ਢੀਂਡਸਾ ਦੇ ਹੱਕ ‘ਚ ਆਈ ਬੀਬੀ ਜਗੀਰ ਕੌਰ

ਜਲੰਧਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਸੰਗਰੂਰ ਤੋਂ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਲੋਕ ਸਭਾ ਦੀ ਟਿਕਟ ਨਾ ਦਿੱਤੇ ਜਾਣ ‘ਤੇ ਹਾਅ ਦਾ ਨਾਅਰਾ ਮਾਰਿਆ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਜਿਸ ਤਰ੍ਹਾਂ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਇਰਾਦੇ ਨਾਲ ਸੁਖਦੇਵ ਸਿੰਘ ਢੀਂਡਸਾ ਪਾਰਟੀ ਵਿਚ ਪਰਤੇ ਹਨ ਤਾਂ ਇਸ ਹਾਲਤ ਵਿਚ ਉਨ੍ਹਾਂ ਦਾ ਭਰੋਸਾ ਨਹੀਂ ਸੀ ਤੋੜਨਾ ਚਾਹੀਦਾ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਸੰਗਰੂਰ ਤੋਂ ਇਕਬਾਲ ਸਿੰਘ ਝੂੰਦਾਂ ਦੀ ਟਿਕਟ ਦਾ ਐਲਾਨ ਕਰਨ ਤੋਂ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਨਾਲ ਸਲਾਹ ਮਸ਼ਵਰਾ ਜ਼ਰੂਰ ਕਰਨਾ ਚਾਹੀਦਾ ਸੀ। ਜਦੋਂ ਉਨ੍ਹਾਂ ਨੇ ਸੁਖਦੇਵ ਸਿੰਘ ਢੀਂਡਸਾ ਨਾਲ ਫ਼ੋਨ ‘ਤੇ ਗੱਲ ਕੀਤੀ ਤਾਂ ਢੀਂਡਸਾ ਸਾਹਿਬ ਕਾਫੀ ਪਰੇਸ਼ਾਨੀ ਮਹਿਸੂਸ ਕਰ ਰਹੇ ਸਨ। ਬੀਬੀ ਜਗੀਰ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਜਾਣਕਾਰੀ ਮੁਤਾਬਕ ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ ਲੋਕ ਸਭਾ ਦੀ ਟਿਕਟ ਲੈਣ ਦੀ ਇੱਛਾ ਨਾਲ ਪਾਰਟੀ ਵਿਚ ਮੁੜ ਸ਼ਾਮਲ ਹੋਏ ਸਨ। ਪਤਾ ਨਹੀਂ ਪਾਰਟੀ ਪ੍ਰਧਾਨ ਨੇ ਕਿਹੜੀ ਮਜਬੂਰੀ ਵਿਚ ਉਨ੍ਹਾਂ ਨੂੰ ਟਿਕਟ ਨਾ ਦੇਣ ਦਾ ਫੈਸਲਾ ਲਿਆ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਜਦੋਂ ਹੁਣ ਪਾਰਟੀ ਛੱਡ ਗਏ ਆਗੂ ਅਕਾਲੀ ਦਲ ਵਿਚ ਵਾਪਸੀ ਕਰ ਰਹੇ ਹਨ ਤਾਂ ਉਨ੍ਹਾਂ ਵਿਚ ਭਰੋਸਾ ਪ੍ਰਗਟਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਬੀਬੀ ਜਗੀਰ ਕੌਰ ਨੇ ਸਪੱਸ਼ਟ ਕੀਤਾ ਕਿ ਉਹ ਪਾਰਟੀ ਲੀਡਰਸ਼ਿਪ ਦੇ ਫੈਸਲੇ ਦੀ ਆਲੋਚਨਾ ਨਹੀਂ ਕਰ ਰਹੀ। ਉਨ੍ਹਾਂ ਦੇ ਇਸ ਬਿਆਨ ਨੂੰ ਸਹੀ ਮਾਅਨਿਆਂ ਵਿਚ ਫੀਡਬੈਕ ਵਜੋਂ ਲਿਆ ਜਾਵੇ।