‘ਆਪ` ਦੇ ਲੋਕ ਸਭਾ ਮੈਂਬਰ ਰਿੰਕੂ ਤੇ ਵਿਧਾਇਕ ਅੰਗੁਰਾਲ ਭਾਜਪਾ `ਚ ਸ਼ਾਮਲ

ਨਵੀਂ ਦਿੱਲੀ: ਜਲੰਧਰ ਤੋਂ ਲੋਕ ਸਭਾ ਮੈਂਬਰ ਸੁਸ਼ੀਲ ਰਿੰਕੂ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਅਤੇ ਭਾਜਪਾ ‘ਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਪਾਰਟੀ ਦੇ ਕੌਮੀ ਜਨਰਲ ਸਕੱਤਰ ਵਿਨੋਦ ਤਾਵੜੇ ਅਤੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੀ ਮੌਜੂਦਗੀ ਵਿਚ ਇੱਥੇ ਹੈੱਡਕੁਆਰਟਰ ਵਿਚ ਭਾਜਪਾ ਵਿਚ ਸ਼ਾਮਲ ਕੀਤਾ ਗਿਆ।

ਇਸ ਦੌਰਾਨ ਜਲੰਧਰ ਪੱਛਮੀ ਤੋਂ ‘ਆਪ‘ ਵਿਧਾਇਕ ਸ਼ੀਤਲ ਅੰਗੁਰਾਲ ਵੀ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਇਸ ਤੋਂ ਪਹਿਲਾਂ ਦਿਨ ‘ਚ ਅੰਗੂਰਾਲ ਨੇ ਫੇਸਬੁੱਕ ਉਤੇ ਇਕ ਪੋਸਟ ‘ਚ ਕਿਹਾ ਸੀ ਕਿ ਉਹ ‘ਆਪ‘ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਅਸਤੀਫਾ ਦੇ ਰਹੇ ਹਨ। ਰਿੰਕੂ ਕਾਂਗਰਸ ਛੱਡ ਕੇ ਆਪ ‘ਚ ਸ਼ਾਮਲ ਹੋਏ ਸਨ। ਲੋਕ ਸਭਾ ਚੋਣਾਂ ਦੌਰਾਨ ਭਾਜਪਾ ਉਨ੍ਹਾਂ ਨੂੰ ਜਲੰਧਰ ਤੋਂ ਉਮੀਦਵਾਰ ਬਣਾ ਸਕਦੀ ਹੈ। ਉਹ ਜਲੰਧਰ ਤੋਂ ਇਸ ਵੇਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਨ। ਹਾਲੇ ਬੀਤੇ ਦਿਨ ਹੀ ਕਾਂਗਰਸ ਦੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਵੀ ਭਾਜਪਾ ‘ਚ ਚਲੇ ਗਏ ਹਨ।
‘ਆਪ` ਵੱਲੋਂ ਰਿੰਕੂ ਤੇ ਸ਼ੀਤਲ ਅੰਗੂਰਾਲ ਗੱਦਾਰ ਕਰਾਰ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਜਲੰਧਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਲਾਨੇ ਸੁਸ਼ੀਲ ਕੁਮਾਰ ਰਿੰਕੂ ਤੇ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਭਾਜਪਾ ਵਿਚ ਸ਼ਾਮਲ ਹੋਣ ‘ਤੇ ਗੱਦਾਰ ਕਰਾਰ ਦਿੱਤਾ ਹੈ। ‘ਆਪ‘ ਨੇ ਕਿਹਾ ਕਿ ਦੋਵਾਂ ਆਗੂਆਂ ਨੂੰ ਲੋਕਾਂ ਨੇ ਇਸ ਲਈ ਚੁਣਿਆ ਸੀ ਕਿਉਂਕਿ ਉਹ ‘ਆਪ‘ ਦੀਆਂ ਟਿਕਟਾਂ ‘ਤੇ ਚੋਣ ਮੈਦਾਨ ਵਿਚ ਉਤਰੇ ਸਨ, ਪਰ ਹੁਣ ਉਹ ਜਲੰਧਰ ਦੇ ਲੋਕਾਂ ਅਤੇ ਉਨ੍ਹਾਂ ਦੇ ਭਰੋਸੇ ਨਾਲ ਧੋਖਾ ਕਰ ਰਹੇ ਹਨ।