ਇਜ਼ਰਾਈਲ ਨੇ ਗਾਜ਼ਾ ਪੱਟੀ `ਚੋਂ ਫੌਜੀ ਨਫਰੀ ਘਟਾਈ

ਯੇਰੂਸ਼ਲਮ: ਇਜ਼ਰਾਇਲੀ ਫੌਜ ਨੇ ਪਿਛਲੇ ਛੇ ਮਹੀਨੇ ਤੋਂ ਜਾਰੀ ਟਕਰਾਅ ਮਗਰੋਂ ਦੱਖਣੀ ਗਾਜ਼ਾ ਪੱਟੀ ਵਿਚੋਂ ਆਪਣੀ ਜ਼ਮੀਨੀ ਫੌਜ ਦੀ ਨਫ਼ਰੀ ਘਟਾਉਣ ਦਾ ਦਾਅਵਾ ਕੀਤਾ ਹੈ। ਗਾਜ਼ਾ ਪੱਟੀ ਦੇ ਇਸ ਹਿੱਸੇ ਵਿਚ ਹੁਣ ਸਿਰਫ ਇਕੋ ਬ੍ਰਿਗੇਡ ਬਚੀ ਹੈ। ਇਜ਼ਰਾਈਲ ਦੀ ਇਸ ਪੇਸ਼ਕਦਮੀ ਦਾ ਮੁੱਖ ਕਾਰਨ ਵਾਸ਼ਿੰਗਟਨ ਵੱਲੋਂ ਪਾਏ ਦਬਾਅ ਨੂੰ ਮੰਨਿਆ ਜਾ ਰਿਹਾ ਹੈ।

ਉਂਜ ਇਜ਼ਰਾਈਲ ਨੇ ਸੁਰੱਖਿਆ ਬਲ ਵਾਪਸ ਸੱਦਣ ਦਾ ਕੋਈ ਕਾਰਨ ਨਹੀਂ ਦੱਸਿਆ ਤੇ ਨਾ ਹੀ ਵਾਪਸ ਸੱਦੇ ਫੌਜੀਆਂ ਬਾਰੇ ਕੋਈ ਅਧਿਕਾਰਤ ਅੰਕੜਾ ਜਾਰੀ ਕੀਤਾ ਹੈ। ਇਸ ਦੌਰਾਨ ਮਿਸਰ ਨੇ ਗੋਲੀਬੰਦੀ ਨੂੰ ਲੈ ਕੇ ਗੱਲਬਾਤ ਦੇ ਨਵੇਂ ਗੇੜ ਦੀ ਮੇਜ਼ਬਾਨੀ ਲਈ ਤਿਆਰੀ ਕੱਸ ਲਈ ਹੈ। ਗੱਲਬਾਤ ਵਿਚ ਇਜ਼ਰਾਈਲ ਤੇ ਹਮਾਸ ਦੇ ਨੁਮਾਇੰਦੇ ਸ਼ਾਮਲ ਹੋ ਸਕਦੇ ਹਨ। ਉਂਜ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਕੌਮਾਂਤਰੀ ਦਬਾਅ ਅੱਗੇ ਨਹੀਂ ਝੁਕੇਗਾ ਤੇ ਨਾ ਹਮਾਸ ਦੀਆਂ ‘ਸਿਖਰਲੀਆਂ ਮੰਗਾਂ` ਅੱਗੇ ਗੋਡੇ ਟੇਕੇਗਾ। ਉਧਰ ਇਜ਼ਰਾਈਲ ਨੇ ਪੂਰਬੀ ਲਿਬਨਾਨ ਵਿਚ ਹਵਾਈ ਹਮਲੇ ਕੀਤੇ। ਹਮਲਿਆਂ ਦੌਰਾਨ ਇਰਾਨ ਦੀ ਹਮਾਇਤ ਵਾਲੇ ਹਿਜ਼ਬੁੱਲ੍ਹਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ ਇਜ਼ਰਾਈਲ ਨੇ ਇਹ ਹਮਲਾ ਉਸ ਘਟਨਾ ਦੇ ਜਵਾਬ ਵਿਚ ਕੀਤਾ ਹੈ ਜਦੋਂ ਹਿਜ਼ਬੁੱਲ੍ਹਾ ਨੇ ਲਿਬਨਾਨੀ ਹਵਾਈ ਖੇਤਰ ਵਿਚ ਘੁੰਮਦੇ ਇਜ਼ਰਾਇਲੀ ਹਰਮਸ 900 ਡਰੋਨ ਨੂੰ ਹੇਠਾਂ ਸੁੱਟ ਲਿਆ ਸੀ। ਇਜ਼ਰਾਇਲੀ ਫੌਜ ਨੇ ਇਕ ਬਿਆਨ ਵਿਚ ਕਿਹਾ ਕਿ ਲੜਾਕੂ ਜਹਾਜ਼ਾਂ ਨੇ ਬਾਲਬੇਕ ਦੇ ਪੂਰਬੀ ਸ਼ਹਿਰ ਵਿਚ ਹਿਜ਼ਬੁੱਲ੍ਹਾ ਦੇ ਫੌਜੀ ਅਹਾਤੇ ਤੇ ਤਿੰਨ ਹੋਰਨਾਂ ਟਿਕਾਣਿਆਂ `ਤੇ ਹਵਾਈ ਹਮਲੇ ਕੀਤੇ। ਸੂਤਰਾਂ ਮੁਤਾਬਕ ਇਸ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਜ਼ਰਾਈਲ ਵੱਲੋਂ ਕੀਤੀ ਗੋਲੀਬਾਰੀ ਵਿਚ ਹੁਣ ਤੱਕ 270 ਹਿਜ਼ਬੁੱਲ੍ਹਾ ਲੜਾਕੇ ਤੇ 50 ਆਮ ਨਾਗਰਿਕ ਮਾਰੇ ਜਾ ਚੁੱਕੇ ਹਨ ਤੇ ਦੱਖਣੀ ਲਿਬਨਾਨ ਵਿਚ 90 ਹਜ਼ਾਰ ਲੋਕ ਬੇਘਰ ਹੋ ਗਏ ਹਨ।