵੱਖ ਸਾਹਿਤਕ-ਸਭਿਆਚਾਰਕ ਪ੍ਰੋਗਰਾਮ ਕਰਵਾਏ। ਉਹ ਹੋਰਾਂ ਸੂਬਿਆਂ ਵਿਚ ਵੀ ਗਏ ਅਤੇ ਉੱਥੇ ਵੱਖ-ਵੱਖ ਸਾਹਿਤਕ-ਸਭਿਆਚਾਰਕ ਪ੍ਰੋਗਰਾਮਾਂ ਵਿਚ ਹਿੱਸਾ ਲਿਆ। ਸਿੱਟੇ ਵਜੋਂ ਪੰਜਾਬ ਅਤੇ ਹੋਰ ਸੂਬਿਆਂ ਦੇ ਇਨਕਲਾਬੀ ਸਾਹਿਤਕ ਕਾਮਿਆਂ ਵਿਚਾਲੇ ਬਹਿਸ-ਮੁਬਾਸਿਆਂ ਦੌਰਾਨ ਸਮੂਹਿਕ ਤੌਰ `ਤੇ ਬੁਨਿਆਦੀ ਸਿਆਸੀ ਅਤੇ ਸਾਹਿਤਕ-ਸਭਿਆਚਾਰਕ ਸਮਝ ਹੋਰ ਡੂੰਘੇਰੀ ਹੋਈ।
ਅੱਜ ਵੀ ਨਕਸਲਬਾੜੀ ਦੀ ਸਿਆਸੀ ਸਮਝ ਅਤੇ ਇਸ ਦੇ ਸਾਹਿਤਕ ਇਨਕਲਾਬੀ ਪਹਿਲੂ, ਸਾਹਿਤ ਦੇ ਵੱਖ-ਵੱਖ ਖੇਤਰਾਂ ਵਿਚ ਨਵੀਂ ਇਨਕਲਾਬੀ ਭਾਵਨਾ ਉਭਾਰ ਰਹੇ ਹਨ। ਹੁਣ ਇਹ ਸਾਮਰਾਜੀ ਅਤੇ ਜਗੀਰੂ ਸਭਿਆਚਾਰਕ ਕਦਰਾਂ-ਕੀਮਤਾਂ ਵਿਰੁੱਧ ਜੱਦੋ-ਜਹਿਦ ਵਿਚ ਮੁੱਖ ਭੂਮਿਕਾ ਨਿਭਾਅ ਰਹੀ ਹੈ ਅਤੇ ਪੰਜਾਬ ਦੇ ਲੋਕਾਂ ਦੇ ਇਨਕਲਾਬੀਕਰਨ ਲਈ ਯਤਨਸ਼ੀਲ ਹੈ। ਸਾਹਿਤ ਦੇ ਇਸ ਖੇਤਰ ਵਿਚ ਹੁਣ ਪਹਿਲਾਂ ਨਾਲੋਂ ਵੱਧ ਵਿਕਾਸ ਹੋਇਆ ਹੈ। ਨਵੇਂ ਇਨਕਲਾਬੀ ਕਵੀ, ਕਹਾਣੀਕਾਰ, ਨਾਵਲਕਾਰ ਅਤੇ ਨਾਟਕਕਾਰ ਅੱਗੇ ਆ ਰਹੇ ਹਨ। ਕ੍ਰਾਂਤੀਕਾਰੀ ਸਭਿਆਚਾਰਕ ਕੇਂਦਰ, ਪਲਸ ਮੰਚ ਆਦਿ ਜਥੇਬੰਦੀਆਂ ਪੰਜਾਬ ਦੇ ਸਾਹਿਤਕ ਸਭਿਆਚਾਰਕ ਮੰਚਾਂ `ਤੇ ਸਰਗਰਮ ਹਨ। ਮਰਹੂਮ ਸਤਨਾਮ ਜੰਗਲਨਾਮਾ ਅਤੇ ਬੂਟਾ ਸਿੰਘ ਮਹਿਮੂਦਪੁਰ ਨੇ ਹੋਰ ਭਾਸ਼ਾਵਾਂ ਦੀਆਂ ਦਰਜਨਾਂ ਅਗਾਂਹਵਧੂ ਕਿਤਾਬਾਂ ਦਾ ਪੰਜਾਬੀ ਤਰਜਮਾ ਕਰ ਕੇ ਸਾਹਿਤਕ ਖੇਤਰ ਵਿਚ ਹਿੱਸਾ ਪਾਇਆ ਹੈ।
ਨਕਸਲਬਾੜੀ ਦੇ ਸੂਹੇ ਪ੍ਰਭਾਵ ਹੇਠ ਪੰਜਾਬ ਦੇ ਸਾਹਿਤਕ-ਸਭਿਆਚਾਰਕ ਖੇਤਰ ਵਿਚ ਆਈਆਂ ਸਿਫ਼ਤੀ ਤਬਦੀਲੀਆਂ
1) ਸਥਾਪਤ ਅਰਧ ਜਗੀਰੂ-ਅਰਧ ਪੂੰਜੀਵਾਦੀ ਸੰਕਲਪਾਂ, ਧਾਰਨਾਵਾਂ ਦੀ ਥਾਂ ਲੋਕਾਂ ਦੇ ਜਮਾਤੀ ਹਿੱਤਾਂ ਤੋਂ ਲੋਕ ਸਾਹਿਤ ਸਭਿਆਚਾਰ ਦੇ ਹੋਂਦ `ਚ ਆਉਣ ਨੂੰ ਨਵਾਂ ਬਲ ਮਿਲਿਆ।
2) ਪੰਜਾਬ ਦੇ ਜ਼ਮੀਨ-ਜਾਇਦਾਦਹੀਣ ਅਤੇ ਸਦੀਆਂ ਤੋਂ ਦਬਾਈਆਂ ਆ ਰਹੀਆਂ ਕਿਰਤੀ ਜਮਾਤਾਂ ਦੇ ਜਮਾਤੀ ਹਿੱਤ ਸਾਹਿਤ-ਸਭਿਆਚਾਰ ਦਾ ਵਿਸ਼ਾ-ਵਸਤੂ ਬਣਨ ਦੇ ਨਾਲ-ਨਾਲ ਇਹਨਾਂ ਜਮਾਤਾਂ ਵਿਚੋਂ ਸਾਹਿਤਕ-ਸਭਿਆਚਾਰਕ ਕਾਮੇ, ਨਾਇਕ ਆਦਿ ਪੈਦਾ ਹੋਣ ਦਾ ਅਮਲ ਤੇਜ਼ ਹੋਇਆ। ਹਾਕਮ ਜਮਾਤਾਂ ਦੇ ਬਦਨਾਮ ਅਨਸਰਾਂ ਨੂੰ ਖਲਨਾਇਕਾਂ ਵਜੋਂ ਪੇਸ਼ ਕਰਨ ਦੇ ਵਰਤਾਰੇ ਨੂੰ ਨਵਾਂ ਬਲ ਮਿਲਿਆ।
3) ਅੰਧ-ਵਿਸ਼ਵਾਸਾਂ, ਮਿਥਿਹਾਸ ਆਦਿ ਵਿਰੁੱਧ ਤਰਕਸ਼ੀਲ ਲਹਿਰ ਹੋਂਦ `ਚ ਆਈ।
4) ਜਾਤ-ਪਾਤ ਅਤੇ ਮਰਦ ਪ੍ਰਧਾਨ ਸੋਚ ਵਿਰੁੱਧ ਦਲਿਤ ਜਾਤੀਆਂ ਤੇ ਪੀੜਤ ਔਰਤਾਂ ਦੀਆਂ ਲਹਿਰਾਂ ਆਦਿ ਨੂੰ ਨਵਾਂ ਬਲ ਮਿਲਣ ਦੇ ਨਾਲ-ਨਾਲ ਬਰਾਬਰੀ ਦੇ ਸੰਕਲਪਾਂ-ਧਾਰਨਾਵਾਂ ਨੂੰ ਨੈਤਿਕ ਉਤਸ਼ਾਹ ਮਿਲਿਆ।
5) ਸਦੀਆਂ ਤੋਂ ਲੁੱਟੀਆਂ-ਲਤਾੜੀਆਂ ਆ ਰਹੀਆਂ ਜਮਾਤਾਂ-ਜਾਤਾਂ ਆਦਿ ਦੇ ਸਵੈ-ਮਾਣ-ਸਵੈ-ਵਿਸ਼ਵਾਸ `ਚ ਨਵੀਂ ਰੂਹ ਫੂਕੀ ਗਈ।
6) ਲੋਕ ਸੱਤਾ ਹੋਂਦ `ਚ ਲਿਆਉਣ ਵਾਲੇ ਸਾਹਿਤ-ਸਭਿਆਚਾਰ ਦਾ ਕੱਦ ਨੈਤਿਕ ਪੱਖੋਂ ਪਹਿਲਾਂ ਨਾਲੋਂ ਵਧਣਾ ਸ਼ੁਰੂ ਹੋਇਆ।
7) ਜਮਾਤੀ ਸੰਘਰਸ਼ਾਂ `ਚ ਸ਼ਹੀਦੀਆਂ ਪਾ ਚੁੱਕੇ ਸ਼ਹੀਦ ਪੰਜਾਬੀ ਸਾਹਿਤ-ਸਭਿਆਚਾਰ ਦਾ ਵਿਸ਼ਾ-ਵਸਤੂ ਬਣਨ ਲੱਗੇ।
8) ਭਾਰਤ ਖ਼ਾਸ ਕਰ ਕੇ ਕਸ਼ਮੀਰ, ਨਾਗਾਲੈਂਡ, ਮਿਜ਼ੋਰਮ ਅਤੇ ਪੰਜਾਬ ਦੇ ਕੌਮੀਅਤ ਦੇ ਸਵਾਲ `ਤੇ ਸਮਝ ਬਣਾਉਣ ਵਿਚ ਭੂਮਿਕਾ ਨਿਭਾਈ। ਇਸ ਨੇ ਜਾਤੀਵਾਦ, ਧਾਰਮਿਕ ਮੂਲਵਾਦ ਅਤੇ ਜਗੀਰੂ ਰਹਿੰਦ-ਖੂੰਹਦ ਵਿਰੁੱਧ ਚੇਤਨਾ ਵਿਕਸਤ ਕਰਨ `ਚ ਮਦਦ ਕੀਤੀ। ਇਸ ਨੇ ਅਜਿਹਾ ਸਾਹਿਤ ਸਿਰਜਿਆ ਜਿਸ ਨੇ ਸਾਮਰਾਜ ਅਤੇ ਇਸ ਦੇ ਦਲਾਲਾਂ ਦੇ ਸੁਭਾਅ ਨੂੰ ਨੰਗਾ ਕਰਨ ਵਿਚ ਲੋਕਾਂ ਦੀ ਮਦਦ ਕੀਤੀ।