ਵਿਦੇਸ਼ ਮੰਤਰਾਲੇ ਨੂੰ ਦੁਬਈ ਜੇਲ੍ਹ `ਚ ਫਸੇ ਨੌਜਵਾਨ ਨੂੰ ਛੁਡਾਉਣ ਲਈ ਅਪੀਲ

ਕਾਹਨੂੰਵਾਨ: ਦੁਬਈ ਜੇਲ੍ਹ ਵਿਚ ਬੰਦ ਪਿੰਡ ਮੁੱਲਾਂਵਾਲ ਦੇ ਨੌਜਵਾਨ ਨੂੰ ਛੁਡਵਾਉਣ ਲਈ ਪਰਿਵਾਰ ਵੱਲੋਂ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਜਾ ਰਹੀ ਹੈ। ਇਸ ਸਬੰਧੀ ਪੀੜਤ ਨੌਜਵਾਨ ਦੀ ਮਾਤਾ ਜੋਗਿੰਦਰ ਕੌਰ ਵਾਸੀ ਮੁੱਲਾਂਵਾਲ ਨੇ ਦੱਸਿਆ ਕਿ ਉਸ ਦੇ ਪੁੱਤਰ ਅਮਰੀਕ ਸਿੰਘ (37) ਨੂੂੰ ਟਰੈਵਲ ਏਜੰਟ ਸੁਖਦੇਵ ਸਿੰਘ ਵਾਸੀ ਬਸੋਆ ਅਤੇ ਬਲਕਾਰ ਸਿੰਘ ਵਾਸੀ ਬੇਗੋਵਾਲ ਨੇ ਸਪੇਨ ਭੇਜਣ ਲਈ ਪਹਿਲੀ ਜਨਵਰੀ ਨੂੰ ਦੁਬਈ ਲਈ ਰਵਾਨਾ ਕੀਤਾ ਸੀ।

ਟਰੈਵਲ ਏਜੰਟਾਂ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਦੁਬਈ ਜਾ ਕੇ ਅਮਰੀਕ ਸਿੰਘ ਦਾ ਸਪੇਨ ਲਈ ਵੀਜ਼ਾ ਲਗਵਾ ਕੇ ਦਿੱਤਾ ਜਾਵੇਗਾ। ਟਰੈਵਲ ਏਜੰਟਾਂ ਨੇ ਦੁਬਈ ਜਾ ਕੇ ਉਸ ਦੇ ਪਾਸਪੋਰਟ ਉੱਤੇ ਜਾਅਲੀ ਵੀਜ਼ਾ ਲਗਵਾ ਦਿੱਤਾ। ਇਸ ਦੌਰਾਨ ਦੁਬਈ ਪੁਲਿਸ ਵੱਲੋਂ 12 ਫਰਵਰੀ ਨੂੰ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਨੂੰ ਝੂਠੇ ਵੀਜ਼ੇ ਸਬੰਧੀ ਕੇਸ ਦਰਜ ਕਰ ਕੇ ਜੇਲ੍ਹ ਭੇਜ ਦਿੱਤਾ ਹੈ ਜਦੋਂ ਕਿ ਉਨ੍ਹਾਂ ਦੇ ਪੁੱਤਰ ਨੂੰ ਪਾਸਪੋਰਟ ਉੱਤੇ ਲੱਗੇ ਝੂਠੇ ਵੀਜ਼ੇ ਬਾਰੇ ਕੁੱਝ ਵੀ ਪਤਾ ਨਹੀਂ ਸੀ। ਇਸ ਕਾਰਨ ਉਹ ਇਸ ਮਾਮਲੇ ਵਿਚ ਪੂਰੀ ਤਰ੍ਹਾਂ ਨਿਰਦੋਸ਼ ਹੈ। ਅਮਰੀਕ ਸਿੰਘ ਦੀ ਮਾਤਾ ਜੋਗਿੰਦਰ ਕੌਰ, ਪਤਨੀ ਕੁਲਵਿੰਦਰ ਕੌਰ ਅਤੇ ਪੁੱਤਰ ਗੁਰਸ਼ਰਨਜੀਤ ਸਿੰਘ ਤੇ ਜਸਨਪ੍ਰੀਤ ਸਿੰਘ ਬਹੁਤ ਸਦਮੇ ਵਿਚ ਹਨ। ਉਨ੍ਹਾਂ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਯੂ.ਏ.ਈ. ਸਥਿਤ ਭਾਰਤੀ ਸਫ਼ਾਰਤਖ਼ਾਨੇ ਨਾਲ ਰਾਬਤਾ ਕਰ ਕੇ ਅਮਰੀਕ ਸਿੰਘ ਨੂੰ ਝੂਠੇ ਕੇਸ ਤੋਂ ਬਚਾ ਕੇ ਦੁਬਈ ਤੋਂ ਵਾਪਸ ਘਰ ਲਿਆਂਦਾ ਜਾਵੇ।